ਐਸ.ਵਾਈ.ਕੁਰੇਸ਼ੀ
ਜਦੋਂ 26 ਨਵੰਬਰ 1949 ਨੂੰ ਸੰਵਿਧਾਨ ਅਪਣਾਇਆ ਗਿਆ ਸੀ ਤਾਂ ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ ਕਰਨ ਵਾਲੀਆਂ ਧਾਰਾਵਾਂ 324 ਤੋਂ 329 ਨੂੰ ਬਾਕੀ ਸੰਵਿਧਾਨ ਦੇ ਲਾਗੂ ਹੋਣ (26 ਜਨਵਰੀ 1950) ਤੋਂ ਦੋ ਮਹੀਨੇ ਪਹਿਲਾਂ ਹੀ ਫੌਰੀ ਲਾਗੂ ਕਰ ਦਿੱਤਾ ਗਿਆ ਸੀ। ਅਜਿਹਾ ਕਰਨ ਪਿੱਛੇ ਕੋਈ ਤਕਨੀਕੀ ਨੁਕਤਾ ਨਹੀਂ ਸੀ ਸਗੋਂ ਇਹ ਗੰਭੀਰਤਾ ਨਾਲ ਕੀਤੀ ਗਈ ਸੰਵਿਧਾਨਕ ਚੋਣ ਸੀ।
ਸੰਵਿਧਾਨਘਾੜਿਆਂ ਨੂੰ ਪਤਾ ਸੀ ਕਿ ਜਦ ਇੱਕ ਵਾਰ ਸੰਵਿਧਾਨ ਕਾਰਜਸ਼ੀਲ ਹੋ ਗਿਆ ਤਾਂ ਭਾਰਤ ਨੂੰ ਤੁਰੰਤ ਇਸ ਦੇ ਅਖ਼ਤਿਆਰ ਅਧੀਨ ਚੁਣੀ ਗਈ ਸਰਕਾਰ ਦੀ ਲੋੜ ਪਵੇਗੀ। ਇਸ ਲਈ ਚੋਣ ਕਮਿਸ਼ਨ ਨੂੰ ਗਣਤੰਤਰ ਦੇ ਜਨਮ ਤੋਂ ਪਹਿਲਾਂ ਹੀ ਸਥਾਪਿਤ ਕਰਨਾ ਪਿਆ ਤਾਂ ਜੋ ਆਜ਼ਾਦ ਭਾਰਤ ਦੀ ਪਹਿਲੀ ਸਰਕਾਰ ਆਪਣੀ ਵੈਧਤਾ ਦੀ ਪੁਸ਼ਟੀ ਕਾਰਜਪਾਲਿਕਾ ਤੋਂ ਨਹੀਂ ਸਗੋਂ ਸੰਵਿਧਾਨਕ ਤੌਰ ’ਤੇ ਖ਼ੁਦਮੁਖਤਿਆਰ ‘ਰੈਫਰੀ’ (ਨਿਰੀਖਕ) ਤੋਂ ਕਰਵਾਏ।
ਓਨਾ ਹੀ ਮਹੱਤਵਪੂਰਨ ਇੱਕ ਹੋਰ ਮਸਲਾ ਵੀ ਸੀ। ਸੰਘੀ ਢਾਂਚੇ ਵਿੱਚ ਇਹ ਸੁਭਾਵਿਕ ਹੁੰਦਾ ਕਿ ਹਰ ਰਾਜ ਨੂੰ ਆਪਣੀਆਂ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਂਦੀ, ਜਿਵੇਂ ਕਿ ਬਹੁਤ ਸਾਰੇ ਸੰਘੀ ਰਾਜ ਕਰਦੇ ਹਨ, ਪਰ ਸੰਵਿਧਾਨ ਦੇ ਨਿਰਮਾਤਾਵਾਂ ਨੇ ਇਸ ਮਾਡਲ ਨੂੰ ਰੱਦ ਕਰ ਦਿੱਤਾ। ਉਨ੍ਹਾਂ ਨੂੰ ਡਰ ਸੀ ਕਿ ਰਾਜ ਸਰਕਾਰਾਂ ‘ਬਾਹਰੀ ਲੋਕਾਂ’, ਜੋ ਕੰਮ, ਪੜ੍ਹਾਈ ਜਾਂ ਰਾਜਨੀਤਕ ਗਤੀਵਿਧੀਆਂ ਲਈ ਪਰਵਾਸ ਕਰ ਗਏ ਹਨ, ਨੂੰ ਬਾਹਰ ਕੱਢਣ ਲਈ ਵੋਟਰ ਸੂਚੀਆਂ ਵਿੱਚ ਹੇਰਾਫੇਰੀ ਕਰ ਸਕਦੀਆਂ ਹਨ। ਕਈ ਮੈਂਬਰਾਂ ਨੇ ਚਿਤਾਵਨੀ ਦਿੱਤੀ ਸੀ ਕਿ ਸਰਕਾਰ ਵੱਲੋਂ ਚਲਾਇਆ ਜਾਣਾ ਵਾਲਾ ਕੋਈ ਵੀ ਢਾਂਚਾ ਸੂਬਾਈਵਾਦ ਜਾਂ ਖੇਤਰਵਾਦ ਦਾ ਇੱਕ ਸਾਧਨ ਬਣ ਸਕਦਾ ਹੈ। ਇਸ ਲਈ ਹਰੇਕ ਭਾਰਤੀ, ਭਾਵੇਂ ਉਹ ਕਿਤੇ ਵੀ ਰਹਿੰਦਾ ਹੈ, ਨੂੰ ਇੱਕ ਬਰਾਬਰੀ ਵਾਲੀ ਵਿਤਕਰਾ ਰਹਿਤ ਵੋਟਰ ਸੂਚੀ ਵਿੱਚ ਸ਼ਾਮਲ ਕਰਨ ਲਈ ਇੱਕੋ-ਇੱਕ, ਖ਼ੁਦਮੁਖਤਿਆਰ ਰਾਸ਼ਟਰੀ ਅਥਾਰਿਟੀ ਦੀ ਲੋੜ ਸੀ। ਸੰਵਿਧਾਨ ਲਾਗੂ ਹੋਣ ਤੋਂ 75 ਸਾਲ ਬਾਅਦ ਸੰਵਿਧਾਨ ਨਿਰਮਾਤਾਵਾਂ ਦੇ ਖ਼ਦਸ਼ੇ ਪਹਿਲਾਂ ਨਾਲੋਂ ਕਿਤੇ ਵੱਧ ਪ੍ਰਚੰਡਤਾ ਨਾਲ ਸੱਚ ਹੋ ਰਹੇ ਹਨ ਕਿਉਂਕਿ ਰਿਹਾਇਸ਼, ਪਰਵਾਸ ਤੇ ਵੋਟਰਾਂ ਦੇ ਨਾਂ ਕੱਟਣ ਨਾਲ ਜੁੜੇ ਵਿਵਾਦ ਮੁੜ ਰਾਸ਼ਟਰੀ ਰਾਜਨੀਤੀ ਵਿੱਚ ਦਾਖਲ ਹੋ ਰਹੇ ਹਨ।
ਧਾਰਾ 324, ਕਮਿਸ਼ਨ ਨੂੰ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਅਤੇ ਰਾਸ਼ਟਰਪਤੀ ਤੇ ਉਪ-ਰਾਸ਼ਟਰਪਤੀ ਦੇ ਅਹੁਦਿਆਂ ਦੀਆਂ ਵੋਟਰ ਸੂਚੀਆਂ ਅਤੇ ਚੋਣਾਂ ਦੇ ਨਿਰੀਖਣ, ਨਿਰਦੇਸ਼ਨ ਅਤੇ ਪ੍ਰਬੰਧ ਦੀ ਤਾਕਤ ਦਿੰਦੀ ਹੈ। ਧਾਰਾ 325 ਅਤੇ 326 ਯਕੀਨੀ ਬਣਾਉਂਦੀ ਹੈ ਕਿ ਸਾਰੇ ਨਾਗਰਿਕਾਂ ਲਈ ਇੱਕੋ ਆਮ ਸੂਚੀ ਹੋਵੇ ਅਤੇ ਨਾਲ ਹੀ ਇਹ ਬਿਨਾਂ ਵਿਤਕਰੇ ਤੋਂ ਵਿਆਪਕ ਬਾਲਗ ਮਤ ਅਧਿਕਾਰ ਦੀ ਗਾਰੰਟੀ ਵੀ ਦਿੰਦੀ ਹੈ। ਇਹ ਤਜਵੀਜ਼ਾਂ ਨੌਕਰਸ਼ਾਹੀ ਦੀ ਸਹੂਲਤ ਲਈ ਨਹੀਂ ਸਨ ਸਗੋਂ ਇਨ੍ਹਾਂ ਨੂੰ ਗਣਤੰਤਰ ਦੀ ਬੁਨਿਆਦੀ ਹਿਫ਼ਾਜ਼ਤ ਦੇ ਉਪਾਵਾਂ ਵਜੋਂ ਸ਼ਾਮਲ ਕੀਤਾ ਗਿਆ ਸੀ। ਸ਼ਮੂਲੀਅਤ, ਨਿਰਪੱਖਤਾ ਅਤੇ ਸੁਤੰਤਰਤਾ ਪਹਿਲੇ ਦਿਨ ਤੋਂ ਹੀ ਚੋਣ ਢਾਂਚੇ ਦਾ ਹਿੱਸਾ ਬਣ ਗਈ ਸੀ।
