ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ 80 ਸਾਲਾਂ ਦਾ ਸਾਬਕਾ ਪੰਜਾਬ ਪੁਲਿਸ ਇੰਸਪੈਕਟਰ ਸੀਤਾ ਰਾਮ, ਜੋ ਪਿਛਲੇ 30 ਸਾਲਾਂ ਤੋਂ ਝੂਠੇ ਪੁਲਿਸ ਮੁਕਾਬਲਿਆਂ ਦੇ ਕੇਸਾਂ ਵਿੱਚ ਜੇਲ੍ਹਾਂ ਦੇ ਚੱਕਰ ਕੱਟ ਰਿਹਾ ਸੀ, ਬੀਤੇ ਦਿਨੀਂ ਉਸਦੀ ਮੌਤ ਹੋ ਗਈ । ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਵਿੱਚ ਦਾਖ਼ਲ ਹੋਣ ਤੋਂ ਬਾਅਦ ਰਾਤ ਨੂੰ ਉਸ ਨੇ ਅੰਤਿਮ ਸਾਹ ਲਿਆ। ਅਧਿਕਾਰੀਆਂ ਨੇ ਇਸ ਨੂੰ ‘ਕੁਦਰਤੀ ਮੌਤ’ ਕਿਹਾ ਹੈ, ਪਰ ਪਰਿਵਾਰ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਕੀ ਇਹ ਕਤਲ ਹੈ ਜਾਂ ਖੁਦਕੁਸ਼ੀ?
ਇਥੇ ਜ਼ਿਕਰਯੋਗ ਹੈ ਕਿ ਪੰਜਾਬ ਦੇ ਸੰਤਾਪ ਦੌਰਾਨ ਹਜ਼ਾਰਾਂ ਸਿੱਖ ਨੌਜਵਾਨਾਂ ਦੇ ਕਾਤਲ ਵਜੋਂ ਜਾਣੇ ਜਾਂਦੇ ਇਸ ‘ਬੁਚੜ ਪੁਲਿਸੀਏ’ ਨੂੰ ਲੈ ਕੇ ਸਿੱਖ ਪੰਥ ਵਿੱਚ ਗੁੱਸਾ ਅਤੇ ਰੋਸ ਦੀ ਲਹਿਰ ਸੀ।
ਸੀਤਾ ਰਾਮ ਦੀ ਮੌਤ ਦੀ ਖ਼ਬਰ ਨੇ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਨੂੰ ਫਿਰ ਚਰਚਾ ਵਿੱਚ ਲਿਆਂਦਾ ਹੈ। ਉਹ ਪਿਛਲੇ ਦੋ ਦਿਨਾਂ ਤੋਂ ਬਿਮਾਰ ਸੀ ਅਤੇ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਰਾਜਿੰਦਰਾ ਹਸਪਤਾਲ ਵਿੱਚ ਭਰਤੀ ਕੀਤਾ। ਅਧਿਕਾਰੀਆਂ ਅਨੁਸਾਰ, ਉਸ ਦੀ ਉਮਰ ਅਤੇ ਲੰਮੀ ਬਿਮਾਰੀ ਕਾਰਨ ਇਹ ਮੌਤ ਹੋਈ, ਪਰ ਪੋਸਟਮਾਰਟਮ ਰਿਪੋਰਟ ਅਜੇ ਆਉਣੀ ਬਾਕੀ ਹੈ। ਪਰਿਵਾਰ ਨੇ ਇਸ ‘ਭੇਤਭਰੇ’ ਹਾਲ ਨੂੰ ਲੈ ਕੇ ਸਖ਼ਤ ਸਵਾਲ ਉਠਾਏ ਹਨ। ਉਸ ਦੇ ਪੁੱਤਰ ਨੇ ਨਿੱਜੀ ਗੱਲਬਾਤ ਵਿੱਚ ਕਿਹਾ, ‘ਪਾਪਾ ਨੂੰ ਜੇਲ੍ਹ ਵਿੱਚ ਰੱਖ ਕੇ ਉਹਨਾਂ ਨੂੰ ਮਾਰ ਦਿੱਤਾ। ਜਦੋਂ ਸੀਤਾਰਾਮ ਨੂੰ ਸਜ਼ਾ ਹੋਈ ਤਾਂ ਸਰਕਾਰ ਨੇ ਸਾਡੀ ਬਾਂਹ ਨਹੀਂ ਫੜੀ।’ ਉਹਨਾਂ ਕਿਹਾ ਕਿ ਪੰਜਾਬ ਜੇਲ੍ਹਾਂ ਵਿੱਚ ਪਿਛਲੇ ਸਾਲਾਂ ਵਿੱਚ ਕਈ ਸਾਬਕਾ ਅਧਿਕਾਰੀ ‘ਹਾਦਸੇ’ ਵਿੱਚ ਮਰ ਚੁੱਕੇ ਹਨ। ਇਸ ਦੀ ਪੂਰੀ ਜਾਂਚ ਹੋਵੇ।
ਮਨੁੱਖੀ ਅਧਿਕਾਰ ਸੰਗਠਨਾਂ ਅਨੁਸਾਰ ਸੀਤਾ ਰਾਮ ਵਹਿਸ਼ੀ ਅਫਸਰ ਸੀ। ਉਹ ਪੰਜਾਬ ਪੁਲਿਸ ਵਿੱਚ 1960ਵਿਆਂ ਵਿੱਚ ਭਰਤੀ ਹੋਇਆ ਅਤੇ ਤਰਨ ਤਾਰਨ ਜ਼ਿਲ੍ਹੇ ਵਿੱਚ ਐਸਐਚਓ ਵਜੋਂ ਤਾਇਨਾਤ ਹੋਇਆ ਸੀ। ਪੰਜਾਬ ਦੇ ਸੰਤਾਪ ਦੌਰਾਨ (1984-1995), ਜਦੋਂ ਖਾਲਿਸਤਾਨੀ ਅੰਦੋਲਨ ਨੂੰ ਕੁਚਲਨ ਲਈ ਪੁਲਿਸ ਨੂੰ ਖੁੱਲ੍ਹੀ ਛੁੱਟ ਦਿੱਤੀ ਗਈ ਸੀ, ਸੀਤਾ ਰਾਮ ਨੇ ਅਨੇਕਾਂ ਸਿੱਖ ਨੌਜਵਾਨਾਂ ਨੂੰ ਮਾਰ ਮੁਕਾਇਆ। ਮਨੁੱਖੀ ਅਧਿਕਾਰ ਸੰਗਠਨਾਂ ਅਨੁਸਾਰ ਅੰਦਾਜ਼ਨ ਉਸ ਨੇ 20 ਤੋਂ ਵੱਧ ਝੂਠੇ ਪੁਲਿਸ ਮੁਕਾਬਲੇ ਬਣਾਏ, ਜਿਨ੍ਹਾਂ ਵਿੱਚ ਘੱਟ ਤੋਂ ਘੱਟ 50 ਸਿੱਖ ਨੌਜਵਾਨ ਮਾਰੇ। ਖਾਲੜਾ ਮਿਸ਼ਨ, ਇਨਸਾਫ ਅਤੇ ਹਿਊਮਨ ਰਾਈਟਸ ਵਾਚ ਦੀਆਂ ਰਿਪੋਰਟਾਂ ਅਨੁਸਾਰ, ਉਹ ਤਰਨ ਤਾਰਨ ਅਤੇ ਹੁਸ਼ਿਆਰਪੁਰ ਵਿੱਚ ਅਨੇਕਾਂ ਨੌਜਵਾਨਾਂ ਨੂੰ ਗਾਇਬ ਕਰਨ ਤੇ ਕਤਲ ਕਰਨ ਵਿੱਚ ਸ਼ਾਮਲ ਸੀ।
