
ਵਾਸ਼ਿੰਗਟਨ, 8 ਨਵੰਬਰ:
ਰਾਸ਼ਟਰਪਤੀ ਚੋਣਾਂ ਵਿਚ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਹੱਥੋਂ ਮਿਲੀ ਹਾਰ ਮਗਰੋਂ ਉਪ ਰਾਸ਼ਟਰਪਤੀ ਕਮਲਾ ਹੈਰਿਸ(60) ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਚੋਣ ਨਤੀਜਿਆਂ ਨੂੰ ਸਵੀਕਾਰ ਕਰਨ ਅਤੇ ਰਿਪਬਲਿਕਨ ਆਗੂ (ਟਰੰਪ) ਨੂੰ ਸੱਤਾ ਤਬਦੀਲੀ ਦਾ ਅਮਲ ਸ਼ਾਂਤੀਪੂਰਨ ਢੰਗ ਨਾਲ ਸਿਰੇ ਚਾੜ੍ਹਨਾ ਯਕੀਨੀ ਬਣਾਉਣ। ਹਾਵਰਡ ਯੂਨੀਵਰਸਿਟੀ ਦੀ ਵਿਦਿਆਰਥੀ ਰਹੀ ਹੈਰਿਸ ਨੇ ’ਵਰਸਿਟੀ ਵਿਚ ਬੇਹੱਦ ਭਾਵੁਕ ਤਕਰੀਰ ਦੌਰਾਨ ਕਿਹਾ ਕਿ ‘ਅਮਰੀਕਾ ਦੇ ਵਾਅਦੇ ਦੀ ਲੋਅ ਹਮੇਸ਼ਾ ਜਗਦੀ ਰਹੇਗੀ। ਹੈਰਿਸ ਨੇ ਕਿਹਾ ਕਿ ਅਹਿਦ ਲਿਆ ਕਿ ਉਨ੍ਹਾਂ ਦੀ ਚੋਣ ਮੁਹਿੰਮ ਦਾ ਆਧਾਰ ਰਹੀ ਲੜਾਈ ਜਾਰੀ ਰਹੇਗੀ। ਲੰਘੇ ਦਿਨ ਐਲਾਨੇ ਨਤੀਜਿਆਂ ਵਿਚ ਟਰੰਪ ਨੇ 291 ਇਲੈਕਟੋਰਲ ਕਾਲਜ ਵੋਟਾਂ ਨਾਲ ਜ਼ੋਰਦਾਰ ਵਾਪਸੀ ਕੀਤੀ ਸੀ ਜਦੋਂਕਿ ਹੈਰਿਸ ਨੂੰ 223 ਇਲੈਕਟੋਰਲ ਵੋਟ ਮਿਲੇ ਸਨ।
ਹੈਰਿਸ ਨੇ ਆਪਣੇ ਸਮਰਥਕਾਂ ਵਿਚ ਮੁੜ ਜੋਸ਼ ਭਰਦਿਆਂ ਕਿਹਾ, ‘‘ਤੁਸੀਂ ਜਿਹੜਾ ਵਿਸ਼ਵਾਸ ਮੇਰੇ ਵਿਚ ਦਿਖਾਇਆ, ਆਪਣੇ ਦੇਸ਼ ਲਈ ਜੋ ਪਿਆਰ ਤੇ ਸੰਕਲਪ ਦਿਖਾਇਆ, ਉਸ ਨਾਲ ਮੇਰਾ ਦਿਲ ਦ੍ਰਿੜ੍ਹਤਾ ਨਾਲ ਭਰ ਗਿਆ।’’ ਉਪ ਰਾਸ਼ਟਰਪਤੀ ਨੇ ਕਿਹਾ, ‘‘ਸਾਨੂੰ ਇਸ ਚੋਣ ਨਤੀਜੇ ਦੀ ਦਰਕਾਰ ਨਹੀਂ ਸੀ। ਅਸੀਂ ਇਸ ਲਈ ਨਹੀਂ ਲੜੇ ਸੀ, ਅਸੀਂ ਇਸ ਲਈ ਵੋਟਾਂ ਨਹੀਂ ਪਾਈਆਂ ਸੀ। ਪਰ ਯਾਦ ਰੱਖਣਾ ਕਿ ਅਮਰੀਕਾ ਦੇ ਵਾਅਦੇ ਦੀ ਲੋਅ ਹਮੇਸ਼ਾ ਜਗਮਗਾਉਂਦੀ ਰਹੇਗੀ।’’ ਹੈਰਿਸ ਨੇ ਕਿਹਾ, ‘‘ਮੈਂ ਜਾਣਦੀ ਹਾਂ ਕਿ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਤੇ ਇਸ ਵੇਲੇ ਕਿਨ੍ਹਾਂ ਭਾਵਨਾਵਾਂ ’ਚੋਂ ਲੰਘ ਰਹੇ ਹੋ। ਪਰ ਸਾਨੂੰ ਇਨ੍ਹਾਂ ਚੋਣ ਨਤੀਜਿਆਂ ਨੂੰ ਸਵੀਕਾਰ ਕਰਨਾ ਹੋਵੇਗਾ।’’ ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਜਮਹੂਰੀਅਤ ਦਾ ਬੁਨਿਆਦੀ ਸਿਧਾਂਤ ਚੋਣ ਨਤੀਜਿਆਂ ਨੂੰ ਸਵੀਕਾਰ ਕਰਨਾ ਹੈ। ਹੈਰਿਸ ਨੇ ਕਿਹਾ ਕਿ ਉਨ੍ਹਾਂ ਮਨੋਨੀਤ ਰਾਸ਼ਟਰਪਤੀ ਟਰੰਪ ਨੂੰ ਫੋਨ ਕੀਤਾ ਤੇ ਜਿੱਤ ਲਈ ਵਧਾਈ ਦਿੱਤੀ।