ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੂਨ 2025 ਵਿੱਚ ਅਲਬਰਟਾ ਸੂਬੇ ਦੇ ਕਨਾਨਾਸਕਿਸ ਵਿੱਚ ਜੀ-7 ਸੰਮੇਲਨ ਵਿੱਚ ਹਿੱਸਾ ਲੈਣ ਜੂਨ ਦੇ ਅੱਧ ਦੌਰਾਨ ਕੈਨੇਡਾ ਜਾ ਰਹੇ ਹਨ। ਇਸ ਦੀ ਮੇਜ਼ਬਾਨੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਕਰ ਰਹੇ ਹਨ। ਪਰ ਇਸ ਸੱਦੇ ਨੂੰ ਲੈ ਕੇ ਕੈਨੇਡਾ ਦੇ ਸਿੱਖ ਭਾਈਚਾਰੇ ਅਤੇ ਕੁਝ ਲਿਬਰਲ ਆਗੂਆਂ ਵਿੱਚ ਭਾਰੀ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਮੁੱਖ ਕਾਰਨ ਹੈ 2023 ਵਿੱਚ ਖ਼ਾਲਿਸਤਾਨ ਸਮਰਥਕ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਝਰ ਦਾ ਕਤਲ, ਜਿਸ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦੇ ਇਲਜ਼ਾਮ ਲੱਗੇ ਸਨ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਭਗ ਦਸ ਸਾਲਾਂ ਬਾਅਦ ਕੈਨੇਡਾ ਦਾ ਦੌਰਾ ਕਰਨ ਜਾ ਰਹੇ ਹਨ। ਉਹ ਪਿਛਲੀ ਵਾਰ ਅਪ੍ਰੈਲ 2015 ਵਿੱਚ ਕੈਨੇਡਾ ਗਏ ਸਨ, ਜਦੋਂ ਸਟੀਫ਼ਨ ਹਾਰਪਰ ਕੈਨੇਡਾ ਦੇ ਪ੍ਰਧਾਨ ਮੰਤਰੀ ਸਨ। ਇਸ ਵਾਰ ਮੋਦੀ ਜੀ-7 ਸੰਮੇਲਨ ਵਿੱਚ ਸ਼ਾਮਲ ਹੋਣ ਲਈ ਜੂਨ 2025 ਵਿੱਚ ਕਨਾਨਾਸਕਿਸ ਪਹੁੰਚਣਗੇ। ਜੀ-7 ਸੰਮੇਲਨ ਵਿੱਚ ਅਮਰੀਕਾ, ਫ਼ਰਾਂਸ, ਬ੍ਰਿਟੇਨ, ਜਾਪਾਨ, ਇਟਲੀ, ਜਰਮਨੀ ਅਤੇ ਕੈਨੇਡਾ ਦੇ ਸਿਖਰਲੇ ਆਗੂ ਹਿੱਸਾ ਲੈਂਦੇ ਹਨ, ਪਰ ਮੇਜ਼ਬਾਨ ਦੇਸ਼ ਨੂੰ ਹੋਰ ਦੇਸ਼ਾਂ ਨੂੰ ਸੱਦਾ ਦੇਣ ਦਾ ਅਧਿਕਾਰ ਹੁੰਦਾ ਹੈ। ਭਾਰਤ, ਜੋ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥ -ਵਿਵਸਥਾ ਅਤੇ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ, ਨੂੰ ਇਸ ਸੰਮੇਲਨ ਵਿੱਚ ਸੱਦਾ ਦਿੱਤਾ ਗਿਆ ਹੈ। ਸੰਮੇਲਨ ਦੇ ਨਾਲ-ਨਾਲ ਮੋਦੀ ਦੀ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਦੁਵੱਲੀ ਮੁਲਾਕਾਤ ਵੀ ਸੰਭਾਵਿਤ ਹੈ, ਜਿਸ ਵਿੱਚ ਵਪਾਰ, ਸੁਰੱਖਿਆ ਅਤੇ ਨਿੱਝਰ ਮਾਮਲੇ ’ਤੇ ਚਰਚਾ ਹੋ ਸਕਦੀ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਸੱਦੇ ਨੂੰ ਜਾਇਜ਼ ਠਹਿਰਾਉਂਦੇ ਹੋਏ ਕਿਹਾ ਕਿ ਭਾਰਤ ਦੁਨੀਆਂ ਦੀ ਤੇਜ਼ੀ ਨਾਲ ਵਧਦੀ ਅਰਥ ਵਿਵਸਥਾ ਹੈ ਅਤੇ ਕਈ ਮਹੱਤਵਪੂਰਨ ਸਪਲਾਈ ਚੇਨਾਂ ਦਾ ਕੇਂਦਰ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਜੀ-7 ਸੰਮੇਲਨ ਵਿੱਚ ਊਰਜਾ ਸੁਰੱਖਿਆ, ਡਿਜੀਟਲ ਭਵਿੱਖ ਅਤੇ ਮਹੱਤਵਪੂਰਨ ਖਣਿਜਾਂ ਵਰਗੇ ਮੁੱਦਿਆਂ ’ਤੇ ਚਰਚਾ ਲਈ ਭਾਰਤ ਦੀ ਸ਼ਮੂਲੀਅਤ ਜ਼ਰੂਰੀ ਹੈ। ਇਸ ਤੋਂ ਇਲਾਵਾ, ਕਾਰਨੀ ਨੇ ਦੁਵੱਲੇ ਪੱਧਰ ’ਤੇ ਕਾਨੂੰਨ ਲਾਗੂ ਕਰਨ ਵਾਲੀ ਗੱਲਬਾਤ ਨੂੰ ਜਾਰੀ ਰੱਖਣ ਦੀ ਵੀ ਵਕਾਲਤ ਕੀਤੀ ਪਰ ਇਹ ਸੱਦਾ ਅਤੇ ਮੋਦੀ ਦਾ ਦੌਰਾ ਕੈਨੇਡਾ ਵਿੱਚ ਵਿਵਾਦ ਦਾ ਕਾਰਨ ਬਣਿਆ ਹੈ, ਖਾਸ ਤੌਰ ’ਤੇ ਸਿੱਖ ਭਾਈਚਾਰੇ ਅਤੇ ਕੁਝ ਲਿਬਰਲ ਆਗੂਆਂ ਵਿੱਚ। ਇਸ ਦਾ ਸਭ ਤੋਂ ਵੱਡਾ ਕਾਰਨ ਹੈ ਹਰਦੀਪ ਸਿੰਘ ਨਿੱਝਰ ਦਾ ਕਤਲ, ਜਿਸ ਨੇ 2023 ਵਿੱਚ ਭਾਰਤ-ਕੈਨੇਡਾ ਸਬੰਧਾਂ ਨੂੰ ਇਤਿਹਾਸ ਦੇ ਸਭ ਤੋਂ ਨੀਵੇਂ ਪੱਧਰ ’ਤੇ ਲੈ ਆਂਦਾ ਸੀ। 18 ਜੂਨ 2023 ਨੂੰ, 45 ਸਾਲ ਦੇ ਹਰਦੀਪ ਸਿੰਘ ਨਿੱਝਰ, ਜੋ ਖ਼ਾਲਿਸਤਾਨ ਸਮਰਥਕ ਸਿੱਖ ਆਗੂ ਸਨ, ਨੂੰ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਅੱਤਵਾਦੀ ਐਲਾਨਿਆ ਹੋਇਆ ਸੀ।
ਸਤੰਬਰ 2023 ਵਿੱਚ, ਉਸ ਸਮੇਂ ਦੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਵਿੱਚ ਦਾਅਵਾ ਕੀਤਾ ਸੀ ਕਿ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਸੰਭਾਵੀ ਸ਼ਮੂਲੀਅਤ ਦੇ ਭਰੋਸੇਯੋਗ ਸਬੂਤ ਹਨ। ਇਸ ਬਿਆਨ ਨੇ ਭਾਰਤ-ਕੈਨੇਡਾ ਸਬੰਧਾਂ ਵਿੱਚ ਤੂਫ਼ਾਨ ਖੜ੍ਹਾ ਕਰ ਦਿੱਤਾ ਸੀ। ਭਾਰਤ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਬੁਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੱਤਾ ਸੀ। ਇਸ ਮਾਮਲੇ ਵਿੱਚ ਕੈਨੇਡਾ ਦੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਅਤੇ ਹੁਣ ਤੱਕ ਚਾਰ ਵਿਅਕਤੀਆਂ ਕਰਨ ਬਰਾੜ (22), ਕਮਲਪ੍ਰੀਤ ਸਿੰਘ (22), ਕਰਨਪ੍ਰੀਤ ਸਿੰਘ (28) ਅਤੇ ਅਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਰ ਇਹ ਜਾਂਚ ਅਜੇ ਵੀ ਜਾਰੀ ਹੈ ਅਤੇ ਸਿੱਖ ਭਾਈਚਾਰੇ ਦਾ ਮੰਨਣਾ ਹੈ ਕਿ ਭਾਰਤ ਸਰਕਾਰ ਨੇ ਇਸ ਜਾਂਚ ਵਿੱਚ ਪੂਰਾ ਸਹਿਯੋਗ ਨਹੀਂ ਕੀਤਾ।