ਜਾਪਾਨ ’ਚ ਹਰ ਸਾਲ ਆਪਣੀ ਮਰਜ਼ੀ ਨਾਲ ਗਾਇਬ ਹੋ ਜਾਂਦੇ ਹਨ ਹਜ਼ਾਰਾਂ ਲੋਕ

In ਖਾਸ ਰਿਪੋਰਟ
September 20, 2025

ਟੋਕੀਓ/ਏ.ਟੀ.ਨਿਊਜ਼: ਹਰ ਸਾਲ ਜਾਪਾਨ ਵਿੱਚ ਹਜ਼ਾਰਾਂ ਲੋਕ ਇਸ ਤਰ੍ਹਾਂ ਗਾਇਬ ਹੋ ਜਾਂਦੇ ਹਨ, ਜਿਵੇਂ ਕਿ ਉਹ ਹਵਾ ਵਿੱਚ ਮਿਲ ਗਏ ਹੋਣ। ਉਹ ਆਪਣੇ ਪਰਿਵਾਰ, ਕੈਰੀਅਰ, ਕਰਜ਼ੇ ਅਤੇ ਕਈ ਮਾਮਲਿਆਂ ਵਿੱਚ ਆਪਣੀ ਪੂਰੀ ਪਛਾਣ ਵੀ ਪਿੱਛੇ ਛੱਡ ਜਾਂਦੇ ਹਨ। ਜੀ ਹਾਂ ਇਹ ਜਾਪਾਨ ਵਿੱਚ ਵਾਪਰਣ ਵਾਲਾ ਆਮ ਵਰਤਾਰਾ ਹੈ।
ਇਸ ਤਰ੍ਹਾਂ ਗਾਇਬ ਹੋਏ ਲੋਕਾਂ ਨੂੰ ‘ਜੋਹਾਤਸੂ’ ਕਿਹਾ ਜਾਂਦਾ ਹੈ, ਜਿਸਦਾ ਅਰਥ ਹੈ ‘ਭਾਫ ਬਣ ਕੇ ਉੱਡ ਜਾਣਾ।’ ਇਹ ਲੋਕ ਸਮਾਜ ਤੋਂ ਗਾਇਬ ਹੋਣ ਦਾ ਫੈਸਲਾ ਖੁਦ ਲੈਂਦੇ ਹਨ, ਅਕਸਰ ਬਹੁਤ ਜ਼ਿਆਦਾ ਦਬਾਅ, ਨਿੱਜੀ ਅਸਫਲਤਾਵਾਂ ਜਾਂ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਇੱਛਾ ਕਾਰਨ ਲੋਕ ਅਜਿਹਾ ਫੈਸਲਾ ਲੈਂਦੇ ਹਨ।
ਇਹ ਆਮ ਲਾਪਤਾ ਹੋਣ ਦੇ ਮਾਮਲਿਆਂ ਤੋਂ ਕੁੱਝ ਵੱਖਰਾ ਹੈ, ਕਿਉਂਕਿ ਇੱਥੇ ਲਾਪਤਾ ਹੋਣ ਦਾ ਕਾਰਨ ਅਪਰਾਧ ਜਾਂ ਕੋਈ ਹਾਦਸਾ ਨਹੀਂ ਹੁੰਦਾ, ਬਲਕਿ ਇਹ ਜ਼ਿਆਦਾਤਰ ਇੱਕ ਸੋਚਿਆ-ਸਮਝਿਆ, ਜਾਣਬੁੱਝ ਕੇ ਚੁੱਕਿਆ ਗਿਆ ਕਦਮ ਹੁੰਦਾ ਹੈ।
ਸ਼ਰਮ ’ਤੇ ਆਧਾਰਿਤ ਸਮਾਜਿਕ ਵਰਤਾਰਾ
