
-ਮੋਹਨ ਸ਼ਰਮਾ :
ਪਿਛਲੇ ਦਿਨੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਇਲਾਕੇ ਦੇ ਪੰਜ ਪਿੰਡਾਂ ਵਿੱਚ ਨਾਜਾਇਜ਼ ਸ਼ਰਾਬ ਦੀ ਮਾਰੂ ਹਨੇਰੀ ਨੇ 24 ਤੋਂ ਵੱਧ ਘਰਾਂ ਵਿੱਚ ਸੱਥਰ ਵਿਛਾ ਦਿੱਤੇ ਹਨ ਅਤੇ 10 ਤੋਂ ਵੱਧ ਵਿਅਕਤੀ ਜ਼ਿੰਦਗੀ ਤੇ ਮੌਤ ਨਾਲ ਲੜਦਿਆਂ ਹਸਪਤਾਲ ’ਚ ਇਲਾਜ ਕਰਵਾ ਰਹੇ ਹਨ। ਉਸ ਇਲਾਕੇ ਦੇ ਪਿੰਡ ਪਤਾਲਪੁਰ, ਕਰਨਾਲਾ, ਮਰਾੜੀ ਕਲਾਂ, ਭੰਗਾਲੀ ਅਤੇ ਥੀਰੇਵਾਲ ਵਿੱਚ ਜ਼ਹਿਰੀਲੀ ਸ਼ਰਾਬ ਨੇ ਕਹਿਰ ਦੀ ਹਨੇਰੀ ਲਿਆਂਦੀ ਹੈ।
ਦੁਖਾਂਤ ਇਹ ਹੈ ਕਿ ਜ਼ਹਿਰੀਲੀ ਸ਼ਰਾਬ ਦੀ ਨਾਜਾਇਜ਼ ਵਿਕਰੀ ਸਬੰਧੀ ਲੋਕਾਂ ਨੇ ਮਜੀਠਾ ਥਾਣੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਰ ਪੁਲਿਸ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਵਿੱਚ ਰੁੱਝੀ ਹੋਣ ਕਾਰਨ ਇਸ ਪਾਸੇ ਧਿਆਨ ਨਹੀਂ ਦੇ ਸਕੀ। ਦੋ ਲੀਟਰ ਜ਼ਹਿਰੀਲੀ ਸ਼ਰਾਬ, ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਪੈਕ ਕਰ ਕੇ ‘ਪੈਪਸੀ’ ਦੇ ਨਾਂ ਹੇਠ ਬਿਨਾਂ ਕਿਸੇ ਡਰ-ਭੈਅ ਦੇ ਸ਼ਰੇਆਮ ਵੇਚੀ ਜਾ ਰਹੀ ਸੀ। ਚਰਚਾ ਹੈ ਕਿ ਉਸ ਇਲਾਕੇ ਵਿੱਚ ਸ਼ਰਾਬ ਦੀਆਂ ਕੀਮਤਾਂ ਨੂੰ ਲੈ ਕੇ ਦੋ ਗਰੁੱਪਾਂ ਵਿੱਚ ਆਪਸੀ ਤਕਰਾਰ ਚੱਲ ਰਿਹਾ ਸੀ। ਛੋਟਾ ਗਰੁੱਪ ਸਸਤੇ ਰੇਟ ’ਤੇ ਮਾਨਤਾ ਪ੍ਰਾਪਤ ਸ਼ਰਾਬ ਠੇਕਿਆਂ ’ਤੇ ਵੇਚ ਰਿਹਾ ਸੀ ਅਤੇ ਦੂਜਾ ਵੱਡਾ ਗਰੁੱਪ ਜਿਸ ਨੂੰ ਸਿਆਸੀ ਥਾਪੜਾ ਵੀ ਮਿਲਿਆ ਹੋਇਆ ਸੀ, ਉਹ ਮਹਿੰਗੇ ਭਾਅ ’ਤੇ ਸ਼ਰਾਬ ਵੇਚਣ ਲਈ ਸਰਗਰਮ ਸੀ। ਦੋਨਾਂ ਗਰੁੱਪਾਂ ਦੀ ਆਪਸੀ ਲੜਾਈ ਵਿੱਚ ਇੱਕ ਤੀਜੀ ਧਿਰ ਹੋਰ ਪੈਦਾ ਹੋ ਗਈ ਜੋ ਮੀਥੇਨੌਲ ਜ਼ਹਿਰੀਲਾ ਰਸਾਇਣ ਰਾਹੀਂ ਸ਼ਰਾਬ ਤਿਆਰ ਕਰ ਕੇ ਹੋਮ ਡਲਿਵਰੀ ਦੇਣ ਲੱਗ ਪਈ। ਠੇਕੇ ਨਾਲੋਂ ਸਸਤੀ ਸ਼ਰਾਬ ਹੋਣ ਕਾਰਨ ਗ਼ਰੀਬ, ਲੋੜਵੰਦ ਅਤੇ ਮਜ਼ਦੂਰ ਤਬਕਾ ਲਪੇਟ ਵਿੱਚ ਆ ਗਿਆ। ਅਨੇਕ ਵਿਅਕਤੀਆਂ ਦੀ ਮੌਤ ਉਪਰੰਤ ਉਨ੍ਹਾਂ ਘਰਾਂ ਵਿੱਚ ਸੋਗ ਪਸਰਿਆ ਹੋਇਆ ਹੈ। ਮਾਸੂਮ ਬੱਚਿਆਂ ਦੇ ਪਿਤਾ, ਔਰਤਾਂ ਦੇ ਸੁਹਾਗ, ਮਾਵਾਂ ਦੇ ਪੁੱਤ ਜ਼ਹਿਰੀਲੀ ਸ਼ਰਾਬ ਦੀ ਕਰੋਪੀ ਕਾਰਨ ਸਿਵਿਆਂ ਵਿੱਚ ਰਾਖ਼ ਬਣ ਗਏ ਹਨ। ਘਰਾਂ ਦੇ ਠੰਡੇ ਚੁੱਲ੍ਹੇ, ਗੁੰਮ ਹੋਈ ਬਰਕਤ ਅਤੇ ਭਵਿੱਖ ਦਾ ਕਾਲਾ ਪਰਛਾਵਾਂ ਉਨ੍ਹਾਂ ਪਰਿਵਾਰਾਂ ਲਈ ਸ਼ਰਾਪ ਬਣ ਗਿਆ ਹੈ। ਭਾਣਾ ਵਰਤਣ ਉਪਰੰਤ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਹਰਕਤ ਵਿੱਚ ਆਈ ਹੈ। ਮੁੱਖ ਮੰਤਰੀ ਨੇ ਹਰ ਪੀੜਤ ਪਰਿਵਾਰ ਨੂੰ ਦਸ ਲੱਖ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਹੁਣ ਤੱਕ 15 ਮੁਲਜ਼ਮ ਵੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਜਿਹੜੀ ਔਰਤ ਇਸ ਕਾਲੇ ਧੰਦੇ ਨਾਲ ਜੁੜੀ ਹੋਈ ਸੀ, ਉਸ ਦਾ ਪਤੀ ਵੀ ਇਸ ਜ਼ਹਿਰੀਲੀ ਸ਼ਰਾਬ ਕਾਰਨ ਮੌਤ ਦਾ ਸ਼ਿਕਾਰ ਹੋ ਚੁੱਕਿਆ ਹੈ।
