ਜਾਰਜ ਸੋਰੋਸ ਨੂੰ ਅਮਰੀਕਾ ਦਾ ਸਰਵਉੱਚ ਨਾਗਰਿਕ ਸਨਮਾਨ ਮਿਲਣ ‘ਤੇ ਭੜਕੇ ਮਸਕ

In ਖਾਸ ਰਿਪੋਰਟ
January 06, 2025
ਜਿਹੜੇ ਜਾਰਜ ਸੋਰੋਸ ਦੇ ਮੁੱਦੇ 'ਤੇ ਭਾਰਤ ਵਿਚ ਸੱਤਾਧਾਰੀ ਪਾਰਟੀ ਤੇ ਵਿਰੋਧੀ ਧਿਰ ਵਿਚਾਲੇ ਤਲਵਾਰਾਂ ਤਕ ਖਿੱਚ ਗਈਆਂ, ਉਸ ਨੂੰ ਅਮਰੀਕਾ ਵਿਚ ਸਰਵਉੱਚ ਨਾਗਰਿਕ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ।ਸੋਰੋਸ ਤੋਂ ਇਲਾਵਾ ਹਿਲੇਰੀ ਕਲਿੰਟਨ ,ਫੁੱਟਬਾਲਰ, ਲਿਓਨਲ ਮੈਸੀ ਤੇ ਵੋਗ ਮੈਗਜ਼ੀਨ ਦੀ ਮੁੱਖ ਸੰਪਾਦਕ ਐਨਾ ਵਿਨਟੌਰ, ਵਿਗਿਆਨੀ ਬਿਲ ਨੇਈ, ਅਦਾਕਾਰ ਮਾਈਕਲ ਜੇ ਫੌਕਸ ਦੇ ਨਾਲ ਡੇਂਜਲ ਵਾਸ਼ਿੰਗਟਨ ਸਮੇਤ 19 ਲੋਕਾਂ ਦਾ ਨਾਂ ਇਸ ਇਨਾਮ ਲਈ ਸ਼ਾਮਲ ਸਨ।ਅਮਰੀਕਾ ਦੇ ਸਰਵਉੱਚ ਨਾਗਰਿਕ ਸਨਮਾਨ ਨੂੰ ਰਾਸ਼ਟਰਪਤੀ ਮੈਡਲ ਆਫ਼ ਫ੍ਰੀਡਮ ਕਿਹਾ ਜਾਂਦਾ ਹੈ।ਇਹ ਪੁਰਸਕਾਰ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਅਮਰੀਕਾ ਦੀ ਖੁਸ਼ਹਾਲੀ, ਉਸ ਦੀਆਂ ਕਦਰਾਂ-ਕੀਮਤਾਂ, ਸੁਰੱਖਿਆ ਅਤੇ ਵਿਸ਼ਵ ਸ਼ਾਂਤੀ ਵਿਚ ਅਹਿਮ ਯੋਗਦਾਨ ਦਿੱਤਾ ਹੋਵੇ ਜਾਂ ਜਨਤਕ ਤੇ ਨਿੱਜੀ ਖੇਤਰਾਂ ’ਚ ਮਹੱਤਵਪੂਰਨ ਕੰਮ ਕੀਤੇ ਹੋਣ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਦਾ ਐਲਾਨ ਕੀਤਾ ਹੈ।ਜਾਰਜ ਸੋਰੋਸ ਦੇ ਪੁੱਤਰ ਅਲੈਕਸ ਸੋਰੋਸ ਨੇ ਇਹ ਮੈਡਲ ਸਵੀਕਾਰ ਕੀਤਾ। ਅਮਰੀਕੀ ਨਿਵੇਸ਼ਕ ਜਾਰਜ ਸੋਰੋਸ ਓਪਨ ਸੋਸਾਇਟੀ ਫਾਊਂਡੇਸ਼ਨ ਨਾਂ ਦੀ ਸੰਸਥਾ ਚਲਾਉਂਦੇ ਹਨ। ਵ੍ਹਾਈਟ ਹਾਊਸ ਦੇ ਅਨੁਸਾਰ ਉਨ੍ਹਾਂ ਨੂੰ ਲੋਕਤੰਤਰ, ਮਨੁੱਖੀ ਅਧਿਕਾਰਾਂ, ਸਿੱਖਿਆ ਅਤੇ ਸਮਾਜਿਕ ਨਿਆਂ ਨੂੰ ਮਜ਼ਬੂਤ ​​ਕਰਨ ਵਾਲੀਆਂ ਗਲੋਬਲ ਪਹਿਲਕਦਮੀਆਂ 'ਤੇ ਧਿਆਨ ਕੇਂਦਰਿਤ ਕਰਨ ਲਈ ਸਨਮਾਨਿਤ ਕੀਤਾ ਗਿਆ।ਮੈਸੀ ਖੁਦ ਪੁਰਸਕਾਰ ਲੈਣ ਲਈ ਹਾਜ਼ਰ ਨਾ ਹੋ ਸਕੇ। ਕਈ ਹੋਰ ਹਸਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਤਰਫ਼ੋਂ ਮੈਡਲ ਹਾਸਲ ਕੀਤੇ। ਅਮਰੀਕਾ ਵਿਚ ਨਸਲੀ ਨਿਆਂ ਲਈ ਸੰਘਰਸ਼ ਕਰਨ ਵਾਲੇ ਫੈਨੀ ਲੂ ਹੈਮਰ, ਸਾਬਕਾ ਰੱਖਿਆ ਮੰਤਰੀ ਐਸ਼ਟਨ ਕਾਰਟਰ, ਸਾਬਕਾ ਅਟਾਰਨੀ ਜਨਰਲ ਰੌਬਰਟ ਫਰਾਂਸਿਸ ਕੈਨੇਡੀ ਅਤੇ ਕਾਰੋਬਾਰੀ ਜੌਰਜ ਡਬਲਿਊ ਰੋਮਨੀ ਨੂੰ ਮਰਨ ਉਪਰੰਤ ਇਹ ਮੈਡਲ ਪ੍ਰਦਾਨ ਕੀਤਾ ਗਿਆ। ਹੁਣ ਐਲਨ ਮਸਕ ਬਾਇਡਨ ਦੇ ਫੈਸਲੇ 'ਤੇ ਭੜਕ ਗਏ ਹਨ। ਉਨ੍ਹਾਂ ਇਸ ਨੂੰ ਹਾਸੋਹੀਣਾ ਦੱਸਿਆ ਹੈ।ਮਸਕ ਨੇ ਕਿਹਾ ਕਿ ਬਾਇਡਨ ਵੱਲੋਂ ਸੋਰੋਸ ਨੂੰ ‘ਮੈਡਲ ਆਫ਼ ਫਰੀਡਮ’ ਦਿੱਤਾ ਜਾਣਾ ਕੋਝਾ ਮਜ਼ਾਕ ਹੈ। - ਰਿਪਬਲਿਕਨ ਨੇਤਾਵਾਂ ਨੇ ਵੀ ਸੋਰੋਸ ਨੂੰ ਦਿੱਤੇ ਗਏ ਸਨਮਾਨ ਦੀ ਨਿੰਦਾ ਕੀਤੀ ਹੈ। ਨਿੱਕੀ ਹੇਲੀ ਨੇ ਇਸ ਨੂੰ ਅਮਰੀਕਾ ਦੇ ਮੂੰਹ 'ਤੇ ਚਪੇੜ ਕਰਾਰ ਦਿੱਤਾ ਹੈ। ਬਿਡੇਨ ਦੇ ਪਿਛਲੇ ਫੈਸਲਿਆਂ ਦਾ ਹਵਾਲਾ ਦਿੰਦੇ ਹੋਏ, ਉਸਨੇ ਉਸ 'ਤੇ ਰਾਸ਼ਟਰੀ ਮੁੱਲਾਂ ਦੀ ਬਜਾਏ ਰਾਜਨੀਤਿਕ ਏਜੰਡੇ ਨੂੰ ਤਰਜੀਹ ਦੇਣ ਦਾ ਦੋਸ਼ ਲਗਾਇਆ। ਡੋਨਾਲਡ ਟਰੰਪ ਜੂਨੀਅਰ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਇੱਕ ਪੀਜ਼ਾ ਡਿਲੀਵਰੀ ਮੈਨ ਨੇ ਪੰਜ ਬੱਚਿਆਂ ਨੂੰ ਸੜਦੇ ਹੋਏ ਘਰ ਤੋਂ ਬਚਾਇਆ ਹੈ।