ਜਲ੍ਹਿਆਂਵਾਲਾ ਬਾਗ ਦੇ ਦੁਖਾਂਤ ਸਮੇਂ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਦੀ ਭੂਮਿਕਾ

In ਮੁੱਖ ਲੇਖ
October 16, 2025

ਡਾ. ਐਸ.ਐਸ. ਛੀਨਾ
ਖ਼ਾਲਸਾ ਕਾਲਜ ਅੰਮ੍ਰਿਤਸਰ ਦਾ ਵਿਦਿਆਰਥੀ, ਅਧਿਆਪਕ, ਗਵਰਨਿੰਗ ਕੌਂਸਲ ਦਾ ਮੈਂਬਰ ਅਤੇ ਮੈਨੇਜਮੈਂਟ ’ਚ ਰਹਿਣ ਕਰਕੇ ਕਾਲਜ ਨਾਲ ਸੰਬੰਧਿਤ ਇਤਿਹਾਸ ਤੇ ਘਟਨਾਵਾਂ ਬਾਰੇ ਮੇਰੀ ਖ਼ਾਸ ਦਿਲਚਸਪੀ ਰਹਿਣੀ ਇੱਕ ਸੁਭਾਵਿਕ ਗੱਲ ਸੀ। ਲੰਮੇ ਸਮਾਂ ਤੱਕ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਅੰਗਰੇਜ਼ ਰਹੇ ਸਨ, ਪਰ ਉਨ੍ਹਾਂ ਸਾਰਿਆਂ ’ਚੋਂ ਮਿਸਟਰ ਜੀ.ਏ. ਵਾਦਨ ਇਕ ਵਿਲੱਖਣ ਸ਼ਖਸ਼ੀਅਤ ਸਨ। ਉਨ੍ਹਾਂ ਦਾ ਜ਼ਿਕਰ ਮੈਂ ਉਨ੍ਹਾਂ ਦੇ ਵਿਦਿਆਰਥੀ ਪੱਖੀ ਤੇ ਵਿਦਿਆਰਥੀਆਂ ਨੂੰ ਬੱਚਿਆਂ ਵਾਲਾ ਪਿਆਰ ਦੇਣ ਸੰਬੰਧੀ ਤਾਂ ਕਾਫ਼ੀ ਵਾਰ ਸੁਣਿਆ ਸੀ, ਪਰ ਉਨ੍ਹਾਂ ਦੀ ਜਲ੍ਹਿਆਂਵਾਲਾ ਬਾਗ ਦੇ ਦੁਖਾਂਤ ਮੌਕੇ ਨਿਭਾਈ ਭੂਮਿਕਾ ਬਾਰੇ ਮੈਂ ਉਸ ਵਕਤ ਪੜਿ੍ਹਆ, ਜਦੋਂ ਮੈਂ ਜਲ੍ਹਿਆਂਵਾਲਾ ਬਾਗ ਦੇ ਦੁਖਾਂਤ ਸੰਬੰਧੀ ਆਪ ਇੱਕ ਪੁਸਤਕ ਲਿਖ ਰਿਹਾ ਸੀ।
ਉਸ ਦੁਖਾਂਤ ਦੀ ਸ਼ੁਰੂਆਤ 6 ਅਪ੍ਰੈਲ, 1919 ਨੂੰ ਉਸ ਸਮੇਂ ਹੋਈ, ਜਦੋਂ ਅੰਮ੍ਰਿਤਸਰ ਦੇ ਸ਼ਹਿਰੀ ਭਾਰਤ ਦੇ ਹੋਰ ਹਿੱਸਿਆਂ ਵਾਂਗ ਹੜਤਾਲ ਕਰਨੀ ਚਾਹੁੰਦੇ ਸਨ। ਪਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਿਸਟਰ ਇਰਵਿੰਗ ਨੇ ਸ਼ਹਿਰ ਦੇ ਕੁਝ ਲੋਕਾਂ ਨੂੰ ਬੁਲਾ ਕੇ ਹੜਤਾਲ ਨਾ ਕਰਨ ਲਈ ਕਿਹਾ ਅਤੇ ਉਹ ਵੀ ਮੰਨ ਗਏ ਪਰ ਜਦੋਂ ਸ਼ਾਮ ਨੂੰ ਇਸ ਗੱਲ ਦਾ ਪਤਾ ਡਾ. ਕਿਚਲੂ ਅਤੇ ਡਾ. ਸਤਪਾਲ ਨੂੰ ਲੱਗਾ ਤਾਂ ਉਨ੍ਹਾਂ ਨੇ ਕੋਈ 9 ਵਜੇ ਦੇ ਕਰੀਬ ਡਾ. ਕਿਚਲੂ ਦੇ ਘਰ ਕਾਂਗਰਸੀ ਲੀਡਰਾਂ ਦੀ ਮੀਟਿੰਗ ਬੁਲਾਈ ਤਾਂ 10 ਕੁ ਵਜੇ ਤੱਕ ਉੱਥੇ ਕੋਈ 200 ਵਰਕਰ ਇਕੱਠੇ ਹੋ ਗਏ ਅਤੇ ਉਨ੍ਹਾਂ ਫ਼ੈਸਲਾ ਕੀਤਾ ਕਿ ਕੱਲ੍ਹ ਅੰਮ੍ਰਿਤਸਰ ’ਚ ਹੜਤਾਲ ਹੋਵੇਗੀ। ਇਹ ਕਿਸ ਤਰ੍ਹਾਂ ਹੋ ਸਕਦਾ ਸੀ ਕਿ ਸਾਰੇ ਭਾਰਤ ਵਿੱਚ ਹੜਤਾਲ ਹੋਵੇ ਪਰ ਅੰਮ੍ਰਿਤਸਰ ’ਚ ਨਾ ਹੋਵੇ। ਉਨ੍ਹਾਂ ਵਰਕਰਾਂ ਨੇ ਰਾਤ ਦੇ 2 ਵਜੇ ਤੱਕ ਹੜਤਾਲ ਕਰਨ ਦੇ ਇਸ਼ਤਿਹਾਰ ਵੀ ਲਾ ਦਿੱਤੇ।
ਅਗਲੇ ਦਿਨ ਸ਼ਹਿਰ ਵਿੱਚ ਹੜਤਾਲ ਹੋਈ, ਸਭ ਦੁਕਾਨਾਂ ਬੰਦ ਸਨ। ਇੱਥੋਂ ਤੱਕ ਕਿ ਟਾਂਗੇ ਵੀ ਨਾ ਚੱਲੇ ਅਤੇ ਆਉਣ-ਜਾਣ ਵਾਲਿਆਂ ਨੂੰ ਤੁਰ ਕੇ ਹੀ ਲੰਮਾ ਸਫ਼ਰ ਕਰਨਾ ਪਿਆ। ਸ਼ਹਿਰ ਵਿੱਚ ਕ੍ਰਿਕਟ ਮੈਚ ਹੋ ਰਿਹਾ ਸੀ, ਜਿਸ ਨੂੰ ਚੱਲਦਾ ਰਹਿਣ ਦਿੱਤਾ ਗਿਆ। ਇਸ ਵੱਡੀ ਹੜਤਾਲ ਦਾ ਪੰਜਾਬ ਦੇ ਪ੍ਰਬੰਧਕਾਂ ’ਤੇ ਬਹੁਤ ਪ੍ਰਭਾਵ ਪਿਆ ਅਤੇ ਆਉਣ ਵਾਲੇ ਸਮੇਂ ’ਚ ਕਿਸੇ ਵੱਡੇ ਵਿਦਰੋਹ ਦੀ ਸੰਭਾਵਨਾ ਨੂੰ ਵੇਖਦਿਆਂ ਡਿਪਟੀ ਕਮਿਸ਼ਨਰ ਨੇ ਵੱਡੇ ਅਫ਼ਸਰਾਂ ਦੀ ਮੀਟਿੰਗ ਆਪਣੇ ਘਰ ਬੁਲਾਈ ਅਤੇ ਹੜਤਾਲ ਦੀ ਖ਼ਬਰ ਗਵਰਨਰ ਨੂੰ ਦਿੱਤੀ ਗਈ। ਇੱਥੇ ਡਾ. ਸਤਪਾਲ ਤੇ ਡਾ. ਕਿਚਲੂ ਬਹੁਤ ਵੱਡੇ ਨੇਤਾ ਸਾਬਿਤ ਹੋਏ, ਜਿਨ੍ਹਾਂ ਕਾਰਨ ਇਸ ਥੋੜ੍ਹੇ ਜਿਹੇ ਸਮੇਂ ਦੇ ਨੋਟਿਸ ’ਤੇ ਇੰਨੀ ਸਫ਼ਲ ਹੜਤਾਲ ਹੋ ਗਈ ਸੀ। ਫ਼ੈਸਲਾ ਕੀਤਾ ਗਿਆ ਕਿ ਸਤਪਾਲ ਤੇ ਕਿਚਲੂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ। 