ਬਰਲਿਨ/ਏ.ਟੀ.ਨਿਊਜ਼:
ਜਰਮਨੀ ਦੇ ਚਾਂਸਲਰ ਓਲਫ ਸ਼ੁਲਜ਼ ਦੀ ਖੱਬੇਪੱਖੀ ਸੋਸ਼ਲ ਡੈਮੋਕਰੈਟਸ ਪਾਰਟੀ ਨੂੰ ਸੰਸਦੀ ਚੋਣਾਂ ਵਿੱਚ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਨ੍ਹਾਂ ਦੀ ਪਾਰਟੀ ਤੀਜੇ ਸਥਾਨ ’ਤੇ ਰਹੀ। ਵਿਰੋਧੀ ਧਿਰ ਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਫਰੈਡਰਿਕ ਮਰਜ਼ ਨੇ ਪਿਛਲੇ ਦਿਨੀਂ ਹੋਈਆਂ ਕੌਮੀ ਚੋਣਾਂ ਵਿੱਚ ਜਿੱਤ ਦਰਜ ਕੀਤੀ ਹੈ, ਜਦੋਂਕਿ ਅਲਟਰਨੇਟਿਵ ਫਾਰ ਜਰਮਨੀ (ਏਐੱਫਡੀ) ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸੱਜੇ-ਪੱਖੀ ਪਾਰਟੀ ਲਈ ਸਭ ਤੋਂ ਮਜ਼ਬੂਤ ਪ੍ਰਦਰਸ਼ਨ ਕਰਦਿਆਂ ਆਪਣੀ ਹਮਾਇਤ ਦੁੱਗਣੀ ਕੀਤੀ ਹੈ।
ਚਾਂਸਲਰ ਓਲਫ ਸ਼ੁਲਜ਼ ਨੇ ਲੋਕਾਂ ਦੇ ਫ਼ਤਵੇ ਨੂੰ ‘ਕੌੜਾ ਚੋਣ ਨਤੀਜਾ’ ਦੱਸਦਿਆਂ ਆਪਣੀ ਪਾਰਟੀ ਸੋਸ਼ਲ ਡੈਮੋਕਰੈਟਸ ਦੀ ਹਾਰ ਕਬੂਲ ਕੀਤੀ ਹੈ। ਏ.ਆਰ.ਡੀ. ਅਤੇ ਜ਼ੈੱਡ.ਡੀ.ਐੱਫ. ਪਬਲਿਕ ਟੈਲੀਵਿਜ਼ਨ ਵੱਲੋਂ ਦਿਖਾਏ ਰੁਝਾਨਾਂ ਵਿੱਚ ਉਨ੍ਹਾਂ ਦੀ ਪਾਰਟੀ ਆਲਮੀ ਜੰਗ ਤੋਂ ਬਾਅਦ ਸੰਸਦੀ ਚੋਣਾਂ ਵਿੱਚ ਸਭ ਤੋਂ ਮਾੜੇ ਨਤੀਜੇ ਨਾਲ ਤੀਜੇ ਸਥਾਨ ’ਤੇ ਰਹੀ ਹੈ।
ਐਗਜ਼ਿਟ ਪੋਲ ਅਤੇ ਅੰਸ਼ਕ ਗਿਣਤੀ ਦੇ ਆਧਾਰ ’ਤੇ ਲਗਾਏ ਅਨੁਮਾਨ ਵਿੱਚ ਮਰਜ਼ ਦੇ ਯੂਨੀਅਨ ਬਲਾਕ ਨੂੰ ਕਰੀਬ 28.5 ਫੀਸਦ ਅਤੇ ਇਮੀਗ੍ਰੇਸ਼ਨ ਵਿਰੋਧੀ ਅਲਟਰਨੇਟਿਵ ਫਾਰ ਜਰਮਨੀ, ਜਾਂ ਏ.ਐੱਫ.ਡੀ. ਨੂੰ 20.5 ਫ਼ੀਸਦੀ ਸਮਰਥਨ ਮਿਲਿਆ ਹੈ, ਜੋ 2021 ਨਾਲੋਂ ਲਗਪਗ ਦੁੱਗਣਾ ਹੈ। ਸ਼ੁਲਜ਼ ਦੀ ਪਾਰਟੀ ਸੈਂਟਰ ਲੈਫਟ ਸੋਸ਼ਲ ਡੈਮੋਕਰੈਟਸ 12 ਫੀਸਦ ਦੇ ਅੰਕੜੇ ਨਾਲ ਤੀਜੇ ਸਥਾਨ ’ਤੇ ਹੈ। ਜਰਮਨੀ ਵਿੱਚ ਸੰਸਦੀ ਚੋਣਾਂ ਨਿਰਧਾਰਿਤ ਸਮੇਂ ਤੋਂ ਸੱਤ ਮਹੀਨੇ ਪਹਿਲਾਂ ਹੋਈਆਂ ਹਨ ਕਿਉਂਕਿ ਸ਼ੁਲਜ਼ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਨਵੰਬਰ ਵਿੱਚ ਡਿੱਗ ਗਈ ਸੀ। ਜਰਮਨੀ 27 ਦੇਸ਼ਾਂ ਵਾਲੇ ਯੂਰਪੀਅਨ ਯੂਨੀਅਨ ਵਿੱਚ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ ਅਤੇ ਨਾਟੋ ਦਾ ਪ੍ਰਮੁੱਖ ਮੈਂਬਰ ਹੈ।
![]()
