ਅਬੂ ਧਾਬੀ ਦੇ ਚਮਕਦਾਰ ਲਾਈਟਸ ਹੇਠਾਂ, ਜਿੱਥੇ ਅੰਤਰਰਾਸ਼ਟਰੀ ਖੇਡਾਂ ਦਾ ਜੋਸ਼ ਚਰਮ ’ਤੇ ਪਹੁੰਚ ਗਿਆ ਸੀ, ਇੱਕ ਨੌਜਵਾਨ ਸਿੱਖ ਖਿਡਾਰੀ ਨੇ ਨਾ ਸਿਰਫ਼ ਭਾਰਤ ਵੱਲੋਂ ਇਤਿਹਾਸ ਰਚਿਆ, ਸਗੋਂ ਪੂਰੀ ਸਿੱਖ ਕੌਮ ਦਾ ਮਾਣ ਰਖਿਆ। ਜੁਝਾਰ ਸਿੰਘ ਢਿੱਲੋਂ ਉਰਫ਼ ‘ਟਾਈਗਰ’, ਚਮਕੌਰ ਸਾਹਿਬ ਦੇ ਵਾਰਡ ਨੰਬਰ 13 ਵਾਸੀ ਸੰਗਤ ਸਿੰਘ ਦੇ ਬੇਟੇ ਨੇ, ਯੂ.ਐਫ.ਸੀ. ਅਮਰੀਕਾ ਵੱਲੋਂ ਆਯੋਜਿਤ ਪਹਿਲੀ ਅੰਤਰਰਾਸ਼ਟਰੀ ਪਾਵਰ ਸਲੈਪ ਚੈਂਪੀਅਨਸ਼ਿਪ ਵਿੱਚ ਰਸ਼ੀਅਨ ਭਾਰੀਭਾਰ ਵਰਗੇ ਖਿਡਾਰੀ ਐਂਟੀ ਗੁਲਸਕਾ (ਅਨਾਤੋਲੀ ‘ਦ ਕ੍ਰੇਕਨ’ ਗਲੂਸ਼ਕਾ) ਨੂੰ ਤਿੰਨ ਰਾਊਂਡਾਂ ਵਾਲੀ ਲੜਾਈ ਵਿੱਚ ਚਿੱਤ ਕਰਕੇ ਪਹਿਲਾ ਚੈਂਪੀਅਨ ਬਣਨ ਦਾ ਸਨਮਾਨ ਹਾਸਲ ਕੀਤਾ।
ਇਹ ਮੁਕਾਬਲਾ 24 ਅਕਤੂਬਰ ਨੂੰ ਅਬੂ ਧਾਬੀ ਵਿੱਚ ਹੋਇਆ, ਜਿੱਥੇ ਨੇਵਾਡਾ ਸਟੇਟ ਐਥਲੈਟਿਕ ਕਮਿਸ਼ਨ ਵੱਲੋਂ ਅਧਿਕਾਰਤ ਇਸ ਟੂਰਨਾਮੈਂਟ ਵਿੱਚ ਹਜ਼ਾਰਾਂ ਦਰਸ਼ਕਾਂ ਨੇ ਗਵਾਹੀ ਦਿੱਤੀ। ਜੁਝਾਰ ਸਿੰਘ, ਜੋ 28 ਸਾਲਾਂ ਦਾ ਨੌਜਵਾਨ ਹੈ, ਦੀਆਂ ਜ਼ਬਰਦਸਤ ਚਪੇੜਾਂ ਨੇ ਨਾ ਸਿਰਫ਼ ਵਿਰੋਧੀ ਨੂੰ ਚਾਰੇ ਖਾਨੇ ਚਿੱਤ ਕੀਤਾ, ਸਗੋਂ ਜਿੱਤ ਤੋਂ ਬਾਅਦ ਰਿੰਗ ਵਿੱਚ ਪਾਏ ਭੰਗੜੇ ਨੇ ਸੋਸ਼ਲ ਮੀਡੀਆ ’ਤੇ ਰੰਗ ਬੰਨ ਦਿੱਤਾ।
ਕੀ ਹੈ ਪਾਵਰ ਸਲੈਪ?
ਪਾਵਰ ਸਲੈਪ ਇੱਕ ਅੰਤਰਰਾਸ਼ਟਰੀ ਥੱਪੜ ਲੜਾਈ ਵਾਲੀ ਖੇਡ ਹੈ, ਜਿੱਥੇ ਦੋ ਖਿਡਾਰੀ ਇੱਕੋ ਟੇਬਲ ਦੇ ਅੱਗੇ ਖੜ੍ਹੇ ਹੁੰਦੇ ਹਨ ਅਤੇ ਬਾਅਦ ਵਾਰ ਵਾਰ ਇੱਕ ਦੂਜੇ ਨੂੰ ਖੁੱਲ੍ਹੇ ਹੱਥ ਨਾਲ ਥੱਪੜ ਮਾਰਦੇ ਹਨ। ਇਹ ਖੇਡ ਨਾ ਤਾਂ ਬਾਕਸਿੰਗ ਵਰਗੀ ਹੈ, ਨਾ ਹੀ ਰੈਸਲਿੰਗ. ਵਰਗੀ, ਪਰ ਇਸ ਵਿੱਚ ਤਾਕਤ, ਸਹਿਣਸ਼ੀਲਤਾ ਅਤੇ ਮਾਨਸਿਕ ਹਿੰਮਤ ਦਾ ਅਜੀਬ ਜੁੜਾਅ ਹੈ। ਨਿਯਮਾਂ ਅਨੁਸਾਰ, ਖਿਡਾਰੀ ਨੂੰ ਟੇਬਲ ਦੇ ਨਿਸ਼ਾਨ ਵਾਲੇ ਬਾਕਸ ਵਿੱਚ ਪੈਰ ਰੱਖ ਕੇ ਖੜ੍ਹੇ ਰਹਿਣੇ ਪੈਂਦੇ ਹਨ। ਹਮਲਾ ਕਰਨ ਵਾਲੇ ਨੂੰ ਤਿੰਨ ਵਾਰ ਹੱਥ ਵਗਾ ਕੇ ਥੱਪੜ ਮਾਰਨਾ ਪੈਂਦਾ ਹੈ, ਤੇ ਬਚਾਅ ਕਰਨ ਵਾਲੇ ਨੂੰ ਮੂੰਹ ’ਤੇ ਥੱਪੜ ਝੱਲਣਾ ਪੈਂਦਾ ਹੈ। ਥੱਪੜ ਸਿਰਫ਼ ਗੱਲ੍ਹ ਤੇ ਅੱਖਾਂ ਹੇਠਾਂ ਵਾਲੀ ਥਾਂ ’ਤੇ ਲੱਗਣਾ ਚਾਹੀਦਾ ਹੈ – ਅੱਖਾਂ, ਕੰਨਾਂ ਜਾਂ ਮੂੰਹ ਨੂੰ ਨਹੀਂ ਛੂਹਣਾ।
ਇੱਕ ਰਾਊਂਡ ਵਿੱਚ 30 ਸਕਿੰਟਾਂ ਵਿੱਚ ਥੱਪੜ ਮਾਰਨਾ ਅਤੇ 30 ਸਕਿੰਟਾਂ ਵਿੱਚ ਬਹਿ ਰਹਿਣਾ ਹੁੰਦਾ ਹੈ। ਥੱਪੜ ਝੱਲਣ ਤੋਂ ਬਾਅਦ 30 ਸਕਿੰਟਾਂ ਤੱਕ ਖੜ੍ਹਾ ਰਹਿਣਾ ਪੈਂਦਾ ਹੈ, ਡਿੱਗਿਆ ਤਾਂ ਹਾਰ ਗਿਆ। ਜੇ ਖਿਡਾਰੀ ਡਿੱਗ ਜਾਂਦਾ ਹੈ ਤਾਂ ਰੈਫਰੀ 10 ਗਿਣਤੀ ਗਿਣਦਾ ਹੈ। ਤਿੰਨ ਤੋਂ ਪੰਜ ਰਾਊਂਡਾਂ ਤੱਕ ਚੱਲ ਸਕਦੀ ਹੈ ਲੜਾਈ ਅਤੇ ਜੱਜ ਥੱਪੜ ਦੀ ਤਾਕਤ, ਵਿਰੋਧੀ ਦੀ ਪ੍ਰਤੀਕਿਰਿਆ ਅਤੇ ਡਿਗਣ ਤੋਂ ਬਾਅਦ ਉਠਣ ਨੂੰ ਵੇਖ ਕੇ 10-9 ਪੁਆਇੰਟ ਸਿਸਟਮ ਨਾਲ ਫੈਸਲਾ ਕਰਦੇ ਹਨ। ਗਲਤੀਆਂ ਹੋ ਜਾਣ ਜਿਵੇਂ ਪੈਰ ਚੁੱਕਣਾ, ਹੱਥ ਨਾਲ ਰੋਕਣਾ ਜਾਂ ਦੇਰ ਕਰਨਾ ਤਾਂ ਅੰਕ ਕੱਟੇ ਜਾਂਦੇ ਨੇ ਜਾਂ ਸਿੱਧਾ ਬਾਹਰ ਕੱਢ ਦਿੱਤਾ ਜਾਂਦਾ ਹੈ।
ਖੇਡ ਵੀ ਵਜ਼ਨ ਵਰਗਾਂ ਵਿੱਚ ਵੰਡੀ ਹੈ – ਜਿਵੇਂ ਜੁਝਾਰ-ਗੁਲਸਕਾ ਭਾਰੀ ਭਾਰ ਵਰਗ ਵਿੱਚ ਲੜੇ।
ਪਰ ਇਹ ਖੇਡ ਵਿਵਾਦਾਂ ਵਿੱਚ ਵੀ ਹੈ – ਕਈ ਖਿਡਾਰੀਆਂ ਨੂੰ ਸਿਰ ਤੇ ਗੰਭੀਰ ਚੋਟਾਂ ਲੱਗੀਆਂ ਸਨ, ਜਿਸ ਕਰਕੇ ਅਮਰੀਕੀ ਕਾਂਗਰੈੱਸ ਨੇ ਜਾਂਚ ਦੀ ਮੰਗ ਕੀਤੀ ਸੀ।
2022 ਦੌਰਾਨ ਅਮਰੀਕੀ ਯੂ.ਐਫ.ਸੀ. ਦੇ ਮਾਲਕ ਅਤੇ ਚੀਫ਼ ਐਗਜ਼ੀਕਿਊਟਿਵ ਆਫੀਸਰ ਡੇਨਾ ਵ੍ਹਾਈਟ ਨੇ ਪਾਵਰ ਸਲੈਪ ਨੂੰ ਸ਼ੁਰੂ ਕੀਤਾ ਸੀ। ਪਹਿਲਾਂ ਇਹ ਟੀ.ਬੀ.ਐੱਸ. ਚੈਨਲ ’ਤੇ ਚੱਲਿਆ, ਫਿਰ ਰੰਬਲ ਅਤੇ ਹੁਣ ਯੂਟਿਊਬ ’ਤੇ ਆ ਰਿਹਾ ਹੈ। ਡੇਨਾ ਵ੍ਹਾਈਟ, ਜੋ ਯੂ.ਐਮ.ਸੀ. ਨੂੰ ਵਿਸ਼ਵ ਪੱਧਰ ’ਤੇ ਲੈ ਗਿਆ। ਇਹ ਖੇਡ ਤੇਜ਼ੀ ਨਾਲ ਫੈਲ ਰਹੀ ਹੈ ਅਤੇ ਅਬੂ ਧਾਬੀ ਵਾਲਾ ਇਵੈਂਟ ਇਸ ਦਾ ਪਹਿਲਾ ਅੰਤਰਰਾਸ਼ਟਰੀ ਵਰਜਨ ਸੀ। ਭਾਰਤ ਵਿੱਚ ਵੀ ਇਹ ਲੋਕਪ੍ਰਿਅ ਬਣ ਰਹੀ ਹੈ, ਕਿਉਂਕਿ ਇਸ ਵਿੱਚ ਪੰਜਾਬੀ ਯੂਥ ਨੂੰ ਆਪਣੀ ਤਾਕਤ ਦਿਖਾਉਣ ਦਾ ਮੌਕਾ ਮਿਲਿਆ ਹੈ।
ਜੁਝਾਰ ਸਿੰਘ ਦਾ ਚਮਕੌਰ ਸਾਹਿਬ ਦੇ ਖੇਤਾਂ ਤੋਂ ਰਿੰਗ ਤੱਕ ਦਾ ਸਫ਼ਰ
ਜੁਝਾਰ ਸਿੰਘ ਦੀ ਕਹਾਣੀ ਹੈ ਇੱਕ ਆਮ ਪੰਜਾਬੀ ਪਰਿਵਾਰ ਦੀ, ਜਿੱਥੋਂ ਨਿਕਲ ਕੇ ਉਹ ਵਿਸ਼ਵ ਚੈਂਪੀਅਨ ਬਣ ਗਿਆ। ਚਮਕੌਰ ਸਾਹਿਬ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹੀਦ ਜੁਝਾਰੂ ਸਿੰਘਾਂ ਦੀ ਯਾਦ ਵਿੱਚ ਜਾਣਿਆ ਜਾਂਦਾ ਹੈ, ਇਸ ਛੋਟੇ ਜਿਹੇ ਕਸਬੇ ਵਿੱਚ ਜੁਝਾਰ ਦਾ ਜਨਮ ਹੋਇਆ। ਉਸ ਦੇ ਪਿਤਾ ਸੰਗਤ ਸਿੰਘ ਢਿੱਲੋਂ ਇੱਕ ਸਾਧਾਰਨ ਕਿਸਾਨ ਅਤੇ ਵਪਾਰੀ ਹਨ, ਜੋ ਵਾਰਡ ਨੰਬਰ 13 ਵਿੱਚ ਰਹਿੰਦੇ ਹਨ। ਮਾਂ ਦਾ ਨਾਮ ਨਿਰਮਲ ਕੌਰ ਹੈ, ਜੋ ਘਰੇਲੂ ਔਰਤ ਹੈ। ਜੁਝਾਰ ਨੂੰ ਬਚਪਨ ਤੋਂ ਹੀ ਖੇਡਾਂ ਨਾਲ ਲਗਾਅ ਹੈ।
ਪੰਜਾਬ ਯੂਨੀਵਰਸਿਟੀ ਤੋਂ ਐਮ.ਐਮ.ਏ. ਵਿੱਚ ਡਿਗਰੀ ਲੈਣ ਵਾਲੇ ਜੁਝਾਰ ਨੇ 2018 ਦੌਰਾਨ ਖੇਡਾਂ ਵਿੱਚ ਕਦਮ ਰੱਖਿਆ ਉਸ ਨੇ ਲੋਕਲ ਐਮ.ਐਮ.ਏ. ਟੂਰਨਾਮੈਂਟਾਂ ਵਿੱਚ ਹਿੱਸਾ ਲਿਆ, ਜਿੱਥੇ ਉਸ ਨੂੰ ‘ਟਾਈਗਰ’ ਦਾ ਨਾਮ ਪਿਆ – ਕਿਉਂਕਿ ਉਸ ਦੀਆਂ ਚਪੇੜਾਂ ਸ਼ੇਰ ਵਾਂਗ ਜ਼ੋਰਦਾਰ ਹਨ। ਉਹ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਟ੍ਰੇਨਿੰਗ ਲੈਂਦਾ ਰਿਹਾ, ਜਿੱਥੇ ਉਸ ਨੇ ਨੈੱਕ ਸਟ੍ਰੈਂਥਨਿੰਗ (ਗਰਦਨ ਮਜ਼ਬੂਤ ਕਰਨ) ਅਤੇ ਬ੍ਰੀਥਿੰਗ ਐਕਸਰਸਾਈਜ਼ ’ਤੇ ਧਿਆਨ ਦਿੱਤਾ। ਪਰ ਪਾਵਰ ਸਲੈਪ ਵੱਲ ਉਸ ਨੂੰ ਟਰੇਨਿੰਗ ਐਮ.