
ਅੰਮ੍ਰਿਤਸਰ/ ਏ.ਟੀ.ਨਿਊਜ਼: ਜੂਨ 1984 ’ਚ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਫ਼ੌਜੀ ਹਮਲੇ ਸਮੇਂ ਨੂੰ ਬਿਆਨ ਕਰਦੀਆਂ ਤਸਵੀਰਾਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇੱਕ ਵੱਡਅਕਾਰੀ ਕਿਤਾਬ ਦੇ ਰੂਪ ਵਿੱਚ ਜਾਰੀ ਕੀਤਾ ਹੈ। ਇਸ ਮੌਕੇ ਧਾਮੀ ਨੇ ਕਿਹਾ ਕਿ ਜੂਨ 1984 ਦਾ ਇਹ ਘੱਲੂਘਾਰਾ ਸਿੱਖ ਇਤਿਹਾਸ ਦਾ ਇੱਕ ਦੁਖਦਾਈ ਅਧਿਆਇ ਹੈ। ਇਸ ਸਮਂੇ ਦੀਆਂ ਕੁਝ ਤਸਵੀਰਾਂ ਫੋਟੋਗ੍ਰਾਫਰ ਸਤਪਾਲ ਸਿੰਘ ਦਾਨਿਸ਼ ਨੇ ਸਾਂਭੀਆਂ ਸਨ, ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੇ ਇੱਕ ਸਚਿੱਤਰ ਪੁਸਤਕ ਦੇ ਰੂਪ ਵਿੱਚ ਤਿਆਰ ਕਰਕੇ ਜਾਰੀ ਕੀਤਾ ਹੈ। ਇਸ ਵਿੱਚ ਦਰਜ ਤਸਵੀਰਾਂ ਸਮੇਂ ਦੇ ਹਾਲਾਤ ਅਤੇ ਸਰਕਾਰ ਵੱਲੋਂ ਕੀਤੇ ਜ਼ੁਲਮਾਂ ਨੂੰ ਦਰਸਾਉਂਦੀਆਂ ਹਨ। ਇਹ ਕਿਤਾਬ ਸ਼੍ਰੋਮਣੀ ਕਮੇਟੀ ਦਫ਼ਤਰ, ਸਿੱਖ ਰੈਂਫਰੈਂਸ ਲਾਇਬ੍ਰੇਰੀ, ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਅਤੇ ਸਿੱਖ ਅਜਾਇਬ ਘਰ ਵਿੱਚ ਰੱਖੀ ਜਾਵੇਗੀ, ਤਾਂ ਜੋ ਸੰਗਤਾਂ ਸਰਕਾਰ ਵੱਲੋਂ ਸਿੱਖਾਂ ’ਤੇ ਕੀਤੇ ਜ਼ੁਲਮ ਤੋਂ ਜਾਣੂ ਹੋ ਸਕਣ। ਇਸ ਤੋਂ ਇਲਾਵਾ ਇਸ ਦਾ ਡਿਜੀਟਾਈਜੇਸ਼ਨ ਕਰਕੇ ਵੀ ਵੱਖ-ਵੱਖ ਮਾਧਿਅਮਾਂ ਰਾਹੀਂ ਸੰਗਤਾਂ ਤੀਕ ਪਹੁੰਚਾਇਆ ਜਾਵੇਗਾ। ਕਿਤਾਬ ਜਾਰੀ ਮੌਕੇ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ, ਅੰਤ੍ਰਿੰਗ ਮੈਂਬਰ ਸੁਰਜੀਤ ਸਿੰਘ ਤੁਗਲਵਾਲ, ਪਰਮਜੀਤ ਸਿੰਘ ਖ਼ਾਲਸਾ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਸੁਰਜੀਤ ਸਿੰਘ ਭਿੱਟੇਵੱਡ, ਭਾਈ ਅਜੈਬ ਸਿੰਘ ਅਭਿਆਸੀ, ਅੰਮ੍ਰਿਤਪਾਲ ਸਿੰਘ ਕੁਲਾਰ, ਓਐਸਡੀ ਸਤਬੀਰ ਸਿੰਘ ਧਾਮੀ, ਨਿੱਜੀ ਸਕੱਤਰ ਸ਼ਾਹਬਜ਼ ਸਿੰਘ, ਮੀਤ ਸਕੱਤਰ ਹਰਭਜਨ ਸਿੰਘ ਵਕਤਾ, ਮੈਨੇਜਰ ਭਗਵੰਤ ਸਿੰਘ ਧੰਗੇੜਾ, ਨਿਸ਼ਾਨ ਸਿੰਘ, ਜੋਗੇਸ਼ਵਰ ਸਿੰਘ, ਜਤਿੰਦਰਪਾਲ ਸਿੰਘ, ਇਕਬਾਲ ਸਿੰਘ ਮੁਖੀ ਆਦਿ ਮੌਜੂਦ ਸਨ।