ਉਸਨੇ ਲਿਖਿਆ ਕਿ ਇਹ ਆਦਮੀ ਆਜ਼ਾਦੀ ਦੇ ਰਾਸ਼ਟਰਪਤੀ ਮੈਡਲ ਦਾ ਹੱਕਦਾਰ ਹੈ, ਸੋਰੋਸ ਨਹੀਂ। ਜਾਰਜ ਸੋਰੋਸ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਖਿਲਾਫ ਇਥੇ ਜ਼ਿਕਰਯੋਗ ਹੈ ਕਿ ਅਮਰੀਕੀ ਕਾਰੋਬਾਰੀ ਜਾਰਜ ਸੋਰੋਸ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਖਿਲਾਫ ਹੈ ਉਸ ਨੇ ਜਰਮਨੀ ਦੇ ਮਿਊਨਿਖ ਰੱਖਿਆ ਸੰਮੇਲਨ ਵਿੱਚ ਕਿਹਾ ਸੀ ਕਿ ਭਾਰਤ ਇੱਕ ਲੋਕਤੰਤਰਿਕ ਦੇਸ਼ ਹੈ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਤੰਤਰਿਕ ਨਹੀਂ ਹਨ। ਨਰਿੰਦਰ ਮੋਦੀ ਦੇ ਵੱਡਾ ਆਗੂ ਬਣਨ ਦਾ ਕਾਰਨ ਭਾਰਤੀ ਮੁਸਲਮਾਨਾਂ ਖ਼ਿਲਾਫ਼ ਹੋਈ ਹਿੰਸਾ ਹੈ। ਉਨ੍ਹਾਂ ਨੇ ਇੱਥੋਂ ਤੱਕ ਦਾਅਵਾ ਕੀਤਾ ਕਿ ਇਸ ਨਾਲ ਭਾਰਤ ਵਿੱਚ ਲੋਕਤੰਤਰਿਕ ਪ੍ਰਕਿਰਿਆ ਦਾ 'ਪੁਨਰ-ਉਥਾਨ' ਹੋਵੇਗਾ। ਇਸ ਬਿਆਨ ਤੋਂ ਭਾਜਪਾ ਬਹੁਤ ਭੜਕੀ ਸੀ ਤੇ ਕਿਹਾ ਸੀ ਕਿ ਜਾਰਜ ਸੋਰੋਸ ਦਾ ਬਿਆਨ ਭਾਰਤ ਦੀ ਲੋਕਤੰਤਰਿਕ ਪ੍ਰਕਿਰਿਆ ਨੂੰ ਬਰਬਾਦ ਕਰਨ ਦਾ ਐਲਾਨ ਹੈ।ਭਾਰਤ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਸੋਰੋਸ ਦਾ ਨਾਂ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਸਾਧ ਰਹੀ ਹੈ। ਭਾਜਪਾ ਦਾ ਕਹਿਣਾ ਹੈ ਕਿ ਕਾਂਗਰਸ ਨੂੰ ਸੋਰੋਸ ਤੋਂ ਕਈ ਤਰ੍ਹਾਂ ਦੀ ਮਦਦ ਮਿਲਦੀ ਹੈ।ਭਾਜਪਾ ਕਸ਼ਮੀਰ 'ਤੇ ਸੋਰੋਸ ਦੇ ਰੁਖ ਨੂੰ ਰਾਸ਼ਟਰ-ਵਿਰੋਧੀ ਵਜੋਂ ਜੋੜਦੀ ਰਹੀ ਹੈ।ਸੋਰੋਸ ਫਾਊਂਡੇਸ਼ਨ ਨੇ 1999 ਵਿੱਚ ਭਾਰਤ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। 2021 ਤੱਕ, ਸੋਰੋਸ ਦੀ ਫਾਊਂਡੇਸ਼ਨ ਨੇ ਆਪਣੀਆਂ ਭਾਰਤ ਦੀਆਂ ਗਤੀਵਿਧੀਆਂ ਲਈ ਲਗਭਗ 3.4 ਕਰੋੜ ਰੁਪਏ ਦਿੱਤੇ ਸਨ, ਜੋ ਕਿ ਉਸ ਸਾਲ ਦੁਨੀਆ ਭਰ ਵਿੱਚ 12,703 ਕਰੋੜ ਰੁਪਏ ਦੇ ਕੁੱਲ ਫੰਡਿੰਗ ਦਾ 0.02 ਪ੍ਰਤੀਸ਼ਤ ਹੈ।

Loading