ਜੈਪੁਰ ਵਾਂਗ ਅੰਮ੍ਰਿਤਸਰ ਨੂੰ ਵਿਰਾਸਤੀ ਸ਼ਹਿਰ ਵਜੋਂ ਵਿਕਸਤ ਕਰੇ ਪੰਜਾਬ ਸਰਕਾਰ

In ਪੰਜਾਬ
July 30, 2025

ਸਿੱਖ ਧਰਮ ਅਤੇ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦਾ ਕੇਂਦਰ ਅੰਮ੍ਰਿਤਸਰ ਨਾ ਸਿਰਫ਼ ਇਤਿਹਾਸਕ ਅਤੇ ਧਾਰਮਿਕ ਮਹੱਤਤਾ ਰੱਖਦਾ ਹੈ, ਸਗੋਂ ਇਹ ਸ਼ਹਿਰ ਸਿੱਖੀ ਦੀ ਆਤਮਾ ਅਤੇ ਪੰਜਾਬ ਦੀ ਸ਼ਾਨ ਦਾ ਪ੍ਰਤੀਕ ਵੀ ਹੈ। ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਦੇ ਨਾਲ-ਨਾਲ ਅੰਮ੍ਰਿਤਸਰ ਦੇ ਵਿਰਾਸਤੀ ਦਰਵਾਜ਼ੇ ਵੀ ਇਸ ਸ਼ਹਿਰ ਦੀ ਸ਼ਾਨ ਵਧਾਉਂਦੇ ਹਨ। 2027 ਵਿੱਚ ਅੰਮ੍ਰਿਤਸਰ ਦੀ 450ਵੀਂ ਵਰ੍ਹੇਗੰਢ ਮੌਕੇ ਸਰਕਾਰ ਵੱਲੋਂ ‘ਹੈਰੀਟੇਜ ਸਿਟੀ ਰੀਵੇਕਨਿੰਗ ਪ੍ਰਾਜੈਕਟ’ ਦੇ ਤਹਿਤ ਸ਼ਹਿਰ ਦੇ ਪੰਜ ਦਰਵਾਜ਼ਿਆਂ ਦੀ ਨਵਉਸਾਰੀ ਦਾ ਐਲਾਨ ਕੀਤਾ ਗਿਆ ਹੈ, ਜੋ ਕਿ ਇੱਕ ਸਕਾਰਾਤਮਕ ਕਦਮ ਹੈ।
ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਸ੍ਰੀ ਗੁਰੂ ਰਾਮਦਾਸ ਜੀ ਨੇ 1577 ਵਿੱਚ ਕੀਤੀ ਸੀ ਅਤੇ ਇਸ ਦੀ ਵਿਰਾਸਤ ਸਿੱਖ ਧਰਮ ਦੇ ਨਾਲ-ਨਾਲ ਪੰਜਾਬ ਦੀ ਸੱਭਿਆਚਾਰਕ ਅਤੇ ਇਤਿਹਾਸਕ ਪਛਾਣ ਨਾਲ ਜੁੜੀ ਹੋਈ ਹੈ। ਸ਼ਹਿਰ ਦੇ ਵਿਸ਼ਾਲ ਦਰਵਾਜ਼ੇ, ਜੋ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੌਰਾਨ ਬਣਾਏ ਗਏ ਸਨ, ਨਾ ਸਿਰਫ਼ ਸੁਰੱਖਿਆ ਦੇ ਪ੍ਰਤੀਕ ਸਨ, ਸਗੋਂ ਸਿੱਖ ਸਾਮਰਾਜ ਦੀ ਸ਼ਕਤੀ ਅਤੇ ਸੱਭਿਆਚਾਰਕ ਉੱਤਮਤਾ ਨੂੰ ਵੀ ਦਰਸਾਉਂਦੇ ਸਨ। ਇਹ ਦਰਵਾਜ਼ੇ, ਜਿਵੇਂ ਕਿ ਦਰਵਾਜਾ ਰਾਮ ਬਾਗ, ਦਰਵਾਜਾ ਲੋਹਗੜ੍ਹ ਅਤੇ ਦਰਵਾਜਾ ਮਹਾਂ ਸਿੰਘ, ਸਿੱਖ ਰਾਜ ਦੀ ਵਾਸਤੁਕਲਾ ਅਤੇ ਸੱਭਿਆਚਾਰ ਦੀ ਮਿਸਾਲ ਸਨ। ਪਰ ਅੰਗਰੇਜ਼ੀ ਰਾਜ ਦੌਰਾਨ, 1870 ਦੇ ਆਸ-ਪਾਸ, ਇਨ੍ਹਾਂ ਵਿਰਾਸਤੀ ਦਰਵਾਜ਼ਿਆਂ ਨੂੰ ਢਾਹ ਦਿੱਤਾ ਗਿਆ ਅਤੇ ਉਨ੍ਹਾਂ ਦੀ ਥਾਂ ਛੋਟੇ ਅਤੇ ਸਾਧਾਰਨ ਨਮੂਨਿਆਂ ਵਾਲੇ ਨਵੇਂ ਗੇਟ ਬਣਾਏ ਗਏ।
ਅੱਜ ਦੇ ਸਮੇਂ ਵਿੱਚ, ਅੰਮ੍ਰਿਤਸਰ ਦੇ 12 ਵਿਰਾਸਤੀ ਦਰਵਾਜ਼ਿਆਂ ਵਿੱਚੋਂ ਸਿਰਫ਼ 4 ਪੂਰੀ ਤਰ੍ਹਾਂ ਮੌਜੂਦ ਹਨ (ਹਾਲ ਗੇਟ, ਲਾਹੌਰੀ ਦਰਵਾਜਾ, ਹਾਥੀ ਦਰਵਾਜਾ, ਖ਼ਜ਼ਾਨਾ ਗੇਟ) ਅਤੇ ਦੋ ਦਰਵਾਜ਼ਿਆਂ ਦੀਆਂ ਸਿਰਫ਼ ਬੁਰਜੀਆਂ (ਸੁਲਤਾਨਵਿੰਡ ਅਤੇ ਹਕੀਮਾਂ) ਬਚੀਆਂ ਹਨ। ਇਹ ਦਰਵਾਜ਼ੇ ਪਿਛਲੇ ਕਈ ਸਾਲਾਂ ਤੋਂ ਅਣਦੇਖੀ ਦਾ ਸ਼ਿਕਾਰ ਰਹੇ ਹਨ ਅਤੇ ਇਨ੍ਹਾਂ ਦੀ ਵਰਤੋਂ ਸਿਆਸੀ ਅਤੇ ਵਪਾਰਕ ਪੋਸਟਰਾਂ ਲਈ ਕੀਤੀ ਜਾ ਰਹੀ ਹੈ, ਜੋ ਕਿ ਸਿੱਖ ਵਿਰਾਸਤ ਅਤੇ ਸੱਭਿਆਚਾਰ ਦਾ ਘਾਣ ਹੈ। ਸਰਕਾਰ ਨੂੰ ਚਾਹੀਦਾ ਕਿ ਕਲਾ ਤੇ ਵਿਰਾਸਤੀ ਮਾਹਿਰਾਂ ਦੀ ਸਹਾਇਤਾ ਨਾਲ ਇਸ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਦਿਖ ਦੇਵੇ।
ਪੰਜਾਬ ਸਰਕਾਰ ਦੇ ਮੌਜੂਦਾ ਉਪਰਾਲੇ
