ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਜਾਰਜੀਆ ਰਾਜ ਵਿਚ ਬਰਡ ਫਲੂ ਦੀ ਪੁਸ਼ਟੀ ਹੋਣ ਉਪਰੰਤ ਮੁਰਗੇ-ਮੁਰਗੀਆਂ ਦੀ
ਵਿਕਰੀ ਸਮਤੇ ਸਾਰੀਆਂ ਪੋਲਟਰੀ ਗਤੀਵਿਧੀਆਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਜਾਰੀ ਇਕ ਪ੍ਰੈਸ
ਬਿਆਨ ਵਿਚ ਕਿਹਾ ਗਿਆ ਹੈ ਕਿ ਬਰਡ ਫਲੂ ਦੀ ਪੁਸ਼ਟੀ ਜਾਰਜੀਆ ਖੇਤੀਬਾੜੀ ਵਿਭਾਗ ਤੇ ਅਮਰੀਕੀ ਖੇਤੀਬਾੜੀ ਵਿਭਾਗ ਦੇ ਦਫਤਰਾਂ ਵੱਲੋਂ ਕੀਤੀ
ਗਈ ਹੈ। 2022 ਵਿਚ ਦੇਸ਼ ਭਰ ਵਿਚ ਫੈਲੇ ਬਰਡ ਫਲੂ ਤੋਂ ਬਾਅਦ ਜਾਰਜੀਆ ਵਿਚ ਬਰਡ ਫਲੂ ਦਾ ਇਹ ਪਹਿਲਾ ਮਾਮਲਾ ਹੈ। ਰਾਜ ਦੇ ਖੇਤੀਬਾੜੀ
ਵਿਭਾਗ ਨੇ ਐਲਾਨ ਕੀਤਾ ਹੈ ਕਿ ਜਾਰਜੀਆ ਵਿਚ ਵਿਕਰੀ ਸਮੇਤ ਹਰ ਤਰਾਂ ਦੀਆਂ ਪੋਲਟਰੀ ਨਾਲ ਸਬੰਧਤ ਸਰਗਰਮੀਆਂ ਅਗਲੇ ਨੋਟਿਸ ਤੱਕ ਬੰਦ
ਕਰ ਦਿੱਤੀਆਂ ਗਈਆਂ ਹਨ। ਜਾਰਜੀਆ ਦੇ ਖੇਤੀਬਾੜੀ ਕਮਿਸ਼ਨਰ ਟਾਇਲਰ ਹਾਰਪਰ ਨੇ ਇਕ ਬਿਆਨ ਵਿਚ ਕਿਹਾ ਹੈ ਕਿ ''ਪੋਲਟਰੀ ਸਨਅਤ
ਲਈ ਇਹ ਬਹੁਤ ਗੰਭੀਰ ਖਤਰਾ ਹੈ। ਮੁਰਗੀ ਪਾਲਕਾਂ ਤੇ ਹਜਾਰਾਂ ਹੋਰ ਲੋਕਾਂ ਦਾ ਜੀਵਨ ਪੋਲਟਰੀ ਸਨਅਤ ਉਪਰ ਨਿਰਭਰ ਹੈ। ਅਸੀਂ ਬਿਮਾਰੀ ਹੋਰ
ਅੱਗੇ ਫੈਲਣ ਤੋਂ ਰੋਕਣ ਲਈ 24 ਘੰਟੇ ਕੰਮ ਕਰ ਰਹੇ ਹਾਂ ਤੇ ਯਤਨ ਕਰ ਰਹੇ ਹਾਂ ਕਿ ਪੋਲਟਰੀ ਗਤੀਵਿਧੀਆਂ ਛੇਤੀ ਤੋਂ ਛੇਤੀ ਮੁੜ ਸ਼ੁਰੂ ਕੀਤੀਆਂ ਜਾਣ।