‘ਜੋਹਾਤਸੂ’ ਸ਼ਬਦ ਦੀ ਵਰਤੋਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਾਪਾਨ ਵਿੱਚ ਆਰਥਿਕ ਮੁਸ਼ਕਿਲਾਂ ਦੌਰਾਨ ਗਾਇਬ ਹੋਏ ਲੋਕਾਂ ਲਈ ਕੀਤੀ ਗਈ ਸੀ। ਅੱਜ, ਇਹ ਸ਼ਬਦ ਇੱਕ ਵਿਆਪਕ ਸਮਾਜਿਕ ਵਰਤਾਰੇ ਨੂੰ ਦਰਸਾਉਂਦਾ ਹੈ, ਜਿਸ ਵਿੱਚ ਅਜਿਹੇ ਮਰਦ ਅਤੇ ਔਰਤਾਂ ਸ਼ਾਮਲ ਹਨ। ਲੋਕ ਆਰਥਿਕ ਤਬਾਹੀ, ਪਰਿਵਾਰ ਟੁੱਟਣ, ਪੜ੍ਹਾਈ ਵਿੱਚ ਅਸਫਲਤਾ ਜਾਂ ਮਾਨਸਿਕ ਸਮੱਸਿਆਵਾਂ ਕਾਰਨ ਸਮਾਜ ਤੋਂ ਆਪਣੇ ਆਪ ਨੂੰ ਮਿਟਾ ਦਿੰਦੇ ਹਨ।
ਜਾਪਾਨ ਵਰਗੇ ਸਮੂਹਿਕਤਾਵਾਦੀ ਸਮਾਜ ਵਿੱਚ, ਜਿੱਥੇ ਨਿੱਜੀ ਅਸਫਲਤਾ ਨੂੰ ਸਿਰਫ ਵਿਅਕਤੀ ਦੀ ਨਹੀਂ, ਬਲਕਿ ਪੂਰੇ ਪਰਿਵਾਰ ਲਈ ਸ਼ਰਮ ਮੰਨਿਆ ਜਾਂਦਾ ਹੈ, ਉੱਥੇ ਸਮਾਜਿਕ ਦਬਾਅ ਅਸਹਿਣਯੋਗ ਹੋ ਜਾਂਦਾ ਹੈ। ਨਤੀਜੇ ਵਜੋਂ, ਬਹੁਤ ਸਾਰੇ ਲੋਕ ਟਕਰਾਅ ਦੀ ਬਜਾਏ ਚੁੱਪ ਅਤੇ ਬੇਇੱਜ਼ਤੀ ਦੀ ਬਜਾਏ ਗੁੰਮਨਾਮੀ ਨੂੰ ਚੁਣ ਲੈਂਦੇ ਹਨ।
ਜੋਹਾਤਸੂ ਬਣਨ ਦੇ ਕਈ ਆਮ ਕਾਰਨ, ਜਿਨ੍ਹਾਂ ਵਿੱਚ ਨੌਕਰੀ ਛੁੱਟਣਾ, ਦਿਵਾਲੀਆਪਨ ਜਾਂ ਭਾਰੀ ਕਰਜ਼ਾ ਤਲਾਕ, ਘਰੇਲੂ ਹਿੰਸਾ ਜਾਂ ਪਰਿਵਾਰ ਤੋਂ ਦੂਰੀ, ਪ੍ਰੀਖਿਆਵਾਂ ਵਿੱਚ ਅਸਫਲਤਾ, ਮਾਨਸਿਕ ਬਿਮਾਰੀ ਅਤੇ ਸਹਿਯੋਗ ਦੀ ਕਮੀ, ਯਾਕੂਜ਼ਾ (ਅਪਰਾਧ ਸਿੰਡੀਕੇਟ) ਜਾਂ ਕਰਜ਼ਾ ਵਸੂਲੀ ਤੋਂ ਬਚਣਾ ਆਦਿ ਹਨ।
ਉੱਚ ਨਿਗਰਾਨੀ ਵਾਲੇ ਸਮਾਜ ਵਿੱਚ ਲੋਕ ਕਿਵੇਂ ਗਾਇਬ ਹੋ ਜਾਂਦੇ ਹਨ?
