
ਚੰਡੀਗੜ੍ਹ, 11 ਨਵੰਬਰ:
ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਗਿੱਦੜਬਾਹਾ ਜ਼ਿਮਨੀ ਚੋਣ ’ਚ ਨੌਕਰੀਆਂ ਦਾ ਚੋਗਾ ਪਾਉਣ ਤੋਂ ਸਿਆਸੀ ਨਿਸ਼ਾਨੇ ’ਤੇ ਆ ਗਏ ਹਨ। ਕੀ ਇਹ ਚੋਣ ਜ਼ਾਬਤੇ ਦੀ ਉਲੰਘਣਾ ਹੈ, ਇਸ ਸਵਾਲ ਨੂੰ ਲੈ ਕੇ ਸਿਆਸੀ ਧਿਰਾਂ ਨੇ ਉਂਗਲ ਚੁੱਕੀ ਹੈ। ਚੋਣ ਕਮਿਸ਼ਨ ਵੀ ਮਨਪ੍ਰੀਤ ਬਾਦਲ ਦੇ ਨੌਕਰੀਆਂ ਲਈ ਹੋਕੇ ਤੋਂ ਹਰਕਤ ’ਚ ਆਇਆ ਹੈ। ਜ਼ਿਲ੍ਹਾ ਲੋਕ ਤੇ ਸੰਪਰਕ ਦਫ਼ਤਰ ਮੁਕਤਸਰ ਨੇ ਇਸ ਵੀਡੀਓ ਬਾਰੇ ਰਿਟਰਨਿੰਗ ਅਫ਼ਸਰ ਗਿੱਦੜਬਾਹਾ ਨੂੰ ਸੂਚਨਾ ਭੇਜ ਦਿੱਤੀ ਹੈ। ਰਿਟਰਨਿੰਗ ਅਫ਼ਸਰ ਤੇ ਐੱਸਡੀਐੱਮ ਗਿੱਦੜਬਾਹਾ ਜਸਪਾਲ ਸਿੰਘ ਦਾ ਕਹਿਣਾ ਸੀ ਕਿ ਡੀਪੀਆਰਓ ਦਫ਼ਤਰ ਤਰਫ਼ੋਂ ਇੱਕ ਵੀਡੀਓ ਪ੍ਰਾਪਤ ਹੋਈ ਹੈ ਜਿਸ ਦੀ ਜਾਂਚ ਜਾਰੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਨਪ੍ਰੀਤ ਬਾਦਲ ਦੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ’ਚ ਉਹ ਹਲਕਾ ਗਿੱਦੜਬਾਹਾ ਦੇ ਪਿੰਡ ਗੁਰੂਸਰ ਵਿੱਚ ਲੋਕਾਂ ਦੇ ਇੱਕ ਇਕੱਠ ’ਚ ਨੌਕਰੀਆਂ ਲਈ ਪੇਸ਼ਕਸ਼ ਕਰ ਰਹੇ ਹਨ। ਮਨਪ੍ਰੀਤ ਬਾਦਲ ਆਖ ਰਹੇ ਹਨ ਕਿ ਜਿਹੜੇ ਨੌਜਵਾਨ 18 ਤੋਂ 23 ਸਾਲ ਦੇ ਹਨ, ਉਹ ਉਨ੍ਹਾਂ ਨੂੰ ਬੀਐੱਸਐੱਫ, ਸੀਆਰਪੀਐੱਫ ਅਤੇ ਆਈਟੀਬੀਪੀ ਅਤੇ ਰੇਲਵੇ ’ਚ ਨੌਕਰੀ ਦਿਵਾਉਣਗੇ। ਮਨਪ੍ਰੀਤ ਬਾਦਲ ਪੀਆਰਟੀਸੀ ’ਚ ਕੰਡਕਟਰ ਲਵਾਉਣ ਦੀ ਪੇਸ਼ਕਸ਼ ਕਰਦੇ ਵੀ ਨਜ਼ਰ ਆ ਰਹੇ ਹਨ। ਉਹ ਆਖਦੇ ਹਨ ਕਿ ਜੋ ਪੀਆਰਟੀਸੀ ਦਾ ਐੱਮਡੀ ਹੈ, ਉਹ ਉਸ ਦੇ ਬਤੌਰ ਵਿੱਤ ਮੰਤਰੀ ਹੁੰਦਿਆਂ ਅਧੀਨ ਰਿਹਾ ਹੈ। ਰੇਲਵੇ ਮੰਤਰੀ ਦੇ ਤਾਂ ਹਲਕੇ ’ਚ ਹੋਣ ਦਾ ਹਵਾਲਾ ਦਿੰਦੇ ਹਨ।
ਦੂਜੇ ਪਾਸੇ ‘ਆਪ’ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਮਨਪ੍ਰੀਤ ਬਾਦਲ ਦੇ ਵਾਅਦਿਆਂ ਨੂੰ ਝੂਠਾ ਕਰਾਰ ਦਿੱਤਾ ਹੈ ਤੇ ਅਜਿਹੇ ਗੁੰਮਰਾਹਕੁਨ ਦਾਅਵੇ ਕਰ ਕੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ ਵੀ ਲਾਇਆ ਹੈ।
ਡਿੰਪੀ ਢਿੱਲੋਂ ਨੇ ਕਿਹਾ, “ਮਨਪ੍ਰੀਤ ਬਾਦਲ 16 ਸਾਲ ਗਿੱਦੜਬਾਹਾ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ, ਵਿੱਤ ਮੰਤਰੀ ਵੀ ਰਹੇ ਹਨ, ਪਰ ਫਿਰ ਵੀ ਨੌਜਵਾਨਾਂ ਨੂੰ ਨੌਕਰੀਆਂ ਦੇਣ ’ਚ ਨਾਕਾਮ ਰਹੇ ਹਨ।’ ਇਸ ਦੌਰਾਨ ਉਨ੍ਹਾਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਬੇਬੁਨਿਆਦ ਵਾਅਦੇ ਕਰਨ ਵਾਲੇ ਬਾਦਲ ਖ਼ਿਲਾਫ਼ ਤੁਰੰਤ ਕਾਰਵਾਈ ਕਰੇ। ‘ਆਪ’ ਦੇ ਬੁਲਾਰੇ ਨੀਲ ਗਰਗ ਨੇ ਮਨਪ੍ਰੀਤ ਬਾਦਲ ਨੂੰ ਆਪਣੇ ਕਾਰਜਕਾਲ ਦੌਰਾਨ ਨੌਜਵਾਨਾਂ ਨੂੰ ਦਿੱਤੀਆਂ ਨੌਕਰੀਆਂ ਦੀ ਸੂਚੀ ਦੇਣ ਦੀ ਚੁਣੌਤੀ ਦਿੱਤੀ ਹੈ। ਉਹ ਉਨ੍ਹਾਂ ਨੌਜਵਾਨਾਂ ਦੀ ਸੂਚੀ ਜਾਰੀ ਕਰਨ ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਨੌਕਰੀ ਦਿੱਤੀ ਹੈ।