ਜ਼ਿੰਦਗੀ ਨੂੰ ਅੱਜ ਵਿੱਚ ਜੀਓ

In ਮੁੱਖ ਲੇਖ
December 01, 2025

ਡਾ. ਗੁਰਬਖਸ਼ ਸਿੰਘ ਭੰਡਾਲ

ਮਿੱਤਰ ਦਾ ਫ਼ੋਨ ਆਉਂਦਾ ਹੈ। ਬੜੀ ਲੰਮੀ ਚੌੜੀ ਗੱਲਬਾਤ ਹੁੰਦੀ ਹੈ। ਪਰ ਇਸ ਗੱਲਬਾਤ ਵਿੱਚ ਉਹ ਆਪਣਾ ਸਵੇਰ ਤੋਂ ਸੌਣ ਤੱਕ ਦੀ ਸਮਾਂ-ਸੂਚੀ ਦੱਸਦਾ ਹੈ ਅਤੇ ਕਹਿੰਦਾ ਹੈ ਕਿ ਉਹ ਸਾਰੇ ਦਿਨ ਦੀ ਨੱਸ ਭੱਜ ਕਾਰਨ ਬਹੁਤ ਥੱਕ ਜਾਂਦਾ ਹੈ। ਉਮਰ ਦੇ ਤੀਸਰੇ ਪਹਿਰ ਵਿੱਚ ਉਸ ਦੇ ਰੁਝੇਵਿਆਂ ਦਾ ਲੇਖਾ-ਜੋਖਾ ਕਰਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਉਹ ਸਾਰਾ ਦਿਨ ਦੁਨਿਆਵੀ/ਪਰਿਵਾਰਕ ਝਮੇਲਿਆਂ ਵਿਚ ਹੀ ਰੁੱਝਿਆ ਰਹਿੰਦਾ ਹੈ। ਇਸ ਸਾਰੀ ਗੱਲਬਾਤ ਵਿੱਚ ਉਸ ਦਾ ਖ਼ੁਦ ਦਾ ਜ਼ਿਕਰ ਤਾਂ ਕਿਧਰੇ ਵੀ ਨਹੀਂ। ਸੋਚਦਾ ਹਾਂ ਉਹ ਸਾਰੀ ਗੱਲਬਾਤ ਵਿਚੋਂ ਖੁਦ ਕਿਉਂ ਗ਼ਾਇਬ ਹੈ? ਕੀ ਉਸ ਨੇ ਕਦੇ ਆਪਣੇ ਲਈ ਵੀ ਸਮਾਂ ਕੱਢਿਆ ਹੈ? ਕੀ ਉਸ ਨੂੰ ਪਤਾ ਹੈ ਕਿ ਉਮਰ ਤਾਂ ਬੀਤਦੀ ਜਾ ਰਹੀ ਹੈ? ਕੀ ਉਸ ਨੂੰ ਕਿਆਸ ਹੈ ਕਿ ਜੇਕਰ ਇਸੇ ਤਰ੍ਹਾਂ ਹੀ ਉਹ ਜੀਵਨ ਬਤੀਤ ਕਰਦਾ ਰਿਹਾ ਤਾਂ ਉਹ ਆਪਣੇ ਆਪ ਲਈ ਸਮਾਂ ਕੱਢੇਗਾ ਵੀ ਕਿ ਨਹੀਂ? ਕੀ ਉਹ ਖੁਦ ਨੂੰ ਮਿਲਣ ਤੋਂ ਬਗੈਰ ਹੀ ਇਸ ਜਹਾਨ ਤੋਂ ਤੁਰ ਜਾਵੇਗਾ? ਕੀ ਉਸ ਨੇ ਆਪਣੀਆਂ ਤਰਜੀਹਾਂ ਨੂੰ ਆਪਣੇ ਸ਼ੀਸ਼ੇ ਰਾਹੀਂ ਦੇਖਿਆ ਹੈ? ਕੀ ਉਸ ਦੀਆਂ ਤਮੰਨਾਵਾਂ ਅਤੇ ਭਾਵਨਾਵਾਂ ਨੂੰ ਉਹ ਉਡਾਣ ਮਿਲੀ ਹੈ ਜਿਹੜੀ ਉਸ ਨੇ ਕਦੇ ਚੜ੍ਹਦੀ ਉਮਰੇ ਸੋਚੀ ਸੀ? ਉਹ ਤਾਂ ਅਕਸਰ ਹੀ ਕਹਿੰਦਾ ਹੁੰਦਾ ਸੀ ਕਿ ਆਹ ਕੰਮ ਕਰ ਲਵਾਂ, ਬੱਚਿਆਂ ਨੂੰ ਸੈੱਟ ਕਰ ਲਵਾਂ, ਘਰ ਬਣਾ ਲਵਾਂ, ਆਦਿ ਅਤੇ ਫਿਰ ਮੈਂ ਆਪਣੀ ਜ਼ਿੰਦਗੀ ਨੂੰ ਆਪਣੇ ਰੰਗ ਵਿਚ ਜਿਊਣਾ ਹੈ। ਮੈਂ ਅਤੇ ਮੇਰਾ ਵਕਤ ਹੋਵੇਗਾ। ਮੈਂ ਵਕਤ ਨੂੰ ਆਪਣੇ ਮਨੋਭਾਵਾਂ ਅਤੇ ਰੁਚੀਆਂ ਅਨੁਸਾਰ ਜੀਵਾਂਗਾ। ਆਪਣੇ ਖ਼ਾਬਾਂ ਅਤੇ ਖਿਆਲਾਂ ਦੀ ਦੁਨੀਆ ਵਿਚ ਵਿਚਰਦਿਆਂ ਆਪਣੀ ਜ਼ਿੰਦਗੀ ਨੂੰ ਆਪਣੇ ਤੌਰ-ਤਰੀਕਿਆਂ ਨਾਲ ਪੂਰੇ ਕਰਾਂਗਾ। ਹੁਣ ਮੈਂ ਸੋਚਦਾ ਹਾਂ ਕਿ ਇਹ ਸਿਰਫ਼ ਉਸ ਦੇ ਹੀ ਨਹੀਂ ਸਾਡੇ ਸਾਰਿਆਂ ਦੇ ਅਧੂਰੇ ਸੁਪਨਿਆਂ ਦੀ ਗਾਥਾ ਹੈ। ਜਿਸ ਤਰ੍ਹਾਂ ਉਹ ਆਪਣੇ ਦਿਨ ਦੇ ਰੁਝੇਵਿਆਂ ਦਾ ਵਿਸਥਾਰ ਦੱਸ ਰਿਹਾ ਸੀ, ਲਗਦਾ ਨਹੀਂ ਕਿ ਕਦੇ ਉਹ ਆਪਣੇ ਲਈ ਵੀ ਵਕਤ ਕੱਢ ਸਕੇਗਾ?
ਸਾਡੀ ਪੀੜ੍ਹੀ ਅਖੀਰਲੀ ਪੀੜ੍ਹੀ ਹੋਵੇਗੀ ਜਿਸਦੀ ਇਹ ਤਰਾਸਦੀ ਹੈ ਕਿ ਅਸੀਂ ਆਪਣਾ ਬਚਪਨਾ ਆਪਣੇ ਮਾਪਿਆਂ ਦੀਆਂ ਇੱਛਾਵਾਂ ਅਨੁਸਾਰ ਜੀਵਿਆ ਕਿਉਂਕਿ ਸਾਡੀ ਕਿਸੇ ਵੀ ਚਾਹਨਾ ਦਾ ਕੋਈ ਅਰਥ ਨਹੀਂ ਸੀ ਹੁੰਦਾ। ਮਾਪਿਆਂ ਦਾ ਫੈਸਲਾ ਅਟੱਲ ਹੁੰਦਾ ਸੀ। ਭਾਵੇਂ ਇਹ ਪੜ੍ਹਾਈ ਹੋਵੇ, ਵਿਆਹ ਕਰਵਾਉਣਾ ਜਾਂ ਘਰ ਦਾ ਕੋਈ ਕਾਰਜ ਕਰਨਾ ਹੋਵੇ। ਸਿਰਫ਼ ਮਾਪਿਆਂ ਦੇ ਹੁਕਮ ਦੀ ਪਾਲਣਾ ਸੀ ਸਾਡਾ ਧਰਮ। ਅਵੱਗਿਆ ਦਾ ਤਾਂ ਕਿਆਸ ਵੀ ਨਹੀਂ ਸੀ ਕੀਤਾ ਜਾ ਸਕਦਾ। ਕਈ ਵਾਰ ਸਾਨੂੰ ਆਪਣੇ ਸੁਪਨਿਆਂ ਦੇ ਪਰ ਖ਼ੁਦ ਹੀ ਕੱਟਣੇ ਪਏ ਅਤੇ ਟੁੱਟੇ ਖੰਭਾਂ ਦੀ ਪ੍ਰਵਾਜ਼ ਅੰਬਰਾਂ ਨੂੰ ਤਾਂ ਕਦੇ ਵੀ ਹੱਥ ਨਹੀਂ ਲਾ ਸਕਦੀ। ਮਾਪਿਆਂ ਦੇ ਸਾਧਨ ਵੀ ਸੀਮਤ ਸਨ ਅਤੇ ਉਹ ਸਾਡੀਆਂ ਬਹੁਤ ਸਾਰੀਆਂ ਮੰਗਾਂ ਪੂਰੀਆਂ ਕਰਨ ਦੇ ਅਸਮਰੱਥ ਸਨ। ਅਸੀਂ ਸਦਾ ਆਗਿਆਕਾਰੀ ਔਲਾਦ ਬਣੇ ਰਹੇ। ਮਾਪਿਆਂ ਵੱਲੋਂ ਇਹ ਅਚੇਤ ਰੂਪ ਵਿੱਚ ਮਿਲੀ ਗੁੜ੍ਹਤੀ ਅਤੇ ਜੀਵਨ ਜਾਚ ਹੈ ਕਿ ਅਸੀਂ ਉਮਰ ਦਾ ਦੂਸਰਾ ਪੜਾਅ ਪਰਿਵਾਰਕ ਜੀਵਨ ਦੀ ਸਥਾਪਤੀ ਅਤੇ ਆਪਣੇ ਲਈ ਆਪਣਾ ਅੰਬਰ ਅਤੇ ਪੈਰਾਂ ਹੇਠਲੀ ਧਰਤ ਭਾਲਣ ਵਿੱਚ ਲਾਈ ਤਾਂ ਕਿ ਸਾਡੀ ਔਲਾਦ ਜੀਵਨ ਮਾਰਗ ’ਤੇ ਚਲਦਿਆਂ ਉਨ੍ਹਾਂ ਤੰਗੀਆਂ-ਤੁਰਸ਼ੀਆਂ ਥੀਂ ਨਾ ਗੁਜ਼ਰੇ ਜਿਨ੍ਹਾਂ ਵਿਚੀਂ ਲੰਘਦਿਆਂ ਅਸੀਂ ਆਪਣੇ ਰਾਹਾਂ ਦੀ ਨਿਸ਼ਾਨਦੇਹੀ ਕੀਤੀ ਸੀ।
ਫਿਰ ਅਸੀਂ ਆਪਣੇ ਬੱਚਿਆਂ ਦੇ ਮੋਹ ਵਿਚ ਅਜਿਹੇ ਬੱਝ ਗਏ ਕਿ ਉਨ੍ਹਾਂ ਦੀ ਪਰਵਰਿਸ਼ ਵਿਚੋਂ ਆਪਣਾ ਬਚਪਨ ਦੇਖਣ ਲੱਗ ਪਏ। ਇਸ ਤੋਂ ਬਾਅਦ ਆਪਣੇ ਬੱਚਿਆਂ ਦੇ ਬੱਚਿਆਂ ਵਿਚੋਂ ਆਪਣੇ ਬੱਚਿਆਂ ਦੇ ਬਚਪਨ ਦੀਆਂ ਭੋਲੀਆਂ-ਭਾਲੀਆਂ ਹਰਕਤਾਂ ਅਤੇ ਮਾਸੂਮੀਅਤ ਮਾਣਦਿਆਂ ਆਪਣੇ ਜੀਵਨ ਨੂੰ ਸਾਰਥਿਕ ਕਰਨ ਲੱਗੇ ਕਿਉਂਕਿ ਆਪਣੇ ਬੱਚਿਆਂ ਦੇ ਬਚਪਨੇ ਨੂੰ ਵਾਚਣ ਦਾ ਮੌਕਾ ਹੀ ਨਹੀਂ ਸੀ। ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨੇ ਹੀ ਸਾਹ ਨਾ ਲੈਣ ਦਿੱਤਾ। ਆਪਣੀ ਅਗਲੀ ਪੀੜ੍ਹੀ ਨਾਲ ਮੋਹ ਦੇ ਰਿਸ਼ਤੇ ਦਾ ਬਾਖੂਬੀ ਨਿੱਘ ਮਾਣ ਰਹੇ ਹਾਂ ਅਤੇ ਇਨ੍ਹਾਂ ਸੁਖਨਵਰ ਪਲਾਂ ਨੂੰ ਆਪਣੇ ਜੀਵਨ ਦਾ ਸੁਨਹਿਰੀ ਯੁਗ ਮੰਨਦੇ ਹਾਂ। ਪਰ ਕਦੇ ਕਦੇ ਮਨ ਵਿੱਚ ਇਹ ਕਸਕ ਜ਼ਰੂਰ ਉੱਠਦੀ ਹੈ ਕਿ ਉਮਰ ਤਾਂ ਬੀਤ ਹੀ ਚੱਲੀ ਆ, ਆਪਣੇ ਲਈ ਤਾਂ ਸਮਾਂ ਮਿਲਿਆ ਹੀ ਨਹੀਂ?
ਸਮਾਂ ਬਹੁਤ ਤੇਜ਼ੀ ਨਾਲ ਬਦਲ ਰਿਹਾ ਅਤੇ ਬਦਲ ਰਹੇ ਨੇ ਲੋਕਾਂ ਦੇ ਸੁਹਜ-ਸਵਾਦ ਅਤੇ ਤਰਜੀਹਾਂ। ਅਜੋਕੇ ਜੀਵਨ ਵਿੱਚ ਨਿੱਜਵਾਦ ਭਾਰੂ ਹੈ। ਹਰ ਕੋਈ ਆਪਣੇ ਤੱਕ ਹੀ ਸੀਮਤ ਹੈ। ਉਹ ਆਪਣੀਆਂ ਸੁੱਖ-ਸੁਵਿਧਾਵਾਂ ਮਾਣਦਾ, ਆਪਣੇ ਹੀ ਤਰੀਕੇ ਨਾਲ ਜ਼ਿੰਦਗੀ ਜਿਊਣ ਲਈ ਬਜ਼ਿੱਦ। ਕਈ ਵਾਰ ਤਾਂ ਇੰਝ ਲਗਦਾ ਕਿ ਜ਼ਿਆਦਾਤਰ ਅੱਜਕਲ੍ਹ ਦੇ ਮਾਪੇ ਆਪਣੀ ਔਲਾਦ ਲਈ ਉਨੇ ਫ਼ਿਕਰਮੰਦ ਨਹੀਂ ਜਿੰਨੇ ਸਾਡੇ ਸਮਿਆਂ ਵਿੱਚ ਹੁੰਦੇ ਸਨ। ਉਨ੍ਹਾਂ ਨੇ ਆਪਣੇ ਸ਼ੌਕ ਪੂਰੇ ਕਰਨ ਤੱਕ ਹੀ ਖੁਦ ਨੂੰ ਸੀਮਤ ਕਰ ਲਿਆ ਹੈ।
ਸਾਡੇ ਸਮਿਆਂ ਵਿੱਚ ਮਾਪੇ ਨਿੱਕੀ ਨਿੱਕੀ ਕੁਤਾਹੀ ਤੇ ਟੋਕਦੇ, ਜੀਵਨੀ ਕਦਰਾਂ ਕੀਮਤਾਂ ਅਤੇ ਸੁਹਜਮਈ ਤੌਰ ਤਰੀਕਿਆਂ ਰਾਹੀਂ ਸਾਡੇ ਸ਼ਖ਼ਸੀ ਵਿਕਾਸ ਪ੍ਰਤੀ ਸੁਚੇਤ ਹੁੰਦੇ ਸਨ। ਅਜੋਕੇ ਸਮੇਂ ਵਿੱਚ ਜਦ ਕਈ ਵਾਰ ਕਿਸੇ ਸਮਾਜਿਕ ਇਕੱਠ ਵਿਚ ਕੁਝ ਬੱਚਿਆਂ ਨੂੰ ਖਾਣਾ ਖਾਣ ਵੇਲੇ ਜਾਂ ਸਮਾਗਮ ਵਿੱਚ ਵਿਚਰਦਿਆਂ ਦੇਖਦਾ ਹਾਂ ਤਾਂ ਇੰਝ ਲਗਦਾ ਹੈ ਕਿ ਮਾਪਿਆਂ ਨੇ ਬੱਚਿਆਂ ਨੂੰ ਜੀਵਨ ਦੀਆਂ ਕਦਰਾਂ ਕੀਮਤਾਂ ਅਪਣਾਉਣ ਅਤੇ ਦਿਲਕਸ਼ ਸ਼ਖ਼ਸੀਅਤ ਬਣਾਉਣ ਵੱਲ ਤਾਂ ਕਦੇ ਧਿਆਨ ਦਿੱਤਾ ਹੀ ਨਹੀਂ। ਸਿਰਫ਼ ਉਹ ਤਾਂ ਖੁਦ ਤੱਕ ਹੀ ਸੀਮਤ ਰਹੇ।
ਔਲਾਦ ਦਾ ਖੁਦ ਤੱਕ ਹੀ ਸੁੰਗੜ ਜਾਣ ਦਾ ਸੱਭ ਤੋਂ ਵੱਡਾ ਸਬੂਤ ਹੈ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਸੀਨੀਅਰ ਸਿਟੀਜ਼ਨ ਹੋਮਾਂ ਵਿਚ ਵਾੜ ਦਿੱਤਾ ਅਤੇ ਉਨ੍ਹਾਂ ਦੀ ਪ੍ਰਵਾਹ ਕਰਨੀ ਹੀ ਛੱਡ ਦਿੱਤੀ ਹੈ। ਭਲਾ! ਉਨ੍ਹਾਂ ਬਜ਼ੁਰਗਾਂ ਦੇ ਪੱਲੇ ਕੀ ਪਿਆ ਜਿਨ੍ਹਾਂ ਨੇ ਸਾਰੀ ਉਮਰ ਆਪਣੀ ਔਲਾਦ ਦੇ ਲੇਖੇ ਲਾਈ ਪਰ ਆਖ਼ਰੀ ਉਮਰੇ ਬਜ਼ੁਰਗ-ਆਸ਼ਰਮ ਵਿਚ ਹੀ ਪਨਾਹ ਮਿਲੀ। ਉਹ ਸੋਚਦੇ ਤਾਂ ਜ਼ਰੂਰ ਹੋਣਗੇ ਕਿ;
ਜਿਸ ਘਰ ਲਈ ਅਸੀਂ ਸਾਰੀ ਉਮਰ ਗਾਲ਼ੀ, ਉਹ ਘਰ ਕਿਧਰ ਗਿਆ?
ਬਹੁਤੇ ਕਮਰਿਆਂ ਵਾਲੇ ਘਰ ’ਚ ਸਾਡੇ ਲਈ ਇੱਕ ਕਮਰਾ ਵੀ ਨਾ ਰਿਹਾ।
ਬੁੱਢੀ ਉਮਰੇ ਸਾਡੀ ਡੰਗੋਰੀ ਦਾ ਤਿੜਕ ਜਾਣਾ, ਸਾਹੀਂ ਸੋਗ ਧਰ ਗਿਆ।
ਚੰਗਾ ਭਲਾ ਵਸਦਿਆਂ ਦੇ ਹੱਡਾਂ ’ਚ ਕੁੱਖੋਂ ਜਾਇਆਂ ਦਾ ਨਾਸੂਰ ਰਿਸ ਰਿਹਾ ਹੈ।
ਦੁਹਾਈ ਲੋਕੋ! ਕੇਹਾ ਵਕਤ ਕਿ ਆਪਣੀ ਅਰਥੀ ਨੂੰ ਖ਼ੁਦ ਮੋਢਾ ਦੇਣਾ ਪਿਆ।
ਸੀਨੀਅਰ ਹੋਮ ਵਿੱਚ ਬੈਠਾ ਬਜ਼ੁਰਗ ਜ਼ਰੂਰ ਹਿਸਾਬ ਲਾਉਾਂਦਾਹੋਵੇਗਾ ਕਿ ਮੈਂ ਕੀ ਖੱਟਿਆ ਅਤੇ ਕੀ ਕਮਾਇਆ? ਰਹਿ ਗਿਆ ਮੈਂ ਖਾਲੀ ਹੱਥ, ਆਪਣੇ ਘਰ ’ਚ ਹੋਇਆ ਪਰਾਇਆ। ਜੇ ਮੇਰੇ ਨਾਲ ਇਹ ਹੀ ਹੋਣੀ ਸੀ ਤਾਂ ਮੈਂ ਆਪੇ ਨਾਲ ਸਮਾਂ ਕਿਉਂ ਨਾ ਬਿਤਾਇਆ? ਆਪਣੀਆਂ ਰੀਝਾਂ ਨੂੰ ਮਨ ਵਿੱਚ ਕਿਉਂ ਦਫ਼ਨਾਇਆ। ਕਿਉਂ ਮੈਂ ਆਪਣੇ ਹਿੱਸੇ ਦਾ ਵਕਤ ਗਵਾਇਆ? ਕਿਉਂਂ ਮੈਂ ਉਸ ਔਲਾਦ ਲਈ ਖਪ ਖਪ ਮਰਦਾ ਰਿਹਾ ਜਿਹੜੀ ਆਖ਼ਰੀ ਵਕਤ ਮੇਰੇ ਸਾਹਾਂ ਨੂੰ ਸੂਲੀ ’ਤੇ ਟੰਗ ਕੇ ਤੁਰ ਗਈ? ਅਜਿਹੀ ਤਰਾਸਦੀ ਮੇਰੇ ਹੀ ਹਿੱਸੇ ਕਿਉਂ ਆਈ ? ਮੇਰੀ ਔਲਾਦ ਇੰਨੀ ਭਾਵਹੀਣ ਅਤੇ ਨਿਰਮੋਹੀ ਕਿਉਂ ਹੋ ਗਈ? ਕੀ ਉਸ ਦੀਆਂ ਮੋਹ ਦੀਆਂ ਤੰਦਾਂ ਸਿਰਫ਼ ਆਪਣੇ ਹਿੱਤਾਂ ਦੀ ਪੂਰਤੀ ਤੱਕ ਹੀ ਸੀਮਤ ਸਨ। ਮੈਂ ਤਾਂ ਦੋ ਡੰਗ ਦੀ ਰੋਟੀ ਦਾ ਪ੍ਰਾਹੁਣਾ ਸਾਂ। ਪਤਾ ਨਹੀਂ ਕਦੋਂ ਸਦਾ ਲਈ ਜਾਣ ਦਾ ਸੱਦਾ ਆ ਜਾਣਾ ਅਤੇ ਘਰ ਨੂੰ ਵਿਹਲਾ ਕਰ ਜਾਣਾ? ਇਹ ਕੇਹੀ ਕਾਹਲ ਔਲਾਦ ਦੇ ਮਨ ਵਿਚ ਵਸੀ ਕਿ ਮਰਨ ਦਾ ਇੰਤਜ਼ਾਰ ਵੀ ਨਾ ਕਰ ਸਕੇ। ਸਗੋਂ ਉਹ ਮੇਰੇ ਜਿਊਂਦੇ ਜੀਅ ਹੀ ਸਭ ਕੁਝ ਹੜੱਪਣ ਲਈ ਕਾਹਲੇ? ਬਹੁਤ ਸਾਰੇ ਵਿਚਾਰ ਅਤੇ ਪ੍ਰਸ਼ਨ ਇਕੱਲ ਭੋਗਦੇ ਵਿਅਕਤੀ ਨੂੰ ਘੇਰ ਲੈਂਦੇ ਹਨ। ਇਨ੍ਹਾਂ ਘੁੰਮਣਘੇਰੀਆਂ ਵਿੱਚ ਉਹ ਆਪਣੇ ਸਾਹਾਂ ਦਾ ਹਿਸਾਬ ਖ਼ਤਮ ਕਰ, ਆਪਣਾ ਬਿਸਤਰ ਵਲ੍ਹੇਟ ਲੈਂਦਾ। ਫਿਰ ਕਿਸੇ ਨੂੰ ਯਾਦ ਹੀ ਨਹੀਂ ਰਹਿੰਦਾ ਕਿ ਕੋਈ ਹੁੰਦਾ ਸੀ ਮਾਂ ਵਰਗਾ ਬਾਪ ਜਾਂ ਬਾਪ ਵਰਗੀ ਮਾਂ ਜੋ ਸਾਡੀਆਂ ਲੋੜਾਂ ਅਤੇ ਥੋੜਾਂ ਨੂੰ ਸਾਡੇ ਤੋਂ ਪਹਿਲਾਂ ਜਾਣ ਲੈਂਦਾ/ਲੈਂਦੀ। ਉਸ ਦਾ ਖਾਲੀ ਬੋਝਾ ਵੀ ਸਾਡੇ ਲਈ ਹਮੇਸ਼ਾ ਭਰਿਆ ਹੁੰਦਾ ਸੀ।
ਇਸ ਤੋਂ ਪਹਿਲਾਂ ਕਿ ਅਸੀਂ ਤੁਰਨੋਂ ਫਿਰਨੋਂ ਆਰੀ ਹੋ ਜਾਈਏ, ਸਾਡਾ ਖਾਣਾ ਪੀਣਾ ਵੀ ਸੀਮਤ ਹੋ ਜਾਵੇ, ਸਾਡੇ ਸ਼ੌਕ ਸਿਊਂਕੇ ਜਾਣ ਜਾਂ ਸਾਡੇ ਸੁਪਨਿਆਂ ਦਾ ਸੰਦਲੀ ਰੰਗ ਧੁੰਦਲਕੇ ਦਾ ਸ਼ਿਕਾਰ ਹੋ ਜਾਵੇ, ਕੁਝ ਸਮਾਂ ਤਾਂ ਆਪਣੇ ਲਈ ਕੱਢ ਲਿਆ ਕਰੀਏ। ਆਪਣੇ ਅੰਤਰੀਵੀ ਨਾਦ ਨੂੰ ਸੁਣੀਏ। ਅੰਦਰ ਸੁੱਤੀਆਂ ਕਲਾਵਾਂ ਨੂੰ ਜਗਾਈਏ। ਅਚੇਤ ਵਿਚ ਬੈਠੀਆਂ ਸੱਧਰਾਂ ਨੂੰ ਪੂਰਾ ਕਰਨ ਦਾ ਅਹਿਦ ਕਰੀਏ। ਕੁਝ ਅਣਗਾਹੇ ਥਾਵਾਂ ਅਤੇ ਗਰਾਵਾਂ ਨੂੰ ਮਿਲ ਕੇ ਆਪਣੀ ਸੋਚ-ਸੰਵੇਦਨਾ ਨੂੰ ਵਿਸਥਾਰੀਏ। ਆਪਣੇ ਮਨ ਵਿੱਚ ਸੁੰਗੜ ਗਈ ਸੂਖ਼ਮਤਾ ਨੂੰ ਫੈਲਾਈਏ। ਆਪਣੇ ਸਹਿਜਤਾ ਅਤੇ ਸੁਹਜਤਾ ਵਿਚੋਂ ਸੁਖਨ ਦਾ ਜਾਗ ਆਪਣੇ ਜੀਵਨ ਦੇ ਨਾਮ ਲਾਈਏ ਤਾਂ ਕਿ ਸਾਨੂੰ ਇਹ ਗ਼ਿਲਾ ਨਾ ਹੋਵੇ ਕਿ ਅਸੀਂ ਸਾਰੀ ਉਮਰ ਬੇਅਰਥੀ ਹੀ ਵਿਹਾਜ ਲਈ। ਅਸੀਂ ਆਪਣੇ ਲਈ ਤਾਂ ਵਕਤ ਕੱਢਿਆ ਹੀ ਨਹੀਂ। ਕਿਉਂ ਨਾ ਇਸਦੀ ਸ਼ੁਰੂਆਤ ਅੱਜ ਤੋਂ ਹੀ ਕਰੀਏ।
ਤਿਲਕਦਾ ਜਾ ਰਿਹਾ ਵਕਤ ਸਾਡੀ ਤਲੀ ’ਤੇ ਇਕ ਪ੍ਰਸ਼ਨ ਖੁਣ ਰਿਹਾ ਹੈ ਕਿ ਮੈਂ ਤਾਂ ਅਰੋਕ ਹਾਂ ਪਰ ਹੱਥੋਂ ਨਿਕਲ ਰਹੇ ਵਕਤ ਨੂੰ ਐ ਬੰਦੇ! ਕਿਵੇਂ ਵਰਤਣਾ, ਇਹ ਤਾਂ ਤੂੰ ਸੋਚਣਾ ਕਿ ਇਹ ਸਮਾਂ ਤੇਰਾ ਹੈ ਜਾਂ ਤੂੰ ਇਸਨੂੰ ਕਿਸੇ ਅਕ੍ਰਿਤਘਣ ਦੇ ਲੇਖੇ ਲਾਉਣਾ? ਐ ਬੰਦੇ! ਆ ਆਪਾਂ ਦੋਵੇਂ ਇਕਸਾਰ ਹੋਈਏ। ਇਕ ਦੂਜੇ ਵਿਚ ਘੁਲ਼-ਮਿਲ਼ ਜਾਈਏ। ਆਉਣ ਵਾਲੇ ਵਕਤ ਨੂੰ ਆਪਣੀ ਤਾਸੀਰ ਅਤੇ ਤਰਜੀਹ ਅਨੁਸਾਰ ਮਾਣ। ਇਸ ਰੰਗਲੀ ਦੁਨੀਆ ਤੋਂ ਤਾਂ ’ਕੇਰਾਂ ਸਭ ਨੇ ਹੀ ਤੁਰ ਜਾਣਾ। ਮਨ ਵਿਚ ਸੰਤੁਸ਼ਟੀ ਰੱਖ ਕੇ ਅਤੇ ਬਿਨਾਂ ਕਿਸੇ ਗਿਲ਼ੇ ਜਾਂ ਸ਼ਿਕਵੇ ਤੋਂ, ਹੱਸ ਕੇ ਆਪਣਾ ਆਖਰੀ ਕਦਮ ਧਰਨ ਵਾਲੇ ਜੀਵਨ ਦੇ ਸ਼ਾਹ-ਅਸਵਾਰ ਬਣਨਾ ਹੈ ਜਾਂ ਮਨ ਵਿਚ ਅਣਮਾਣੀਆਂ, ਅਧੂਰੀਆਂ ਤੇ ਅਪੂਰਨ ਆਸਾਂ ਦੀ ਧੂਣੀ ਬਾਲ ਕੇ ਖੁਦ ਨੂੰ ਰਾਖ਼ ਕਰਦਿਆਂ ਸਿਵੇ ਦੀ ਰਾਖ ਬਣਨਾ, ਇਹ ਤਾਂ ਬੰਦੇ ਤੈਨੂੰ ਹੀ ਸੋਚਣਾ ਪੈਣਾ।
ਮੇਰਾ ਕਾਲਜ ਦਾ ਦੋਸਤ ਹੈ। ਪਿਛਲੇ 50 ਕੁ ਸਾਲਾਂ ਤੋਂ ਵੱਖਰੇ ਵੱਖਰੇ ਦੇਸ਼ਾਂ ਵਿੱਚ ਪ੍ਰਵਾਸ ਹੰਢਾਉਂਦਾ, ਅਜੇ ਤੱਕ ਵੀ ਗ਼ੈਰ-ਕਾਨੂੰਨੀ ਪਰਵਾਸੀ ਹੀ ਹੈ। ਦਿਨੇ ਰਾਤ ਮਿਹਨਤ ਕਰਦਾ, ਪਿੱਛੇ ਪਰਿਵਾਰ ਨੂੰ ਪੈਸੇ ਭੇਜਦਾ, ਇੱਕ ਮਸ਼ੀਨ ਬਣਿਆ ਹੋਇਆ ਹੈ। ਉਹ ਵਿਆਹਿਆ ਹੋਇਆ ਵੀ ਅਣਵਿਆਹਿਆ ਹੈ। ਘਰ ਵਾਲੀ ਉਸ ਨੂੰ ਉਡੀਕਦਿਆਂ ਚਾਂਦੀ ਰੰਗੇ ਵਾਲਾਂ ਵਿਚੋਂ ਹੁਣ ਵੀ ਆਪਣੇ ਸੁਹਾਗ ਦਾ ਰੰਗ ਦੇਖਦੀ ਹੈ। ਉਸ ਦੀਆਂ ਧੀਆਂ ਦੇ ਵਿਆਹ ਵੀ ਉਸ ਦੀ ਗ਼ੈਰ-ਹਾਜ਼ਰੀ ਵਿੱਚ ਹੋਏ। ਉਸ ਦੇ ਮਾਪੇ ਆਪਣੇ ਪੁੱੱਤ ਨੂੰ ਮਿਲਣ ਦੀ ਆਸ ਵਿੱਚ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ। ਕਈ ਵਾਰ ਮੈਂ ਸੋਚਦਾ ਹਾਂ ਕਿ ਉਸ ਦਾ ਸਾਰਾ ਜੀਵਨ ਕਿਸ ਲੇਖੇ ਲੱਗਿਆ? ਕੀ ਉਸ ਨੇ ਪਰਿਵਾਰਕ ਸੁਖ ਨੂੰ ਮਾਣਿਆ ਜਾਂ ਉਹ ਮਾਣਨਾ ਹੀ ਨਹੀਂ ਸੀ ਚਾਹੁੰਦਾ। ਆਪਣੀਆਂ ਧੀਆਂ ਦਾ ਬਚਪਨਾ ਅਤੇ ਉਨ੍ਹਾਂ ਦੇ ਚਾਵਾਂ ਦੀ ਪੂਰਤੀ ਦਾ ਅਹਿਸਾਸ ਉਹ ਕਿਹੜੇ ਮੁੱਲ ਖਰੀਦੇਗਾ? ਵਿਆਹੁਤਾ ਜੀਵਨ ਦੇ ਰਾਂਗਲੇ ਦਿਨਾਂ ਦੀ ਕਿਹੜੀ ਯਾਦ ਨੂੰ ਉਹ ਚੇਤੇ ਰੱਖੇਗਾ? ਆਪਣੇ ਮਾਪਿਆਂ ਨੂੰ ਅਗਨੀ ਨਾ ਦੇਣ ਦੀ ਪੀੜਾ ਉਸ ਨੂੰ ਕਿਵੇਂ ਪਲ ਪਲ ਕੋਂਹਦੀ ਹੋਵੇਗੀ? ਉਹ ਕਿਹੜੀ ਦੌੜ ਦੌੜਦਾ ਰਿਹਾ ਕਿ ਉਹ ਖੁਦ ਨੂੰ ਵੀ ਭੁੱਲ ਗਿਆ। ਉਸ ਦੀ ਇਸ ਭੁੱਲ ਕਾਰਨ ਉਸ ਦੀ ਘਰਵਾਲੀ, ਮਾਪੇ ਅਤੇ ਧੀਆਂ ਦੀ ਮਾਨਸਿਕਤਾ ਵਿੱਚ ਆਈਆਂ ਕੁੜੱਤਣਾਂ ਅਤੇ ਕਰੂਰਤਾ ਦਾ ਹਰਜ਼ਾਨਾ ਤਾਂ ਉਸ ਨੂੰ ਰਹਿੰਦੀ ਉਮਰ ਤੱਕ ਭਰਨਾ ਪਵੇਗਾ। ਫਿਰ ਇੱਕ ਹਿਰਸ ਲੈ ਕੇ ਉਹ ਇਸ ਜਹਾਨ ਤੋਂ ਤੁਰ ਜਾਵੇਗਾ ਕਿ ਕਾਸ਼! ਉਹ ਸਮੇਂ ਸਿਰ ਕੁਝ ਅਜਿਹਾ ਕਰਦਾ ਕਿ ਉਹ ਆਪਣੇ ਹਿੱਸੇ ਦਾ ਜੀਵਨ ਜਿਊਂਦਾ ਤਾਂ ਕਿ ਉਸ ਦੇ ਪਰਿਵਾਰਕ ਮੈਂਬਰ ਵੀ ਆਪਣੇ ਹਿੱਸੇ ਦੀ ਜ਼ਿੰਦਗੀ ਮਾਣਦੇ, ਆਪਣੇ ਵਕਤ ਨੂੰ ਆਪਣੇ ਰੰਗ ਵਿੱਚ ਰੰਗਦੇ। ਅਜੇਹੇ ਅਕਾਰਥ ਜੀਵਨ ਦਾ ਕੌਣ ਲੇਖਾ ਕਰੇਗਾ? ਉਸ ਦੇ ਜਾਣ ਤੋਂ ਬਾਅਦ ਉਹ ਆਪਣਿਆਂ ਦੇ ਚੇਤਿਆਂ ਵਿਚੋਂ ਸਿਵੇ ਦੀ ਰਾਖ ਵਾਂਗ ਉਡ ਜਾਵੇਗਾ। ਯਾਦ ਰਹੇ ਇਹ ਤਾਂ ਮਨੁੱਖ ਨੇ ਖੁਦ ਹੀ ਸੋਚਣਾ ਹੈ ਕਿ ਉਸ ਨੇ ਆਪਣੀ ਜੀਵਨ-ਸ਼ੈਲੀ ਨੂੰ ਕਿਸ ਤਰ੍ਹਾਂ ਦਾ ਬਣਾਉਣਾ ਹੈ ਤਾਂ ਕਿ ਉਹ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਾ,ਆਪਣੇ ਹਿੱਸੇ ਦਾ ਸਮਾਂ ਆਪਣੀ ਇੱਛਾ ਅਨੁਸਾਰ ਬਿਤਾਵੇ। ਉਸ ਨੂੰ ਕੋਈ ਸ਼ਿਕਵਾ ਨਾ ਹੋਵੇ ਕਿ ਉਹ ਆਪਣੇ ਆਪ ਨੂੰ ਤਾਂ ਮਿਲਿਆ ਹੀ ਨਹੀਂ।
ਜ਼ਿੰਦਗੀ ਨੂੰ ਅੱਜ ਵਿੱਚ ਜੀਓ। ਕੱਲ੍ਹ ਨੂੰ ਪਤਾ ਨਹੀਂ ਕੀ ਹੋਵੇ। ਤੁਸੀਂ ਰਹੋ ਜਾਂ ਨਾ ਰਹੋ। ਅੱਜ ਤਾਂ ਤੁਹਾਡੇ ਹੱਥ-ਵੱਸ ਹੈ। ਇਸ ਨੂੰ ਜੀਵਨ ਦੀ ਅਣਮੁੱਲੀ ਅਮਾਨਤ ਬਣਾਓ।

Loading