ਐਮ.ਏ. ਚੈਂਪੀਅਨ ਪੰਕਜ ਖੰਨਾ ਨੇ ਦਿੱਤੀ। ਪੰਕਜ ਨੇ ਜੁਝਾਰ ’ਤੇ ਭਰੋਸਾ ਕਰਕੇ ਉਸ ਨੂੰ ਅਬੂ ਧਾਬੀ ਵਾਲੇ ਇਵੈਂਟ ਲਈ ਚੁਣਿਆ। ਜੁਝਾਰ ਸਿੰਘ ਤਿਆਰੀ ਲਈ ਮਹੀਨੇ ਭਰ ਐਮ.ਐਮ.ਏ. ਜਿਮ ਵਿੱਚ ਰਿਹਾ, ਜਿੱਥੇ ਉਸ ਨੇ ਰਸ਼ੀਅਨ ਵਿਰੋਧੀ ਦੀਆਂ ਵੀਡੀਓਜ਼ ਵੇਖ ਕੇ ਉਸ ਦੀਆਂ ਕਮਜ਼ੋਰੀਆਂ ਲੱਭੀਆਂ। ਚਮਕੌਰ ਸਾਹਿਬ ਵਾਪਸ ਆ ਕੇ ਉਹ ਗੁਰਦੁਆਰੇ ਵਿੱਚ ਅਰਦਾਸ ਕਰਦਾ, ਜਿੱਥੇ ਉਸ ਨੂੰ ਗੁਰੂ ਜੀ ਦੀ ਸ਼ਕਤੀ ਮਿਲੀ।
24 ਅਕਤੂਬਰ ਨੂੰ ਅਬੂ ਧਾਬੀ ਦੇ ਐਥਲੈਟਿਕ ਕਲੱਬ ਵਿੱਚ ਪਾਵਰ ਸਲੈਪ 16 ਇਵੈਂਟ ਸ਼ੁਰੂ ਹੋਇਆ। ਜੁਝਾਰ ਨੂੰ ਰਸ਼ੀਅਨ ਐਂਟੀ ਗੁਲਸਕਾ ਨਾਲ ਮਿਲਾਇਆ ਗਿਆ, ਜੋ ‘ਦ ਕ੍ਰੇਕਨ’ ਉਰਫ਼ ਬਹੁਤ ਤਾਕਤਵਰ ਹੈ ਅਤੇ ਅੰਤਰਰਾਸ਼ਟਰੀ ਅਨੁਭਵੀ ਖਿਡਾਰੀ ਹੈ। ਕੁਈਨ ਟੌਸ ਵਿੱਚ ਜੁਝਾਰ ਨੂੰ ਪਹਿਲਾਂ ਡਿਫੈਂਡ ਕਰਨਾ ਪਿਆ। ਪਹਿਲੇ ਰਾਊਂਡ ਵਿੱਚ ਗੁਲਸਕਾ ਨੇ ਪਾਵਰ ਨਾਲ ਹਮਲਾ ਕੀਤਾ – ਉਸ ਦੇ ਥੱਪੜ ਨੇ ਜੁਝਾਰ ਦੀ ਅੱਖ ਦੇ ਨੇੜੇ ਕੱਟ ਲਗਾ ਦਿੱਤੀ। ਖੂਨ ਵਹਿ ਰਿਹਾ ਸੀ, ਪਰ ਜੁਝਾਰ ਨੇ ਹਾਰ ਨਹੀਂ ਮੰਨੀ। ਉਹ ਬਹਿ ਕੇ ਖੜ੍ਹਾ ਹੋ ਗਿਆ ਅਤੇ ਜੱਜਾਂ ਨੇ ਇਸ ਰਾਊਂਡ ਵਿੱਚ ਗੁਲਸਕਾ ਨੂੰ ਜੇਤੂ ਕਰਾਰ ਦਿੱਤਾ। ਦਰਸ਼ਕ ਹੈਰਾਨ ਸਨ – ਇੱਕ ਨਵਾਂ ਖਿਡਾਰੀ ਪੰਜਾਬੀ ਨੌਜਵਾਨ ਰਸ਼ੀਅਨ ਭਾਰੀਭਾਰ ਨਾਲ ਕਿਵੇਂ ਲੜ ਰਿਹਾ ਹੈ?
ਦੂਜੇ ਰਾਊਂਡ ਵਿੱਚ ਜੁਝਾਰ ਨੇ ਹਮਲਾ ਕੀਤਾ। ਉਹ ਰਿੰਗ ਵਿੱਚ ਉੱਤਰਨ ਤੋਂ ਪਹਿਲਾਂ ਅਰਦਾਸ ਕੀਤੀ ਅਤੇ ਸ਼ਹੀਦ ਹਰੀ ਸਿੰਘ ਨਲੂਆ ਦੀ ਵਾਰ ਪੜ੍ਹੀ – ਇਹ ਸੁਣ ਕੇ ਉਸ ਵਿੱਚ ਨਵਾਂ ਜੋਸ਼ ਭਰ ਆਇਆ। ਉਸ ਨੇ ਤਿੰਨ ਵਿੰਡ-ਅਪ ਲਏ ਅਤੇ ਇੱਕ ਜ਼ਬਰਦਸਤ ਥੱਪੜ ਮਾਰਿਆ, ਜਿਸ ਨਾਲ ਗੁਲਸਕਾ ਡਿੱਗ ਪਿਆ। ਰੈਫਰੀ ਨੇ 10 ਗਿਣਤੀ ਗਿਣੀ, ਪਰ ਗੁਲਸਕਾ ਉੱਠ ਗਿਆ। ਇਸ ਰਾਊਂਡ ਵਿੱਚ ਜੁਝਾਰ ਨੇ ਪੁਆਇੰਟ ਬਚਾਏ। ਤੀਜੇ ਅਤੇ ਫੈਸਲਾਕੁੰਨ ਰਾਊਂਡ ਵਿੱਚ ਜੁਝਾਰ ਨੇ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ। ਉਸ ਨੇ ਗੁਲਸਕਾ ਦੀ ਕਮਜ਼ੋਰ ਖੱਬੀ ਗਲ ਨੂੰ ਟਾਰਗੇਟ ਕੀਤਾ ਅਤੇ ਇੱਕ ਪਾਵਰਫੁਲ ਚਪੇੜ ਨਾਲ ਉਸ ਨੂੰ ਚਾਰੇ ਖਾਨੇ ਚਿੱਤ ਕਰ ਦਿੱਤਾ। ਗੁਲਸਕਾ ਡਿੱਗਿਆ ਅਤੇ ਉੱਠ ਨਾ ਸਕਿਆ। ਰਿੰਗ ਵਿੱਚ ਜੁਝਾਰ ਸਿੰਘ ਦੀ ਜਿੱਤ ਦਾ ਐਲਾਨ ਹੋਇਆ, ਅਤੇ ਦਰਸ਼ਕਾਂ ਨੇ ਤਾੜੀਆਂ ਵਜਾਈਆਂ।
ਜਿੱਤ ਤੋਂ ਬਾਅਦ ਜੁਝਾਰ ਸਿੰਘ ਰਿੰਗ ਵਿੱਚ ਚੈਂਪੀਅਨਸ਼ਿਪ ਬੈਲਟ ਗਲੇ ਵਿੱਚ ਪਾ ਕੇ ਉਹ ਭੰਗੜਾ ਪਾਉਣ ਲੱਗਾ। ਉਸਨੇ ਕਿਹਾ ਕਿ ਇਹ ਜਿੱਤ ਮੇਰੇ ਪਿੰਡ ਵਾਸੀਆਂ, ਮੇਰੇ ਪੰਜਾਬ ਅਤੇ ਸਿੱਖ ਪੰਥ ਨੂੰ ਸਮਰਪਿਤ ਹੈ।
ਜੁਝਾਰੂ ਸਿੰਘ ਦੀਆਂ ਭਵਿੱਖ ਬਾਰੇ ਯੋਜਨਾਵਾਂ:
ਜੁਝਾਰ ਸਿੰਘ ਹੁਣ ਫਰਵਰੀ 2026 ਵਿੱਚ ਅਮਰੀਕਾ ਵਿੱਚ ਹੋਣ ਵਾਲੇ ਪਾਵਰ ਸਲੈਪ ਇਵੈਂਟਾਂ ਵਿੱਚ ਹਿੱਸਾ ਲਵੇਗਾ, ਜਿੱਥੇ ਉਹ ਆਪਣਾ ਬੈਲਟ ਡਿਫੈਂਡ ਕਰੇਗਾ। ਉਹ ਕਹਿੰਦਾ ਹੈ, ‘ਇਹ ਜਿੱਤ ਸਿਰਫ਼ ਮੇਰੀ ਨਹੀਂ, ਹਰ ਭਾਰਤੀ ਨੌਜਵਾਨ ਦੀ ਹੈ ਜੋ ਸੁਪਨੇ ਵੇਖਦਾ ਹੈ। ਉਸ ਨੂੰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਵੀ ਪ੍ਰਸੰਸਾ ਮਿਲ ਰਹੀ ਹੈ। ਉਹ ਹੁਣ ਚਮਕੌਰ ਸਾਹਿਬ ਵਿੱਚ ਖੇਡ ਅਕੈਡਮੀ ਖੋਲ੍ਹਣ ਦੀ ਯੋਜਨਾ ਬਣਾ ਰਿਹਾ ਹੈ, ਤਾਂ ਜੋ ਹੋਰ ਨੌਜਵਾਨਾਂ ਨੂੰ ਟਰੇਨਿੰਗ ਦਿੱਤੀ ਜਾ ਸਕੇ ।
![]()
