
ਵਾਸ਼ਿੰਗਟਨ/ ਏ.ਟੀ.ਨਿਊਜ਼: ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਭਾਰਤ ਨਾਲ ਵਪਾਰ ਸਮਝੌਤਾ ਕਰਨ ਦੇ ਬਹੁਤ ਨੇੜੇ ਹੈ। ਅਮਰੀਕੀ ਸਦਰ ਨੇ ਕਿਹਾ, ‘‘ਹੁਣ, ਅਸੀਂ ਯੂਨਾਈਟਿਡ ਕਿੰਗਡਮ ਨਾਲ ਸਮਝੌਤਾ ਕੀਤਾ ਹੈ, ਅਸੀਂ ਚੀਨ ਨਾਲ ਸਮਝੌਤਾ ਕੀਤਾ ਹੈ। ਅਸੀਂ ਭਾਰਤ ਨਾਲ ਇੱਕ ਸਮਝੌਤਾ ਕਰਨ ਦੇ ਬਹੁਤ ਨੇੜੇ ਹਾਂ। ਜਿਨ੍ਹਾਂ ਹੋਰਨਾਂ ਨੂੰ ਅਸੀਂ ਮਿਲੇ ਸੀ ਅਤੇ ਸਾਨੂੰ ਨਹੀਂ ਲੱਗਦਾ ਕਿ ਅਸੀਂ ਕੋਈ ਸਮਝੌਤਾ ਕਰ ਸਕਾਂਗੇ, ਇਸ ਲਈ ਅਸੀਂ ਉਨ੍ਹਾਂ ਨੂੰ ਪੱਤਰ ਭੇਜੇ ਹਨ। ਜੇਕਰ ਤੁਸੀਂ ਅਮਰੀਕਾ ਨਾਲ ਵਪਾਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਨ੍ਹਾਂ ਟੈਕਸਾਂ ਦੀ ਅਦਾਇਗੀ ਕਰਨੀ ਹੋਵੇਗੀ।’’ ਅਮਰੀਕੀ ਰਾਸ਼ਟਰਪਤੀ ਨੇ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ ਜਦੋਂ ਟਰੰਪ ਪ੍ਰਸ਼ਾਸਨ ਨੇ ਵੱਖ-ਵੱਖ ਦੇਸ਼ਾਂ ਨੂੰ ‘ਪੱਤਰਾਂ’ ਦੀ ਪਹਿਲੀ ਕਿਸ਼ਤ ਭੇਜੀ ਹੈ ਜਿਸ ਵਿੱਚ ਉਨ੍ਹਾਂ ਦੇਸ਼ਾਂ ਦੇ ਉਤਪਾਦਾਂ ’ਤੇ ਅਮਰੀਕਾ ਵੱਲੋਂ ਲਗਾਏ ਜਾਣ ਵਾਲੇ ਦਰਾਮਦ ਟੈਕਸਾਂ ਦਾ ਵੇਰਵਾ ਦਿੱਤਾ ਗਿਆ ਸੀ।
ਟਰੰਪ ਦੀ ਸਹੀ ਵਾਲੇ ਇਹ ਪੱਤਰ ਜਿਨ੍ਹਾਂ ਮੁਲਕਾਂ ਨੂੰ ਭੇਜੇ ਗਏ ਹਨ, ਉਨ੍ਹਾਂ ਵਿੱਚ ਬੰਗਲਾਦੇਸ਼, ਬੋਸਨੀਆ, ਹਰਜ਼ੇਗੋਵਿਨਾ, ਕੰਬੋਡੀਆ, ਇੰਡੋਨੇਸ਼ੀਆ, ਜਾਪਾਨ, ਕਜ਼ਾਖਸਤਾਨ, ਲਾਓ ਪੀਪਲਜ਼ ਡੈਮੋਕਰੈਟਿਕ ਰਿਪਬਲਿਕ, ਮਲੇਸ਼ੀਆ, ਸਰਬੀਆ, ਦੱਖਣੀ ਅਫ਼ਰੀਕਾ, ਦੱਖਣੀ ਕੋਰੀਆ, ਥਾਈਲੈਂਡ ਤੇ ਟਿਊਨੀਸ਼ੀਆ ਸ਼ਾਮਲ ਹਨ। ਟਰੰਪ ਨੇ ਕਿਹਾ, ‘‘ਅਸੀਂ ਵੱਖ- ਵੱਖ ਮੁਲਕਾਂ ਨੂੰ ਪੱਤਰ ਭੇਜ ਰਹੇ ਹਾਂ ਕਿ ਉਨ੍ਹਾਂ ਨੂੰ ਕਿੰਨੇ ਟੈਕਸ ਦੀ ਅਦਾਇਗੀ ਕਰਨੀ ਹੋਵੇਗੀ।’’