ਜਥੇਦਾਰ ਸਾਹਿਬਾਨ ਦੀ ਯੋਗਤਾ, ਚੋਣ, ਕਾਰਜ ਖੇਤਰ ਤੇ ਸੇਵਾ-ਮੁਕਤੀ ਦਾ ਵਿਧੀ-ਵਿਧਾਨ ਬਾਰੇ ਬਣੀ ਪੰਥਕ ਮੁਹਿੰਮ

ਪੰਜਾਬ ਦੀ ਪੰਥਕ ਸਿਆਸਤ ਦਾ ਸੰਕਟ ਦਿਨ ਪ੍ਰਤੀ ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਸ੍ਰੋਮਣੀ ਕਮੇਟੀ ਵਲੋਂ ਸਿੰਘ ਸਾਹਿਬਾਨਾਂ ਦੀ ਧਕੇ ਨਾਲ ਸੇਵਾ ਮੁਕਤੀ ਬਾਰੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਥਕ ਧਿਰਾਂ ਨਾਲ ਟਕਰਾਅ ਇਸ ਸਮੇਂ ਨਾਜ਼ੁਕ ਮੋੜ ਉੱਤੇ ਪਹੁੰਚ ਗਿਆ ਹੈ।ਬੀਤੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਵੇਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਅਚਾਨਕ ਤੜਕਸਾਰ ਜਿਸ ਤਰੀਕੇ ਨਾਲ ਅਹੁਦਾ ਸੰਭਾਲਿਆ, ਉਸ ਨਾਲ ਇਹ ਸੰਕਟ ਹੋਰ ਡੂੰਘਾ ਹੁੰਦਾ ਨਜ਼ਰ ਆ ਰਿਹਾ ਹੈ।ਇਸੇ ਮੁਦੇ ਨੂੰ ਲੈਕੇ ਦਮਦਮੀ ਟਕਸਾਲ 28 ਮਾਰਚ ਨੂੰ ਸ੍ਰੋਮਣੀ ਕਮੇਟੀ ਦਾ ਘਿਰਾਉ ਕਰ ਰਹੀ ਹੈ। ਸਿੱਖ ਰਾਜਨੀਤੀ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਹਾਸ਼ੀਏ ਉੱਤੇ ਆ ਗਈ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਲੋਕ ਦਾ ਇਨ੍ਹਾਂ ਘਟਨਾਵਾਂ ਤੋਂ ਬਾਅਦ ਰੋਸ ਹੋਰ ਵੱਧ ਗਿਆ ਹੈ। ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋਫੈਸਰ ਸੁਰਿੰਦਰ ਸਿੰਘ ਜੋਧਕਾ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਜਥੇਦਾਰ ਸਾਹਿਬਾਨ ਨੂੰ ਹਟਾਇਆ ਗਿਆ ਹੈ, ਉਸ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਸ੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪ੍ਰਤੀ ਰੋਸ ਹੈ।ਉਨ੍ਹਾਂ ਆਖਿਆ ਕਿ ਇਹੋ ਗ਼ਲਤੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਖ਼ਾਸ ਤੌਰ ਉੱਤੇ ਬਾਦਲ ਪਰਿਵਾਰ ਹਾਸ਼ੀਏ ਉੱਤੇ ਹੁਣ ਪਹੁੰਚ ਚੁੱਕਾ ਹੈ ਅਤੇ ਸਿੱਖਾਂ ਵਿੱਚ ਹੁਣ ਗੁੱਸਾ ਹੋਰ ਵੱਧ ਗਿਆ ਹੈ। ਸ੍ਰੋਮਣੀ ਕਮੇਟੀ ਸਰਗਰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੌਜੂਦਾ ਸਮੇਂ ਬਣੇ ਹਾਲਤਾਂ ਦੇ ਮਦੇਨਜ਼ਰ ਇਕ ਅਹਿਮ ਐਲਾਨ ਕਰਦਿਆਂ ਕਿਹਾ ਹੈ ਕਿ ਸਿੱਖ ਪੰਥ ਅੰਦਰ ਸਿੰਘ ਸਾਹਿਬਾਨ ਤੇ ਹਰ ਜਥੇਬੰਦੀ ਦਾ ਸਤਿਕਾਰ ਕਾਇਮ ਰੱਖਿਆ ਜਾਵੇਗਾ ਤੇ ਜਥੇਦਾਰਾਂ ਦੀਆਂ ਪਦਵੀਆਂ ਸਬੰਧੀ ਭਵਿੱਖ ਵਿਚ ਸਿੱਖ ਸੰਪਰਦਾਵਾਂ ਦੇ ਸਲਾਹ-ਮਸ਼ਵਰੇ ਨੂੰ ਅਣਡਿੱਠ ਨਹੀਂ ਕੀਤਾ ਜਾਵੇਗਾ। ਐਡਵੋਕੇਟ ਧਾਮੀ ਨੇ ਗੱਲ ਕਰਦਿਆ ਆਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ ਅਤੇ ਸੇਵਾ ਮੁਕਤੀ ਸਬੰਧੀ ਜਲਦ ਹੀ ਨਿਯਮ ਤਹਿ ਕੀਤੇ ਜਾਣਗੇ ਅਤੇ ਇਸ ਕਾਰਜ ਵਾਸਤੇ ਉੱਚ ਪੱਧਰੀ ਕਮੇਟੀ ਕਾਇਮ ਹੋਵੇਗੀ। ਇਸ ਸਬੰਧੀ ਆਉਂਦੇ ਬਜਟ ਇਜਲਾਸ ਵਿਚ ਮਤਾ ਲਿਆ ਕੇ ਪ੍ਰਵਾਨਗੀ ਲਈ ਜਾਵੇਗੀ। ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਜਥੇਦਾਰਾਂ ਦੀਆਂ ਇਨ੍ਹਾਂ ਸਤਿਕਾਰਤ ਪਦਵੀਆਂ ’ਤੇ ਇਕ ਵਿਅਕਤੀ ਇਕ ਅਹੁਦਾ ਦੀ ਨੀਤੀ ਲਾਗੂ ਕੀਤੀ ਜਾਵੇ। ਇਸੇ ਤਹਿਤ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਖਾਲੀ ਪਏ ਅਹੁਦੇ ਵਾਸਤੇ ਪੰਥਕ ਸੰਪਰਦਾਵਾਂ ਤੇ ਜਥੇਬੰਦੀਆਂ ਦੀ ਸਲਾਹ ਨਾਲ ਜਲਦ ਨਿਯੁਕਤੀ ਕਰ ਦਿੱਤੀ ਜਾਵੇਗੀ। ਐਡਵੋਕੇਟ ਧਾਮੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਤਖਤ ਸਾਹਿਬਾਨ ’ਤੇ ਸੇਵਾ ਨਿਭਾਉਂਣ ਵਾਲੇ ਜਥੇਦਾਰ ਸਾਹਿਬਾਨ ਦੀ ਰੁਖਸਤੀ ਇਕ ਸਨਮਾਨਜਨਕ ਢੰਗ ਨਾਲ ਹੋਇਆ ਕਰੇਗੀ। ਇਹ ਵੀ ਯਤਨ ਕੀਤਾ ਜਾਵੇਗਾ ਕਿ ਪਿਛਲੇ ਸਮੇਂ ਦੌਰਾਨ ਸੇਵਾ ਮੁਕਤ ਕੀਤੇ ਸਿੰਘ ਸਾਹਿਬਾਨ ਨੂੰ ਨਿਭਾਈਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਜਾਵੇ। ਐਡਵੋਕੇਟ ਧਾਮੀ ਨੇ ਕਿਹਾ ਕਿ ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸੇਵਾ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੈ, ਜਿਸ ਪ੍ਰਤੀ ਉਹ ਸੁਚੇਤ ਵੀ ਹਨ।

Loading