ਦਹਾਕਿਆਂਬੱਧੀ ਸੁਪਰੀਮ ਕੋਰਟ ਨੇ ਇਸ ਸੰਵਿਧਾਨਕ ਦ੍ਰਿਸ਼ਟੀਕੋਣ ਦਾ ਵਿਸਤਾਰ ਅਤੇ ਸੁਰੱਖਿਆ ਕੀਤੀ ਹੈ। ਮਹਿੰਦਰ ਸਿੰਘ ਗਿੱਲ (1978) ਕੇਸ ਵਿੱਚ ਜਸਟਿਸ ਵੀ ਆਰ ਕ੍ਰਿਸ਼ਨ ਅਈਅਰ ਨੇ ਧਾਰਾ 324 ਨੂੰ ਇੱਕ ਪੂਰਨ ਸ਼ਕਤੀ ਦੱਸਿਆ ਸੀ, ਜੋ ਕਮਿਸ਼ਨ ਨੂੰ ਉਨ੍ਹਾਂ ਖੇਤਰਾਂ ਵਿੱਚ ਕਾਰਵਾਈ ਦੇ ਯੋਗ ਬਣਾਉਂਦੀ ਹੈ ਜਿਹੜੇ ‘‘ਵਿਧਾਨ ਵੱਲੋਂ ਖਾਲੀ ਛੱਡੇ ਗਏ ਹਨ’’, ਜਿਸ ਨਾਲ ਚੋਣਾਂ ਦੀ ਪਵਿੱਤਰਤਾ ਯਕੀਨੀ ਬਣਦੀ ਹੈ। ਏ ਸੀ ਜੋਸ (1984) ਮਾਮਲੇ ਵਿੱਚ ਅਦਾਲਤ ਨੇ ਸਪੱਸ਼ਟ ਕੀਤਾ ਕਿ ਕਮਿਸ਼ਨ ਦੀਆਂ ਸ਼ਕਤੀਆਂ ਵਿਵਸਥਾ ਦੁਆਰਾ ਸਥਾਪਿਤ ਕਾਨੂੰਨ ਦੀਆਂ ਪੂਰਕ ਹਨ, ਨਾ ਕਿ ਇਸ ਦਾ ਬਦਲ ਹਨ, ਇੱਕ ਸੰਤੁਲਿਤ ਸੰਵਿਧਾਨਕ ਲੈਅ ਸਥਾਪਤ ਕਰਦੀਆਂ ਹਨ: ਜਿੱਥੇ ਕਾਨੂੰਨ ਕੁਝ ਨਹੀਂ ਕਹਿੰਦਾ, ਕਮਿਸ਼ਨ ਨੂੰ ਕਾਰਵਾਈ ਕਰਨੀ ਚਾਹੀਦੀ ਹੈ; ਜਿੱਥੇ ਕਾਨੂੰਨ ਬੋਲਦਾ ਹੈ, ਕਮਿਸ਼ਨ ਨੂੰ ਪਾਲਣਾ ਕਰਨੀ ਚਾਹੀਦੀ ਹੈ।
ਟੀ ਐੱਨ ਸੇਸ਼ਨ (1995) ਕੇਸ ਵਿੱਚ ਅਦਾਲਤ ਨੇ ਫ਼ੈਸਲਾ ਸੁਣਾਇਆ ਕਿ ਆਜ਼ਾਦ ਅਤੇ ਨਿਰਪੱਖ ਚੋਣਾਂ ਸੰਵਿਧਾਨ ਦੇ ਬੁਨਿਆਦੀ ਢਾਂਚੇ ਦਾ ਹਿੱਸਾ ਹਨ ਅਤੇ ਇਸ ਲਈ ਇੱਕ ਚੋਣ ਕਮਿਸ਼ਨ ਦੀ ਲੋੜ ਹੈ ਜੋ ‘ਸ਼ਾਸਨਾਤਮਕ ਪ੍ਰਭਾਵ ਤੋਂ ਪੂਰੀ ਤਰ੍ਹਾਂ ਦੂਰ’ ਹੋਵੇ। ਬਾਅਦ ਦੇ ਫ਼ੈਸਲਿਆਂ ਜਿਵੇਂ ਕਿ ਏ ਡੀ ਆਰ (2002) ਅਤੇ ਪੀ ਯੂ ਸੀ ਐੱਲ (2013) ਨੇ ਸੂਚਿਤ ਹੋਣ ਬਾਰੇ ਵੋਟਰਾਂ ਦੇ ਅਧਿਕਾਰ ਅਤੇ ‘ਨੋਟਾ’ ਨੂੰ ਚੁਣਨ ਦੇ ਹੱਕ ਨੂੰ ਮਜ਼ਬੂਤ ??