ਪੰਜਾਬੀ ਲੋਕ ਗਾਇਕੀ ਦੇ ਮਾਣ ਕੁਲਦੀਪ ਮਾਣਕ ਬਾਰੇ ਨਵੰਬਰ ਦਾ ਮਹੀਨਾ ਖੁਸ਼ੀ ਅਤੇ ਗ਼ਮੀ ਦਾ ਅਹਿਸਾਸ ਕਰਵਾਉਂਦਾ ਹੈ, ਕਿਉਂਕਿ ਇਸੇ ਮਹੀਨੇ ਦੀ 15 ਤਾਰੀਖ 1951 ਨੂੰ ਉਹਨੇ ਪਿੰਡ ਜਲਾਲ (ਜ਼ਿਲ੍ਹਾ ਬਠਿੰਡਾ) ਵਿੱਚ ਪਹਿਲੀ ਕਿਲਕਾਰੀ ਮਾਰੀ ਸੀ ਤੇ ਇਸੇ ਮਹੀਨੇ ਦੀ 30 ਤਾਰੀਖ਼ 2011 ਨੂੰ ਉਹ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ ਤੇ ਆਖ਼ਰ ਜਿਹੜੀ ਪਿੰਡ ਜਲਾਲ ਦੀ ਮਿੱਟੀ ਵਿੱਚ ਉਹ ਖੇਡਿਆ-ਕੁੱਦਿਆ ਤੇ ਉਸੇ ਮਿੱਟੀ ਵਿੱਚ ਹੀ ਸਪੁਰਦ-ਏ-ਖ਼ਾਕ ਹੋ ਗਿਆ।
ਉਸਦੇ ਪਿਤਾ ਦਾ ਨਾਂ ਨਿੱਕਾ ਸਿੰਘ ਅਤੇ ਮਾਤਾ ਦਾ ਨਾਂ ਬਚਨ ਕੌਰ ਸੀ। ਮਾਣਕ ਦਾ ਅਸਲੀ ਨਾਂ ਮੁਹੰਮਦ ਲਤੀਫ਼ ਸੀ। ਗਾਇਕੀ ਉਸਨੂੰ ਵਿਰਸੇ ਵਿਚੋਂ ਮਿਲੀ ਕਿਉਂਕਿ ਤਾਇਆ ਸੂਬਾ ਸਿੰਘ ਪਿੰਡ ਦੇ ਗੁਰਦੁਆਰੇ ਹਜ਼ੂਰੀ ਰਾਗੀ ਸਨ, ਪਿਤਾ ਨਿੱਕਾ ਸਿੰਘ ਵੀ ਕੀਰਤਨ ਸਮੇਂ ਉਨ੍ਹਾਂ ਦਾ ਸਾਥ ਦਿੰਦੇ ਸਨ। ਬਚਪਨ ਤੋਂ ਹੀ ਉਨ੍ਹਾਂ ਨਾਲ ਹਰ ਪ੍ਰੋਗਰਾਮ ਭਾਵ ਕੀਰਤਨ, ਪਾਠ, ਅਨੰਦ ਕਾਰਜ ਆਦਿ ਵਿੱਚ ਮੁਹੰਮਦ ਲਤੀਫ਼ ਵੀ ਹਿੱਸਾ ਲੈਣ ਲੱਗ ਪਿਆ। ਸਕੂਲ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਵਿੱਚ ਵੀ ਪਿੱਛੇ ਨਾ ਰਹਿੰਦਾ। ਮਾਸਟਰ ਕਸ਼ਮੀਰ ਸਿੰਘ ਵਲਟੋਹਾ ਨੇ ਵਧੀਆ ਆਵਾਜ਼ ਦੇਖ ਕੇ ਹੌਸਲਾ ਅਫ਼ਜਾਈ ਕੀਤੀ ਤੇ ਜਿਉਂ ਜਿਉਂ ਜਮਾਤਾਂ ਚੜ੍ਹਦਾ ਗਿਆ, ਗਾਇਕੀ ਵਿੱਚ ਵੀ ਹੌਸਲੇ ਬੁਲੰਦ ਹੁੰਦੇ ਗਏ। ਗਾਇਕੀ ਵੱਲ ਰੁਝਾਨ ਜ਼ਿਆਦਾ ਹੋਣ ਕਾਰਨ ਪੜ੍ਹਾਈ ਵਿੱਚ ਪਛੜਦਾ ਗਿਆ ਅਤੇ ਜਿਸ ਕਾਰਨ ਬਹੁਤੀ ਪੜ੍ਹਾਈ ਨਾ ਕਰ ਸਕਿਆ।
