ਜਾਰਜੀਆ ਦੇ ਇਕ ਸਕੂਲ ਵਿਚ 14 ਸਾਲਾ ਵਿਦਿਆਰਥੀ ਗੰਨ ਸਮੇਤ ਗ੍ਰਿਫਤਾਰ

In ਅਮਰੀਕਾ
January 11, 2025
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਜਾਰਜੀਆ ਦੇ ਅਪਾਲਾਚੀ ਹਾਈ ਸਕੂਲ ਵਿਚ ਇਕ 14 ਸਾਲਾਂ ਦੇ ਵਿਦਿਆਰਥੀ ਨੂੰ ਗੰਨ ਸਮੇਤ ਗ੍ਰਿਫਤਾਰ ਕਰਨ ਦੀ ਖਬਰ ਹੈ। ਇਹ ਉਹ ਹੀ ਸਕੂਲ ਹੈ ਜਿਸ ਵਿਚ ਪਿਛਲੇ ਸਾਲ ਸਤੰਬਰ ਵਿਚ ਹੋਈ ਗੋਲੀਬਾਰੀ ਵਿਚ 2 ਅਧਿਆਪਕਾਂ ਤੇ 2 ਵਿਦਿਆਰਥੀਆਂ ਦੀ ਮੌਤ ਹੋ ਗਈ ਸੀ ਤੇ ਕੁਝ ਹੋਰ ਜ਼ਖਮੀ ਹੋ ਗਏ ਸਨ। ਬਾਰੋਅ ਕਾਊਂਟੀ ਸ਼ੈਰਿਫ ਦਫਤਰ ਨੇ ਕਿਹਾ ਹੈ ਕਿ ਵਿੰਡਰ ਸਥਿੱਤ ਸਕੂਲ ਵਿਚ ਵਿਦਿਆਰਥੀ ਨੂੰ ਬਿਨਾਂ ਕਿਸੇ ਅਣਸੁਖਾਵੀਂ ਘਟਨਾ ਦੇ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਅਫਸਰਾਂ ਅਨੁਸਾਰ ਵਿਦਿਆਰਥੀ ਪੁੱਛਗਿੱਛ ਦੌਰਾਨ ਸਹਿਯੋਗ ਕਰ ਰਿਹਾ ਹੈ ਤੇ ਉਸ ਵੱਲੋਂ ਕਿਸੇ ਨੂੰ ਡਰਾਉਣ ਧਮਕਾਉਣ ਦੀ ਕੋਈ ਰਿਪੋਰਟ ਨਹੀਂ ਹੈ। ਨਬਾਲਗ ਕਾਰਨ ਪੁਲਿਸ ਨੇ ਵਿਦਿਆਰਥੀ ਦਾ ਨਾਂ ਜਨਤਿਕ ਨਹੀਂ ਕੀਤੀ ਹੈ ਤੇ ਉਸ ਨੂੰ ਗੇਨੈਸਵਿਲੇ ਵਿਚ ਨਬਾਲਗਾਂ ਦੀ ਜੇਲ ਵਿਚ ਰੱਖਿਆ ਗਿਆ ਹੈ। ਉਸ ਵਿਰੁੱਧ ਸਕੂਲ ਵਿਚ ਹਥਿਆਰ ਲਿਆਉਣ ਸਮੇਤ ਹੋਰ ਕਈ ਦੋਸ਼ ਲਾਏ ਗਏ ਹਨ।

Loading