ਕੀਤਾ ਅਤੇ ਨਾਗਰਿਕ ਨੂੰ ਜਮਹੂਰੀ ਪ੍ਰਕਿਰਿਆ ਦੇ ਕੇਂਦਰ ’ਚ ਰੱਖਿਆ।
ਭਾਰਤ ਆਪਣੀਆਂ 18ਵੀਆਂ ਆਮ ਚੋਣਾਂ ਨੇੜੇ ਢੁਕ ਰਿਹਾ ਹੈ ਅਤੇ ਹੁਣ ਸੰਵਿਧਾਨਕ ਖਾਕੇ ਨੂੰ ਨਵੇਂ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਕਨੀਕ ਨਾਲ ਭਰੋਸੇ ਨੂੰ ਹੁਲਾਰਾ ਮਿਲਣਾ ਚਾਹੀਦਾ ਹੈ, ਜਿਸ ’ਚ ਈਵੀਐੱਮ, ਵੀਵੀਪੈਟ, ਆਡਿਟ ਅਤੇ ਪਾਰਦਰਸ਼ੀ ਡੈਸ਼ਬੋਰਡ ਇਕੱਠੇ ਕੰਮ ਕਰਦੇ ਹਨ ਤਾਂ ਜੋ ਪੁਸ਼ਟੀਕਰਨ ਯਕੀਨੀ ਬਣਾਇਆ ਜਾ ਸਕੇ। ਵਿੱਤ ਸੁਧਾਰ ਦੀ ਮੁਹਿੰਮ ਇਸ ਤਰ੍ਹਾਂ ਦੀ ਬਣਨੀ ਚਾਹੀਦੀ ਹੈ ਕਿ ਬਿਲਕੁਲ ਤਾਜ਼ਾ ਖੁਲਾਸੇ ਲੋਕਾਂ ਅੱਗੇ ਆਉਣ। ਮਸ਼ੀਨ ਨਾਲ ਪੜ੍ਹੀਆਂ ਜਾ ਸਕਣ ਵਾਲੀਆਂ ਵੋਟਰ ਸੂਚੀਆਂ ਨੂੰ ਨਾਜ਼ੁਕ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਹੈ। ਇਹ ਹਰੇਕ ਯੋਗ ਵੋਟਰ ਦੀ ਪਹੁੰਚ ਵਿੱਚ ਅਤੇ ਜਨਤਕ ਹੋਣੀਆਂ ਚਾਹੀਦੀਆਂ ਹਨ, ਪਰ ਹੇਰ-ਫੇਰ ਤੇ ਮਨਮਾਨੀ ਛਾਂਟੀ ਤੋਂ ਮੁਕਤ ਹੋਣੀਆਂ ਚਾਹੀਦੀਆਂ ਹਨ।
ਲੋਕਤੰਤਰ ਉਦੋਂ ਸਫ਼ਲ ਹੁੰਦਾ ਹੈ ਜਦੋਂ ਇਸ ਦੇ ‘ਰੈਫਰੀ’ ’ਤੇ ਭਰੋਸਾ ਕੀਤਾ ਜਾਂਦਾ ਹੈ। ਚੋਣ ਕਮਿਸ਼ਨ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਦੇਸ਼ ਦੇ ਭਰੋਸੇ ਨੂੰ ਬਰਕਰਾਰ ਰੱਖੇ।
- ਭਾਰਤ ਦੇ ਸਾਬਕਾ ਮੁੱਖ ਚੋਣ ਕਮਿਸ਼ਨਰ।
![]()