9 ਅਪ੍ਰੈਲ, 1919 ਨੂੰ ਰਾਮਨੌਮੀ ਵਾਲੇ ਦਿਨ ਸ਼ਹਿਰ ’ਚ ਹਿੰਦੂ, ਮੁਸਲਿਮ ਤੇ ਸਿੱਖਾਂ ਨੇ ਮਿਲ ਕੇ ਬਹੁਤ ਵੱਡਾ ਜਲੂਸ ਕੱਢਿਆ। ਅੰਗਰੇਜ਼ ਅਧਿਕਾਰੀਆਂ ਅਨੁਸਾਰ ਲੋਕਾਂ ਦੀ ਇਹ ਏਕਤਾ ਉਨ੍ਹਾਂ ਦੇ ਹੁਕਮਰਾਨਾਂ ਵਾਸਤੇ ਬੜੀ ਖ਼ਤਰਨਾਕ ਸੀ, ਇਸ ਲਈ ਉਹ ਸਤਪਾਲ ਤੇ ਕਿਚਲੂ ਨੂੰ ਗ੍ਰਿਫ਼ਤਾਰ ਕਰਨ ਤੋਂ ਡਰਦੇ ਵੀ ਸਨ।
10 ਅਪ੍ਰੈਲ, 1919 ਨੂੰ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਦੋਵਾਂ ਨੂੰ ਬਹਾਨੇ ਨਾਲ ਆਪਣੇ ਘਰ ਬੁਲਾ ਕੇ ਮਿਲਟਰੀ ਨੂੰ ਫੜਾ ਦਿੱਤਾ ਅਤੇ ਉਹ ਉਨ੍ਹਾਂ ਨੂੰ ਧਰਮਸ਼ਾਲਾ ਲੈ ਗਈ। ਜਦੋਂ ਇਸੇ ਦਿਨ ਇਹ ਖ਼ਬਰ ਸ਼ਹਿਰੀਆਂ ਨੂੰ ਮਿਲੀ ਤਾਂ ਉਨ੍ਹਾਂ ’ਚ ਗੁੱਸੇ ਦੀ ਵੱਡੀ ਲਹਿਰ ਦੌੜ ਗਈ। ਉਹ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਸਿਵਲ ਲਾਈਨ ਵੱਲ ਵਧਣ ਲੱਗੇ, ਜਿੱਧਰ ਦਫ਼ਤਰ ਤੇ ਅੰਗਰੇਜ਼ ਅਫ਼ਸਰਾਂ ਦੀ ਰਿਹਾਇਸ਼ ਸੀ। ਪੁਲਿਸ ਉਨ੍ਹਾਂ ਨੂੰ ਰੋਕ ਰਹੀ ਸੀ। ਇਸੇ ਤਕਰਾਰ ਦੌਰਾਨ ਪੁਲਿਸ ਨੇ ਗੋਲੀ ਚਲਾ ਦਿੱਤੀ, ਜਿਸ ਨਾਲ ਤਿੰਨ-ਚਾਰ ਵਿਅਕਤੀ ਮਾਰੇ ਗਏ ਅਤੇ ਕਾਫ਼ੀ ਜ਼ਖ਼ਮੀ ਹੋ ਗਏ। ਜਦੋਂ ਹਸਪਤਾਲ ’ਤੋਂ ਉਨ੍ਹਾਂ ਨੂੰ ਲਿਜਾਣ ਲਈ ਸਟਰੈਚਰ ਆਏ ਤਾਂ ਉੱਥੇ ਤਾਇਨਾਤ ਡੀ.ਐਸ.ਪੀ. ਨੇ ਵਾਪਸ ਮੋੜ ਦਿੱਤੇ ਤੇ ਕਿਹਾ ਕਿ ਇਹ ਆਪਣਾ ਇੰਤਜ਼ਾਮ ਖ਼ੁਦ ਕਰਨ। ਇਸ ’ਤੇ ਭੀੜ ਹੋਰ ਭੜਕ ਗਈ ਤੇ ਉਨ੍ਹਾਂ ਨੇ ਸਟੇਸ਼ਨ ’ਤੇ ਇੱਕ ਅੰਗਰੇਜ਼ ਕਰਮਚਾਰੀ ਨੂੰ ਮਾਰ ਦਿੱਤਾ। ਮਿਸਿਜ਼ ਸ਼ੇਰਵੁੱਡ, ਜਿਹੜੀ ਪਿਛਲੇ 15 ਸਾਲ ਤੋਂ ਉੱਥੇ ਰਹਿ ਰਹੀ ਸੀ, ਉਹ ਉਸ ਤਰਫ਼ ਆ ਰਹੀ ਸੀ, ਜਿਸ ਨੂੰ ਬਹੁਤ ਕੁੱਟਿਆ ਗਿਆ ਤੇ ਮਰੀ ਹੋਈ ਸਮਝ ਕੇ ਉੱਥੇ ਹੀ ਛੱਡ ਦਿੱਤਾ ਗਿਆ। ਨੈਸ਼ਨਲ ਬੈਂਕ ਦੇ ਅੰਗਰੇਜ਼ ਅਫ਼ਸਰ ਮਿਸਟਰ ਸਟੀਵਰਟ ਤੇ ਉਸ ਦੇ ਸਹਾਇਕ ਸਕਾਟ ਨੂੰ ਵੀ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਇਸੇ ਤਰ੍ਹਾਂ ਜਿੱਥੇ ਵੀ ਅੰਗਰੇਜ਼ ਮਿਲਣ ਉਨ੍ਹਾਂ ਨੂੰ ਮਾਰ ਦਿੱਤਾ ਗਿਆ। ਹੁਣ ਭਾਰਤੀ ਕਰਮਚਾਰੀ ਤੇ ਅੰਗਰੇਜ਼ ਅਫ਼ਸਰ ਬਹੁਤ ਡਰੇ ਹੋਏ ਸਨ। ਅੰਗਰੇਜ਼ ਅਫ਼ਸਰਾਂ ਦੇ ਪਰਿਵਾਰਾਂ ਨੂੰ ਛਾਉਣੀ ਵਿੱਚ ਪਹੁੰਚਾਇਆ ਗਿਆ। ਡਿਪਟੀ ਕਮਿਸ਼ਨਰ ਨੇ ਸਾਰੀ ਰਿਪੋਰਟ ਗਵਰਨਰ ਮਾਈਕਲ ਓਡਵਾਇਰ ਨੂੰ ਦੇ ਦਿੱਤੀ ਅਤੇ ਸ਼ਹਿਰ ਨੂੰ ਮਿਲਟਰੀ ਦੇ ਹਵਾਲੇ ਕਰਨ ਲਈ ਕਿਹਾ।
11 ਅਪ੍ਰੈਲ, 1919 ਨੂੰ 11 ਵਜੇ ਡਿਪਟੀ ਕਮਿਸ਼ਨਰ ਨੇ ਅੰਮ੍ਰਿਤਸਰ ਦੇ ਕੁਝ ਲੋਕਾਂ ਨੂੰ ਬੁਲਾ ਕੇ ਦੱਸਿਆ ਕਿ ਹੁਣ ਸ਼ਹਿਰ ਮਿਲਟਰੀ ਦੇ ਕੰਟਰੋਲ ’ਚ ਹੈ। ਸ਼ਾਮ ਨੂੰ ਜਨਰਲ ਡਾਇਰ ਅੰਮ੍ਰਿਤਸਰ ਪਹੁੰਚ ਗਿਆ। ਬਹੁਤ ਸਾਰੀ ਫ਼ੌਜ ਤੇ ਅਫ਼ਸਰ ਵੀ ਪਹੁੰਚ ਗਏ। 12 ਅਪ੍ਰੈਲ ਦਾ ਦਿਨ ਸ਼ਾਂਤੀ ਨਾਲ ਲੰਘ ਗਿਆ। ਸ਼ਾਮ ਨੂੰ ਇੱਕ ਮੀਟਿੰਗ ਬੁਲਾਈ ਗਈ, ਜਿਸ ਵਿੱਚ ਅੰਗਰੇਜ਼ ਅਫ਼ਸਰ ਮਿਸਟਰ ਸਮਿਥ ਤੇ ਹੋਰ ਅਫ਼ਸਰਾਂ ਨੇ ਸਲਾਹ ਦਿੱਤੀ ਕਿ ਲੋਕਾਂ ’ਚ ਡਰ ਪੈਦਾ ਕਰਨ ਲਈ ਅੰਮ੍ਰਿਤਸਰ ਵਿੱਚ ਬੰਬ ਸੁੱਟੇ ਜਾਣ। ਪਰ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਜੀ.ਏ. ਵਾਦਨ ਨੇ ਚਿਤਾਵਨੀ ਦਿੱਤੀ ਕਿ ਅਜਿਹਾ ਕਰਨ ਬਾਰੇ ਕਦੇ ਵੀ ਨਾ ਸੋਚਿਆ ਜਾਵੇ। ਪ੍ਰਿੰ. ਵਾਦਨ ਸਿੱਖਾਂ ਦੇ ਇਤਿਹਾਸ ਤੇ ਮਾਨਸਿਕਤਾ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਸੀ। ਪਰ 