ਜਾਪਾਨ ਆਪਣੀ ਉੱਚ ਤਕਨੀਕੀ ਨਿਗਰਾਨੀ, ਕੌਮੀ ਪਛਾਣ ਪ੍ਰਣਾਲੀ ਅਤੇ ਰਿਕਾਰਡ ਰੱਖਣ ਦੀ ਸਖ਼ਤੀ ਲਈ ਜਾਣਿਆ ਜਾਂਦਾ ਹੈ। ਫਿਰ ਵੀ, ਹਰ ਸਾਲ ਹਜ਼ਾਰਾਂ ਲੋਕ ਕਿਵੇਂ ਗਾਇਬ ਹੋ ਜਾਂਦੇ ਹਨ? ਇਸ ਦਾ ਜਵਾਬ ਹੈ ‘ਯੋਨੀਗੇ-ਯਾ’ (ਰਾਤੋ ਰਾਤ ਲੈ ਕੇ ਜਾਣ ਵਾਲੀਆਂ ਕੰਪਨੀਆਂ)। ਇਹ ਗੁਪਤ ਸੇਵਾਵਾਂ ਉਨ੍ਹਾਂ ਲੋਕਾਂ ਦੀ ਮਦਦ ਕਰਦੀਆਂ ਹਨ ਜੋ ਰਾਤੋ-ਰਾਤ ਆਪਣਾ ਜੀਵਨ ਛੱਡਣਾ ਚਾਹੁੰਦੇ ਹਨ। ਇਹ ਲੋਕਾਂ ਅਤੇ ਉਨ੍ਹਾਂ ਦੇ ਸਮਾਨ ਨੂੰ ਚੁੱਪਚਾਪ ਲੈ ਜਾਂਦੇ ਹਨ, ਬਿਨਾਂ ਕੋਈ ਸਵਾਲ ਪੁੱਛੇ। ਕਾਨੂੰਨੀ ਤੌਰ ’ਤੇ ਇਹ ਇੱਕ ਧੁੰਦਲਾ ਖੇਤਰ ਹੈ, ਪਰ ਪੂਰੀ ਤਰ੍ਹਾਂ ਗੈਰ-ਕਾਨੂੰਨੀ ਨਹੀਂ।
2017 ਦੀ ਟਾਈਮ ਰਿਪੋਰਟ ਦੇ ਅਨੁਸਾਰ ਯੋਨੀਗੇ-ਯਾ ਸੇਵਾਵਾਂ ਦੀ ਲਾਗਤ ਆਮ ਤੌਰ ’ਤੇ 50,000 ਯੇਨ ਤੋਂ 300,000 ਯੇਨ (ਲਗਭਗ 400-2,500 ਅਮਰੀਕੀ ਡਾਲਰ) ਤੱਕ ਹੁੰਦੀ ਹੈ, ਜੋ ਗਾਇਬ ਹੋਣ ਦੀ ਜਟਿਲਤਾ ’ਤੇ ਨਿਰਭਰ ਕਰਦੀ ਹੈ। ਬਹੁਤ ਸਾਰੇ ਲੋਕ ਟੋਕੀਓ ਦੇ ਸਾਨਿਆ ਜਾਂ ਓਸਾਕਾ ਦੇ ਕਾਮਾਗਾਸਾਕੀ ਵਰਗੇ ਹਾਸ਼ੀਏ ’ਤੇ ਪਏ ਇਲਾਕਿਆਂ ਵਿੱਚ ਪਹੁੰਚ ਜਾਂਦੇ ਹਨ, ਜਿੱਥੇ ਪਛਾਣ ਦੀ ਸਖ਼ਤ ਜਾਂਚ ਨਹੀਂ ਹੁੰਦੀ ਅਤੇ ਆਰਜ਼ੀ ਮਜ਼ਦੂਰੀ ਦਾ ਕੰਮ ਆਸਾਨੀ ਨਾਲ ਮਿਲ ਜਾਂਦਾ ਹੈ।
ਪਿੱਛੇ ਰਹਿ ਗਏ ਪਰਿਵਾਰਾਂ ’ਤੇ ਅਸਰ
