ਚੀਨ ਪੱਛਮੀ ਦੇਸ਼ਾਂ ਨਾਲ ਸਬੰਧ ਸੁਧਾਰਨ ਵਿੱਚ ਲੱਗਿਆ

In ਮੁੱਖ ਖ਼ਬਰਾਂ
January 31, 2026

ਨਵੀਂ ਦਿੱਲੀ/ਏ.ਟੀ.ਨਿਊਜ਼: ਪਿਛਲੇ ਮਹੀਨਿਆਂ ਦੌਰਾਨ 5 ਪੱਛਮੀ ਦੇਸ਼ਾਂ ਦੇ ਨੇਤਾ ਚੀਨ ਦਾ ਦੌਰਾ ਕਰ ਚੁੱਕੇ ਹਨ। ਬਿ੍ਰਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਬੁੱਧਵਾਰ ਨੂੰ ਤਿੰਨ ਦਿਨਾਂ ਦੌਰੇ ’ਤੇ ਪਹੁੰਚੇ। ਸਟਾਰਮਰ ਤੋਂ ਪਹਿਲਾਂ ਫਰਾਂਸ, ਕੈਨੇਡਾ, ਫਿਨਲੈਂਡ ਅਤੇ ਆਇਰਲੈਂਡ ਦੇ ਨੇਤਾ ਚੀਨ ਦਾ ਦੌਰਾ ਕਰ ਚੁੱਕੇ ਹਨ।
ਉੱਥੇ ਹੀ, ਜਰਮਨੀ ਦੇ ਚਾਂਸਲਰ ਫ੍ਰੈਡਰਿਕ ਮਰਜ਼ ਅਗਲੇ ਮਹੀਨੇ 24 ਤੋਂ 27 ਫਰਵਰੀ ਦੇ ਵਿਚਕਾਰ ਚੀਨ ਦਾ ਦੌਰਾ ਕਰਨ ਵਾਲੇ ਹਨ।
ਦਰਅਸਲ, ਟਰੰਪ ਦੀਆਂ ਹਮਲਾਵਰ ਨੀਤੀਆਂ ਕਾਰਨ ਗਲੋਬਲ ਸੰਤੁਲਨ ਬਦਲ ਰਿਹਾ ਹੈ। ਪੱਛਮੀ ਦੇਸ਼ਾਂ ਦੇ ਨੇਤਾ ਲਗਾਤਾਰ ਚੀਨ ਦੇ ਦੌਰੇ ’ਤੇ ਜਾ ਰਹੇ ਹਨ। ਪੱਛਮੀ ਨੇਤਾਵਾਂ ਦੇ ਚੀਨ ਦੌਰੇ ਦਾ ਸਭ ਤੋਂ ਵੱਡਾ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ‘ਅਮਰੀਕਾ ਫਸਟ’ ਨੀਤੀ ਅਤੇ ਉਨ੍ਹਾਂ ਦੀਆਂ ਟੈਰਿਫ ਲਗਾਉਣ ਦੀਆਂ ਧਮਕੀਆਂ ਨੂੰ ਮੰਨਿਆ ਜਾ ਰਿਹਾ ਹੈ।
ਟਰੰਪ ਵੱਲੋਂ ਨਾਟੋ ’ਤੇ ਸਵਾਲ ਉਠਾਉਣ, ਗ੍ਰੀਨਲੈਂਡ ’ਤੇ ਕਬਜ਼ੇ ਦੀ ਮੰਗ ਅਤੇ ਗਠਜੋੜ ਨੂੰ ਅਣਗੌਲਿਆਂ ਕਰਨ ਵਾਲੇ ਰਵੱਈਏ ਕਾਰਨ ਯੂਰਪੀਅਨ ਦੇਸ਼ਾਂ ਦਾ ਅਮਰੀਕਾ ਤੋਂ ਭਰੋਸਾ ਉੱਠ ਰਿਹਾ ਹੈ। ਯੂਰਪੀਅਨ ਦੇਸ਼ਾਂ ਦਾ ਮੰਨਣਾ ਹੈ ਕਿ ਟਰੰਪ ਦੇ ਟੈਰਿਫ ਕਾਰਨ ਵਪਾਰ ਵਿੱਚ ਅਨਿਸ਼ਚਿਤਤਾ ਦਾ ਖਤਰਾ ਵਧ ਗਿਆ ਹੈ।
ਅਮਰੀਕਾ ਵੱਲੋਂ ਯੂਰਪੀਅਨ ਦੇਸ਼ਾਂ ’ਤੇ ਲਗਾਏ ਗਏ 15% ਟੈਰਿਫ ਦਾ ਸਿੱਧਾ ਅਸਰ ਫਰਾਂਸ ਅਤੇ ਜਰਮਨੀ ’ਤੇ ਪਿਆ ਹੈ। ਹਾਲ ਹੀ ਵਿੱਚ ਟਰੰਪ ਨੇ ਯੂਰਪ ਦੇ ਉਨ੍ਹਾਂ 8 ਦੇਸ਼ਾਂ ’ਤੇ 10% ਵਾਧੂ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ, ਜੋ ਗ੍ਰੀਨਲੈਂਡ ਵਿੱਚ ਅਮਰੀਕੀ ਕਬਜ਼ੇ ਦਾ ਵਿਰੋਧ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਵਿਸ਼ਵ ਵਪਾਰ ਸੰਗਠਨ ਦੇ ਮੰਚ ਤੋਂ ਟਰੰਪ ਨੇ ਕਿਹਾ ਕਿ ਅਮਰੀਕਾ ਹੁਣ ਯੂਰਪੀਅਨ ਦੇਸ਼ਾਂ ਨੂੰ ਆਪਣੇ ਬਾਜ਼ਾਰ ਅਤੇ ਫ਼ੌਜੀ ਸੁਰੱਖਿਆ ਦੀ ਸਹੂਲਤ ਮੁਫ਼ਤ ਵਿੱਚ ਨਹੀਂ ਦੇਵੇਗਾ। ਟਰੰਪ ਨੇ ਕਿਹਾ ਕਿ ਉਹ ਆਪਣੇ ‘ਟ੍ਰੇਡ ਵਾਰ’ ਨੂੰ ਅੱਗੇ ਵਧਾਉਣਗੇ ਅਤੇ ਟੈਰਿਫ਼ ਨੂੰ ਅਮਰੀਕੀ ਬਾਜ਼ਾਰ ਵਿੱਚ ਆਉਣ ਦੀ ‘ਕੀਮਤ’ ਦੱਸਿਆ।
ਟਰੰਪ ਦੀਆਂ ਟੈਰਿਫ਼ ਧਮਕੀਆਂ ਦੇ ਵਿਚਕਾਰ ਪੱਛਮੀ ਦੇਸ਼ ਹੁਣ ਚੀਨ ਨਾਲ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਵਿੱਚ ਲੱਗ ਗਏ ਹਨ। ਪੱਛਮੀ ਦੇਸ਼ਾਂ ਦੀਆਂ ਚੀਨ ਯਾਤਰਾਵਾਂ ਸਿਰਫ਼ ਆਰਥਿਕ ਜ਼ਰੂਰਤ ਨਹੀਂ ਹਨ, ਸਗੋਂ ਇਨ੍ਹਾਂ ਨੂੰ ਰਿਸ਼ਤਿਆਂ ਅਤੇ ਵਿਸ਼ਵ ਰਾਜਨੀਤੀ ਵਿੱਚ ਹੋਣ ਵਾਲੇ ਵੱਡੇ ਬਦਲਾਅ ਵਜੋਂ ਦੇਖਿਆ ਜਾ ਰਿਹਾ ਹੈ।
ਥਿੰਕ ਟੈਂਕ ਏਸ਼ੀਆ ਸੋਸਾਇਟੀ ਪਾਲਿਸੀ ਇੰਸਟੀਚਿਊਟ ਦਾ ਕਹਿਣਾ ਹੈ ਕਿ ਪੱਛਮੀ ਦੇਸ਼ ਹੁਣ ਚੀਨ ਨਾਲ ਟਕਰਾਅ ਦੀ ਬਜਾਏ ਸੀਮਤ ਅਤੇ ਸੰਭਲੇ ਹੋਏ ਰਿਸ਼ਤੇ ਰੱਖਣਾ ਚਾਹੁੰਦੇ ਹਨ, ਤਾਂ ਜੋ ਉਹ ਵਿਸ਼ਵ ਪੱਧਰ ’ਤੇ ਇਕੱਲੇ ਨਾ ਪੈ ਜਾਣ। ਦੂਜੇ ਪਾਸੇ, ਚੀਨ ਵੀ ਪੱਛਮੀ ਦੇਸ਼ਾਂ ਨਾਲ ਆਪਣੇ ਰਿਸ਼ਤੇ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

Loading