ਆਪਣੀ ਕਲਾ ਨੂੰ ਪ੍ਰਪੱਕ ਕਰਨ ਲਈ ਉਸਨੂੰ ਕਿਸੇ ਕਾਮਲ ਮੁਰਸ਼ਦ ਦੀ ਜ਼ਰੂਰਤ ਮਹਿਸੂਸ ਹੋਈ। ਸੋ ਇਸ ਕਮੀ ਨੂੰ ਪੂਰਾ ਕਰਨ ਲਈ ਉਹ ਖੁਸ਼ੀ ਮੁਹੰਮਦ ਫਿਰੋਜ਼ਪੁਰ ਵਾਲਿਆਂ ਦੇ ਚਰਨੀਂ ਜਾ ਲੱਗਿਆ। ਉਨ੍ਹਾਂ ਕੋਲ ਰਹਿ ਕੇ ਸੰਗੀਤ ਬਾਰੇ ਜਾਣਿਆਂ। ਆਪਣੀ ਮਿਹਨਤ ਤੇ ਲਗਨ ਅਤੇ ਉਸਤਾਦ ਦੀਆਂ ਰਹਿਮਤਾਂ ਸਦਕਾ ਉਸ ਦੀ ਝੋਲੀ ਭਰ ਗਈ।
ਹਾਲੇ ਉਹ ਸਕੂਲ ਵਿੱਚ ਹੀ ਪੜ੍ਹਦਾ ਸੀ ਕਿ ਇੱਕ ਵਾਰੀ ਪਿੰਡ ਦੇ ਖੇਡ ਮੇਲੇ ’ਤੇ ਸਵਰਗੀ ਸ੍ਰ. ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਆਏ। ਲਤੀਫ਼ ਨੇ ਸਟੇਜ ’ਤੇ ਗੀਤ ਗਾਇਆ। ਕੈਰੋਂ ਸਾਹਿਬ ਬੇਹੱਦ ਖੁਸ਼ ਹੋਏ। ਚਾਲੀ ਰੁਪਏ ਇਨਾਮ ਦੇ ਕੇ ਪਿੱਠ ਥਾਪੜਦੇ ਹੋਏ ਸਟੇਜ ਤੋਂ ਕਿਹਾ ਕਿ ਇਹ ਤਾਂ ਪੰਜਾਬ ਦਾ ‘ਮਾਣਕ’ ਹੈ। ਉਸ ਸਮੇਂ ਤੋਂ ਕੁਲਦੀਪ ਦੇ ਨਾਂ ਨਾਲ ਮਾਣਕ ਜੁੜ ਗਿਆ ਅਤੇ ਉਹ ਬਣ ਗਿਆ ਕੁਲਦੀਪ ਮਾਣਕ।
ਆਪਣੀ ਕਿਸਮਤ ਅਜ਼ਮਾਉਣ ਲਈ ਚੜ੍ਹਦੀ ਉਮਰ ਵਿੱਚ ਹੀ ਮਾਣਕ ਗਾਇਕਾਂ ਦੇ ਮੱਕੇ ਲੁਧਿਆਣੇ ਆ ਗਿਆ। ਏਥੇ ਉਸ ਸਮੇਂ ਦੇ ਚੋਟੀ ਦੇ ਗਾਇਕ ਹਰਚਰਨ ਗਰੇਵਾਲ ਦੇ ਗਰੁੱਪ ਵਿੱਚ ਬਤੌਰ ਢੋਲਕ ਮਾਸਟਰ ਸ਼ਾਮਲ ਹੋ ਗਿਆ। ਪੈਰ ਜਮਾਉਣ ਲਈ ਬਹੁਤ ਸੰਘਰਸ਼ ਕੀਤਾ, ਭਾਂਡੇ ਮਾਂਜਣੇ ਪਏ, ਭੁੰਜੇ ਸੌਣਾ ਪਿਆ, ਫਾਕੇ ਕੱਟਣੇ ਪਏ ਤੇ ਨੀਂਦਾਂ ਝਾਗਣੀਆਂ ਪਈਆਂ। ਅਖ਼ੀਰ ਮਿਹਨਤ ਰੰਗ ਲਿਆਈ ਹਰਚਰਨ ਗਰੇਵਾਲ ਤੇ ਸੀਮਾ ਦੀ ਰਿਕਾਰਡਿੰਗ ਸੀ। ਮਾਣਕ ਸਮੇਤ ਸਾਰਾ ਗਰੁੱਪ ਐਚ.ਐਮ.ਵੀ. ਕੰਪਨੀ ਦੇ ਦਫ਼ਤਰ ਦਿੱਲੀ ਪਹੁੰਚਿਆ। ਲਾਅਨ ਵਿੱਚ ਆਪਣੀ ਧੁਨ ਵਿਚ ਮਸਤ ਮਾਣਕ ਕੋਈ ਗੀਤ ਗਾ ਰਿਹਾ ਸੀ, ਜਿਸਨੂੰ ਕੋਲੋਂ ਲੰਘਦੇ ਰਿਕਾਰਡਿੰਗ ਅਫਸਰ ਨੇ ਸੁਣ ਲਿਆ ਅਤੇ ਰਿਕਾਰਡਿੰਗ ਲਈ ਕਿਹਾ। ਇਸ ਤਰ੍ਹਾਂ ਮਾਣਕ ਦੀ ਪਹਿਲੀ ਰਿਕਾਰਡਿੰਗ ਸੁਰਿੰਦਰ ਸੀਮਾ ਨਾਲ ‘ਲੌਂਗ ਕਰਾ ਮਿੱਤਰਾ, ਮਛਲੀ ਪਾਉਣਗੇ ਮਾਪੇ’ ਅਤੇ ‘ਜੀਜਾ ਅੱਖੀਆਂ ਨਾ ਮਾਰ, ਵੇ ਮੈਂ ਕੱਲ੍ਹ ਦੀ ਕੁੜੀ’ ਇਹ 1968 ਦੀ ਗੱਲ ਹੈ। ਕੁਝ ਦੇਰ ਬਾਅਦ ਉਸ ਨੇ ਸਤਿੰਦਰ ਬੀਬਾ ਨਾਲ ਜੋੜੀ ਬਣਾ ਕੇ ਪ੍ਰੋਗਰਾਮ ਕਰਨੇ ਸ਼ੁਰੂ ਕਰ ਦਿੱਤੇ। ਦੋਵਾਂ ਦੀ ਆਵਾਜ਼ ਵਿੱਚ ਦੋਗਾਣਿਆਂ ਦੀ ਰਿਕਾਰਡਿੰਗ ਵੀ ਹੋਈ।
ਗੀਤਕਾਰ ਹਰਦੇਵ ਦਿਲਗੀਰ (ਦੇਵ ਥਰੀਕਿਆਂ ਵਾਲਾ) ਦੇ ਕੰਨੀਂ ਜਦੋਂ ਮਾਣਕ ਦੀ ਆਵਾਜ਼ ਪਈ ਤਾਂ ਉਹਨੇ ਮਹਿਸੂਸ ਕੀਤਾ ਕਿ ਇਹ ਆਵਾਜ਼ ਲੋਕ ਗਾਥਾਵਾਂ ਲਈ ਚੱਲ ਸਕਦੀ ਹੈ। ਹਰਦੇਵ ਦਿਲਗੀਰ ਦੀਆਂ ਲਿਖੀਆਂ ਲੋਕ ਗਾਥਾਵਾਂ ਨੂੰ ਮਾਣਕ ਨੇ ਰਿਹਰਸਲ ਕਰਕੇ ਗਾਉਣਾ ਸ਼ੁਰੂ ਕਰ ਦਿੱਤਾ। ਐਚ.ਐਮ.ਵੀ. ਕੰਪਨੀ ਨੇ 1973 ਵਿੱਚ ਉਹਦੀਆਂ ਗਾਈਆਂ ਲੋਕ ਗਾਥਾਵਾਂ ਦਾ ਰਿਕਾਰਡ ਕੱਢਿਆ, ਜਿਸ ਵਿੱਚ ਦੁੱਲਾ, ਜੈਮਲ ਫੱਤਾ, ਪੂਰਨ ਤੇ ਰਸਾਲੂ ਦੀਆਂ ਗਾਥਾਵਾਂ ਸਨ। ‘ਦੁੱਲਿਆ ਵੇ ਟੋਕਰਾ ਚੁਕਾਈਂ ਆਣ ਕੇ’, ‘ਆਖੇ ਅਕਬਰ ਬਾਦਸ਼ਾਹ, ਸੱਦ ਜੈਮਲ ਨੂੰ ਦਰਬਾਰ’ ਦੇ ਬੋਲ ਬੱਚੇ-ਬੱਚੇ ਦੀ ਜ਼ੁਬਾਨ ’ਤੇ ਚੜ੍ਹ ਗਏ ਅਤੇ ਨਾਲ ਹੀ ਮਾਣਕ ਦਾ ਨਾਂ ਵੀ। ਅਗਲੇ ਵਰ੍ਹੇ ਹੀ ‘ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਆ ਹੀਰ ਦੀ’ ਐਲ.ਪੀ. ਨੇ ਤਾਂ ਮਾਣਕ ਤੇ ਦੇਵ ਥਰੀਕਿਆਂ ਵਾਲੇ ਦੀ ਜੋੜੀ ਨੂੰ ਅਸਮਾਨੀਂ ਚੜ੍ਹਾ ਦਿੱਤਾ।
