ਡਾਕਟਰ ਗੁਲਾਮ ਮੁਸਤਫਾ ਡੋਗਰ:
ਦੁਨੀਆ 'ਚ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਦੀ ਕਿੰਨੀ ਆਬਾਦੀ ਹੈ, ਇਸ ਸਵਾਲ ਦਾ ਕੋਈ ਪੱਕਾ ਜਵਾਬ ਆਮ ਤੌਰ 'ਤੇ ਨਹੀਂ ਮਿਲਦਾ। ਮੈਂ ਪੰਜਾਬੀਆਂ ਦੀ ਕੁਲ ਆਬਾਦੀ ਬਾਰੇ ਕਈ ਲੋਕਾਂ ਦੀਆਂ ਗੱਲਾਂ ਸੁਣਦਾ ਰਹਿੰਦਾ ਅਤੇ ਉਨ੍ਹਾਂ ਦੀਆਂ ਲਿਖਤਾਂ ਪੜ੍ਹਦਾ ਰਹਿੰਦਾ ਹਾਂ। ਅਸਲ ਵਿਚ ਇਹ ਮਸਲਾ 1947 ਦੀ ਵੰਡ ਤੋਂ ਬਾਅਦ ਪੈਦਾ ਹੋਇਆ ਹੈ। ਪਹਿਲਾਂ ਤਾਂ ਪੰਜਾਬ ਇਕੱਠਾ ਹੀ ਸੀ ਅਤੇ ਵੱਡੀ ਗਿਣਤੀ 'ਚ ਪੰਜਾਬੀ ਪੰਜਾਬ ਨੂੰ ਛੱਡ ਕੇ ਕਿਸੇ ਹੋਰ ਪਾਸੇ ਮੂੰਹ ਨਹੀਂ ਸਨ ਕਰਦੇ। ਉਂਝ ਵੀ ਪਹਿਲਾਂ ਇਸ ਤਰ੍ਹਾਂ ਦੀਆਂ ਕੋਈ ਸਹੂਲਤਾਂ ਵੀ ਨਹੀਂ ਸਨ, ਜੋ ਬਾਅਦ 'ਚ ਹੋਈਆਂ ਜਿਵੇਂ ਜਹਾਜ਼, ਰੇਲ, ਬੱਸ ਅਤੇ ਸੜਕਾਂ ਆਦਿ। ਪੰਜਾਬ ਦੇ ਕਿਸੇ ਪਾਸੇ ਵੀ ਸਿੱਧਾ-ਸਿੱਧਾ ਸਮੁੰਦਰ ਨਹੀਂ ਸੀ ਲੱਗਦਾ। ਸਮੁੰਦਰ ਇੱਥੋਂ ਦੂਰ ਦੱਖਣ ਵਾਲੇ ਪਾਸੇ ਹੈ। ਉਸ ਪਾਸੇ ਸਿੰਧ, ਬਲੋਚਸਤਾਨ ਤੇ ਰਾਜਸਥਾਨ ਦਾ ਇਲਾਕਾ ਲੱਗਦਾ ਹੈ। ਬਾਕੀ ਪਾਸਿਆਂ ਵੱਲ ਤਾਂ ਸਮੁੰਦਰ ਹੈ ਹੀ ਨਹੀਂ ਨਾ ਤਾਂ ਅਫ਼ਗਾਨਿਸਤਾਨ ਵੱਲ, ਨਾ ਚੀਨ ਵੱਲ, ਨਾ ਦਿੱਲੀ ਤੇ ਨਾ ਹੀ ਬਿਹਾਰ ਵੱਲ। ਪੰਜਾਬੀ ਉਂਝ ਵੀ ਆਪਣਾ ਘਰ-ਬਾਰ ਛੱਡ ਕੇ ਦੂਜੇ ਦੇਸ਼ਾਂ ਵੱਲ ਪਰਵਾਸ ਕਰਨ ਲਈ ਛੇਤੀ ਤਿਆਰ ਨਹੀਂ ਸਨ ਹੁੰਦੇ। ਇਨਸਾਨ ਉਸ ਵੇਲੇ ਹੀ ਘਰ-ਬਾਰ ਛੱਡ ਕੇ ਜਾਂਦਾ ਹੈ, ਜਦੋਂ ਭੁੱਖ ਤੋਂ ਬੇਜਾਰ ਹੋ ਜਾਂਦਾ ਹੈ, ਜਿਵੇਂ ਕਿ ਅੱਜਕੱਲ੍ਹ ਦੋਵਾਂ ਪੰਜਾਬਾਂ ਦੇ ਲੋਕ ਆਪਣਾ ਮੁਲਕ ਛੱਡ ਕੇ ਯੂਰਪ ਅਤੇ ਹੋਰ ਦੂਜੇ ਮੁਲਕਾਂ ਵੱਲ ਜਾ ਰਹੇ ਨੇ। ਪੰਜਾਬ 'ਚ ਜ਼ਮੀਨ ਚੰਗੀ ਤੇ ਜਰਖੇਜ਼ ਸੀ ਤੇ ਸਾਲ ਦੇ ਦਾਣੇ ਖਾਣ-ਪੀਣ ਵਾਸਤੇ ਆ ਜਾਂਦੇ ਸਨ। ਪੰਜਾਬ 'ਤੇ ਹਮਲਾ ਕਰਨ ਵਾਲੇ ਪਠਾਣ, ਮੁਗ਼ਲ, ਅਰਬ ਤੇ ਅਖ਼ੀਰ 'ਚ ਅੰਗਰੇਜ਼ ਭੁੱਖੇ ਮਰਦੇ ਹੋਏ ਹੀ ਆਪਣੇ ਇਲਾਕੇ ਛੱਡ ਕੇ ਇਸ ਮੁਲਕ 'ਤੇ ਹਮਲਾਵਰ ਹੋਏ। 1947 ਤੋਂ ਪਹਿਲਾਂ ਮਰਦਮਸ਼ੁਮਾਰੀਆਂ ਹੁੰਦੀਆਂ ਸਨ। ਪੰਜਾਬ ਦੀ ਵੰਡ ਤੋਂ ਬਾਅਦ ਅਸਲ ਮੁਸੀਬਤ ਖੜ੍ਹੀ ਹੋਈ, ਇਕ ਤਾਂ ਪੰਜਾਬ ਸ਼ੁਰੂ 'ਚ ਹੀ ਦੋ ਹਿੱਸਿਆਂ 'ਚ ਵੰਡਿਆ ਗਿਆ ਤੇ ਦੂਜਾ ਭਾਰਤੀ ਪੰਜਾਬ ਦੇ ਅੱਗੇ ਤਿੰਨ ਹਿੱਸੇ ਕਰ ਦਿੱਤੇ ਗਏ। ਦਿੱਲੀ ਤੇ ਇਸਲਾਮਾਬਾਦ ਜੋ ਕਦੇ ਪੰਜਾਬ ਦਾ ਹੀ ਹਿੱਸਾ ਹੁੰਦੇ ਸਨ, ਇਨ੍ਹਾਂ ਦੋਵਾਂ ਨੂੰ ਪੰਜਾਬ 'ਚੋਂ ਕੱਢ ਦਿੱਤਾ ਗਿਆ। 1947 ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੀਆਂ ਲੜਾਈਆਂ ਕਾਰਨ ਪੰਜਾਬ ਦੇ ਦੋਵੇਂ ਹਿੱਸਿਆਂ ਦਾ ਮੇਲ-ਮਿਲਾਪ ਜਾਂ ਰਾਬਤਾ ਨਹੀਂ ਰਿਹਾ। ਵੀਜ਼ੇ ਦੀਆਂ ਵੀ ਪਾਬੰਦੀਆਂ ਰਹੀਆਂ ਤੇ ਉਸ ਮਗਰੋਂ ਸਰਹੱਦ ਉੱਤੇ ਕੰਡਿਆਂ ਵਾਲੀ ਤਾਰ ਵੀ ਲੱਗ ਗਈ। ਹੁਣ ਤਮਾਮ ਪੰਜਾਬੀਆਂ ਦਾ ਇੰਟਰਨੈੱਟ ਦੀ ਵਜ੍ਹਾ ਨਾਲ ਆਪਸ 'ਚ ਰਾਬਤਾ ਹੋ ਗਿਆ ਹੈ। ਪੰਜਾਬੀਆਂ ਦੀ ਆਬਾਦੀ ਬਾਰੇ ਨੈੱਟ ਤੋਂ ਵੀ ਅੰਕੜੇ ਮਿਲ ਜਾਂਦੇ ਹਨ। ਪਰ ਪੰਜਾਬ ਦੇ ਲੋਕਾਂ ਦਾ ਆਪਸ ਵਿਚ ਮਿਲਵਰਤਨ ਹਾਲੇ ਵੀ ਬਹੁਤ ਥੋੜ੍ਹਾ ਹੈ। ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਲਹਿੰਦੇ ਪੰਜਾਬ ਵਿਚ ਵੱਸਦੇ ਪੰਜਾਬੀਆਂ ਦੀ ਆਬਾਦੀ ਦਾ ਕੋਈ ਬਹੁਤਾ ਇਲਮ ਨਹੀਂ ਹੁੰਦਾ। ਲਹਿੰਦੇ ਪੰਜਾਬ ਦੇ ਵਾਸੀ ਚੜ੍ਹਦੇ ਪੰਜਾਬ ਦੇ ਤਿੰਨ ਟੁਕੜਿਆਂ ਵਿਚ ਵੰਡਣ ਦੀ ਵਜ੍ਹਾ ਨਾਲ ਭੰਬਲਭੂਸੇ ਵਿਚ ਪਏ ਰਹਿੰਦੇ ਨੇ। ਚੜ੍ਹਦੇ ਪੰਜਾਬ ਦੇ ਵਸਨੀਕਾਂ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਕਿ ਲਹਿੰਦੇ ਪੰਜਾਬ ਵਿਚ ਰਹਿੰਦੇ ਪੰਜਾਬੀਆਂ ਦੀ ਗਿਣਤੀ ਕਿੰਨੀ ਹੈ, ਕਿਉ ਜੋ ਉਨ੍ਹਾਂ ਦੇ ਇਲਮ ਵਿਚ ਇਹ ਗੱਲ ਨਹੀਂ ਕਿ ਪਠਾਣਾਂ ਦੇ ਸੂਬੇ ਖੈਬਰ ਪਖਤੂਨਖ਼ਵਾ, ਬਲੋਚਿਸਤਾਨ, ਸਿੰਧ ਤੇ ਕਸ਼ਮੀਰ ਵਿਚ ਕਿੰਨੇ ਪੰਜਾਬੀ ਵੱਸਦੇ ਹਨ? ਮੈਂ ਚੜ੍ਹਦੇ ਪੰਜਾਬ ਦੇ ਕਈ ਵਿਦਵਾਨਾਂ ਨੂੰ ਇਹ ਕਹਿੰਦਿਆਂ ਸੁਣਿਆ ਹੈ ਕਿ ਲਹਿੰਦੇ ਪੰਜਾਬ ਦੇ ਪੰਜਾਬੀਆਂ ਦੀ ਸੰਖਿਆ ਕੋਈ 4 ਕਰੋੜ ਦੇ ਕਰੀਬ ਹੈ। ਜੇ ਮੈਨੂੰ ਸਹੀ ਤਰ੍ਹਾਂ ਯਾਦ ਹੈ ਕਿ ਇਕ ਦਫ਼ਾ ਮੈਂ ਯੂ ਟਿਊਬ 'ਤੇ ਮਸ਼ਹੂਰ ਗਾਇਕ ਬੱਬੂ ਮਾਨ ਨੂੰ ਇਹੀ ਗੱਲ ਕਹਿੰਦਿਆਂ ਸੁਣਿਆ ਕਿ ਲਹਿੰਦੇ ਪੰਜਾਬ ਦੇ ਪੰਜਾਬੀਆਂ ਦੀ ਜਨਸੰਖਿਆ 4 ਕਰੋੜ ਦੇ ਕਰੀਬ ਹੈ। ਮੈਂ ਅੱਜ ਪੂਰੀ ਕੋਸ਼ਿਸ਼ ਕਰਾਂਗਾ ਕਿ ਲਹਿੰਦੇ ਪੰਜਾਬ ਅਤੇ ਬਾਕੀ ਪਾਕਿਸਤਾਨ ਵਿਚ ਰਹਿੰਦੇ ਪੰਜਾਬੀਆਂ ਦੀ ਜਨਸੰਖਿਆ ਬਾਰੇ ਦੱਸ ਸਕਾਂ। ਚੜ੍ਹਦੇ ਪੰਜਾਬ ਦੀ ਜਨਸੰਖਿਆ ਬਾਰੇ ਤਾਂ ਤੁਹਾਨੂੰ ਇਲਮ ਹੀ ਹੈ ਕੁੱਲ ਜਨਸੰਖਿਆ ਦਾ ਤੁਹਾਨੂੰ ਖੁਦ ਹੀ ਪਤਾ ਲੱਗ ਜਾਵੇਗਾ।ਪਹਿਲਾਂ ਲਹਿੰਦੇ ਪੰਜਾਬ ਨੂੰ ਲੈ ਲੈਂਦੇ ਹਾਂ। ਕੁਝ ਗੱਲਾਂ ਬਾਰੇ ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਜਾਣਕਾਰੀ ਨਹੀਂ। ਜੇ ਪੰਜਾਬ ਦਾ ਮਰਕਜ਼ ਅਸੀਂ ਲਾਹੌਰ ਨੂੰ ਮੰਨ ਲਈਏ ਤੇ ਲਾਹੌਰ ਦੇ ਪਹਾੜ ਪਾਸੇ ਜੇਹਲਮ, ਚਕਵਾਲ, ਰਾਵਲਪਿੰਡੀ, ਇਸਲਾਮਾਬਾਦ ਤੇ ਪਿੰਡੀਖੇਤ ਦੇ ਇਲਾਕਿਆਂ ਨੂੰ ਪੋਠੋਹਾਰ ਦਾ ਇਲਾਕਾ ਕਿਹਾ ਜਾਂਦਾ ਹੈ, ਤਾਂ ਇੱਥੇ ਪੰਜਾਬੀ ਦਾ ਲਹਿਜਾ ਪੋਠੋਹਾਰੀ ਬੋਲਿਆ ਜਾਂਦਾ ਹੈ। ਜੇਹਲਮ ਤੋਂ ਅੱਗੇ ਪਾਕਿਸਤਾਨੀ ਕਸ਼ਮੀਰ ਦਾ ਇਲਾਕਾ ਆ ਜਾਂਦਾ ਹੈ, ਜਿਸ ਦੀ ਆਬਾਦੀ 50 ਲੱਖ ਦੇ ਕਰੀਬ ਹੈ ਤੇ ਇੱਥੇ ਪੰਜਾਬੀ ਹੀ ਬੋਲੀ ਜਾਂਦੀ ਹੈ। ਇਸ ਵਿਚ ਪੋਠੋਹਾਰੀ ਲਹਿਜਾ ਹੀ ਸ਼ਾਮਿਲ ਹੁੰਦਾ ਹੈ। ਮੀਰਪੁਰ ਜ਼ਿਲ੍ਹੇ ਦੀ ਆਬਾਦੀ 25 ਲੱਖ ਭਾਵ ਕੁੱਲ ਕਸ਼ਮੀਰੀ ਆਬਾਦੀ 40 ਲੱਖ ਦਾ 70% ਭਾਵ ਬਾਕੀ ਸਾਰਾ ਕਸ਼ਮੀਰ ਜੋ ਪਾਕਿਸਤਾਨ ਦੇ ਕੋਲ ਹੈ, ਉਸ ਦੀ ਆਬਾਦੀ ਕੇਵਲ 15 ਲੱਖ ਹੈ। ਅਸਲ ਕਸ਼ਮੀਰ ਦੀ ਭਾਸ਼ਾ ਤਾਂ ਭਾਰਤੀ ਕਸ਼ਮੀਰ ਵਿਚ ਹੀ ਬੋਲੀ ਜਾਂਦੀ ਹੈ, ਜਿਵੇਂ ਕਿ ਸ੍ਰੀਨਗਰ ਵਿਚ ਹੈ। ਲਾਹੌਰ ਤੋਂ ਦੱਖਣ ਵਾਲੇ ਪਾਸੇ ਮੁਲਤਾਨ ਵਾਲੇ ਪਾਸੇ ਸਰਾਈਕੀ ਭਾਸ਼ਾ ਬੋਲੀ ਜਾਂਦੀ ਹੈ, ਜਿਸ ਨੂੰ ਅਸੀ ਸਰਾਈਕੀ ਲਹਿਜਾ ਕਹਿੰਦੇ ਹਾਂ। ਪੇਸ਼ਾਵਰ ਵਿਚ ਵੀ 1979 ਤੋਂ ਪਹਿਲਾਂ ਜਦੋਂ ਕਿ ਅਫ਼ਗਾਨਿਸਤਾਨ 'ਤੇ ਰੂਸ ਨੇ ਹਮਲਾ ਨਹੀਂ ਕੀਤਾ ਤਾਂ ਉੱਥੇ ਵੀ ਹਿੰਦਕੋ ਬੋਲਣ ਵਾਲੇ ਬਹੁਗਿਣਤੀ ਵਿਚ ਵਸਦੇ ਸਨ। ਬਾਅਦ ਵਿਚ ਅਫ਼ਗਾਨਿਸਤਾਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਅਫ਼ਗਾਨਿਸਤਾਨ ਦੇ ਪਠਾਣ ਤੇ ਸਰਹੱਦੀ ਇਲਾਕੇ ਦੇ ਪਠਾਣ ਉੱਥੋਂ ਉੱਠ ਕੇ ਪਾਕਿਸਤਾਨੀ ਇਲਾਕੇ ਵਿਚ ਆ ਗਏ ਤੇ ਪੇਸ਼ਾਵਰ ਵਿਚ ਵੱਡੀ ਗਿਣਤੀ ਵਿਚ ਆ ਵਸੇ। ਜਿਹਦੀ ਵਜ੍ਹਾ ਨਾਲ ਪੇਸ਼ਾਵਰ ਦਾ ਜ਼ਿਲ੍ਹਾ ਜੋ ਹਿੰਦਕੋ ਦਾ ਗੜ੍ਹ ਸੀ, ਉੱਥੇ ਪਸਤੋ ਬੋਲਣ ਵਾਲੇ ਜ਼ਿਆਦਾ ਹੋ ਗਏ ਤੇ ਹਿੰਦਕੋ ਬੋਲਣ ਵਾਲੇ ਘੱਟ ਹੋ ਗਏ। ਪਾਕਿਸਤਾਨ ਦੀ ਕੁੱਲ ਜਨਸੰਖਿਆ 2024 ਵਿਚ ਤਕਰੀਬਨ 25 ਕਰੋੜ ਦੇ ਕਰੀਬ ਹੈ। ਇਸ ਵਿਚ ਪੰਜਾਬ ਸੂਬੇ ਦੀ ਆਬਾਦੀ 14 ਕਰੋੜ ਹੈ, ਜੋ ਕਿ ਕੁੱਲ ਪਾਕਿਸਤਾਨੀ ਆਬਾਦੀ ਦਾ 55% ਬਣਦਾ ਹੈ। ਇਸ ਵਿਚ ਸਭ ਪੰਜਾਬੀ ਬੋਲਣ ਵਾਲੇ ਹੀ ਵਸਦੇ ਹਨ। ਜੇ ਕਿਸੇ ਦੂਸਰੇ ਸੂਬੇ ਦਾ ਵਿਅਕਤੀ ਵੀ ਇੱਥੇ ਆ ਕੇ ਵੱਸਦਾ ਹੈ, ਉਹ ਵੀ ਪੰਜਾਬੀ ਸਮਝਦਾ ਤੇ ਬੋਲਦਾ ਹੈ। ਆਬਾਦੀ ਦੇ ਹਿਸਾਬ ਨਾਲ ਸਿੰਧ ਪਾਕਿਸਤਾਨ ਦਾ ਦੂਜਾ ਵੱਡਾ ਸੂਬਾ ਹੈ। ਇਸ ਦੀ ਆਬਾਦੀ ਸਾਢੇ ਪੰਜ ਕਰੋੜ ਹੈ, ਜੋ ਪੂਰੇ ਪਾਕਿਸਤਾਨ ਦੀ ਆਬਾਦੀ ਦਾ 21% ਹੈ। ਸੂਬਾ ਸਿੰਧ ਵਿਚ ਘੱਟੋ-ਘੱਟ 50 ਲੱਖ ਪੰਜਾਬੀ ਵੱਸਦੇ ਹਨ, ਜਿਨ੍ਹਾਂ ਵਿਚ ਨਰੋਏ ਪੰਜਾਬੀ 25 ਲੱਖ, 10 ਲੱਖ ਤੋਂ ਉੱਤੇ ਸਰਾਇਕੀ, 8 ਲੱਖ ਦੇ ਕਰੀਬ ਹਿੰਦਕੋ ਬੋਲਣ ਵਾਲੇ ਤੇ 70 ਹਜ਼ਾਰ ਦੇ ਕਰੀਬ ਕਸ਼ਮੀਰੀ ਵੱਸਦੇ ਹਨ। ਇਹ ਸਿੰਧ ਦੀ ਕੁੱਲ ਆਬਾਦੀ ਦਾ ਕਰੀਬ 10 % ਦੇ ਲਾਗੇ ਚਾਗੇ ਹਨ। ਤੀਸਰੇ ਨੰਬਰ 'ਤੇ ਪਠਾਣਾਂ ਵਾਲੀ ਆਬਾਦੀ ਦਾ ਸੂਬਾ ਖੈਬਰ ਪਖਤੂਨਖ਼ਵਾ ਹੈ, ਜਿਸ ਦੀ ਆਬਾਦੀ 4 ਕਰੋੜ ਤੋਂ ਉੱਤੇ ਹੈ। ਇਸ ਸੂਬੇ ਦੀ ਆਬਾਦੀ ਦਾ 25% ਪੰਜਾਬੀ ਭਾਸ਼ਾ ਬੋਲਣ ਵਾਲੇ ਹਨ। ਇਸ ਸੂਬੇ ਵਿਚ ਇੱਕ ਬਹੁਤ ਵੱਡਾ ਇਲਾਕਾ ਹਰੀਪੁਰ ਹਜ਼ਾਰਾ ਅਖਵਾਉਂਦਾ ਹੈ। ਜਿੱਥੇ 70 ਲੱਖ ਲੋਕ ਆਬਾਦ ਨੇ, ਇਹ ਹਰੀਪੁਰ ਹਜ਼ਾਰਾ ਤੇ ਐਪਟਾਬਾਦ ਦੇ ਜ਼ਿਲ੍ਹਿਆਂ ਵਿਚ ਵਸਦੇ ਨੇ। ਇਨ੍ਹਾਂ ਜ਼ਿਲ੍ਹਿਆਂ ਹਿੰਦਕੋ ਪੰਜਾਬੀ ਬੋਲਣ ਵਾਲਿਆਂ ਦੀ ਆਬਾਦੀ 70 ਲੱਖ ਦੇ ਕਰੀਬ ਹੈ। ਖੈਬਰ ਪਖਤੂਨਖਵਾ ਦੇ ਜ਼ਿਲ੍ਹਾ ਡੇਰਾ ਇਸਮਾਈਲ ਖਾਨ ਵਿਚ 18 ਲੱਖ ਦੀ ਆਬਾਦੀ ਹੈ, ਜਿਹਦੇ ਵਿਚੋਂ 67% ਪੰਜਾਬੀ ਬੋਲਣ ਵਾਲੇ ਹਨ। ਭਾਵ 3 ਹਿੱਸਿਆਂ ਵਿਚੋਂ 2 ਹਿੱਸੇ ਪੰਜਾਬੀ ਬੋਲਣ ਵਾਲੇ ਨੇ, ਜੋ ਕਿ 12 ਲੱਖ ਦੇ ਕਰੀਬ ਬਣਦੇ ਨੇ। ਪੇਸ਼ਾਵਰ ਜ਼ਿਲ੍ਹੇ ਦੀ 45 ਲੱਖ ਆਬਾਦੀ ਵਿਚੋਂ 10% ਭਾਵ ਸਾਢੇ 4 ਲੱਖ ਹਿੰਦਕੋ ਪੰਜਾਬੀ ਬੋਲਣ ਵਾਲੇ ਨੇ। ਜ਼ਿਲ੍ਹਾ ਕੋਹਾਟ ਦੀ 15 ਲੱਖ ਆਬਾਦੀ ਵਿਚੋਂ 10% ਪੰਜਾਬੀ ਬੋਲਣ ਵਾਲੇ ਨੇ ਜੋ ਕਿ 3 ਲੱਖ ਦੇ ਕਰੀਬ ਬਣਦੇ ਨੇ। ਪਠਾਣਾ ਦੇ ਗੜ੍ਹ ਮਰਦਾਨ ਦੀ 25 ਲੱਖ ਦੀ ਆਬਾਦੀ ਵਿਚੋਂ 2% ਪੰਜਾਬੀ ਬੋਲਣ ਵਾਲੇ ਨੇ, ਜੋ 50, 000 ਦੇ ਕਰੀਬ ਬਣਦੇ ਨੇ। ਪਠਾਣਾਂ ਦੇ ਜ਼ਿਲ੍ਹਾ ਬੰਨੋਂ ਦੀ 13 ਲੱਖ ਆਬਾਦੀ ਵਿਚੋਂ 2% ਪੰਜਾਬੀ ਨੇ ਜੋ 26000 ਦੇ ਕਰੀਬ ਬਣਦੇ ਨੇ। ਇਕ ਹੋਰ ਜ਼ਿਲ੍ਹਾ ਮਾਲਾਕੰਡ ਦੀ ਕੁੱਲ ਆਬਾਦੀ 8 ਲੱਖ ਦਾ 2 % ਪੰਜਾਬੀ ਬੋਲਣ ਵਾਲੇ ਲੋਕ ਨੇ, ਇਹ ਆਬਾਦੀ ਤਕਰੀਬਨ 16000 ਦੇ ਕਰੀਬ ਹੈ। ਪਠਾਣਾਂ ਦੇ ਸੂਬੇ ਖੈਬਰ ਪਖਤੂਨਖਵਾ ਦਾ 25% ਭਾਵ 1 ਕਰੋੜ ਪੰਜਾਬੀ ਭਾਸ਼ਾ ਬੋਲਣ ਵਾਲੇ ਲੋਕ ਨੇ। ਚੌਥੇ ਸਥਾਨ 'ਤੇ ਬਲੋਚਿਸਤਾਨ ਦੀ ਕੁੱਲ 1.5 ਕਰੋੜ ਦੀ ਆਬਾਦੀ ਵਿਚੋਂ 63000 ਹਜ਼ਾਰ ਦੇ ਕਰੀਬ ਪੰਜਾਬੀ ਬੋਲਣ ਵਾਲੇ ਨੇ। ਹੁਣ ਅਸੀਂ ਚੜ੍ਹਦੇ ਪੰਜਾਬ ਵੱਲ ਆ ਜਾਂਦੇ ਹਾਂ। ਲਗਭਗ ਸਵਾ 3 ਕਰੋੜ ਆਬਾਦੀ ਚੜ੍ਹਦੇ ਪੰਜਾਬ ਦੀ ਅਤੇ 3 ਕਰੋੜ ਆਬਾਦੀ ਹਰਿਆਣੇ ਦੀ ਤੇ 25 ਲੱਖ ਆਬਾਦੀ ਹਿਮਾਚਲ ਪ੍ਰਦੇਸ਼ ਦੀ ਹੈ। ਪਾਕਿਸਤਾਨ ਵਿਚੋਂ ਬਾਹਰ ਦੇ ਮੁਲਕਾਂ ਵੱਲ ਚਲੇ ਜਾਣ ਵਾਲੇ ਪੰਜਾਬੀਆਂ ਦੀ ਸੰਖਿਆ ਸਵਾ ਕਰੋੜ ਦੇ ਕਰੀਬ ਹੈ। ਮੇਰੇ ਸਿੱਖ ਦੋਸਤ ਦੱਸਦੇ ਨੇ ਕਿ ਚੜ੍ਹਦੇ ਪੰਜਾਬ ਦੇ ਸਿੱਖਾਂ ਵਿਚੋਂ 50 ਲੱਖ ਦੇ ਕਰੀਬ ਪੰਜਾਬੀ ਭਾਸ਼ਾ ਬੋਲਣ ਵਾਲੇ ਸਿੱਖ ਦੂਜੇ ਮੁਲਕਾਂ ਵਿਚ ਜਾ ਕੇ ਵਸੇ ਹੋਏ ਹਨ। ਹੁਣ ਅਸੀਂ ਇਨ੍ਹਾਂ ਸਭ ਦਾ ਅੰਕੜਾ ਇਕੱਠਾ ਕਰ ਲੈਂਦੇ ਹਾਂ।
ਸਭ ਤੋਂ ਪਹਿਲਾਂ ਪਾਕਿਸਤਾਨੀ ਸੂਬੇ ਪੰਜਾਬ ਦੀ ਆਬਾਦੀ 14 ਕਰੋੜ, ਖੈਬਰ ਪਖਤੂਨਖਵਾ ਵਿਚ 1 ਕਰੋੜ ਤੇ ਸਿੰਧ ਵਿਚ 51 ਲੱਖ ਤੇ ਕਸ਼ਮੀਰ ਵਿਚ 50 ਲੱਖ ਤੇ ਬਲੋਚਿਸਤਾਨ ਵਿਚ 63 ਹਜ਼ਾਰ ਹੈ, ਇਹ ਬਣਦੀ ਹੈ 16 ਕਰੋੜ 64 ਹਜ਼ਾਰ ਤੇ ਬਾਹਰ ਵਸਦੇ ਪਾਕਿਸਤਾਨੀ 1 ਕਰੋੜ ਮਿਲਾ ਕੇ ਇਹ 17 ਕਰੋੜ ਤੇ 64 ਲੱਖ ਭਾਵ ਕੁੱਲ 18 ਕਰੋੜ ਦੇ ਕਰੀਬ ਪੰਜਾਬੀ ਪਾਕਿਸਤਾਨ ਵਿਚ ਵੱਸਦੇ ਹਨ। ਅਸੀਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਪੰਜਾਬ ਦੀ ਆਬਾਦੀ ਸਵਾ 3 ਕਰੋੜ, ਹਰਿਆਣੇ ਦੀ 3 ਕਰੋੜ ਤੇ ਹਿਮਾਚਲ ਪ੍ਰਦੇਸ਼ ਦੀ 75 ਲੱਖ ਤੇ ਮੁਲਕੋਂ ਬਾਹਰ ਵੱਸਦੇ 50 ਲੱਖ ਇਹ ਬਣਦੀ ਹੈ ਪੌਣੇ ਸਾਢੇ 7 ਕਰੋੜ। ਇਸ ਆਬਾਦੀ ਦਾ ਵੱਡਾ ਹਿੱਸਾ ਪੰਜਾਬੀ ਬੋਲਦੇ ਹਨ ਜਾਂ ਪੰਜਾਬੀ ਚੰਗੀ ਤਰ੍ਹਾਂ ਸਮਝਦੇ ਹਨ। ਪਾਕਿਸਤਾਨੀ ਤੇ ਭਾਰਤੀ ਪੰਜਾਬਾਂ ਦੀ ਸੰਖਿਆ ਮਿਲਾ ਲਈਏ ਤਾਂ ਇਹ ਤਕਰੀਬਨ 25 ਕਰੋੜ ਦੇ ਕਰੀਬ ਬਣਦੀ ਹੈ। ਹੁਣ ਜਿੰਨੀ ਕੁੱਲ ਪਾਕਿਸਤਾਨ ਦੀ ਆਬਾਦੀ ਇਸ ਖਿੱਤੇ ਵਿਚ ਬਣਦੀ ਹੈ ਇੰਨੀ ਕੁੱਲ ਪੰਜਾਬੀਆਂ ਦੀ ਆਬਾਦੀ ਬਣਦੀ ਹੈ। ਇਸ ਵਿਚ ਅਸੀਂ ਉਹ ਪੰਜਾਬੀ ਸ਼ਾਮਿਲ ਨਹੀਂ ਕੀਤੇ, ਜੋ ਪਾਕਿਸਤਾਨ ਨੂੰ ਛੱਡ ਕੇ ਜਾਂ ਚੜ੍ਹਦੇ ਪੰਜਾਬ ਨੂੰ ਛੱਡ ਕੇ ਭਾਰਤ ਦੇ ਦੂਜਿਆਂ ਹਿੱਸਿਆਂ ਵਿਚ ਕਾਰੋਬਾਰ ਜਾਂ ਨੌਕਰੀਆਂ ਲਈ ਚਲੇ ਗਏ, ਜਿਨ੍ਹਾਂ ਵਿਚ ਦਿੱਲੀ, ਮੱਧ ਪ੍ਰਦੇਸ਼ ਤੇ ਰਾਜਸਥਾਨ, ਮਹਾਰਾਸ਼ਟਰ ਆਦਿ ਸੂਬੇ ਸ਼ਾਮਿਲ ਹਨ। ਉਨ੍ਹਾਂ ਲੋਕਾਂ ਨੂੰ ਅਸੀਂ ਇਸ ਵਿਚ ਸ਼ਾਮਿਲ ਨਹੀਂ ਕੀਤਾ। ਅਸੀਂ ਵੇਖੀਏ ਕਿ ਪਾਕਿਸਤਾਨ ਦੀ ਕੁੱਲ ਆਬਾਦੀ 25 ਕਰੋੜ ਵਿਚੋਂ 17 ਕਰੋੜ 64 ਲੱਖ ਦੀ ਆਬਾਦੀ ਪੰਜਾਬੀ ਬੋਲਣ ਵਾਲੀ ਹੈ, ਜੋ ਪਾਕਿਸਤਾਨੀ ਆਬਾਦੀ ਦਾ 71% ਬਣਦੀ ਹੈ। ਪਾਕਿਸਤਾਨ ਅਸਲ ਵਿਚ ਪੰਜਾਬੀਸਤਾਨ ਹੀ ਹੈ, ਕਿਉਂਕਿ ਇੱਥੇ ਪੰਜਾਬੀ ਬੋਲਣ ਵਾਲਿਆਂ ਦੀ ਆਬਾਦੀ ਸਭ ਤੋਂ ਜ਼ਿਆਦਾ ਹੈ। ਬਾਕੀ ਲੋਕ ਤਾਂ ਇੱਥੇ 29% ਹੀ ਹਨ। ਬਾਕੀ ਤਿੰਨੋਂ ਸੂਬਿਆਂ ਦੀ ਸਾਰੀ ਆਬਾਦੀ ਇਕੱਠੀ ਕਰ ਲਈ ਜਾਵੇ ਤੇ ਫਿਰ ਵੀ ਉਹ ਪੰਜਾਬ ਦੀ ਆਬਾਦੀ ਦਾ ਤੀਜਾ ਹਿੱਸਾ ਵੀ ਨਹੀਂ ਬਣਦੀ। ਇਹੀ ਵਜ੍ਹਾ ਹੈ ਕਿ ਚੋਣਾਂ ਵਿਚ ਸਿਆਸੀ ਪਾਰਟੀਆਂ ਪੰਜਾਬ ਨੂੰ ਹੀ ਨਿਸ਼ਾਨਾ ਬਣਾਉਂਦੀਆਂ ਹਨ, ਕਿਉਂਕਿ ਪੰਜਾਬ ਦੀਆਂ ਕੁੱਲ ਸੀਟਾਂ ਦਾ ਕੋਈ 75% ਵੀ ਲੈ ਜਾਏ ਤੇ 25% ਹਾਰ ਵੀ ਜਾਏ ਤਾਂ ਉਹ ਪਾਕਿਸਤਾਨ ਦੀਆਂ ਕੁੱਲ 53% ਸੀਟਾਂ ਲੈ ਜਾਵੇਗਾ। ਉਸ ਪਾਰਟੀ ਦਾ ਆਗੂ ਆਪਣੀ ਹਕੂਮਤ ਆਰਾਮ ਨਾਲ ਬਣਾ ਲਵੇਗਾ ਤੇ ਉਸ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਕੋਈ ਰੋਕ ਨਹੀਂ ਸਕਦਾ। ਪੰਜਾਬ ਦੀ ਅਹਿਮੀਅਤ ਪਾਕਿਸਤਾਨ ਵਿਚ ਇੰਝ ਹੀ ਹੈ ਜਿਵੇਂ ਭਾਰਤ ਵਿਚ ਯੂ.ਪੀ. ਦੀ। ਭਾਰਤ ਦਾ ਪ੍ਰਧਾਨ ਮੰਤਰੀ ਤਾਹੀਂ ਬਣਦਾ ਹੈ ਜੇਕਰ ਉਸਨੂੰ ਯੂ.ਪੀ. ਵਿਚ ਸਭ ਤੋਂ ਵੱਧ ਸੀਟਾਂ ਮਿਲਣ, ਕਿਉਂਕਿ ਉੱਥੇ ਬਹੁਤ ਜ਼ਿਆਦਾ ਸੀਟਾਂ ਨੇ, ਸ਼ਾਇਦ 80 ਦੇ ਲਗਭਗ ਅਖ਼ੀਰ ਵਿਚ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਜੇਕਰ ਪੰਜਾਬ ਇਕੱਠਾ ਰਹਿੰਦਾ ਤਾਂ ਹਿੰਦ ਮਹਾਦੀਪ ਵਿਚ 30-35 ਕਰੋੜ ਦੀ ਆਬਾਦੀ ਵਾਲੇ ਪੰਜਾਬੀਆਂ ਦੀ ਵਿਸ਼ੇਸ਼ ਅਹਿਮੀਅਤ ਹੋਣੀ ਸੀ।