ਜਾਰਜੀਆ ਵਿੱਚ 40 ਸਾਲ ਪਹਿਲਾਂ ਹੋਏ ਜਬਰਜਨਾਹ ਦੇ ਮਾਮਲਿਆਂ ਵਿੱਚ ਸ਼ੱਕੀ ਆਇਆ ਅੜਿੱਕੇ

In ਅਮਰੀਕਾ
March 27, 2026

ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਜਾਰਜੀਆ ਵਿੱਚ 1986 ਵਿੱਚ ਹੋਏ ਹਿੰਸਕ ਜਬਰਜਨਾਹ ਦੇ ਮਾਮਲਿਆਂ ਵਿੱਚ ਪੁਲਿਸ ਵੱਲੋਂ ਆਖਰਕਾਰ 60 ਸਾਲਾ ਸ਼ੱਕੀ ਦੋਸ਼ੀ ਨੂੰ ਕਾਬੂ ਕਰ ਲੈਣ ਦੀ ਖ਼ਬਰ ਹੈ। ਪੁਲਿਸ ਨੇ ਕਿਹਾ ਹੈ ਕਿ ਗਲੈਨ ਡੈਨੀਏਲ ਪਲਾਈਬੋਨ ਨੂੰ ਓਗਲੇਥੋਰਪੇ ਕਾਊਂਟੀ ਸਥਿਤ ਉਸ ਦੇ ਘਰ ਵਿਚੋਂ ਗ੍ਰਿਫ਼ਤਾਰ ਕੀਤਾ ਗਿਆ। ਜੁਰਮ ਕਰਨ ਵੇਲੇ ਸ਼ੱਕੀ ਦੋਸ਼ੀ ਦੀ ਉਮਰ 20 ਸਾਲ ਸੀ। ਲਾਰੈਂਸ ਵਿਲੇ ਪੁਲਿਸ ਵਿਭਾਗ ਤੇ ਜਾਰਜੀਆ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਸਾਂਝੇ ਤੌਰ ’ਤੇ ਉਸ ਦੀ ਗ੍ਰਿਫ਼ਤਾਰੀ ਦਾ ਐਲਾਨ ਕੀਤਾ। ਪੁਲਿਸ ਅਨੁਸਾਰ ਘਟਨਾਵਾਂ ਸਮੇਂ ਜਾਂਚ ਕਾਰਾਂ ਨੇ ਪੀੜਤਾਂ ਵੱਲੋਂ ਸ਼ੱਕੀ ਦੇ ਦੱਸੇ ਹੁਲੀਏ ਤੇ ਘਟਨਾਵਾਂ ਨੂੰ ਅੰਜਾਮ ਦੇਣ ਦੇ ਢੰਗ ਤਰੀਕੇ ਸਮੇਤ ਕਈ ਪੱਖਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਤੇ ਘਟਨਾਵਾਂ ਵਿੱਚ ਬਹੁਤ ਸਮਾਨਤਾ ਪਾਈ ਗਈ ਪਰੰਤੂ ਸ਼ੱਕੀ ਪੁਲਿਸ ਦੀ ਪਹੁੰਚ ਤੋਂ ਬਾਹਰ ਰਿਹਾ। ਹਰ ਮਾਮਲੇ ਵਿੱਚ ਸ਼ੱਕੀ ਜੁਰਮ ਕਰਨ ਤੋਂ ਬਾਅਦ ਪੁਲਿਸ ਨੂੰ ਝਕਾਨੀ ਦੇਣ ਵਿੱਚ ਕਾਮਯਾਬ ਰਿਹਾ। ਲਾਰੈਂਸ ਵਿਲੇ ਪੁਲਿਸ ਅਨੁਸਾਰ ਜੋ ਸੰਭਵ ਨਹੀਂ ਸੀ, ਉਹ ਤਕਨੀਕੀ ਤੇ ਵੰਸ਼ਕ੍ਰਮ ਜਾਂਚ ਦੇ ਵਿਕਾਸ ਨਾਲ ਸੰਭਵ ਹੋਇਆ। ਮਾਮਲੇ ਨੂੰ ਦੁਬਾਰਾ 2025 ਵਿੱਚ ਖੋਲ੍ਹਿਆ ਗਿਆ। ਪੁਲਿਸ ਮੁਖੀ ਜੌਹਨ ਮੂਲਿਨ ਨੇ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ
ਸ਼ੱਕੀ ਦੀ ਗ੍ਰਿਫ਼ਤਾਰੀ ਨੇ ਸਾਬਤ ਕਰ ਦਿੱਤਾ ਹੈ ਕਿ ਕਿਸ ਤਰ੍ਹਾਂ ਡੀ. ਐਨ. ਏ. ਤਕਨੀਕ ਮਾਮਲਿਆਂ ਨੂੰ ਹੱਲ ਕਰਨ ਵਿੱਚ ਸਹਾਈ ਹੋ ਰਹੀ ਹੈ ਤੇ ਪੀੜਤਾਂ ਨੂੰ ਨਿਆਂ ਦੇਣ ਵਿੱਚ ਸਫਲ ਹੋ ਰਹੀ ਹੈ। ਮੂਲਿਨ ਨੇ ਮਾਮਲੇ ਵਿੱਚ ਸਹਾਇਤਾ ਕਰਨ ਲਈ ਜਾਰਜੀਆ ਬਿਊਰੋ ਆਫ਼ ਇਨਵੈਸਟੀਗੇਸ਼ਨ ਦਾ ਧੰਨਵਾਦ ਕੀਤਾ। ਪੁਲਿਸ ਨੇ ਕਿਹਾ ਹੈ ਕਿ ਮਾਮਲੇ ਵਿੱਚ ਜਾਂਚ ਅਜੇ ਵੀ ਜਾਰੀ ਹੈ।

Loading