ਵਾਸ਼ਿੰਗਟਨ/ਮਾਸਕੋ/ਕੀਵ/ਏ.ਟੀ.ਨਿਊਜ਼:
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਆਪਣੀ ਗੱਲਬਾਤ ਤੋਂ ਬਾਅਦ ਕਿਹਾ ਕਿ ਰੂਸ ਅਤੇ ਯੂਕ੍ਰੇਨ ਤੁਰੰਤ ਜੰਗਬੰਦੀ ਲਈ ਗੱਲਬਾਤ ਸ਼ੁਰੂ ਕਰਨਗੇ। ਪਰ ਕ੍ਰੇਮਲਿਨ ਨੇ ਕਿਹਾ ਕਿ ਪ੍ਰਕਿਰਿਆ ਵਿੱਚ ਸਮਾਂ ਲੱਗੇਗਾ ਅਤੇ ਅਮਰੀਕੀ ਰਾਸ਼ਟਰਪਤੀ ਨੇ ਸੰਕੇਤ ਦਿੱਤਾ ਕਿ ਉਹ ਮਾਸਕੋ ’ਤੇ ਦਬਾਅ ਪਾਉਣ ਲਈ ਯੂਰਪ ਵਿੱਚ ਨਵੀਆਂ ਪਾਬੰਦੀਆਂ ਲਗਾਉਣ ਲਈ ਤਿਆਰ ਨਹੀਂ ਹਨ।
ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਟਰੰਪ ਨੇ ਕਿਹਾ ਕਿ ਉਸ ਨੇ ਰੂਸੀ ਨੇਤਾ ਨਾਲ ਆਪਣੇ ਸੈਸ਼ਨ ਤੋਂ ਬਾਅਦ ਇੱਕ ਗਰੁੱਪ ਕਾਲ ਵਿੱਚ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਨਾਲ-ਨਾਲ ਯੂਰਪੀਅਨ ਯੂਨੀਅਨ, ਫਰਾਂਸ, ਇਟਲੀ, ਜਰਮਨੀ ਅਤੇ ਫਿਨਲੈਂਡ ਦੇ ਨੇਤਾਵਾਂ ਨੂੰ ਯੋਜਨਾ ਬਾਰੇ ਦੱਸਿਆ ਹੈ। ਟਰੰਪ ਨੇ ਕਿਹਾ, ‘‘ਰੂਸ ਅਤੇ ਯੂਕ੍ਰੇਨ ਤੁਰੰਤ ਜੰਗਬੰਦੀ ਅਤੇ ਸਭ ਤੋਂ ਮਹੱਤਵਪੂਰਨ ਯੁੱਧ ਦੇ ਅੰਤ ਲਈ ਗੱਲਬਾਤ ਸ਼ੁਰੂ ਕਰਨਗੇ।’’ ਬਾਅਦ ਵਿੱਚ ਵ੍ਹਾਈਟ ਹਾਊਸ ਨੇ ਕਿਹਾ ਉਹ ਸੋਚਦੇ ਹਨ ਕਿ ‘‘ਗੱਲਬਾਤ ਅੱਗੇ ਵਧ ਰਹੀ ਹੈ।’’
ਇਸ ਤੋਂ ਪਹਿਲਾਂ ਦੀ ਖ਼ਬਰ ਅਨੁਸਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਫੋਨ ’ਤੇ ਯੂਕ੍ਰੇਨ ਵਿੱਚ ਜੰਗਬੰਦੀ ਬਾਰੇ ਗੱਲਬਾਤ ਕੀਤੀ। ਇਹ ਗੱਲਬਾਤ ਦੋ ਘੰਟੇੇ ਤੋਂ ਜ਼ਿਆਦਾ ਹੋਈ। ਇਸ ਮੌਕੇ ਪੂਤਿਨ ਨੇ ਕਿਹਾ ਕਿ ਜੇ ਸਮਝੌਤੇ ਸਹੀ ਢੰਗ ਨਾਲ ਲਾਗੂ ਹੋ ਜਾਣ ਤਾਂ ਯੂਕ੍ਰੇਨ ਵਿੱਚ ਕੁਝ ਸਮੇਂ ਲਈ ਜੰਗਬੰਦੀ ਲਾਗੂ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੰਗ ਦੀ ਅਸਲ ਸਮੱਸਿਆ ਨੂੰ ਖਤਮ ਕਰਨ ਨਾਲ ਹੀ ਜੰਗਬੰਦੀ ਸੰਭਵ ਹੈ। ਟਰੰਪ ਨੇ ਇਸ ਤੋਂ ਪਹਿਲਾਂ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਵੀ ਫੋਨ ’ਤੇ ਗੱਲਬਾਤ ਕੀਤੀ, ਇਹ ਗੱਲਬਾਤ ਕੁਝ ਹੀ ਸਮੇਂ ਵਿੱਚ ਮੁਕੰਮਲ ਹੋ ਗਈ। ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਰਾਸ਼ਟਰਪਤੀ ਬਣਨ ਤੋਂ ਬਾਅਦ ਤਿੰਨ ਵਾਰ ਪੂਤਿਨ ਨਾਲ ਗੱਲਬਾਤ ਕਰ ਚੁੱਕੇ ਹਨ।
ਟਰੰਪ ਨੇ ਕਿਹਾ ਕਿ ਜੰਗ ਖਤਮ ਹੋਣ ਤੋਂ ਬਾਅਦ ਰੂਸ ਅਮਰੀਕਾ ਨਾਲ ਵੱਡੇ ਪੱਧਰ ’ਤੇ ਵਪਾਰ ਕਰਨ ਦਾ ਇਛੁੱਕ ਹੈ। ਟਰੰਪ ਨੇ ਯੂਕ੍ਰੇਨ ਨੂੰ ਕਿਹਾ ਕਿ ਉਹ ਵਪਾਰ ਜ਼ਰੀਏ ਵੱਡਾ ਲਾਭ ਹਾਸਲ ਕਰ ਸਕਦਾ ਹੈ। ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਦੋਵਾਂ ਦੇਸ਼ਾਂ ਦਰਮਿਆਨ ਹਾਂਪੱਖੀ ਗੱਲਬਾਤ ਜਲਦੀ ਸ਼ੁਰੂ ਹੋਵੇਗੀ।
![]()