‘ਹੈਰੀਟੇਜ ਸਿਟੀ ਰੀਵੇਕਨਿੰਗ ਪ੍ਰਾਜੈਕਟ’ ਦੇ ਤਹਿਤ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਪੰਜ ਦਰਵਾਜ਼ਿਆਂ (ਹਾਲ ਗੇਟ, ਲਾਹੌਰੀ ਦਰਵਾਜਾ, ਹਾਥੀ ਦਰਵਾਜਾ, ਖ਼ਜ਼ਾਨਾ ਗੇਟ, ਅਤੇ ਸੁਲਤਾਨਵਿੰਡ ਦੀਆਂ ਬੁਰਜੀਆਂ) ਦੀ ਨਵਉਸਾਰੀ ਲਈ 10 ਕਰੋੜ ਰੁਪਏ ਦੀ ਲਾਗਤ ਦਾ ਪ੍ਰਸਤਾਵ ਰੱਖਿਆ ਹੈ। ਇਸ ਪ੍ਰਾਜੈਕਟ ਦਾ ਮਕਸਦ ਸ਼ਹਿਰ ਦੀ 450ਵੀਂ ਵਰ੍ਹੇਗੰਢ ਨੂੰ ਯਾਦਗਾਰੀ ਬਣਾਉਣ ਅਤੇ ਸ਼ਹਿਰ ਦੀ ਵਿਰਾਸਤੀ ਪਛਾਣ ਨੂੰ ਮੁੜ ਸਥਾਪਤ ਕਰਨਾ ਹੈ। ਇਸ ਤੋਂ ਇਲਾਵਾ, ਅੰਮ੍ਰਿਤਸਰ ਵਿਕਾਸ ਅਥਾਰਟੀ (ਏ.ਡੀ.ਏ.) ਅਤੇ ਹੋਰ ਸਰਕਾਰੀ ਵਿਭਾਗ ਵੀ ਸ਼ਹਿਰ ਦੇ ਵਿਕਾਸ ਅਤੇ ਸੁੰਦਰੀਕਰਨ ਲਈ ਕੰਮ ਕਰ ਰਹੇ ਹਨ।
ਹਾਲਾਂਕਿ, ਇਹ ਉਪਰਾਲੇ ਸੀਮਤ ਅਤੇ ਅਧੂਰੇ ਜਾਪਦੇ ਹਨ। ਸਿਰਫ਼ ਪੰਜ ਦਰਵਾਜ਼ਿਆਂ ਦੀ ਮੁਰੰਮਤ ਕਰਨ ਨਾਲ ਅੰਮ੍ਰਿਤਸਰ ਦੀ ਸਿੱਖ ਵਿਰਾਸਤ ਅਤੇ ਸੱਭਿਆਚਾਰਕ ਮਹੱਤਤਾ ਨੂੰ ਪੂਰੀ ਤਰ੍ਹਾਂ ਸੰਭਾਲਿਆ ਨਹੀਂ ਜਾ ਸਕਦਾ। ਸੱਚਾਈ ਇਹ ਹੈ ਕਿ ਸ਼ਹਿਰ ਦੇ ਕਈ ਦਰਵਾਜ਼ੇ, ਜਿਵੇਂ ਕਿ ਦਰਵਾਜ਼ਾ ਲੋਹਗੜ੍ਹ, ਭਗਤਾਂ ਵਾਲਾ ਦਰਵਾਜ਼ਾ ਅਤੇ ਦਰਵਾਜ਼ਾ ਮਹਾਂ ਸਿੰਘ, ਪੂਰੀ ਤਰ੍ਹਾਂ ਅਲੋਪ ਹੋ ਚੁੱਕੇ ਹਨ। ਸਰਕਾਰ ਨੂੰ ਸਿਰਫ਼ ਮੁਰੰਮਤ ਦੀ ਬਜਾਏ ਵਿਰਾਸਤੀ ਸੰਭਾਲ ਦੀ ਵਿਆਪਕ ਯੋਜਨਾ ਤਿਆਰ ਕਰਨ ਦੀ ਲੋੜ ਹੈ।
ਜੈਪੁਰ ਵਾਂਗ ਵਿਰਾਸਤੀ ਵਿਕਾਸ ਦੀ ਲੋੜ