13 ਅਪ੍ਰੈਲ, 1919 ਨੂੰ ਵਿਸਾਖੀ ਵਾਲੇ ਦਿਨ ਜਦੋਂ ਜਲ੍ਹਿਆਂਵਾਲਾ ਬਾਗ ’ਚ ਕਾਫ਼ੀ ਲੋਕ ਸਥਾਨਕ ਨੇਤਾਵਾਂ ਦੇ ਭਾਸ਼ਨ ਸੁਣ ਰਹੇ ਸਨ ਤਾਂ ਜਨਰਲ ਡਾਇਰ ਨੇ ਬਾਗ ਦੇ ਇਕੋ-ਇੱਕ ਤੰਗ ਰਸਤੇ ’ਤੇ ਗੋਰਖਾ ਮਿਲਟਰੀ ਦੇ ਜਵਾਨਾਂ ਤੋਂ ਉਸ ਜਲਸੇ ’ਤੇ ਸਿੱਧੀ ਗੋਲਬਾਰੀ ਕਰਾ ਦਿੱਤੀ, ਜਿਸ ਵਿੱਚ ਹਜ਼ਾਰ ਤੋਂ ਉੱਪਰ ਲੋਕ ਮਾਰੇ ਗਏ ਤੇ ਬਹੁਤ ਸਾਰੇ ਜ਼ਖ਼ਮੀ ਹੋ ਗਏ। ਸ਼ਹਿਰ ਵਿੱਚ ਕਰਫਿਊ ਲਾ ਦਿੱਤਾ ਗਿਆ।
ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਡੂੰਘੀ ਸੋਚ ਵਿਚਾਰ ਕੀਤੀ ਅਤੇ ਦੇਰ ਰਾਤ ਨੂੰ ਇੱਕ ਵਿਅਕਤੀ ਨਾਲ ਮੋਟਰਸਾਈਕਲ ’ਤੇ ਲਾਹੌਰ ਵੱਲ ਚੱਲ ਪਿਆ। ਉਸ ਨੇ ਰਾਤ 3 ਵਜੇ ਪੰਜਾਬ ਦੇ ਗਵਰਨਰ ਮਾਈਕਲ ਓਡਵਾਇਰ ਨੂੰ ਜਗਾ ਕੇ ਸਾਰੀ ਸਥਿਤੀ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਉਸ ਨੂੰ ਚਿਤਾਵਨੀ ਦਿੱਤੀ ਕਿ ਇਹ ਘਟਨਾ ਬਹੁਤ ਮਾੜੀ ਹੋਈ ਹੈ, ਜਿਸ ਨੂੰ ਰੋਕਣਾ ਚਾਹੀਦਾ ਸੀ। ਪਤਾ ਨਹੀਂ ਗਵਰਨਰ ਮਿਸਟਰ ਓਡਵਾਇਰ ’ਤੇ ਇਸ ਦਾ ਕੀ ਅਸਰ ਹੋਇਆ ਪਰ ਪ੍ਰਿੰਸੀਪਲ ਵਾਦਨ ਦਾ ਰਾਤ ਨੂੰ ਲਾਹੌਰ ਜਾਣਾ ਤੇ ਗਵਰਨਰ ਨੂੰ ਇਸ ਘਟਨਾ ਸੰਬੰਧੀ ਚਿਤਾਵਨੀ ਦੇਣਾ, ਉਨ੍ਹਾਂ ਸੂਝਵਾਨ ਲੋਕਾਂ ਦੀ ਸੋਚ ਦੀ ਤਰ੍ਹਾਂ ਸੀ, ਜਿਨ੍ਹਾਂ ਨੇ ਇਸ ਘਟਨਾ ਦੀ ਨਿੰਦਿਆ ਕੀਤੀ ਸੀ। ਇਸ ਘਟਨਾ ਨੂੰ ਸਾਰੀ ਦੁਨੀਆ ਨੇ ਨਿੰਦਿਆ। ਇੱਥੋਂ ਤੱਕ ਕਿ ਇੰਗਲੈਂਡ ਦੀ ਸੰਸਦ ਦੇ ਹੇਠਲੇ ਤੇ ਉੱਪਰਲੇ ਸਦਨ ਵਿੱਚ ਵੀ ਜ਼ਿਆਦਾ ਮੈਂਬਰਾਂ ਨੇ ਜਨਰਲ ਡਾਇਰ ਨੂੰ ਢੁਕਵੀਂ ਸਜ਼ਾ ਦੇਣ ਦੀ ਮੰਗ ਕੀਤੀ ਸੀ।

Loading