ਪਿੱਛੇ ਰਹਿ ਗਏ ਪਰਿਵਾਰਾਂ ਲਈ ਇਹ ਗੁੰਮਸ਼ੁਦਗੀ ਡੂੰਘੇ ਦੁੱਖ, ਉਲਝਣ ਅਤੇ ਆਰਥਿਕ ਮੁਸ਼ਕਿਲ ਲੈ ਕੇ ਆਉਂਦੀ ਹੈ। ਕਾਨੂੰਨੀ ਪ੍ਰਕਿਰਿਆ ਅਧੂਰੀ ਰਹਿ ਜਾਂਦੀ ਹੈ; ਨਾ ਪਰਿਵਾਰ ਗੁੰਮਸ਼ੁਦਾ ਨੂੰ ਮ੍ਰਿਤਕ ਐਲਾਨ ਕਰ ਸਕਦਾ ਹੈ, ਨਾ ਹੀ ਜਾਇਦਾਦ ਦਾ ਨਿਪਟਾਰਾ ਕਰ ਸਕਦਾ ਹੈ। ਭਾਵਨਾਤਮਕ ਪੀੜਾ ਵੱਖਰੇ ਤੌਰ ’ਤੇ ਪਰਿਵਾਰ ਨੂੰ ਪ੍ਰਭਾਵਿਤ ਕਰਦੀ ਹੈ।
ਕਈ ਪਰਿਵਾਰ ਸਮਾਜਿਕ ਸ਼ਰਮ ਅਤੇ ਬਾਈਕਾਟ (ਜਿਸ ਨੂੰ ਜਾਪਾਨ ਵਿੱਚ ਮੁਰਾਹਾਚੀਬੂ ਜਾਂ ‘ਪਿੰਡ ਵਿੱਚੋਂ ਕੱਢਣਾ’ ਕਿਹਾ ਜਾਂਦਾ ਹੈ) ਦੇ ਡਰੋਂ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਨਹੀਂ ਕਰਾਉਂਦੇ। ਇਹ ਸਮਾਜਿਕ ਡਰ ਹੀ ਗਾਇਬ ਹੋਣ ਅਤੇ ਨਾ ਲੱਭਣ, ਦੋਵਾਂ ਨੂੰ ਹੁਲਾਰਾ ਦਿੰਦਾ ਹੈ।
ਆਖਰੀ ਉਪਾਅ
ਬਹੁਤ ਸਾਰੇ ਲੋਕਾਂ ਲਈ ਜੋਹਾਤਸੂ ਵਿਦਰੋਹ ਨਹੀਂ ਬਲਕਿ ਆਖਰੀ ਉਪਾਅ ਹੁੰਦਾ ਹੈ। ਅਜਿਹੇ ਸਮਾਜ ਦੇ ਖ਼ਿਲਾਫ਼, ਜੋ ਦੂਜਾ ਮੌਕਾ ਦੇਣ ਲਈ ਤਿਆਰ ਨਹੀਂ ਨਜ਼ਰ ਆਉਾਂਦਾ।ਕੁਝ ਲੋਕ ਸਾਲਾਂ ਬਾਅਦ ਵਾਪਸ ਆ ਜਾਂਦੇ ਹਨ। ਕੁੱਝ ਦਾ ਪਰਿਵਾਰ ਉਨ੍ਹਾਂ ਦੀ ਗੈਰ-ਹਾਜ਼ਰੀ ਨੂੰ ਪਰਿਵਾਰ ਚੁੱਪਚਾਪ ਸਵੀਕਾਰ ਕਰ ਲੈਂਦਾ ਹੈ। ਕੁੱਝ ਸਾਰੀ ਉਮਰ ਗੁਮਨਾਮ ਰਹਿੰਦੇ ਹਨ।
ਪੱਤਰਕਾਰਾਂ ਅਤੇ ਫੋਟੋਗ੍ਰਾਫ਼ਰਾਂ ਜਿਵੇਂ ਕਿ ਲਿਓ ਰੂਬਿਨਫੀਨ ਅਤੇ ਲੀਨਾ ਮੋਗਰ ਤੇ ਸਟੇਫਨ ਰੇਮਲ (‘‘ੀਕ ੜ ਨੇ ਇਸ ਵਰਤਾਰੇ ਦਾ ਅਧਿਐਨ ਕੀਤਾ ਹੈ। ਅੰਦਾਜ਼ਾ ਹੈ ਕਿ ਜਾਪਾਨ ਵਿੱਚ ਹਰ ਸਾਲ ਲਗਪਗ 1 ਲੱਖ ਲੋਕ ਕਿਸੇ ਨਾ ਕਿਸੇ ਰੂਪ ਵਿੱਚ ਆਪਣੀ ਮਰਜ਼ੀ ਨਾਲ ਗਾਇਬ ਹੋਣ ਦੀ ਕੋਸ਼ਿਸ਼ ਕਰਦੇ ਹਨ।

Loading