ਅਧਿਕਾਰਿਤ ਤੌਰ ’ਤੇ ਉਲੰਪਿਆਡ ਦੀਆਂ ਅੱਠਵੀਂਆਂ ਖੇਡਾਂ ਪੈਰਿਸ ਵਿਖੇ ਸਾਲ 1924 ਅੰਦਰ ਹੋਈਆਂ ਸਨ। ਇਹ ਖੇਡਾਂ ਪੈਰਿਸ ਵਿਖੇ 5 ਜੁਲਾਈ ਤੋਂ 27 ਜੁਲਾਈ ਤੱਕ ਆਯੋਜਿਤ ਕੀਤੀਆਂ ਗਈਆਂ ਸਨ।ਇਹ ਖੇਡਾਂ ‘ਬੇਰਨ-ਡੀ-ਕੂਬਰਟਿਨ’ ਦੀ ਪ੍ਰਧਾਨਗੀ ਹੇਠ ਆਖ਼ਰੀ ਉਲੰਪਿਕ ਖੇਡਾਂ ਸਨ ਅਤੇ ਇਨ੍ਹਾਂ ਖੇਡਾਂ ’ਚ ਕੁੱਲ 44 ਮੁਲਕਾਂ ਦੇ 3089 ਖਿਡਾਰੀਆਂ ਨੇ ਭਾਗ ਲਿਆ ਸੀ ਜਿੰਨਾਂ ਵਿੱਚ 2954 ਮਰਦ ਅਤੇ 135 ਔਰਤ ਖਿਡਾਰੀ ਸਨ।
ਫ਼ਰਾਂਸ ਵਿਖੇ ਹੋਈਆਂ 1924 ਉਲੰਪਿਕ ਖੇਡਾਂ ਅੰਦਰ ਅਜੋਕੇ ਉਲੰਪਿਕ ਮਾਟੋ “ਸੀਟੀਅਸ ਆਲਟੀਅਸ ਫਾਰਟੀਅਸ” ਨੂੰ ਪਹਿਲੀ ਵਾਰ ਵਰਤਿਆ ਗਿਆ ਸੀ। ਇਨ੍ਹਾਂ ਲਾਤੀਨੀ ਭਾਸ਼ਾ ਦੇ ਸ਼ਬਦਾਂ ਦੇ ਅਰਥ ਹਨ“ਤੇਜ਼, ਉੁਚਾ, ਮਜ਼ਬੂਤ” ਅਤੇ ਇਨ੍ਹਾਂ ਨੂੰ ਕੁਬਰਟਿਨ ਨੇ ਆਪਣੇ ਡੋਮਿਨਿਕਨ ਪਾਦਰੀ ਦੋਸਤ “ਹੈਨਰੀ ਡੀਡਨ” ਤੋਂ ਉਧਾਰ ਲਿਆ ਸੀ ਜੋ ਕਿ ਐਥਲੈਟਿਕਸ ਦਾ ਸ਼ੌਕੀਨ ਸੀ। ਕੁਬਰਟਿਨ ਨੇ ਕਿਹਾ ਸੀ ਕਿ ਇਹ ਤਿੰਨ ਸ਼ਬਦ ਖੇਡਾਂ ਦੀ ਨੈਤਿਕ ਸੁੰਦਰਤਾ ਨੂੰ ਦਰਸਾਉਂਦੇ ਹਨ । ਸਾਲ 2020 ਦੀਆਂ ਟੋਕੀਓ ਉਲੰਪਿਕ ਤੋਂ ਪਹਿਲਾਂ ‘ਆਈਓਸੀ’ ਦੇ ਇੱਕ ਵਿਸ਼ੇਸ਼ ਇਜਲਾਸ ਵਿੱਚ ਉਲੰਪਿਕ ਮਾਟੋ ਨਾਲ ਅੇਨ ਡੈਸ਼ ਤੋਂ ਬਾਅਦ ਇੱਕ ਸ਼ਬਦ ਕਮਿਊਨੀਟਰ ਜੋੜ ਦਿੱਤਾ ਗਿਆ ਜਿਸਦਾ ਅਰਥ ਹੈ ਇਕੱਠੇ ਤੇ ਹੁਣ ਉਲੰਪਿਕ ਮਾਟੋ ਨੂੰ ਇਸ ਤਰ੍ਹਾਂ ਪੜਿ੍ਹਆ ਜਾਂਦਾ ਹੈ “ਸੀਟੀਅਸ ਆਲਟੀਅਸ ਫਾਰਟੀਅਸ-ਕਮਿਊਨੀਟਰ”।
1924 ਦੀਆਂ ਪੈਰਿਸ ਉਲੰਪਿਕ ’ਚ ‘ਸੰਯੁਕਤ ਰਾਜ ਅਮਰੀਕਾ’ ਕੁੱਲ 99 ਤਗ਼ਮਿਆਂ ਨਾਲ ਪਹਿਲੇ ਸਥਾਨ ’ਤੇ ਰਿਹਾ ਸੀ ਜਦੋਂਕਿ ਮੇਜ਼ਬਾਨ ਫ਼ਰਾਂਸ 38 ਤਗ਼ਮਿਆਂ ਨਾਲ ਤੀਸਰੇ ਸਥਾਨ ’ਤੇ ਰਿਹਾ ਸੀ। ਇਨ੍ਹਾਂ ਖੇਡਾਂ ’ਚ ਹੀ ਨਿਸ਼ਾਨਬੱਧ ਲੇਨਾਂ ਨਾਲ 50 ਮੀਟਰ ਦੇ ਤੈਰਾਕੀ ਕੂੰਡਾਂ ਦੀ ਵਰਤੋਂ ਸ਼ੁਰੂ ਹੋਈ ਸੀ।ਇਨ੍ਹਾਂ ਖੇਡਾਂ ’ਚ ਫਿਨਲੈਂਡ ਦਾ ‘ਪਾਵੋ ਨੂਰਮੀ’” ਸਭ ਤੋਂ ਸਫਲ ਐਥਲੀਟ ਰਿਹਾ ਜਿਸ ਨੇ ਸਭ ਤੋਂ ਵੱਧ ਪੰਜ ਸੋਨ ਤਗ਼ਮੇ ਜਿੱਤੇ ਸਨ। ਉਸ ਨੇ ਇਹ ਤਗ਼ਮੇ 1500 ਮੀਟਰ, 5000 ਮੀਟਰ, 10000 ਮੀਟਰ, 3000 ਮੀਟਰ ਸਟੀਪਲਚੇਜ਼ , ਕਰਾਸ-ਕੰਟਰੀ ਵਿਅਕਤੀਗਤ ਪੁਰਸ਼ ਤੇ ਕਰਾਸ ਕੰਟਰੀ ਟੀਮ ਪੁਰਸ਼ ’ਚ ਜਿੱਤੇ ਸਨ ਜਦੋਂਕਿ ਫਿਨਲੈਂਡ ਇਨ੍ਹਾਂ ਖੇਡਾਂ ਦੀ ਤਗ਼ਮਾ ਸੂਚੀ ’ਚ ਦੂਜੇ ਸਥਾਨ ’ਤੇ ਰਿਹਾ ਸੀ।
-ਮਨਦੀਪ ਸਿੰਘ ਸੁਨਾਮ