
ਜਸ ਜੀਤ :
ਉਧਾਰੇ ਪਲਾਂ ਦੀ ਦਾਸਤਾਨ ਅਕਹਿ ਹੁੰਦੀ, ਅਬੋਲ ਹੁੰਦੀ। ਸਖਤ ਚੱਟਾਨਾਂ ਨਾਲ ਮੱਥਾ ਮਾਰਦਿਆਂ ਜ਼ਿੰਦਗੀ ਦੀਆਂ ਊਣਤਾਈਆਂ ਨਾਲ ਗੱਡਵੀਂ ਲੜਾਈ ਕਰਦਿਆਂ ਕਦੇ ਕਦੇ ਕੁਝ ਪਲ ਸਾਹ ਲੈਣ ਲਈ ਉਧਾਰੇ ਚਾਹੀਦੇ ਹੁੰਦੇ। ਜ਼ਿੰਦਗੀ ਦੀਆਂ ਊਣਤਾਈਆਂ ਵਿੱਚੋਂ ਸੂਖਮਤਾਈ ਨਾਲ ਸੰਭਾਵਨਾਵਾਂ ਦੀ ਰਿਸ਼ਮ ਲੱਭਣ ਲਈ ਇਹ ਪਲ ਲੋੜੀਂਦੇ ਹੁੰਦੇ ਹਨ ।ਜਦੋਂ ਜ਼ਿੰਦਗੀ ਨਾਲ ਜੂਝ- ਜੂਝ ਕੇ ਬੰਦਾ ਸਾਹ-ਸਤ ਹੀਣ ਹੋ ਜਾਂਦਾ ਹੈ ਉਦੋਂ ਇਹ ਬੰਦੇ ਅੰਦਰ ਸਾਹ ਵੀ ਭਰਦੇ ਹਨ ਤੇ ਸਤ ਵੀ ਬਖਸ਼ਦੇ ਹਨ ।ਬੰਦਾ ਜ਼ਿੰਦਗੀ ਤੋਂ ਕੁਝ ਪਲਾਂ ਦੀ ਮੁਹਲਤ ਮੰਗਦਾ। ਜ਼ਿੰਦਗੀ ਦੀਆਂ ਸਮੀਕਰਨਾਂ ਨੂੰ ਸਮਝਣਾ ਇੰਨਾ ਅਸਾਨ ਨਹੀਂ ਹੁੰਦਾ। ਇੱਕ ਸਮੀਕਰਨ ਨੂੰ ਸੁਲਝਾਉਂਦਿਆਂ ਕਿਧਰੋਂ ਕੋਈ ਹੋਰ ਪਾਸਾ ਉਲਝ ਜਾਂਦਾ ਹੈ। ਉਹਦਾ ਚਿੱਤ ਕਰਦਾ ਹੁੰਦਾ ਕਿ ਕੋਈ ਉਹਨੂੰ ਆਖੇ ਕਿ ਦੱਸ ਤੇਰਾ ਕੀ ਦੁਖਦਾ? ਉਹਨੂੰ ਸਾਥ ਦੀ ਭਾਲ ਹੁੰਦੀ। ਉਹਦਾ ਜੀ ਕਰਦਾ ਕਿ ਕੋਈ ਉਹਨੂੰ ਉਹਦੇ ਬਿਨਾਂ ਪੁੱਛੇ- ਕਹੇ ਬਸ ਉਹ ਕਰ ਦੇਵੇ ਜੋ ਅਜੇ ਉਹਦੇ ਚਿੱਤ ਵਿੱਚ ਹੀ ਧੜਕ ਰਿਹਾ ਹੁੰਦਾ।
ਫਿਰ ਬੰਦਾ ਮੁਹੱਬਤ ਭਾਲਦਾ, ਪਿਆਰ ਭਾਲਦਾ, ਮੋਹ ਭਾਲਦਾ। ਚੰਦਰੇ ਜਿਹੇ ਪਲਾਂ ਤੋਂ ਖੁਸ਼ਗਵਾਰ ਮਹੌਲ ਦੇ ਪਰਿਵਰਤਨ ਦੀ ਉਮੀਦ ਕਰਦਾ ਤੇ ਉਨ੍ਹਾਂ ਪਲਾਂ ਵਿੱਚ ਭਲਾ ਕੀ ਹੁੰਦਾ ? ਕਿਸੇ ਤਿਹਾਈ ਸੁੱਕਦੀ ਜਾ ਰਹੀ ਜੀਭ, ਖੁਸ਼ਕ ਬੁੱਲਾਂ ਤੇ ਕੋਈ ਪਾਣੀ ਦੀ ਬੂੰਦ ਜਦੋਂ ਟਪਕਦੀ ਹੈ ਤਾਂ ਬੰਦੇ ਨੂੰ ਘੜੀ ਦੀ ਘੜੀ ਕਰਾਰ ਆ ਜਾਂਦਾ। ਕੋਈ ਤਪਦੀ ਰੇਤ ਵਿੱਚ ਮੱਕੀ ਦੇ ਦਾਣੇ ਵਾਂਗ ਭੁੱਜ ਰਿਹਾ ਹੋਵੇ ਤੇ ਕੋਈ ਪਲ ਛਿਣ ਲਈ ਉਹਨੂੰ ਆਪਣੀ ਬੁੱਕਲ ਵਿੱਚ ਲੁਕੋ ਲਵੇ, ਮਰ ਚੁੱਕੇ ਬੂਟੇ ਨੂੰ ਜਦੋਂ ਕੋਈ ਨਾਲ ਦੇ ਬੂਟੇ ਦੀ ਇਕ ਟਾਹਣੀ ਕਹੇ ਕਿ ਲੈ !ਥੋੜੀ ਦੇਰ ਮੇਰਾ ਸਹਾਰਾ ਲੈ ਕੇ ਦਮ ਲੈ ਲੈ, ਮਾਂ ਵਿਹੂਣੇ ਬੱਚੇ ਨੂੰ ਕੋਈ ਤ੍ਰੀਮਤ ਆਪਣੀ ਛਾਤੀ ਨਾਲ ਲਗਾ ਕੇ ਆਖੇ, ਕੀਹਨੇ ਮਾਰਿਆ ਮੇਰੇ ਪੁੱਤ ਨੂੰ ?..ਭਾਵਨਾਵਾਂ ਦਾ ਕਿਹੋ ਜਿਹਾ ਸੋਹਣਾ ਵੇਗ ਉਤਰੇਗਾ ਮਨ ਮੰਦਰ ਦੀਆਂ ਪੌੜੀਆਂ ਤੇ... ਬਿਆਨ ਨਹੀਂ ਕੀਤਾ ਜਾ ਸਕਦਾ।
ਬਸ ਇਹੀ ਕੁਝ ਚੋਣਵੇਂ ਪਲ ਹੁੰਦੇ ਹਨ, ਜਿਨ੍ਹਾਂ ਵਿੱਚ ਬੰਦਾ ਜ਼ਿੰਦਗੀ ਦੀ ਰੁਮਾਨੀਅਤ ਨੂੰ, ਹੁਸੀਨਗੀ ਨੂੰ ਜਾਣਦਾ ਹੈ , ਮਾਣਦਾ ਹੈ... ਬਹੁਤ ਕਰੀਬ ਤੋਂ। ਬੰਦਾ ਜ਼ਿੰਦਗੀ ਤੋਂ ਹੀ ਉਹ ਪਲ ਉਧਾਰੇ ਮੰਗਦਾ ਹੈ ਜਿਨ੍ਹਾਂ ਪਲਾਂ ਵਿੱਚ ਉਹ ਕੁਝ ਪਲਾਂ ਲਈ ਜ਼ਿੰਦਗੀ ਦੀ ਤਸਵੀਰ ਦੇ ਲੁਕੇ ਰੰਗਾਂ ਦੀ ਨਿਸ਼ਾਨਦੇਹੀ ਕਰ ਸਕਣ ਦੇ ਕਾਬਲ ਹੁੰਦਾ ਹੈ। ਹਰ ਸ਼ਖਸ ਅਜਿਹਾ ਹੋਣਾ ਲੋਚਦਾ ਹੈ। ਹਰ ਬਸ਼ਰ ਐਸੇ ਪਲਾਂ ਦਾ ਗਵਾਹ ਬਣਨਾ ਲੋਚਦਾ ਹੈ। ਇਹ ਲਮਹੇ ਅਸਲ ਵਿੱਚ ਉਧਾਰੇ ਹੁੰਦੇ ਹੀ ਨਹੀਂ। ਬਸ ਇਹਨਾਂ ਨੂੰ ਮਾਨਣ ਸਜਾਉਣ ਲਈ ਪਲਾਂ ਨਾਲ ਥੋੜੀ ਜਿਹੀ ਮਨ-ਮਨੌਤੀ ਕਰਨੀ ਪੈਂਦੀ ਹੈ। ਮੁੜ ਤੋਂ ਜ਼ਿੰਦਗੀ ਦੇ ਪਿੜ ਵਿੱਚ ਗਰਜਣ ਲਈ ਥੋੜਾ ਜਿਹਾ ਰੁਕ ਕੇ ਮੁੜ ਤੋਂ ਠਿੱਲਣਾ ਪੈਂਦਾ ਹੈ। ਕਹਿਣਾ ਪੈਂਦਾ ਹੈ ਕਿ,
ਜ਼ਰਾ ਠਹਿਰ ਜਿੰਦੜੀਏ ਠਹਿਰ...