ਲੋਕ ਗਾਥਾਵਾਂ ਤੋਂ ਇਲਾਵਾ ਮਾਣਕ ਦੀ ਆਵਾਜ਼ ਵਿੱਚ ਅਨੇਕਾਂ ਦੂਸਰੇ ਸੋਲੋ ਗੀਤ ਵੀ ਰਿਕਾਰਡ ਹੋਏ। ਜਦੋਂ ਉਹ ਦੋਗਾਣਿਆਂ ਵੱਲ ਹੋਇਆ ਤਾਂ ਓਧਰ ਵੀ ਗੁੱਡੀ ਅਸਮਾਨੀਂ ਚਾੜ੍ਹ ਦਿੱਤੀ। ਸਤਿੰਦਰ ਬੀਬਾ ਨਾਲ ਈ.ਪੀ. ਤਵੇ ਵਿੱਚ ‘ਕਾਲੀ ਗਾਨੀ ਮਿੱਤਰਾਂ ਦੀ’ ਮਾਣਕ ਦੀ ਗਾਇਕੀ ਦਾ ਸਿਖ਼ਰ ਹੋ ਨਿਬੜਿਆ। ਕੈਪਕੋ ਇੰਟਰਨੈਸ਼ਨਲ ਕੰਪਨੀ ਦਿੱਲੀ ਨੇ ਮਾਣਕ ਅਤੇ ਗੁਲਸ਼ਨ ਕੋਮਲ ਦੀ ਆਵਾਜ਼ ਵਿੱਚ ਰਿਕਾਰਡਿੰਗ ਕੀਤੀ, ਜਿਸ ਵਿਚਲੇ ਦੋਗਾਣੇ ‘ਘਰੇਂ ਚੱਲ ਕੱਢੂੰ ਰੜਕਾਂ’, ੱਜੱਟੀਏ ਜੇ ਹੋ ਗੀ ਸਾਧਣੀ’ ਨੇ ਤਾਂ ਕਾਮਯਾਬੀ ਦੇ ਝੰਡੇ ਹੀ ਗੱਡ ਦਿੱਤੇ। ਬਾਅਦ ਵਿੱਚ ਐਚ.ਐਮ.ਵੀ. ਕੰਪਨੀ ਨੇ ਵੀ ਇਨ੍ਹਾਂ ਗੀਤਾਂ ਦਾ ਇੱਕ ਐਲ.ਪੀ. ਰਿਲੀਜ਼ ਕੀਤਾ। ਇਨ੍ਹਾਂ ਤੋਂ ਬਿਨਾਂ ਮਾਣਕ ਦੇ ਅਮਰਜੋਤ, ਪਰਮਿੰਦਰ ਸੰਧੂ, ਕੁਲਦੀਪ ਕੌਰ, ਗੁਲਸ਼ਨ ਕੋਮਲ, ਸਤਿੰਦਰ ਬੀਬਾ, ਸੁਚੇਤ ਬਾਲਾ, ਕੁਲਦੀਪ ਕੌਰ, ਪਰਮਿੰਦਰ ਸੰਧੂ ਨਾਲ ਸਟੇਜਾਂ ’ਤੇ ਵੀ ਗਾਇਆ।
- ਨਾਲੇ ਬਾਬਾ ਲੱਸੀ ਪੀ ਗਿਆ, ਨਾਲੇ ਦੇ ਗਿਆ ਦੁਆਨੀ ਖੋਟੀ
- ਕਾਲੀ ਗਾਨੀ ਮਿੱਤਰਾਂ ਦੀ ਰਾਤੀਂ ਟੁੱਟ ਗੀ ਨੀਂਦ ਨਾ ਆਈ
- ਕਿਸੇ ਦੇ ਨਾਲ ਨਹੀਂ ਤੋਰਨੀ
- ਚਿੱਤ ਕਰੇ ਹੋ ਜਾ ਸਾਧਣੀ
- ਬਣ ਠਣ ਕੇ ਤੂੰ ਕੱਤਣ ਬੈਠਗੀ
- ਮਛਲੀ ਦਾ ਪੱਤ ਬਣ ਕੇ
- ਤੁਰੇ ਮੋਰਨੀ ਦੀ ਤੋਰ ਜੱਟੀ ਮੋਰਨੀ
- ਮੱਖਣਾ ਮੱਖਣਾ ਕਰਦੀ ਦਾ ਮੇਰਾ ਮੂੰਹ ਵੇ ਸੁਕਦਾ ਰਹਿੰਦਾ
