ਜ਼ਿੰਦਗੀ ਭਰ ਦੇ ਜ਼ਖ਼ਮ ਦੇ ਜਾਂਦੇ ਹਨ ਹਵਾਈ ਹਾਦਸੇ

In ਮੁੱਖ ਲੇਖ
June 21, 2025

ਦੁਰ ਦਾ ਸ਼ਬਦੀ ਅਰਥ ਹੈ ਬੁਰਾ/ਦੁੱਖ। ਜਿਸ ਸ਼ਬਦ ਦੇ ਸ਼ੁਰੂ ਵਿੱਚ ਦੁਰ ਜੁੜ ਜਾਵੇ ਉਹ ਦੁਖਦਾਈ ਹੋ ਨਿੱਬੜਦਾ ਹੈ। ਜਿਨ੍ਹਾਂ ਹੋਰ ਸ਼ਬਦਾਂ ਮੂਹਰੇ ਵੀ ਦੁਰ ਜੁੜਦਾ ਹੈ, ਉਹ ਰੂਹ ਨੂੰ ਖ਼ੁਸ਼ੀ ਨਹੀਂ, ਚੀਸ ਦਿੰਦੇ ਹਨ। ਅਹਿਮਦਾਬਾਦ ਵਿੱਚ 12 ਜੂਨ ਨੂੰ ਇੱਕ ਦੁਰਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਦੇਸ਼ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਜਹਾਜ਼ ਵਿੱਚ ਸਫ਼ਰ ਕਰ ਰਹੇ 241 ਮੁਸਾਫ਼ਰਾਂ ਸਣੇ 261 ਲੋਕ ਮਾਰੇ ਗਏ। ਇਸ ਹਾਦਸੇ ’ਚ ਸਿਰਫ਼ ਇੱਕ ਯਾਤਰੀ ਚਮਤਕਾਰੀ ਢੰਗ ਨਾਲ ਬਚ ਗਿਆ। ਦੋਨੋਂ ਪਾਇਲਟਾਂ ਸਮੇਤ ਕਰੂ ਦੇ ਦਸ ਮੈਂਬਰਾਂ ਦੀ ਵੀ ਜਾਨ ਚਲੀ ਗਈ ਹੈ। ਮੈਡੀਕਲ ਕਾਲਜ ਦੀ ਜਿਸ ਮੈੱਸ ਉੱਤੇ ਜਹਾਜ਼ ਡਿੱਗਿਆ ਹੈ ਉੱਥੇ ਵੀ ਮੌਤ ਨੇ ਕਈਆਂ ਨੂੰ ਸਬੂਤਿਆਂ ਨਿਗਲ ਲਿਆ ਹੈ ਜਿਨ੍ਹਾਂ ਵਿੱਚ ਪੰਜ ਡਾਕਟਰ ਹਨ ਤੇ 20 ਹੋਰ ਵੀ ਲਾਪਤਾ ਦੱਸੇ ਜਾਂਦੇ ਹਨ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਇੰਚਾਰਜ ਵਿਜੈ ਰੁਪਾਣੀ, ਜਿਹੜੇ ਇਸ ਬਦਕਿਸਮਤ ਜਹਾਜ਼ ਵਿੱਚ ਸਫ਼ਰ ਕਰ ਰਹੇ ਸਨ, ਉਹ ਵੀ ਨਹੀਂ ਬਚ ਸਕੇ। ਇੱਕੋ-ਇੱਕ ਬਚੇ ਯਾਤਰੀ ਦਾ ਨਾਂ ਲੰਡਨ ਵਾਸੀ ਵਿਸ਼ਵਾਸ ਕੁਮਾਰ ਹੈ। ਉਸ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਹੈ। ਏਅਰ ਇੰਡੀਆ ਮੁਤਾਬਕ ਜਹਾਜ਼ ਵਿੱਚ 168 ਭਾਰਤੀਆਂ ਤੋਂ ਇਲਾਵਾ 53 ਬਰਤਾਨਵੀ, ਸੱਤ ਪੁਰਤਗਾਲੀ ਅਤੇ ਇੱਕ ਕੈਨੇਡੀਅਨ ਸਵਾਰ ਸੀ। ਜਹਾਜ਼ ਉਡਾਰੀ ਭਰਨ ਤੋਂ ਕੁਝ ਮਿੰਟਾਂ ਦੇ ਅੰਦਰ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਕੈਪਟਨ ਸਭਰਵਾਲ ਜਿਸ ਕੋਲ 8200 ਘੰਟੇ ਜਹਾਜ਼ ਉਡਾਉਣ ਦਾ ਤਜਰਬਾ ਹੈ, ਉਹ ਰੇਡੀਓ ’ਤੇ ਸੰਕਟ ਬਾਰੇ ਪੀਡੀ ਬੋਲ ਕੇ ਜਾਣਕਾਰੀ ਦਿੰਦੇ ਰਹੇ। ਅਹਿਮਦਾਬਾਦ ਵਿਚਲੇ ਸਰਦਾਰ ਵੱਲਭ ਭਾਈ ਪਟੇਲ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਨ ਭਰਨ ਮਗਰੋਂ ਵਾਪਰੇ ਹਾਦਸੇ ਨੇ ਅਤੀਤ ਵਿੱਚ ਵਾਪਰੇ ਭਿਆਨਕ ਹਾਦਸਿਆਂ ਦੀ ਦੁਖਦਾਈ ਯਾਦ ਤਾਜ਼ਾ ਕਰਵਾ ਦਿੱਤੀ ਹੈ।
ਵੈਸੇ ਕਿਹਾ ਤਾਂ ਜਾਂਦਾ ਹੈ ਕਿ ਕੋਈ ਹੋਣੀ ਨੂੰ ਟਾਲ ਨਹੀਂ ਸਕਦਾ ਪਰ ਮਾਹਿਰਾਂ ਨੇ ਹਾਦਸੇ ਦੀ ਸੰਭਾਵਿਤ ਵਜ੍ਹਾ ਦੱਸਣੀ ਸ਼ੁਰੂ ਕਰ ਦਿੱਤੀ ਹੈ। ਏਵੀਏਸ਼ਨ ਮਾਹਿਰ ਜੇ. ਥਾਮਸ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਜਹਾਜ਼ ਨੇ ਰਨਵੇਅ ਤੋਂ ਲੋੜੀਂਦੀ ਪਾਵਰ ਤੋਂ ਬਿਨਾਂ ਹੀ ਉਡਾਨ ਭਰੀ ਲੱਗਦੀ ਹੈ। ਉਹ ਇਹ ਵੀ ਕਹਿੰਦੇ ਹਨ ਕਿ ਫਲੈਪ ਦੇ ਟੇਕ ਆਫ਼ ਸਮੇਂ 10 ਤੋਂ 20 ਡਿਗਰੀ ਦੇ ਕੋਣ ਹੋਣੇ ਚਾਹੀਦੇ ਹਨ, ਨਹੀਂ ਤਾਂ ਉਡਾਨ ਨਾਲ ਹਾਦਸਾ ਵਾਪਰਨ ਦੇ ਜ਼ਿਆਦਾ ਆਸਾਰ ਹੁੰਦੇ ਹਨ। ਇੱਕ ਹੋਰ ਏਵੀਏਸ਼ਨ ਮਾਹਿਰ ਦਾ ਕਹਿਣਾ ਹੈ ਕਿ ਅਹਿਮਦਾਬਾਦ ਹਾਦਸੇ ਵਿੱਚ ਇੰਝ ਲੱਗਦਾ ਹੈ ਕਿ ਟੇਕਅਪ ਦੇ ਤੁਰੰਤ ਬਾਅਦ ਦੋਨੋਂ ਇੰਜਨਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੋਵੇ। ਉਹ ਕਹਿੰਦੇ ਹਨ ਕਿ ਵੀਡੀਓ ਦੇਖਣ ਤੋਂ ਇਹ ਪਤਾ ਲੱਗਦਾ ਹੈ ਕਿ ਜਹਾਜ਼ ਪੂਰੇ ਸੰਤੁਲਨ ਨਾਲ ਉੱਡਣ ਦੀ ਥਾਂ ਨੋਜ਼ਅੱਪ ਦੇ ਨਾਲ ਉੱਪਰ ਨੂੰ ਉੱਠਿਆ ਹੈ। ਇਸ ਕਰਕੇ ਜਹਾਜ਼ ਦਾ ਸੰਤੁਲਨ ਵਿਗੜ ਗਿਆ। ਇਸ ਤੋਂ ਇਲਾਵਾ ਟੇਕਆਫ਼ ਦੇ ਕੁਝ ਪਲਾਂ ਬਾਅਦ ਹੀ ਜਹਾਜ਼ ਦੇ ਇੱਕ ਹਿੱਸੇ ਵਿੱਚੋਂ ਧੂੰਏਂ ਜਿਹੀ ਅੱਗ ਨਿਕਲਦੀ ਦਿਖੀ। ਜਾਂ ਤਾਂ ਇਹ ਇੰਜਨ ਵਿੱਚ ਗੜਬੜੀ ਹੋ ਸਕਦੀ ਹੈ ਜਾਂ ਫਿਰ ਤੇਲ ਨਾਲ ਸਬੰਧਿਤ ਨੁਕਸ ਹੋ ਸਕਦੇ ਹਨ। ਜਹਾਜ਼ ਵਿੱਚ ਇੱਕ ਲੱਖ 25 ਹਜ਼ਾਰ ਲੀਟਰ ਤੇਲ ਭਰਿਆ ਹੋਇਆ ਸੀ ਅਤੇ ਵੱਧ ਵਜ਼ਨ ਵੀ ਹਾਦਸੇ ਦੀ ਵਜ੍ਹਾ ਬਣ ਸਕਦਾ ਹੈ।
ਏਵੀਏਸ਼ਨ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਜਹਾਜ਼ ਦੀ ਤਸਵੀਰ ਦੇਖਣ ਤੋਂ ਪਤਾ ਲੱਗਦਾ ਹੈ ਕਿ ਲੈਂਡਿੰਗ ਗੇਅਰ ਬੰਦ ਹੀ ਨਹੀਂ ਹੋਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਬਗੈਰ ਤਕਨੀਕੀ ਜਾਂਚ ਦੇ ਕੋਈ ਵੀ ਜਹਾਜ਼ ਉਡਾਨ ਨਹੀਂ ਭਰਦਾ। ਹਾਦਸੇ ਦੇ ਵੱਖ-ਵੱਖ ਕਾਰਨ ਸਾਹਮਣੇ ਆ ਰਹੇ ਹਨ। ਪਹਿਲਾਂ ਇਹ ਹੈ ਕਿ 625 ਫੁੱਟ ਉੱਪਰ ਉੱਡਣ ’ਤੇ ਵੀ ਲੈਂਡਿੰਗ ਗੇਅਰ ਖੁੱਲ੍ਹੇ ਦਿਸ ਰਹੇ ਸਨ ਜਿਸ ਨਾਲ ਜਹਾਜ਼ ਉੱਪਰ ਉੱਡ ਨਹੀਂ ਸਕਦਾ। ਦੂਸਰਾ ਇਹ ਕਿ ਲੋੜੀਂਦੀ ਥਰਸਟ ਨਾ ਮਿਲਣ ਕਰਕੇ ਜਹਾਜ਼ ਉੱਡ ਨਹੀਂ ਸਕਿਆ ਇਸ ਲਈ ਜਹਾਜ਼ ਜ਼ਿਆਦਾ ਉੱਪਰ ਹੀ ਨਾ ਜਾ ਸਕਿਆ। ਇੱਕ ਵਜ੍ਹਾ ਇਹ ਵੀ ਸਮਝੀ ਜਾ ਰਹੀ ਹੈ ਕਿ ਸਪੀਡ ਸੈਂਸਰ ਠੀਕ ਕੰਮ ਨਹੀਂ ਕਰ ਰਹੇ ਸਨ ਜਿਸ ਦੇ ਚੱਲਦਿਆਂ ਜਹਾਜ਼ ਨੂੰ ਸਪੀਡ ਸਿਸਟਮ ਦਾ ਗ਼ਲਤ ਡਾਟਾ ਮਿਲ ਰਿਹਾ ਹੋਵੇਗਾ। ਜ਼ਿਆਦਾ ਵਜ਼ਨ ਹੋਣ ’ਤੇ ਵੀ ਜਹਾਜ਼ ਉੱਚੀ ਉਡਾਨ ਨਹੀਂ ਭਰ ਸਕਦਾ। ਇਹ ਵੀ ਹੋ ਸਕਦਾ ਹੈ ਕਿ ਉਡਾਨ ਭਰਦਿਆਂ ਹੀ ਕੋਈ ਸਮੱਸਿਆ ਆ ਗਈ ਹੋਵੇ ਜਿਸ ਨੂੰ ਪਾਇਲਟ ਕੰਟਰੋਲ ਨਹੀਂ ਕਰ ਸਕਿਆ ਹੋਵੇਗਾ। ਦੁੱਖ ਤਾਂ ਇਸ ਗੱਲ ਦਾ ਵੀ ਹੈ ਕਿ ਇੱਕ ਇੰਜਨ ਫੇਲ੍ਹ ਹੋਣ ਤੋਂ ਬਾਅਦ ਦੂਸਰਾ ਇੰਜਨ ਵੀ ਸਪੋਰਟ ਨਹੀਂ ਦੇ ਸਕਿਆ ਜਿਹੜਾ ਕਿ ਜਹਾਜ਼ ਦੇ ਥੱਲੇ ਡਿੱਗਣ ਦੀ ਵਜ੍ਹਾ ਬਣਿਆ ਹੋ ਸਕਦਾ ਹੈ। ਪਾਇਲਟ ਦੇ ਮੇ ਡੇ ਦੀ ਕਾਲ ਦੇਣ ਦੇ ਬਾਵਜੂਦ ਜਹਾਜ਼ ਨੂੰ ਗਲਾਈਡ ਕਰਦੇ ਹੋਏ ਨੀਚੇ ਡਿੱਗਦੇ ਦੇਖਿਆ ਗਿਆ ਹੈ। ਕੇਂਦਰ ਨੇ 13 ਮਾਰਚ 2024 ਨੂੰ ਲੋਕ ਸਭਾ ਵਿੱਚ ਇਹ ਮੰਨਿਆ ਸੀ ਕਿ ਤਕਨੀਕੀ ਖ਼ਰਾਬੀ ਦੇ ਚੱਲਦਿਆਂ ਹਰ ਮਹੀਨੇ ਔਸਤ 19 ਉਡਾਨਾਂ ਪ੍ਰਭਾਵਿਤ ਹੁੰਦੀਆਂ ਹਨ। ਸਾਲ 2024 ਵਿੱਚ 229 ਘਟਨਾਵਾਂ ਵਾਪਰੀਆਂ ਸਨ ਜਿਨ੍ਹਾਂ ਵਿੱਚ ਸਭ ਤੋਂ ਵੱਧ 105 ਇੰਡੀਗੋ ਦੇ ਜਹਾਜ਼ ਸ਼ਾਮਲ ਸਨ ਅਤੇ ਏਅਰ ਇੰਡੀਆ ਦੇ ਜਹਾਜ਼ਾਂ ਦੀ ਗਿਣਤੀ 55 ਸੀ। ਭਾਰਤ ਵਿੱਚ ਛੇ ਏਵੀਏਸ਼ਨ ਕੰਪਨੀਆਂ ਹਨ। ਹਰ ਰੋਜ਼ ਪੰਜ ਲੱਖ ਤੋਂ ਵੱਧ ਯਾਤਰੀ 813 ਜਹਾਜ਼ਾਂ ਵਿੱਚ ਸਫ਼ਰ ਕਰਦੇ ਹਨ। ਪਾਰਲੀਮੈਂਟ ਵਿੱਚ 33 ਰਿਪੋਰਟਾਂ ਅਨੁਸਾਰ 105 ਜਹਾਜ਼ 15 ਸਾਲ ਤੋਂ ਜ਼ਿਆਦਾ ਅਤੇ 88 ਜਹਾਜ਼ 10 ਤੋਂ 15 ਸਾਲ ਪੁਰਾਣੇ ਹਨ। ਪੁਰਾਣੇ ਹਵਾਈ ਹਾਦਸਿਆਂ ਦੀ ਗੱਲ ਕਰੀਏ ਤਾਂ 12 ਨਵੰਬਰ 1996 ਨੂੰ ਚਰਖੀ ਦਾਦਰੀ ਵਿਚ ਉਸ ਸਮੇਂ ਹਾਦਸਾ ਵਾਪਰਿਆ ਸੀ ਜਦੋਂ ਸਾਊਦੀ ਅਰਬ ਦੀ ਹਵਾਈ ਸੇਵਾ ਗੋਇੰਗ 747 ਤੇ ਕਜ਼ਾਕਿਸਤਾਨ ਹਵਾਈ ਸੇਵਾ ਦੀ ਉਡਾਨ 1987 ਦੀ ਹਵਾ ਦੇ ਮੱਧ ਵਿੱਚ ਟੱਕਰ ਹੋ ਗਈ ਸੀ। ਇਸ ਵਿੱਚ 348 ਮੁਸਾਫ਼ਰ ਮਾਰੇ ਗਏ ਸਨ। ਸਾਲ 2010 ਵਿੱਚ ਦੁਬਈ ਤੋਂ ਬੈਂਗਲੁਰੂ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਨ ਹਵਾਈ ਅੱਡੇ ’ਤੇ ਲੈਂਡ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਸ ਹਾਦਸੇ ਵਿੱਚ 159 ਮੁਸਾਫ਼ਰਾਂ ਦੀ ਜਾਨ ਚਲੀ ਗਈ ਸੀ। ਸਾਲ 1988 ਵਿੱਚ ਇੰਡੀਅਨ ਏਅਰਲਾਈਨਜ਼ ਦੀ ਉਡਾਨ ਅਹਿਮਦਾਬਾਦ ਹਵਾਈ ਅੱਡੇ ’ਤੇ ਉੱਤਰਦੇ ਸਮੇਂ ਹਾਦਸੇ ਦੀ ਸ਼ਿਕਾਰ ਹੋ ਗਈ ਸੀ। ਇਸ ਹਾਦਸੇ ਵਿੱਚ 130 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਜਨਵਰੀ 1979 ਵਿੱਚ ਮੁੰਬਈ ਹਵਾਈ ਅੱਡੇ ਤੋਂ ਉਡਾਨ ਭਰਨ ਤੋਂ ਕੁਝ ਸਮੇਂ ਬਾਅਦ ਹੀ ਏਅਰ ਇੰਡੀਆ ਦੀ ਉਡਾਨ ਅਰਬ ਸਾਗਰ ਵਿੱਚ ਡਿੱਗ ਗਈ ਸੀ ਜਿਸ ਕਾਰਨ 213 ਵਿਅਕਤੀ ਮਾਰੇ ਗਏ ਸਨ। ਇੱਥੇ ਹੀ ਬਸ ਨਹੀਂ, 1990 ਵਿੱਚ ਇੰਡੀਅਨ ਏਅਰਲਾਈਨਜ਼ ਦੀ ਉਡਾਨ ਨਾਲ ਵਾਪਰੇ ਹਾਦਸੇ ਵਿੱਚ 92 ਅਤੇ 1993 ਨੂੰ ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਇੰਡੀਅਨ ਏਅਰਲਾਈਨਜ਼ ਦੀ ਉਡਾਨ ਨਾਲ ਵਾਪਰੇ ਹਾਦਸੇ ਵਿਚ 55, ਬਿਹਾਰ ਦੇ ਪਟਨਾ ਵਿੱਚ 17 ਜੁਲਾਈ ਨੂੰ ਅਲਾਇੰਸ ਏਅਰ ਦੀ ਉਡਾਨ ਨਾਲ ਵਾਪਰੇ ਹਾਦਸੇ ਵਿੱਚ 50, ਸਾਲ 2020 ਨੂੰ ਕੋਜ਼ੀਕੋਡ ਤੋਂ ਦੁਬਈ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਦੀ ਉਡਾਨ ਨਾਲ ਵਾਪਰੇ ਹਾਦਸੇ ਵਿੱਚ 18 ਵਿਅਕਤੀ ਮਾਰੇ ਗਏ ਸਨ। ਇਸੇ ਤਰ੍ਹਾਂ 22 ਜੁਲਾਈ 2016 ਨੂੰ ਇੰਡੀਅਨ ਏਅਰ ਫੋਰਸ ਦੇ ਜਹਾਜ਼ ਨਾਲ ਬੰਗਾਲ ਦੀ ਖਾੜੀ ਵਿਚ ਵਾਪਰੇ ਹਾਦਸੇ ਦੌਰਾਨ 29 ਵਿਅਕਤੀ ਮਾਰੇ ਗਏ ਸਨ। ਇਸ ਹਾਦਸੇ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਅਜਿਹੀਆਂ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ। ਲੋੜ ਪੈਣ ’ਤੇ ਭਾਈਵਾਲ ਮੁਲਕਾਂ ਦੀ ਵੀ ਸਹਾਇਤਾ ਜਾਂ ਸੇਧ ਲੈਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ।
-ਕਮਲਜੀਤ ਸਿੰਘ ਬਨਵੈਤ

Loading