
ਦਾਂਤੇਵਾੜਾ, 5 ਅਕਤੂਬਰ:
ਛੱਤੀਸਗੜ੍ਹ ਦੇ ਬਸਤਰ ਖੇਤਰ ’ਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 28 ਨਕਸਲੀ ਮਾਰੇ ਗਏ ਹਨ। ਬਸਤਰ ਰੇਂਜ ਦੀ ਪੁਲੀਸ ਦੇ ਆਈਜੀ ਸੁੰਦਰਰਾਜ ਨੇ ਪੀਟੀਆਈ ਨੂੰ ਦੱਸਿਆ ਕਿ ਇਹ ਮੁਕਾਬਲਾ ਇੱਥੋਂ ਦੇ ਅਬੂਝਮਾੜ ਇਲਾਕੇ ’ਚ ਹੋਇਆ।
ਉਨ੍ਹਾਂ ਦੱਸਿਆ ਕਿ ਨਾਰਾਇਣਪੁਰ ਅਤੇ ਦਾਂਤੇਵਾੜਾ ਜ਼ਿਲ੍ਹਿਆਂ ਦੀ ਹੱਦ ’ਤੇ ਸਥਿਤ ਅਬੂਝਮਾੜ ਖੇਤਰ ’ਚ ਥੁਲਥੁਲੀ ਤੇ ਨੈਂਦੁਰ ਪਿੰਡਾਂ ਵਿਚਾਲੇ ਪੈਂਦੇ ਜੰਗਲੀ ਇਲਾਕੇ ਵਿੱਚ ਮਾਓਵਾਦੀਆਂ ਦੀ ਹਾਜ਼ਰੀ ਦੀ ਸੂਚਨਾ ਮਿਲਣ ਮਗਰੋਂ ਸੁਰੱਖਿਆ ਬਲਾਂ ਦੀ ਸਾਂਝੀ ਟੀਮ ਨੇ ਮੁਹਿੰਮ ਚਲਾਈ। ਉਨ੍ਹਾਂ ਦੱਸਿਆ ਕਿ ਬਾਅਦ ਦੁਪਹਿਰ 1 ਵਜੇ ਦੇ ਕਰੀਬ ਨਕਸਲੀਆਂ ਨੇ ਸੁਰੱਖਿਆ ਬਲਾਂ ’ਤੇ ਗੋਲੀ ਚਲਾ ਦਿੱਤੀ ਜਿਸ ਮਗਰੋਂ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਉਨ੍ਹਾਂ ਦੱਸਿਆ ਕਿ ਘਟਨਾ ਸਥਾਨ ਤੋਂ ਏਕੇ 47 ਅਤੇ ਐੱਸਐੱਲਆਰ ਸਮੇਤ ਕਈ ਹਥਿਆਰ ਬਰਾਮਦ ਕੀਤੇ ਹਨ।