ਜੈਪੁਰ, ਜੋ ਕਿ ਰਾਜਸਥਾਨ ਦੀ ‘ਪਿੰਕ ਸਿਟੀ’ ਵਜੋਂ ਜਾਣਿਆ ਜਾਂਦਾ ਹੈ, ਨੇ ਆਪਣੀ ਵਿਰਾਸਤੀ ਪਛਾਣ ਨੂੰ ਸੰਭਾਲਣ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸ਼ਾਨਦਾਰ ਉਪਰਾਲੇ ਕੀਤੇ ਹਨ। ਜੈਪੁਰ ਦੇ ਹਵਾ ਮਹਿਲ, ਜਲ ਮਹਿਲ ਅਤੇ ਅੰਬਰ ਕਿਲ੍ਹੇ ਵਰਗੇ ਵਿਰਾਸਤੀ ਸਥਾਨਾਂ ਨੂੰ ਨਾ ਸਿਰਫ਼ ਸੰਭਾਲਿਆ ਗਿਆ ਹੈ, ਸਗੋਂ ਉਨ੍ਹਾਂ ਨੂੰ ਸੈਰ-ਸਪਾਟਾ ਅਤੇ ਸੱਭਿਆਚਾਰਕ ਕੇਂਦਰਾਂ ਵਜੋਂ ਵਿਕਸਤ ਕੀਤਾ ਗਿਆ ਹੈ। ਜੈਪੁਰ ਸਰਕਾਰ ਨੇ ਵਿਰਾਸਤੀ ਸਥਾਨਾਂ ਦੀ ਸੁੰਦਰਤਾ ਨੂੰ ਵਧਾਉਣ ਲਈ ਆਧੁਨਿਕ ਸਹੂਲਤਾਂ, ਜਿਵੇਂ ਕਿ ਰੋਸ਼ਨੀ, ਸਾਫ਼-ਸਫ਼ਾਈ ਅਤੇ ਗਾਈਡਡ ਟੂਰ, ਦਾ ਪ੍ਰਬੰਧ ਕੀਤਾ ਹੈ। ਨਤੀਜੇ ਵਜੋਂ, ਜੈਪੁਰ ਨੇ ਵਿਸ਼ਵ ਪੱਧਰ ’ਤੇ ਸੈਰ-ਸਪਾਟੇ ਦੇ ਨਕਸ਼ੇ ’ਤੇ ਆਪਣੀ ਵਿਲੱਖਣ ਪਛਾਣ ਬਣਾਈ ਹੈ।
ਅੰਮ੍ਰਿਤਸਰ, ਜੋ ਕਿ ਸਿੱਖ ਧਰਮ ਦਾ ਸਭ ਤੋਂ ਪਵਿੱਤਰ ਸਥਾਨ ਹੈ ਅਤੇ ਜਿਸ ਦੀ ਸੱਭਿਆਚਾਰਕ ਵਿਰਾਸਤ ਵਿਸ਼ਵ ਪੱਧਰ ’ਤੇ ਮਸ਼ਹੂਰ ਹੈ, ਨੂੰ ਵੀ ਜੈਪੁਰ ਦੀ ਤਰਜ਼ ’ਤੇ ਵਿਕਸਤ ਕੀਤਾ ਜਾ ਸਕਦਾ ਹੈ। ਅੰਮ੍ਰਿਤਸਰ ਦੇ ਵਿਰਾਸਤੀ ਦਰਵਾਜ਼ਿਆਂ ਨੂੰ ਸਿਰਫ਼ ਮੁਰੰਮਤ ਕਰਨ ਦੀ ਬਜਾਏ, ਉਨ੍ਹਾਂ ਨੂੰ ਸੱਭਿਆਚਾਰਕ ਅਤੇ ਸੈਰ-ਸਪਾਟਾ ਕੇਂਦਰਾਂ ਵਜੋਂ ਵਿਕਸਤ ਕਰਨ ਦੀ ਲੋੜ ਹੈ। ਨਾਲ ਸਰਕਾਰ ਦੀ ਆਮਦਨ ਵਿੱਚ ਵੀ ਵਾਧਾ ਹੋ ਸਕਦਾ ਹੈ। ਅੰਗਰੇਜ਼ੀ ਰਾਜ ਦੌਰਾਨ ਢਾਹੇ ਗਏ ਦਰਵਾਜ਼ਿਆਂ ਦੀ ਪੁਰਾਣੀ ਵਾਸਤੁਕਲਾ ਨੂੰ ਇਤਿਹਾਸਕ ਦਸਤਾਵੇਜ਼ਾਂ ਅਤੇ ਚਿੱਤਰਾਂ ਦੀ ਮਦਦ ਨਾਲ ਮੁੜ ਬਣਾਇਆ ਜਾਣਾ ਚਾਹੀਦਾ। ਮਿਸਾਲ ਵਜੋਂ, ਦਰਵਾਜ਼ਾ ਰਾਮ ਬਾਗ, ਦਰਵਾਜ਼ਾ ਮਹਾਂ ਸਿੰਘ ਅਤੇ ਦਰਵਾਜ਼ਾ ਲੋਹਗੜ੍ਹ ਵਰਗੇ ਦਰਵਾਜ਼ਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਵਾਸਤੂਕਲਾ ਅਨੁਸਾਰ ਬਹਾਲ ਕੀਤਾ ਜਾ ਸਕਦਾ ਹੈ।
ਸੈਰ-ਸਪਾਟਾ ਅਤੇ ਸੱਭਿਆਚਾਰਕ ਕੇਂਦਰਾਂ ਦਾ ਵਿਕਾਸ: ਹਰੇਕ ਦਰਵਾਜ਼ੇ ਨੂੰ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ, ਉੱਥੇ ਸੱਭਿਆਚਾਰਕ ਪ੍ਰਦਰਸ਼ਨੀਆਂ, ਸਿੱਖ ਇਤਿਹਾਸ ਨਾਲ ਸਬੰਧਿਤ ਜਾਣਕਾਰੀ ਬੋਰਡ, ਅਤੇ ਗਾਈਡਡ ਟੂਰ ਦੀ ਸਹੂਲਤ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ । ਦਰਵਾਜ਼ਿਆਂ ਦੇ ਨੇੜੇ ਸਾਫ਼-ਸਫ਼ਾਈ, ਰੋਸ਼ਨੀ ਅਤੇ ਸੈਰ-ਸਪਾਟੇ ਲਈ ਸਹੂਲਤਾਂ (ਜਿਵੇਂ ਕਿ ਬੈਠਣ ਦੀ ਜਗ੍ਹਾ, ਪੀਣ ਵਾਲਾ ਪਾਣੀ, ਅਤੇ ਰੈਸਟਰੂਮ) ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।
ਡਿਜੀਟਲ ਅਤੇ ਵਰਚੁਅਲ ਸੰਭਾਲ: ਅੰਮ੍ਰਿਤਸਰ ਦੇ ਵਿਰਾਸਤੀ ਦਰਵਾਜ਼ਿਆਂ ਅਤੇ ਸਿੱਖ ਵਿਰਾਸਤ ਨੂੰ ਵਿਸ਼ਵ ਪੱਧਰ ’ਤੇ ਪਹੁੰਚਾਉਣ ਲਈ ਡਿਜੀਟਲ ਪਲੇਟਫਾਰਮ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਮਿਸਾਲ ਵਜੋਂ, ਵਰਚੁਅਲ ਟੂਰ, 34 ਮਾਡਲਿੰਗ ਅਤੇ ਮੋਬਾਈਲ ਐਪਸ ਰਾਹੀਂ ਸੈਲਾਨੀਆਂ ਨੂੰ ਸਿੱਖ ਇਤਿਹਾਸ ਅਤੇ ਦਰਵਾਜ਼ਿਆਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਵਿਰਾਸਤੀ ਸੜਕਾਂ ਦਾ ਵਿਕਾਸ: ਅੰਮ੍ਰਿਤਸਰ ਦੇ ਵਿਰਾਸਤੀ ਦਰਵਾਜ਼ਿਆਂ ਨੂੰ ਜੋੜਨ ਵਾਲੀਆਂ ਸੜਕਾਂ ਨੂੰ ਵੀ ਵਿਰਾਸਤੀ ਸੜਕਾਂ ਵਜੋਂ ਵਿਕਸਤ ਕੀਤਾ ਜਾਣਾ ਚਾਹੀਦਾ। ਇਨ੍ਹਾਂ ਸੜਕਾਂ ’ਤੇ ਸਿੱਖ ਇਤਿਹਾਸ ਅਤੇ ਸੱਭਿਆਚਾਰ ਨਾਲ ਸਬੰਧਿਤ ਕਲਾਕ੍ਰਿਤੀਆਂ, ਮੂਰਤੀਆਂ ਅਤੇ ਜਾਣਕਾਰੀ ਬੋਰਡ ਲਗਾਏ ਜਾਣੇ ਚਾਹੀਦੇ ਹਨ।
ਸਿੱਖ ਮਿਊਜ਼ੀਅਮ ਦੀ ਲੋੜ
ਅੰਮ੍ਰਿਤਸਰ ਵਿੱਚ ਇੱਕ ਅਜਿਹਾ ਸਿੱਖ ਮਿਊਜ਼ੀਅਮ ਬਣਾਉਣ ਦੀ ਸਖ਼ਤ ਲੋੜ ਹੈ, ਜੋ ਸਿੱਖ ਇਤਿਹਾਸ, ਸੱਭਿਆਚਾਰ ਅਤੇ ਵਿਰਾਸਤ ਨੂੰ ਵਿਸ਼ਵ ਪੱਧਰ ’ਤੇ ਪ੍ਰਦਰਸ਼ਿਤ ਕਰ ਸਕੇ। ਮਿਊਜ਼ੀਅਮ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਤੇ ਅਜ਼ਾਦੀ ਦੀ ਲਹਿਰ ਵਿੱਚ ਸਿੱਖਾਂ ਦੀ ਭੂਮਿਕਾ ਨੂੰ ਦਰਸਾਉਣ ਵਾਲੀਆਂ ਪ੍ਰਦਰਸ਼ਨੀਆਂ ਹੋਣੀਆਂ ਚਾਹੀਦੀਆਂ ਹਨ। ਸਿੱਖ ਰਾਜ ਦੀ ਵਾਸਤੁਕਲਾ, ਜਿਵੇਂ ਕਿ ਵਿਰਾਸਤੀ ਦਰਵਾਜ਼ਿਆਂ ਦੇ ਮਾਡਲ, ਅਤੇ ਸਿੱਖ ਸ਼ਸਤਰਾਂ ਦੀ ਪ੍ਰਦਰਸ਼ਨੀ ਮਿਊਜ਼ੀਅਮ ਦਾ ਹਿੱਸਾ ਹੋਣੀ ਚਾਹੀਦੀ।ਮਿਊਜ਼ੀਅਮ ਵਿੱਚ ਵਰਚੁਅਲ ਰਿਐਲਿਟੀ ਅਤੇ ਔਗਮੈਂਟਡ ਰਿਐਲਿਟੀ ਰਾਹੀਂ ਸਿੱਖ ਇਤਿਹਾਸ ਦੀਆਂ ਘਟਨਾਵਾਂ ਨੂੰ ਜੀਵੰਤ ਕੀਤਾ ਜਾ ਸਕਦਾ ਹੈ।
ਸੱਭਿਆਚਾਰਕ ਪ੍ਰੋਗਰਾਮ: ਮਿਊਜ਼ੀਅਮ ਵਿੱਚ ਸਿੱਖ ਸੰਗੀਤ ਨਾਲ ਸਬੰਧਿਤ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਸਕਦਾ ਹੈ। ਅੰਮ੍ਰਿਤਸਰ ਦੀਆਂ ਪੁਰਾਣੀਆਂ ਬਜ਼ਾਰਾਂ, ਜਿਵੇਂ ਕਿ ਘਿਉ ਮੰਡੀ ਅਤੇ ਬਜ਼ਾਰ ਮਾਈ ਸੇਵਾਂ ਨੂੰ ਸੱਭਿਆਚਾਰਕ ਕੇਂਦਰਾਂ ਵਜੋਂ ਵਿਕਸਤ ਕੀਤਾ ਜਾਣਾ ਚਾਹੀਦਾ ਹੈ। ਇੱਥੇ ਸਥਾਨਕ ਹੱਥ-ਕਲਾ, ਪੰਜਾਬੀ ਜੁੱਤੀ ਅਤੇ ਫੁਲਕਾਰੀ ਵਰਗੀਆਂ ਕਲਾਵਾਂ ਨੂੰ ਪ੍ਰਮੋਟ ਕੀਤਾ ਜਾ ਸਕਦਾ ਹੈ।
ਸਾਫ਼-ਸਫ਼ਾਈ ਅਤੇ ਸੁੰਦਰੀਕਰਨ: ਅੰਮ੍ਰਿਤਸਰ ਦੀਆਂ ਸੜਕਾਂ, ਬਜ਼ਾਰਾਂ, ਅਤੇ ਵਿਰਾਸਤੀ ਸਥਾਨਾਂ ਦੀ ਸਾਫ਼-ਸਫ਼ਾਈ ਅਤੇ ਸੁੰਦਰੀਕਰਨ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਸ਼ਹਿਰ ਦੀ ਸੁੰਦਰਤਾ ਨੂੰ ਵਧਾਉਣ ਲਈ ਰੋਸ਼ਨੀ, ਹਰਿਆਲੀ ਅਤੇ ਸਾਫ਼-ਸੁਥਰੇ ਮਾਹੌਲ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।
ਵਿਰਾਸਤੀ ਸੰਭਾਲ ਲਈ ਵਿਸ਼ੇਸ਼ ਕਮੇਟੀ: ਪੰਜਾਬ ਸਰਕਾਰ ਨੂੰ ਇੱਕ ਵਿਰਾਸਤੀ ਸੰਭਾਲ ਕਮੇਟੀ ਬਣਾਉਣੀ ਚਾਹੀਦੀ ਹੈ, ਜਿਸ ਵਿੱਚ ਇਤਿਹਾਸਕਾਰ, ਵਾਸਤੁਸ਼ਾਸਤਰੀ ਅਤੇ ਸੱਭਿਆਚਾਰਕ ਮਾਹਿਰ ਸ਼ਾਮਲ ਹੋਣ।ਵਿਰਾਸਤੀ ਸੰਭਾਲ ਲਈ ਬਜਟ ਵਿੱਚ ਵਾਧਾ ਕੀਤਾ ਜਾਣਾ ਚਾਹੀਦਾ ਹੈ। 10 ਕਰੋੜ ਰੁਪਏ ਦੀ ਲਾਗਤ ਸਿਰਫ਼ ਪੰਜ ਦਰਵਾਜ਼ਿਆਂ ਦੀ ਮੁਰੰਮਤ ਲਈ ਕਾਫ਼ੀ ਨਹੀਂ ਹੈ। ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੈਸਕੋ ਵਰਗੀਆਂ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਸਹਿਯੋਗ ਕਰਕੇ ਅੰਮ੍ਰਿਤਸਰ ਨੂੰ ਵਿਸ਼ਵ ਵਿਰਾਸਤ ਸਥਾਨ ਦੇ ਰੂਪ ਵਿੱਚ ਮਾਨਤਾ ਦਿਵਾਈ ਜਾਣੀ ਚਾਹੀਦੀ ਹੈ।

Loading