ਭਲਾ ਹੋਰਾਂ ਦੇ ਘਰਾਂ ਵਿੱਚ ਹਨੇਰਾ ਪਾਉਣ ਵਾਲੇ ਆਪ ਚਾਨਣ ਦੀ ਆਸ ਕਿੰਝ ਰੱਖ ਸਕਦੇ ਨੇ? ਪੰਜਾਬ ਸਰਕਾਰ ਵੱਲੋਂ ਆਬਕਾਰੀ ਵਿਭਾਗ ਦੇ ਦੋ ਅਧਿਕਾਰੀ, ਉਸ ਇਲਾਕੇ ਦਾ ਡੀ.ਐੱਸ.ਪੀ. ਅਤੇ ਥਾਣੇਦਾਰ ਮੁਅੱਤਲ ਕਰ ਦਿੱਤਾ ਗਿਆ ਹੈ। ਪਰ ਇਹ ਸਾਰੀਆਂ ਕਾਰਵਾਈਆਂ ਮਨ ਨੂੰ ਵਲੂੰਧਰਦੇ ਵੈਣਾਂ ਨੂੰ ਠੁੰਮਣਾ ਨਹੀਂ ਦੇ ਸਕਦੀਆਂ। ਪੰਜਾਬ ਸਰਕਾਰ ਨੇ 2025-26 ਲਈ ਸ਼ਰਾਬ ਦੇ ਠੇਕਿਆਂ ਤੋਂ 11 ਹਜ਼ਾਰ 20 ਕਰੋੜ ਇਕੱਠੇ ਕਰਨ ਦਾ ਟੀਚਾ ਨਿਰਧਾਰਤ ਕੀਤਾ ਹੈ। ਜਦੋਂਕਿ 2015-16 ਵਿੱਚ ਇਹ ਟੀਚਾ 4796 ਹਜ਼ਾਰ ਕਰੋੜ ਦਾ ਸੀ। ਹੁਣ ਫਿਰ ਗੰਭੀਰ ਪ੍ਰਸ਼ਨ ਉੱਠਦਾ ਹੈ ਕਿ ਜਿਸ ਅਨੁਪਾਤ ਨਾਲ ਸ਼ਰਾਬ ਤੋਂ ਆਮਦਨੀ ਦਾ ਟੀਚਾ ਮਿੱਥਿਆ ਗਿਆ ਹੈ, ਕੀ ਉਸ ਅਨੁਪਾਤ ਨਾਲ ਲੋਕਾਂ ਦੀ ਆਮਦਨੀ ਵੀ ਵਧੀ ਹੈ? ਲੋਕਾਂ ਦੀ ਹਾਲਤ ਤਾਂ ਕੱਖੋਂ ਹੌਲੀ ਅਤੇ ਪਾਣੀਓਂ ਪਤਲੀ ਹੋ ਰਹੀ ਹੈ। ਘਰਾਂ ਦੇ ਚੁੱਲ੍ਹੇ ਠੰਡੇ ਹੋ ਰਹੇ ਹਨ। ਹਰ ਪਿੰਡ ਵਿੱਚ ਔਸਤ 16 ਵਿਧਵਾਵਾਂ ਸ਼ਰਾਬ ਦੀ ਕਰੋਪੀ ਕਾਰਨ ਨਰਕ ਭਰਿਆ ਜੀਵਨ ਬਤੀਤ ਕਰ ਰਹੀਆਂ ਹਨ। ਰੋਜ਼ਾਨਾ 18 ਮਾਪੇ ਆਪਣੇ ਸ਼ਰਾਬੀ ਪੁੱਤਾਂ ਨੂੰ ਚੱਲ-ਅਚੱਲ ਜਾਇਦਾਦ ਤੋਂ ਬੇਦਖ਼ਲ ਕਰ ਰਹੇ ਹਨ ਅਤੇ ਅੰਦਾਜ਼ਨ ਹਰ ਰੋਜ਼ ਇਸ ਦੁਖਾਂਤ ਕਾਰਨ 14 ਤਲਾਕ ਦੇ ਕੇਸ ਦਾਖ਼ਲ ਹੋ ਰਹੇ ਹਨ। ਗਲਾਸੀ ਅਤੇ ਗੰਡਾਸੀ ਦੇ ਮੇਲ ਕਾਰਨ 60% ਦੁਰਘਟਨਾਵਾਂ, 90% ਤੇਜ਼ਧਾਰ ਹਥਿਆਰਾਂ ਨਾਲ ਹਮਲੇ, 69% ਬਲਾਤਕਾਰ, 74% ਡਕੈਤੀ, 80% ਦੁਸ਼ਮਣੀ ਕੱਢਣ ਵਾਲੇ ਹਮਲਿਆਂ ਨੇ ਲੋਕਾਂ ਦਾ ਕਚੂੰਮਰ ਕੱਢ ਦਿੱਤਾ ਹੈ। ਇਸ ਵਰਤਾਰੇ ਨਾਲ ਭਾਈ ਲਾਲੋ ਦੇ ਵਾਰਿਸ ਨਹੀਂ ਸਗੋਂ ਮਲਿਕ ਭਾਗੋ ਦੇ ਵਾਰਿਸ ਪੈਦਾ ਹੋ ਰਹੇ ਹਨ।
ਅਜਿਹੇ ਮਾਰੂ ਦੁਖਾਤਾਂ ਨੂੰ ਠੱਲ੍ਹ ਪਾਉਣ ਲਈ ਦੋ ਸੰਸਥਾਵਾਂ ਅੱਗੇ ਆਈਆਂ। ਜਿਨ੍ਹਾਂ ਨੇ ਪੰਚਾਇਤੀ ਰਾਜ ਐਕਟ 1994 ਦੀ ਧਾਰਾ 40 ਏ ਅਧੀਨ ਪੰਚਾਇਤਾਂ ਨੂੰ ਪ੍ਰੇਰਨਾ ਦੇ ਕੇ ਪਿੰਡਾਂ ਵਿੱਚ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਦੀ ਮੁਹਿੰਮ ਛੇੜੀ ਤੇ ਕੌਮੀ ਮਾਰਗਾਂ ਅਤੇ ਰਾਜ ਮਾਰਗਾਂ ਦੇ 500 ਮੀਟਰ ਦੇ ਘੇਰੇ ਵਿੱਚ ਸ਼ਰਾਬ ਦੇ ਠੇਕੇ ਨਾ ਖੋਲ੍ਹਣ ਲਈ ਮੁਹਿੰਮ ਛੇੜੀ। ਦੋਨਾਂ ਸੰਸਥਾਵਾਂ ਨੂੰ ਹੀ ਸਰਕਾਰ ਅਤੇ ਸ਼ਰਾਬੀ ਕਾਰੋਬਾਰੀਆਂ ਨੇ ਰੁਕਾਵਟਾਂ ਖੜ੍ਹੀਆਂ ਕਰ ਦਿੱਤੀਆਂ। ਮਜਬੂਰਨ ਇਨ੍ਹਾਂ ਦੋਨੋਂ ਸੰਸਥਾਵਾਂ ਨੂੰ ਹਾਈ ਕੋਰਟ ਦੀ ਸ਼ਰਨ ਲੈਣੀ ਪਈ। ਉੱਥੇ ਸਰਕਾਰ ਵੱਲੋਂ ਆਪਣੇ ਜਵਾਬ ਦਾਅਵੇ ਵਿੱਚ ਕਿਹਾ ਗਿਆ ਕਿ ਸ਼ਰਾਬ ਦੀ ਆਮਦਨੀ ਨਾਲ ਪੰਜਾਬ ਦਾ ਵਿਕਾਸ ਕੀਤਾ ਜਾਂਦਾ ਹੈ। ਹਾਈ ਕੋਰਟ ਨੇ ਸਰਕਾਰ ਨੂੰ ਫਿਟਕਾਰ ਲਾਉਂਦਿਆਂ ਕਿਹਾ ਸੀ ਕਿ ਜੇਕਰ ਸਰਕਾਰ ਨੂੰ ਸ਼ਰਾਬ ਤੋਂ ਆਈ ਆਮਦਨੀ ਦੀ ਐਨੀ ਚਿੰਤਾ ਹੈ, ਫਿਰ ਸਕੱਤਰੇਤ ਵਿੱਚ ਵੀ ਸ਼ਰਾਬ ਦਾ ਠੇਕਾ ਖੋਲ੍ਹ ਦਿੱਤਾ ਜਾਵੇ। ਮਜੀਠਾ ਇਲਾਕੇ ਵਿੱਚ 13 ਮਈ ਨੂੰ ਵਾਪਰੇ ਇਸ ਮਾਰੂ ਦੁਖਾਂਤ ਤੋਂ ਪਹਿਲਾਂ 20 ਅਪ੍ਰੈਲ 2024 ਨੂੰ ਸੰਗਰੂਰ ਜ਼ਿਲ੍ਹੇ ਦੇ ਪਿੰਡ ਗੁੱਜਰਾਂ ਅਤੇ ਸੁਨਾਮ ਦੀ ਟਿੱਬੀ ਰਵਿਦਾਸਪੁਰਾ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ 21 ਲੋਕਾਂ ਦੀ ਮੌਤ ਹੋਈ ਸੀ। ਉੱਥੇ ਵੀ ਲੋਕਾਂ ਨੇ ਦੱਸਿਆ ਸੀ ਕਿ ਇਸ ਜ਼ਹਿਰੀਲੀ ਸ਼ਰਾਬ ਦੀ ਵਿਕਰੀ ਸਬੰਧੀ ਨੇੜੇ ਦੇ ਥਾਣੇ ’ਚ ਕਈ ਵਾਰ ਸ਼ਿਕਾਇਤ ਦਰਜ ਕਰਵਾਈ ਸੀ। ਹੁਣ ਵਾਂਗ ਉਸ ਵੇਲੇ ਵੀ ਭਾਣਾ ਵਰਤਣ ਉਪਰੰਤ ਪ੍ਰਸ਼ਾਸਨ ਹਰਕਤ ’ਚ ਆਇਆ। ਮੁੱਖ ਮੰਤਰੀ ਵੀ ਪੀੜਤ ਪਰਿਵਾਰਾਂ ਕੋਲ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਪਹੁੰਚੇ ਸਨ। ਸੱਤ ਵਿਅਕਤੀਆਂ ’ਤੇ ਕੇਸ ਵੀ ਦਰਜ ਹੋਏ। ਪੀੜਤ ਪਰਿਵਾਰਾਂ ਨੂੰ ਕੁਝ ਰਾਸ਼ੀ ਵੀ ਦਿੱਤੀ ਗਈ। ਪੰਜ-ਛੇ ਦਿਨ ਕਾਫ਼ੀ ਰੌਲਾ-ਰੱਪਾ ਪੈਂਦਾ ਰਿਹਾ ਪਰ ਇਸ ਪਿੱਛੋਂ ਪੀੜਤ ਪਰਿਵਾਰਾਂ ਦੀ ਕਿਸੇ ਨੇ ਸਾਰ ਨਹੀਂ ਲਈ।
ਲੋਕਾਂ ਵਿੱਚ ਚਰਚਾ ਹੈ ਕਿ ਜੇਕਰ 2024 ਵਿੱਚ ਵਾਪਰੇ ਦੁਖਾਂਤ ਤੋਂ ਬਾਅਦ ਸਰਕਾਰ ਗੰਭੀਰ ਹੋ ਜਾਂਦੀ ਤਾਂ 2025 ਵਿੱਚ ਮਜੀਠਾ ਕਾਂਡ ਰੋਕਿਆ ਜਾ ਸਕਦਾ ਸੀ। ਜਿਨ੍ਹਾਂ ਸੱਤ ਵਿਅਕਤੀਆਂ ’ਤੇ ਉਸ ਸਮੇਂ ਮੁਕੱਦਮਾ ਦਰਜ ਕੀਤਾ ਗਿਆ ਸੀ, ਉਨ੍ਹਾਂ ਵਿੱਚੋਂ ਇਕ ਦਾ ਨਾਂ ਕੇਸ ਵਿੱਚੋਂ ਕੱਢ ਦਿੱਤਾ ਸੀ ਅਤੇ ਛੇ ਮੁਲਜ਼ਮਾਂ ਨੂੰ ਹਾਲੇ ਕੋਈ ਸਜ਼ਾ ਨਹੀਂ ਹੋਈ, ਅਦਾਲਤ ਵਿੱਚ ਪੇਸ਼ੀਆਂ ਭੁਗਤ ਰਹੇ ਹਨ। ਜ਼ਹਿਰੀਲੀ ਸ਼ਰਾਬ ਦੇ ਦੁਖਾਂਤ ਪਹਿਲਾਂ ਵੀ ਮਨੁੱਖੀ ਜ਼ਿੰਦਗੀਆਂ ਦੀ ਬਲੀ ਲੈਂਦੇ ਰਹੇ ਹਨ। ਸਾਲ 2020 ਵਿੱਚ ਕੈਪਟਨ ਸਰਕਾਰ ਸਮੇਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਬਟਾਲੇ ਵਿੱਚ ਕੋਰੋਨਾ ਕਾਲ ਦੇ ਸੰਤਾਪ ਸਮੇਂ ਜ਼ਹਿਰੀਲੀ ਸ਼ਰਾਬ ਕਾਰਨ 121 ਲੋਕਾਂ ਦੀ ਮੌਤ ਹੋਈ ਸੀ ਅਤੇ 15 ਲੋਕ ਆਪਣੀ ਅੱਖਾਂ ਦੀ ਰੋਸ਼ਨੀ ਗੁਆ ਬੈਠੇ ਸਨ। ਉਸ ਸਮੇਂ ਰਾਜਪੁਰਾ ਤੇ ਖੰਨਾ ਵਿੱਚ ਨਾਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਵੀ ਫੜੀਆਂ ਗਈਆਂ। ਉਸ ਸਮੇਂ ਵੀ ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦਾ ਚੋਗਾ ਪਾਇਆ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦਾ ਐਲਾਨ ਕੀਤਾ। ਇੱਥੇ ਵਰਣਨਯੋਗ ਹੈ ਕਿ ਅਜਿਹੇ ਮਾਮਲਿਆਂ ਵਿੱਚ ਸਿਆਸੀ ਲੋਕ, ਪੁਲਿਸ ਪ੍ਰਸ਼ਾਸਨ, ਨਸ਼ੇ ਦੇ ਤਸਕਰ, ਐਕਸਾਈਜ਼ ਵਿਭਾਗ ਅਤੇ ਰਸੂਖਵਾਨਾਂ ਦੀ ਆਪਸੀ ਮਿਲੀਭੁਗਤ ਹੁੰਦੀ ਹੈ ਅਤੇ ਉਹ ਆਪਣੇ ਰਸੂਖ ਨਾਲ ਕੇਸ ਦੇ ਜਾਲ਼ ਵਿੱਚ ਨਹੀਂ ਫਸਦੇ।
ਪਰ ਸਾਲ 2020 ਦੇ ਜ਼ਹਿਰੀਲੀ ਸ਼ਰਾਬ ਕਾਂਡ ਦਾ ਆਪਣੀ ਪੱਧਰ ’ਤੇ ਗੰਭੀਰ ਨੋਟਿਸ ਲੈਂਦਿਆਂ ਉਸ ਸਮੇਂ ਦੇ ਡਿਪਟੀ ਡਾਇਰੈਕਟਰ ਈਡੀ ਨਿਰੰਜਨ ਸਿੰਘ ਨੇ ਮਨੀ ਲਾਂਡਰਿੰਗ ਐਕਟ 2020 ਅਧੀਨ ਕੇਸ ਦਰਜ ਕੀਤਾ ਸੀ। ਪੜਤਾਲ ਅਧੀਨ ਸਾਹਮਣੇ ਆਇਆ ਕਿ ਇਸ ਕਾਲੇ ਧੰਦੇ ਰਾਹੀਂ ਅੰਦਾਜ਼ਨ ਪੰਜ ਹਜ਼ਾਰ ਕਰੋੜ ਦੀ ਕਮਾਈ ਕੀਤੀ ਗਈ। ਇਸ ਗੋਰਖ਼ਧੰਦੇ ਵਿੱਚ ਕਈ ਵਿਧਾਇਕ, ਕਈ ਸਰਕਾਰੀ ਅਧਿਕਾਰੀ ਅਤੇ ਕਈ ਹੋਰ ਰਸੂਖਵਾਨ ਵਿਅਕਤੀ ਸ਼ਾਮਲ ਸਨ। ਈਡੀ ਵੱਲੋਂ ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਨੂੰ ਵਾਰ-ਵਾਰ ਪੱਤਰ ਲਿਖ ਕੇ ਇਸ ਕੇਸ ਸਬੰਧੀ ਲੋੜੀਂਦੇ ਦਸਤਾਵੇਜ਼ ਮੰਗੇ ਗਏ ਤਾਂ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਆਪਣੇ-ਆਪ ਨੂੰ ਕੁੜੱਕੀ ਵਿੱਚ ਫਸਦਿਆਂ ਵੇਖ ਕੇ ਇਨ੍ਹਾਂ ਅਸਰ-ਰਸੂਖ਼ ਵਾਲੇ ਵਿਅਕਤੀਆਂ ਨੇ ਦਿੱਲੀ ਜਾ ਕੇ ਹਰ ਹੀਲਾ ਵਰਤਦਿਆਂ ਈਡੀ ਦੇ ਮੁੱਖ ਦਫ਼ਤਰ ਤੋਂ ਨਿਰੰਜਨ ਸਿੰਘ ਨੂੰ ਹਦਾਇਤ ਜਾਰੀ ਕਰਵਾ ਦਿੱਤੀ ਕਿ ਇਸ ਕੇਸ ਦੀ ਪੜਤਾਲ ’ਤੇ ਰੋਕ ਲਾਈ ਜਾਵੇ ਤੇ ਅਗਲੀ ਕਾਰਵਾਈ ਲਈ ਫਾਈਲ ਹੈੱਡ ਆਫਿਸ ਦਿੱਲੀ ਭੇਜੀ ਜਾਵੇ। ਇਹ ਫਾਈਲ 2020 ਤੋਂ ਈਡੀ ਦੇ ਮੁੱਖ ਦਫ਼ਤਰ ’ਚ ਪਈ ਹੋਈ ਹੈ। ਦੂਜੇ ਪਾਸੇ ਕੁਝ ਕਰਿੰਦਿਆਂ ’ਤੇ ਕੇਸ ਪਾ ਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਇਆ ਗਿਆ। ਮਰਹੂਮ ਸ਼ਾਇਰ ਪਾਸ਼ ਦੇ ਇਹ ਬੋਲ ਉਨ੍ਹਾਂ ਦੇ ਅੰਗ-ਸੰਗ ਰਹਿਣੇ ਜ਼ਰੂਰੀ ਹਨ :
ਕਤਲ ਹੋਏ ਜਜ਼ਬਿਆਂ ਦੀ ਕਸਮ ਪਾ ਕੇ
ਬੁਝੀਆਂ ਨਜ਼ਰਾਂ ਦੀ ਕਸਮ ਖਾ ਕੇ
ਹੱਥਾਂ ’ਤੇ ਪਏ ਅੱਟਣਾਂ ਦੀ ਕਸਮ ਖਾ ਕੇ
ਅਸੀਂ ਲੜਾਂਗੇ ਸਾਥੀ, ਕਿਉਂਕਿ ਲੜਣ
ਬਿਨਾਂ ਕੁਝ ਨਹੀਂ ਮਿਲਣਾ।