- ਹਾਲੀ ਨੇ ਮਖੌਲ ਕਰਦੇ, ਤੇਰੀ ਆਈ ਨਾ ਦਲੀਪਿਆ ਪਿਆਰੀ
- ਵੇ ਜਦੋਂ ਬੰਤੋ ਰੇਲ ਚੜ੍ਹਗੀ, ਮੁੰਡੇ ਰੋਣਗੇ ਰੁਮਾਲਾਂ ਵਾਲੇ
- ਇੱਕ ਵੀਰ ਦੇਈਂ ਵੇ ਰੱਬਾ
- ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ
- ਹੋਇਆ ਕੀ ਜੇ ਧੀ ਜੰਮ ਪਈ
- ਗੋਲੀ ਮਾਰੋ ਏਹੋ ਜੇ ਬਣਾਉਟੀ ਯਾਰ ਦੇ
- ਅੱਖਾਂ ’ਚ ਨਾਜਾਇਜ਼ ਵਿਕਦੀ
- ਮੇਰੀ ਰੰਗਲੀ ਚਰਖੀ
- ਚੰਨਾ ਮੈਂ ਤੇਰੀ ਖੈਰ ਮੰਗਦੀ
- ਸੌਖਾ ਨਹੀਓਂ ਯਾਰ ਲੱਭਣਾ
- ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਂਗੀ
- ਵਾਹਿਗੁਰੂ ਨਾਮ ਜਹਾਜ਼ ਹੈ
- ਪਿਆ ਸੀਸ ਉਤੇ ਚਲਦਾ ਆਰਾ ਵੇਖਿਆ
- ਸਿੰਘ ਸੂਰਮਾ ਸੀਸ ਤਲੀ ’ਤੇ ਤੋਲੀ ਜਾਂਦਾ ਏ
- ਲੈ ਕੇ ਕਲਗੀਧਰ ਤੋਂ ਥਾਪੜਾ, ਦਿੱਤਾ ਚਰਨੀਂ ਸੀਸ ਨਿਵਾ
- ਛੇਤੀ ਕਰ ਸਰਵਣ ਬੱਚਾ, ਪਾਣੀ ਪਿਆ ਦੇ ਓਏ
- ਜੀ.ਟੀ. ਰੋਡ ’ਤੇ ਦੁਹਾਈਆਂ ਪਾਵੇ, ਯਾਰਾਂ ਦਾ ਟਰੱਕ ਬੱਲੀਏ
- ਸੁੱਚਿਆ ਵੇ ਭਾਬੀ ਤੇਰੀ
- ਜਣਨੀ ਜਣੇ ਤਾਂ ਭਗਤ ਜਨ ਜਾਂ ਦਾਤਾ ਜਾਂ ਸੂਰ
ਕੁਲਦੀਪ ਮਾਣਕ ਪੰਜਾਬੀਆਂ ਦਾ ਚਹੇਤਾ ਗਾਇਕ ਬਣ ਗਿਆ। ਮਾਣਕ ਦੇ ਨਾਲ-ਨਾਲ ਦੇਵ ਥਰੀਕੇ ਵਾਲੇ ਦਾ ਨਾਂ ਵੀ ਬੱਚੇ ਬੱਚੇ ਦੀ ਜ਼ੁਬਾਨ ’ਤੇ ਚੜ੍ਹ ਗਿਆ। ਲੋਕ ਗਾਥਾਵਾਂ ਨੂੰ ਤਾਂ ਭਾਵੇਂ ਹੋਰ ਕਲਾਕਾਰਾਂ ਨੇ ਵੀ ਗਾਇਆ ਪਰ ਜੋ ਝੰਡੇ ਮਾਣਕ ਨੇ ਗੱਡੇ ਹਨ, ਉਥੇ ਤੱਕ ਕੋਈ ਹੋਰ ਨਹੀਂ ਪਹੁੰਚ ਸਕਿਆ। ਅੱਜ ਦੇ ਗਾਇਕ ਮਾਈਕ ਹੱਥ ਵਿੱਚ ਫੜ ਕੇ ਸਿਰਗਟ-ਬੀੜੀ ਪੀਣ ਵਾਲਿਆਂ ਵਾਂਗੂੰ ਮੂੰਹ ਵਿੱਚ ਥੁੰਨੀ ਰੱਖਦੇ ਹਨ ਪਰ ਮਾਣਕ ਮਾਈਕ ਹੱਥ ਵਿੱਚ ਫੜਨ ਦੀ ਗੱਲ ਤਾਂ ਦੂਰ ਰਹੀ ਸਗੋਂ ਉਹ ਮਾਈਕ ਤੋਂ ਹੱਥ, ਦੋ ਹੱਥ ਦੂਰ ਹੀ ਰੱਖਦਾ ਸੀ।