ਸਭ ਤੋਂ ਵੱਡਾ ਕੇਸ, ਜਿਸ ਨੇ ਉਸ ਨੂੰ ਜੇਲ੍ਹ ਵਿੱਚ ਭੇਜਿਆ, ਉਹ 1993 ਦਾ ਤਰਨ ਤਾਰਨ ਝੂਠਾ ਪੁਲਿਸ ਮੁਕਾਬਲਾ ਹੈ। 30 ਜਨਵਰੀ 1993 ਨੂੰ ਗਲੀਲੀਪੁਰ ਪਿੰਡ ਤੋਂ ਗੁਰਦੇਵ ਸਿੰਘ ਉਰਫ਼ ਦੇਬਾ ਨੂੰ ਅਤੇ 5 ਫਰਵਰੀ ਨੂੰ ਬਹਿਮਨੀਵਾਲਾ ਵਿਚੋਂ ਸੁਖਵੰਤ ਸਿੰਘ ਨੂੰ ਪੁਲਿਸ ਨੇ ਅਗਵਾ ਕੀਤਾ। ਫਿਰ 6 ਫਰਵਰੀ ਨੂੰ ਥਾਣਾ ਪੱਟੀ ਦੇ ਭਾਗੂਪੁਰ ਖੇਤ ਵਿੱਚ ਇੱਕ ਝੂਠੇ ਮੁਕਾਬਲੇ ਵਿੱਚ ਉਹਨਾਂ ਨੂੰ ਮਾਰ ਦਿੱਤਾ ਗਿਆ। ਪੁਲਿਸ ਨੇ ਦਾਅਵਾ ਕੀਤਾ ਕਿ ਦੋਵੇਂ ਨੇ ਪੁਲਿਸ ਉਪਰ ਗੋਲੀਆਂ ਚਲਾਈਆਂ ਸਨ, ਪਰ ਅਦਾਲਤ ਵਿੱਚ ਇਹ ਝੂਠ ਸਾਬਤ ਹੋਇਆ। ਸੁਪਰੀਮ ਕੋਰਟ ਦੇ ਹੁਕਮਾਂ ਤੇ 1995 ਵਿੱਚ ਸੀਬੀਆਈ ਨੇ ਜਾਂਚ ਸ਼ੁਰੂ ਕੀਤੀ ਅਤੇ 2000 ਵਿੱਚ 11 ਪੁਲਿਸ ਅਧਿਕਾਰੀਆਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ। ਮੋਹਾਲੀ ਦੀ ਸੀਬੀਆਈ ਕੋਰਟ ਨੇ 6 ਮਾਰਚ 2025 ਨੂੰ ਸੀਤਾ ਰਾਮ ਨੂੰ ਆਈਪੀਸੀ ਦੀ ਧਾਰਾ 302 (ਕਤਲ), 201 (ਸਬੂਤ ਨਾਸ਼ ਕਰਨਾ) ਅਤੇ 218 (ਝੂਠੇ ਰਿਕਾਰਡ ਬਣਾਉਣਾ) ਅਧੀਨ ਉਮਰ ਕੈਦ ਸੁਣਾਈ। ਕਾਂਸਟੇਬਲ ਰਾਜਪਾਲ ਨੂੰ 5 ਸਾਲ ਦੀ ਸਜ਼ਾ ਹੋਈ ਸੀ। ਪੀੜਤ ਲੋਕਾਂ ਦੇ ਪਰਿਵਾਰਾਂ ਨੂੰ ਜੁਰਮਾਨੇ ਤੋਂ 1.5 ਲੱਖ ਰੁਪਏ ਮੁਆਵਜ਼ਾ ਮਿਲਿਆ।
1989 ਵਿੱਚ ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਵਿੱਚ ਭਗਤ ਸਿੰਘ ਦੇ ਜੀਜੇ ਦੇ ਭਤੀਜੇ ਕੁਲਜੀਤ ਸਿੰਘ ਢੱਠ ਨੂੰ ਅਪਹਰਣ ਕਰਕੇ ਮਾਰਨ ਵਾਲੇ ਕੇਸ ਵਿੱਚ ਉਹ ਸ਼ਾਮਲ ਸੀ। ਢੱਠ ਪ੍ਰਕਾਸ਼ ਕੌਰ (ਭਗਤ ਸਿੰਘ ਦੀ ਭੈਣ) ਦਾ ਜਵਾਈ ਸੀ। ਇਸ ਕੇਸ ਵਿੱਚ 2014 ਵਿੱਚ ਅਦਾਲਤ ਨੇ ਉਸ ਨੂੰ 5 ਸਾਲ ਦੀ ਸਜ਼ਾ ਸੁਣਾਈ, ਜਿਸ ਵਿੱਚ ਡੀਆਈਜੀ ਐਸਪੀਐਸ ਬਸਰਾ ਅਤੇ ਜਸਪਾਲ ਸਿੰਘ ਵੀ ਦੋਸ਼ੀ ਠਹਿਰਾਏ ਗਏ। ਇੱਕ ਹੋਰ 1993 ਵਾਲੇ ਕੇਸ ਵਿੱਚ ਉਹ ਦੋਸ਼ੀ ਠਹਿਰਾਇਆ ਗਿਆ ਸੀ, ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 17 ਮਾਰਚ 2009 ਨੂੰ ਬਰੀ ਕਰ ਦਿੱਤਾ ਸੀ। ਇਸ ਤਰ੍ਹਾਂ, ਉਸ ਤੇ ਘੱਟੋ ਘੱਟ ਚਾਰ ਵੱਡੇ ਕੇਸ ਵਿੱਚੋਂ ਤਿੰਨ ਵਿੱਚ ਸਜ਼ਾਵਾਂ ਹੋਈਆਂ।
ਪੰਜਾਬ ਦੇ ਸੰਤਾਪ ਦੌਰਾਨ ਸੀਤਾ ਰਾਮ ਦੀ ਭੂਮਿਕਾ ਨੂੰ ਲੈ ਕੇ ਜਸਵੰਤ ਸਿੰਘ ਖਾਲੜਾ ਦੀ ਰਿਪੋਰਟ ਵਿੱਚ ਵੀ ਜ਼ਿਕਰ ਹੈ। ਖਾਲੜਾ, ਜੋ 1995 ਵਿੱਚ ਪੁਲਿਸ ਵੱਲੋਂ ਅਪਹਰਣ ਕੇ ਮਾਰੇ ਗਏ ਮਨੁੱਖੀ ਅਧਿਕਾਰ ਵਕੀਲ ਸਨ, ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੀ 6,000 ਤੋਂ ਵੱਧ ਲਵਾਰਸ ਲਾਸ਼ਾਂ ਦੇ ਕੇਸਾਂ ਦਾ ਪਰਦਾਫਾਸ਼ ਕੀਤਾ ਸੀ। ਇਨਸਾਫ ਦੀ ਰਿਪੋਰਟ ‘ਨੋ ਸਟੋਨ ਅਨਟਰਨਡ’ ਅਨੁਸਾਰ, ਸੀਤਾ ਰਾਮ ਨੂੰ ਕੁਲਜੀਤ ਸਿੰਘ ਢੱਟ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ। ਖਾਲੜਾ ਨੇ ਲਿਖਿਆ ਸੀ ਕਿ ਪੁਲਿਸ ਨੇ ਹਜ਼ਾਰਾਂ ਨੌਜਵਾਨਾਂ ਨੂੰ ਅਪਹਰਣ ਕਰਕੇ ਝੂਠੇ ਮੁਕਾਬਲਿਆਂ ਵਿੱਚ ਮਾਰਿਆ ਅਤੇ ਲਾਸ਼ਾਂ ਨੂੰ ਬਿਨਾਂ ਪਛਾਣ ਤੋਂ ਜਲਾ ਦਿੱਤਾ। ਐਸਪੀਐਸ ਬਸਰਾ ਅਤੇ ਜਸਪਾਲ ਸਿੰਘ ਵਰਗੇ ਅਧਿਕਾਰੀ, ਜੋ ਖਾਲੜਾ ਕੇਸ ਵਿੱਚ ਵੀ ਸ਼ਾਮਲ ਸਨ, ਨਾਲ ਸੀਤਾ ਰਾਮ ਦਾ ਨਾਂ ਜੁੜਦਾ ਹੈ। ਖਾਲੜਾ ਰਿਪੋਰਟ ਵਿੱਚ ਉਸ ਨੂੰ ਸਿੱਧੇ ਤੌਰ ’ਤੇ ਨਹੀਂ, ਪਰ ਢੱਟ ਕੇਸ ਵਾਂਗੂੰ ਅਨੇਕਾਂ ਅਪਹਰਣਾਂ ਵਿੱਚ ਜ਼ਿਕਰ ਕੀਤਾ ਗਿਆ ਹੈ। ਇਹ ਰਿਪੋਰਟ ਪੰਜਾਬ ਵਿੱਚ 25,000 ਗੁੰਮਸ਼ੁਦਗੀਆਂ ਅਤੇ 8,000 ਤੋਂ ਵੱਧ ਸਿੱਖ ਨੌਜਵਾਨਾਂ ਦੀਆਂ ਲਵਾਰਸ ਲਾਸ਼ਾਂ ਨੂੰ ਉਜਾਗਰ ਕਰਦੀ ਹੈ, ਜਿਨ੍ਹਾਂ ਵਿੱਚੋਂ ਬਹੁਤੇ ਪੁਲਿਸ ਅਧਿਕਾਰੀਆਂ ਦੇ ਹੱਥਾਂ ਰੰਗੇ ਹੋਏ ਸਨ।
ਸੀਤਾ ਰਾਮ ਨੇ ਆਪਣੀ ਸਰਵਿਸ ਤੋਂ ਵੱਧ ਸਮਾਂ ਜੇਲ੍ਹਾਂ ਵਿੱਚ ਗੁਜ਼ਾਰਿਆ। 1995 ਵਿੱਚ ਪਹਿਲੀ ਵਾਰ ਜੇਲ੍ਹ ਗਿਆ, ਫਿਰ ਤਿਹਾੜ ਤੱਕ ਚੱਕਰ ਲੱਗੇ। ਉਹ ਪੰਜਾਬ ਦੀਆਂ ਜੇਲ੍ਹਾਂ ਵਿੱਚ ਰਿਹਾ। ਪਰਿਵਾਰ ਦਾ ਦੁੱਖ ਇਹ ਹੈ ਕਿ ਜਦੋਂ ਉਹ ਉੱਚ ਅਧਿਕਾਰੀਆਂ ਦੇ ਦਬਾਅ ਵਿੱਚ ਖੂਨ ਖਰਾਬਾ ਕਰ ਰਿਹਾ ਸੀ, ਤਾਂ ਸਭ ਨੇ ਤਾਰੀਫ਼ ਕੀਤੀ। ਪਰ ਜਦੋਂ ਉਹ ਫਸ ਗਿਆ, ਤਾਂ ਕਿਸੇ ਨੇ ਨਹੀਂ ਸਹਾਰਾ ਦਿੱਤਾ। ਉਸ ਦੀ ਪਤਨੀ ਨੇ ਕਿਹਾ, ‘ਉਹਨਾਂ ਨੂੰ ਬਚਾਉਣ ਲਈ ਅਸੀਂ ਸੁਪਰੀਮ ਕੋਰਟ ਤੱਕ ਗਏ, ਪਰ ਨਤੀਜਾ ਕੁਝ ਨਾ ਨਿਕਲਿਆ।’
ਪੰਜਾਬ ਵਿੱਚ ਅਜੇ ਵੀ ਹਜ਼ਾਰਾਂ ਪੀੜਤ ਪਰਿਵਾਰ ਇਨਸਾਫ਼ ਲਈ ਲੜ ਰਹੇ ਹਨ। ਜਿਵੇਂ ਗੁਰਦੇਵ ਸਿੰਘ ਦੀ ਭੈਣ ਨੇ ਕਿਹਾ, ‘ਸੀਤਾ ਰਾਮ ਨੇ ਸਾਡੇ ਭਰਾ ਨੂੰ ਮਾਰ ਕੇ ਸਾਨੂੰ ਦੁਖ ਦਿੱਤਾ, ਪਰ ਅੱਜ ਉਹਨਾਂ ਨੂੰ ਰੱਬ ਨੇ ਨਿਆਂ ਦੇ ਦਿੱਤਾ। ਪਰ ਸਾਡਾ ਦੁੱਖ ਕੌਣ ਭਰੇਗਾ?’
![]()
