ਪੰਜਾਬੀ ਗਾਇਕ ਦਿਲਜੀਤ ਦੌਸਾਂਝ ਨੇ ਆਸਟ੍ਰੇਲੀਆ ਦੇ ਸਿਡਨੀ ਵਿੱਚ ਇੱਕ ਪੂਰਾ ਸਟੇਡੀਅਮ ਭਰਨ ਵਾਲਾ ਪਹਿਲਾ ਭਾਰਤੀ ਕਲਾਕਾਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਉਸ ਦਾ ਔਰਾ ਵਰਲਡ ਟੂਰ ਕੰਸਰਟ, ਜਿਸ ਵਿੱਚ ਲਗਪਗ 30,000 ਪ੍ਰਸ਼ੰਸਕਾਂ ਨੇ ਸ਼ਿਰਕਤ ਕੀਤੀ, ਇੱਕ ਬਹੁਤ ਵੱਡੀ ਸਫਲਤਾ ਸੀ। ਇਸ ਦੀਆਂ ਟਿਕਟਾਂ ਦੀਆਂ ਕੀਮਤਾਂ 800 ਡਾਲਰ ਤੱਕ ਪਹੁੰਚ ਗਈਆਂ ਸਨ।
ਹਾਲਾਂਕਿ ਗਾਇਕ ਦੀ ਆਸਟ੍ਰੇਲੀਆਈ ਯਾਤਰਾ ਚੁਣੌਤੀਆਂ ਤੋਂ ਮੁਕਤ ਨਹੀਂ ਰਹੀ। ਦਿਲਜੀਤ ਨੂੰ ਆਸਟ੍ਰੇਲੀਆ ਪਹੁੰਚਣ ’ਤੇ ਨਸਲੀ ਟਿੱਪਣੀ ਦਾ ਸਾਹਮਣਾ ਕਰਨਾ ਪਿਆ, ਜਿੱਥੇ ਕੁਝ ਲੋਕਾਂ ਨੇ ਪਾਪਰਾਜ਼ੀ ਦੀਆਂ ਫੋਟੋਆਂ ਦੇ ਕਮੈਂਟ ਸੈਕਸ਼ਨ ਵਿੱਚ ਲਿਖਿਆ, ‘‘ਨਵਾਂ ਉਬਰ ਡਰਾਈਵਰ ਆ ਗਿਆ ਹੈ, ਜਾਂ ਨਵਾਂ 7-11 ਕਰਮਚਾਰੀ ਉਤਰਿਆ ਹੈ..’’
ਇਨ੍ਹਾਂ ਟਿੱਪਣੀਆਂ ’ਤੇ ਇੱਕ ਦਿਲ ਨੂੰ ਛੂਹਣ ਵਾਲੇ ਜਵਾਬ ਵਿੱਚ ਦਿਲਜੀਤ ਨੇ ਆਪਣੇ ਯੂਟਿਊਬ ਚੈਨਲ ’ਤੇ ਇੱਕ ਪਰਦੇ ਪਿੱਛੇ ਦੇ ਵੀਡੀਓ ਵਿੱਚ ਨਸਲੀ ਟਿੱਪਣੀਆਂ ਦਾ ਜਵਾਬ ਦਿੱਤਾ।
ਉਨ੍ਹਾਂ ਨੇ ਏਕਤਾ ਅਤੇ ਸਾਰੇ ਪੇਸ਼ਿਆਂ ਲਈ ਸਤਿਕਾਰ ’ਤੇ ਜ਼ੋਰ ਦਿੰਦੇ ਹੋਏ ਕਿਹਾ, ‘ਮੈਂ ਸੋਚਦਾ ਹਾਂ ਕਿ ਦੁਨੀਆ ਇੱਕ ਹੋਣੀ ਚਾਹੀਦੀ ਹੈ ਅਤੇ ਕੋਈ ਸਰਹੱਦ ਨਹੀਂ ਹੋਣੀ ਚਾਹੀਦੀ।’
ਦਿਲਜੀਤ ਨੇ ਕਿਹਾ ‘‘ਮੈਨੂੰ ਟੈਕਸੀ ਜਾਂ ਟਰੱਕ ਡਰਾਈਵਰ ਨਾਲ ਤੁਲਨਾ ਕੀਤੇ ਜਾਣ ’ਤੇ ਕੋਈ ਇਤਰਾਜ਼ ਨਹੀਂ ਹੈ। ਜੇ ਟਰੱਕ ਡਰਾਈਵਰ ਨਾ ਹੋਣ, ਤਾਂ ਤੁਹਾਨੂੰ ਘਰ ਲਈ ਰੋਟੀ ਨਹੀਂ ਮਿਲੇਗੀ। ਮੈਂ ਨਾਰਾਜ਼ ਨਹੀਂ ਹਾਂ ਅਤੇ ਮੇਰਾ ਪਿਆਰ ਸਾਰਿਆਂ ਲਈ ਹੈ, ਇੱਥੋਂ ਤੱਕ ਕਿ ਉਨ੍ਹਾਂ ਲਈ ਵੀ ਜੋ ਮੇਰੇ ਬਾਰੇ ਅਜਿਹੀਆਂ ਗੱਲਾਂ ਕਹਿੰਦੇ ਹਨ।’’
ਦਿਲਜੀਤ ਦੋਸਾਂਝ ਦਾ ਸਿਡਨੀ ਸ਼ੋਅ ਭਾਰਤੀ ਸੰਗੀਤ ਦੀ ਗਲੋਬਲ ਮਾਨਤਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਨੂੰ ਦਰਸਾਉਂਦਾ ਹੈ। ਆਪਣੇ ਟੂਰ ਨਾਲ ਦਿਲਜੀਤ ਨੇ ਆਪਣੇ ਆਪ ਨੂੰ ਇੱਕ ਪ੍ਰਤਿਭਾਸ਼ਾਲੀ ਅਤੇ ਦਿ੍ਰੜ ਕਲਾਕਾਰ ਸਾਬਤ ਕੀਤਾ ਹੈ, ਜੋ ਦੁਨੀਆ ਭਰ ਦੇ ਦਰਸ਼ਕਾਂ ਨੂੰ ਲੁਭਾ ਸਕਦਾ ਹੈ।
![]()