ਜਿੱਥੋਂ ਤੱਕ ਦੋਗਾਣਿਆਂ ਦੀ ਗੱਲ ਹੈ, ਇਸ ਵੰਨਗੀ ਵਿੱਚ ਵੀ ਮਾਣਕ ਚੋਟੀ ਦੇ ਗਾਇਕਾਂ ਦੇ ਬਰਾਬਰ ਮੜਿੱਕਿਆ ਹੈ, ਸਗੋਂ ਕਈਆਂ ਨਾਲੋਂ ਤਾਂ ਉਸਦਾ ਹੱਥ ਉਪਰ ਰਿਹਾ ਹੈ। ਸਤਿੰਦਰ ਬੀਬਾ ਅਤੇ ਗੁਲਸ਼ਨ ਕੋਮਲ ਨਾਲ ਗਾਏ ਉਸਦੇ ਦੋਗਾਣੇ ਗਾਇਕੀ ਦੇ ਇਤਿਹਾਸ ਵਿੱਚ ਮੀਲ ਪੱਥਰ ਹਨ।
ਧਾਰਮਿਕ ਗੀਤਾਂ ਵਿੱਚ ਵੀ ਮਾਣਕ ਕਿਸੇ ਪੱਖੋਂ ਘੱਟ ਨਹੀਂ। ਮਾਣਕ ਦੀ ਗਾਈ ਬੰਦਾ ਬਹਾਦਰ ਦੀ ਵਾਰ ‘ਲੈ ਕੇ ਕਲਗੀਧਰ ਤੋਂ ਥਾਪੜਾ’ ਸੁਣਨ ਵਾਲਿਆਂ ਦੇ ਲੂੰ-ਕੰਡੇ ਖੜ੍ਹੇ ਕਰ ਦਿੰਦੀ ਹੈ। ਹਰ ਸਟੇਜ ਦਾ ਆਰੰਭ ਉਹ ਏਸੇ ਵਾਰ ਨਾਲ ਕਰਦਾ ਸੀ। ਇਸ ਤੋਂ ਇਲਾਵਾ ਉਸਦੇ ਹੋਰ ਵੀ ਧਾਰਮਿਕ ਗੀਤ ਪ੍ਰਸਿੱਧ ਹੋਏ। ਮਾਣਕ ਦੀ ਧਾਰਮਿਕ ਗਾਇਕੀ ਗਿਣਾਤਮਕ ਪੱਖੋਂ ਭਾਵੇਂ ਘੱਟ ਹੈ, ਪਰ ਗੁਣਾਤਮਕ ਪੱਖੋਂ ਪ੍ਰਭਾਵਸ਼ਾਲੀ ਹੈ।
ਇਸ ਤੋਂ ਇਲਾਵਾ ਉਸ ਨੇ ‘ਝੰਡੇ ਖ਼ਾਲਸਾ ਰਾਜ ਦੇ’ ਕੈਸੇਟ ਵੀ ਕਰਵਾਈ। ਕੁਲਦੀਪ ਮਾਣਕ ਨੇ ਅਨੇਕਾਂ ਪੰਜਾਬੀ ਫਿਲਮਾਂ ਵਿੱਚ ਗੀਤ ਗਾਏ।
ਕੁਲਦੀਪ ਮਾਣਕ ਨੇ ਸਭ ਤੋਂ ਵੱਧ ਗੀਤ ਦੇਵ ਥਰੀਕਿਆਂ ਵਾਲੇ ਦੇ ਹੀ ਲਿਖੇ ਹੋਏ ਗਾਏ ਹਨ। ਇਸ ਤੋਂ ਇਲਾਵਾ ਗੁਰਮੁੱਖ ਗਿੱਲ, ਬਾਬੂ ਸਿੰਘ ਮਾਨ, ਸਨਮੁੱਖ ਸਿੰਘ ਅਜ਼ਾਦ, ਰਾਮ ਸਿੰਘ ਢਿੱਲੋਂ, ਸੇਵਾ ਸਿੰਘ ਨੌਰਥ, ਚੰਨ ਗੁਰਾਇਆਂ ਵਾਲਾ, ਪਾਲੀ ਦੇਤਵਾਲੀਆ, ਬਲਬੀਰ ਲਹਿਰਾ, ਕਰਨੈਲ ਸਿੰਘ ਜਲਾਲ, ਜੀਤ ਗੋਲੇਵਾਲੀਆ, ਚਮਕੌਰ ਚਮਕ, ਅਲਬੇਲ ਬਰਾੜ, ਬਚਨ ਬੇਦਿਲ, ਦੇਬੀ ਮਖਸੂਸਪੁਰੀ, ਦਲੀਪ ਸਿੱਧੂ, ਜੱਗਾ ਗਿੱਲ, ਜਲੌਰ ਸਿੰਘ ਸਿੱਧੂ, ਮੇਵਾ ਸਿੰਘ ਨੌਰਥ, ਦਲੀਪ ਸਿੰਘ ਕਣਕਵਾਲ, ਸੀਤਾ ਗੋਲੇ ਵਾਲੀਆ ਅਤੇ ਬਿੱਕਰ ਮਹਿਰਾਜ ਆਦਿ ਗੀਤਕਾਰਾਂ ਦੇ ਲਿਖੇ ਹੋਏ ਗੀਤ ਵੀ ਉਸਨੇ ਰਿਕਾਰਡ ਕਰਵਾਏ ਹਨ।
ਉਹ ਅਨੇਕਾਂ ਵਾਰ ਵੱਖ-ਵੱਖ ਦੇਸ਼ਾਂ ਵਿੱਚ ਵੀ ਗਿਆ ਸੀ। ਪਰਵਾਸੀ ਪੰਜਾਬੀਆਂ ਨੇ ਮਾਣ-ਸਨਮਾਨਾਂ ਦੇ ਨਾਲ-ਨਾਲ ਉਸਨੂੰ ਪੌਂਡਾਂ ਤੇ ਡਾਲਰਾਂ ਨਾਲ ਵੀ ਨਿਹਾਲ ਕੀਤਾ।
ਰੇਡੀਓ ’ਤੇ ਪਹਿਲੀ ਵਾਰ ਮਾਣਕ ਨੇ 1973 ਵਿੱਚ ਗਾਇਆ। ਦੂਰਦਰਸ਼ਨ ਜਲੰਧਰ ਵਾਲਿਆਂ ਨੇ 1981 ਵਿੱਚ ਪਹਿਲੀ ਵਾਰ ਆਪ ਬੁਲਾਇਆ ਸੀ। ਦੇਵ ਥਰੀਕਿਆਂ ਵਾਲੇ ਨਾਲ ਮੇਲ ਜੋਲ ਵਧਣ ’ਤੇ ਮਾਣਕ ਨੇ ਆਪਣੀ ਰਿਹਾਇਸ਼ ਥਰੀਕੇ ਪਿੰਡ ਵਿੱਚ ਹੀ ਕਰ ਲਈ। ਉਥੇ ਹੀ 1975 ਵਿਚ ਉਸਦਾ ਵਿਆਹ ਸਰਵਜੀਤ ਕੌਰ ਨਾਲ ਹੋਇਆ। 1985 ਵਿੱਚ ਮਾਣਕ ਥਰੀਕਿਆਂ ਤੋਂ ਲੁਧਿਆਣੇ ਆ ਗਿਆ ਅਤੇ ਰਣਧੀਰ ਸਿੰਘ ਨਗਰ ਵਿੱਚ ਰਿਹਾਇਸ਼ ਕਰ ਲਈ।
ਮਾਣ-ਸਨਮਾਨਾਂ ਦੇ ਮਾਮਲੇ ਵਿੱਚ ਮਾਣਕ ਕਿਸੇ ਤੋਂ ਪਿੱਛੇ ਨਹੀਂ ਰਿਹਾ। ਉਸਨੂੰ ਅਨੇਕਾਂ ਸੰਸਥਾਵਾਂ ਨੇ ਸਮੇਂ-ਸਮੇਂ ’ਤੇ ਸਨਮਾਨਿਤ ਕੀਤਾ। ਉਸਦੇ ਲਈ ਸਭ ਤੋਂ ਵੱਡਾ ਸਨਮਾਨ ਤਾਂ ਪੰਜਾਬੀਆਂ ਦਾ ਪਿਆਰ ਸੀ। ਅਕਤੂਬਰ 1991 ਵਿੱਚ ਪ੍ਰੋ. ਮੋਹਣ ਸਿੰਘ ਫਾਊਂਡੇਸ਼ਨ ਵੱਲੋਂ ਪੰਜਾਬੀ ਭਵਨ ਵਿਖੇ ਮਾਣਕ ਦਾ ਸਨਮਾਨ ਹੋਣਾ ਸੀ ਤੇ ਤਤਕਾਲੀ ਰਾਜਪਾਲ ਸੁਰਿੰਦਰ ਨਾਥ ਸ਼ਰਮਾ ਮੁੱਖ ਮਹਿਮਾਨ ਸਨ। ਇਕੱਠ ਬਹੁਤ ਜ਼ਿਆਦਾ ਹੋ ਗਿਆ। ਪੰਜਾਬੀ ਭਵਨ ਦਾ ਓਪਨ ਏਅਰ ਥੀਏਟਰ ਨੱਕੋ-ਨੱਕ ਭਰ ਗਿਆ। ਹੋਰ ਸਮਰੱਥਾ ਨਾ ਹੋਣ ਕਾਰਨ ਓਪਨ ਹਾਲ ਦੇ ਸਾਰੇ ਗੇਟ ਬੰਦ ਕਰ ਦਿੱਤੇ ਗਏ। ਜਿੰਨੀ ਜਨਤਾ ਅੰਦਰ ਸੀ, ਉਸ ਤੋਂ ਦੁੱਗਣੀ ਬਾਹਰ ਸੀ। ਮਾਣਕ ਨੇ ਸਨਮਾਨ ਲੈਣ ਲਈ ਅੰਦਰ ਜਾਣ ਦੀ ਥਾਂ ਲੋਕਾਂ ਦਾ ਬਾਹਰ ਇਕੱਠ ਦੇਖ ਉਥੇ ਹੀ ਖਾੜਾ ਸ਼ੁਰੂ ਲਾ ਲਿਆ। ਅੰਦਰਲਾ ਸਨਮਾਨ ਉਸਦੀ ਪਤਨੀ ਸਰਵਜੀਤ ਨੂੰ ਪ੍ਰਾਪਤ ਕਰਨਾ ਪਿਆ। ਇਹ ਸੀ ਮਾਣਕ ਦਾ ਲੋਕਾਂ ਪ੍ਰਤੀ ਅਤੇ ਲੋਕਾਂ ਦਾ ਮਾਣਕ ਪ੍ਰਤੀ ਸਨੇਹ।
18 ਸਤੰਬਰ 1993 ਵਿੱਚ ਬੇਅੰਤ ਸਰਕਾਰ ਵੱਲੋਂ ਉਹਨੂੰ ਉਸਦੇ ਪਿੰਡ ਜਲਾਲ ਵਿਖੇ ਇੱਕ ਕਾਰ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਆ ਗਿਆ। ਇੱਕ ਵਾਰੀ ਮਾਣਕ ਬਠਿੰਡੇ ਦੀ ਪਾਰਲੀਮੈਂਟ ਸੀਟ ਤੋਂ ਚੋਣ ਲੜਿਆ ਪਰ ਹਾਰ ਗਿਆ ਕਿਉਂਕਿ ਰਾਜਨੀਤੀ ਦੇ ਠੇਕੇਦਾਰਾਂ ਨੇ ਉਹਦੇ ਪੈਰ ਨਹੀਂ ਲੱਗਣ ਦਿੱਤੇ।
ਮਾਣਕ ਦੇ ਦੋ ਬੱਚੇ ਯੁੱਧਵੀਰ ਮਾਣਕ ਅਤੇ ਧੀ ਸ਼ਕਤੀ ਮਾਣਕ ਹਨ। ਯੁੱਧਵੀਰ ਮਾਣਕ ਨੇ ਪਿਓ ਵਾਲੀ ਲਾਈਨ ਹੀ ਫੜੀ। ਉਸਨੇ ਬਾਲ ਗਾਇਕੀ ਤੋਂ ਸ਼ੁਰੂਆਤ ਕਰਕੇ ਜਲਦੀ ਹੀ ਇਸ ਖੇਤਰ ਵਿੱਚ ਅੱਗੇ ਪੁਲਾਂਘਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਪਰੰਤੂ ਕੁੱਝ ਸਮੇਂ ਬਾਅਦ ਹੀ ਉਹ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਗਿਆ। ਪੁੱਤ ਦੀ ਬਿਮਾਰੀ ਦੇ ਸਦਮੇ ਕਾਰਨ ਮਾਣਕ ਵੀ ਮੰਜੇ ਵਿੱਚ ਪੈ ਗਿਆ ਤੇ ਆਖਰ 30 ਨਵੰਬਰ, 2011 ਨੂੰ ਇਸ ਦੁਨੀਆ ਤੋਂ ਕੂਚ ਕਰ ਗਿਆ।
ਕੁਲਦੀਪ ਧਨੌਲਾ
![]()
