ਜੰਗਲਾਂ ਅਤੇ ਬਨਸਪਤੀ ਨਾਲ ਜੁੜੀ ਹੋਈ ਹੈ ਸਾਡੀ ਸੰਸਕ੍ਰਿਤੀ

In ਮੁੱਖ ਲੇਖ
July 18, 2025

ਸਾਉਣ ਮਹੀਨਾ ਸਾਡੇ ਦੇਸ਼ ਵਿੱਚ ਵਣ-ਮਹਾਉਤਸਵ ਨੂੰ ਸਮਰਪਿਤ ਹੁੰਦਾ ਹੈ। ਰੁੱਖਾਂ ਦੀ ਅਹਿਮੀਅਤ ਨੂੰ ਦੇਖਦਿਆਂ ਦੇਸ਼ ਦੇ ਪਹਿਲੇ ਖੇਤੀਬਾੜੀ ਮੰਤਰੀ ਡਾ. ਕੇ.ਐੱਮ. ਮੁਨਸ਼ੀ ਨੇ 1950 ’ਚ ਇਸ ਉਤਸਵ ਨੂੰ ਦਿੱਲੀ ਤੋਂ ਸ਼ੁਰੂ ਕੀਤਾ ਸੀ। ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ 20 ਜੁਲਾਈ ਨੂੰ ਪੁਰਾਣਾ ਕਿਲ੍ਹਾ ਦਿੱਲੀ ’ਚ ਇੱਕ ਬੂਟਾ ਲਾ ਕੇ ਉਤਸਵ ਦਾ ਆਗਾਜ਼ ਕੀਤਾ। ਇਸ ਸਾਰੀ ਮੁਹਿੰਮ ਪਿੱਛੇ ਡਾ. ਮਹਿੰਦਰ ਸਿੰਘ ਰੰਧਾਵਾ (ਉਸ ਵਕਤ ਦੇ ਦਿੱਲੀ ਦੇ ਕਮਿਸ਼ਨਰ) ਦੀ ਬਹੁਤ ਵੱਡੀ ਘਾਲਣਾ ਸੀ।
ਕਹਿੰਦੇ ਨੇ ਕਿ ਜੇ ਸਾਉਣ ਦੇ ਪਹਿਲੇ ਦਿਨ ਮੀਂਹ ਨਾ ਪਵੇ ਤਾਂ ਸਾਰਾ ਮਹੀਨਾ ਹੀ ਸੁੱਕਾ ਰਹਿੰਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜੇ ਸਾਉਣ ਵਿਚ ਹਰ ਰੋਜ਼ ਮੀਂਹ ਨਾ ਪਵੇ ਤਾਂ ਸਾਉਣ ਕਾਹਦਾ! ਪਿਛਲੇ ਕਈ ਦਹਾਕਿਆਂ ਤੋਂ ਆਲਮੀ ਪੱਧਰ ’ਤੇ ਵਾਤਾਵਰਣ ਅਤੇ ਜਲਵਾਯੂ ਵਿਚ ਵੇਖਣ ਨੂੰ ਮਿਲ ਰਹੀਆਂ ਤਬਦੀਲੀਆਂ ਬਹੁਤ ਮਾਰੂ ਸਿੱਧ ਹੋ ਰਹੀਆਂ ਹਨ। ਠੰਡ ਦਾ ਮੌਸਮ ਦਸੰਬਰ ਲੰਘਿਆਂ ਸ਼ੁਰੂ ਹੋਣ ਲੱਗ ਪਿਆ ਅਤੇ ਸਾਉਣ ਮਹੀਨੇ ਸੁੱਕੇ ਬੀਤਣ ਲੱਗ ਪਏ ਹਨ। ਤਪਸ਼ ’ਚ ਵਾਧਾ, ਗਲੇਸ਼ੀਅਰਾਂ ਦਾ ਪਿਘਲਣਾ, ਤਟਾਂ ਦਾ ਅਕਸਰ ਤੂਫ਼ਾਨਾਂ ਨਾਲ ਘਿਰਨਾ ਅਤੇ ਨਿੱਤ ਪ੍ਰਤੀ ਭੂਚਾਲਾਂ ਦੀ ਦਸਤਕ ਨੇ ਸਾਡੇ ਖ਼ੌਫ਼ ’ਚ ਵਾਧਾ ਕੀਤਾ ਹੈ। ਭਾਵੇਂ ਇਸ ਸਬੰਧੀ ਮਾਹਿਰਾਂ ਨੇ ਆਪੋ-ਆਪਣੇ ਸਿੱਟੇ ਕੱਢੇ ਹਨ ਪਰ ਇੱਕ ਗੱਲ ਸਾਂਝੀ ਤੇ ਸਵੀਕਾਰੀ ਜਾਂਦੀ ਹੈ ਕਿ ਮਨੁੱਖ ਨੇ ਆਪਣੀ ਆਰਥਿਕ ਭੁੱਖ ਖ਼ਾਤਰ ਕੁਦਰਤ ਨਾਲ ਐਸੀ ਛੇੜ-ਛਾੜ ਕੀਤੀ ਹੈ ਕਿ ਕਿਸੇ ਨਾ ਕਿਸੇ ਰੂਪ ’ਚ ਇਸ ਦਾ ਪ੍ਰਕੋਪ ਦਿਖਾਈ ਦਿੰਦਾ ਰਹਿੰਦਾ ਹੈ। ਦੇਸ਼ ਅਤੇ ਖਾਸ ਤੌਰ ’ਤੇ ਪੰਜਾਬ ਵਿੱਚ ਦਰਖ਼ਤਾਂ ਜਾਂ ਜੰਗਲਾਂ ਹੇਠ ਰਕਬਾ ਨਾ-ਮਾਤਰ ਰਹਿ ਗਿਆ ਹੈ। ਮਨੁੱਖੀ ਲੋੜਾਂ ਦੀ ਪੂਰਤੀ ਲਈ ਹਰ ਦੇਸ਼ ਵਿੱਚ ਜੰਗਲਾਂ ਹੇਠ ਘੱਟੋ-ਘੱਟ ਰਕਬਾ 33% ਚਾਹੀਦਾ ਹੈ। ਭਾਰਤ ਵਿੱਚ ਕੇਵਲ 17% ਰਕਬਾ ਜੰਗਲਾਂ ਅਧੀਨ ਹੈ। ਪੰਜਾਬ ਵਿੱਚ ਤਾਂ ਸਿਰਫ਼ 5% ਧਰਤੀ ਰੁੱਖਾਂ ਹੇਠ ਹੈ। ਇਸ ਵਿੱਚ ਉਹ ਸਾਰੇ ਦਰਖ਼ਤ ਸ਼ੁਮਾਰ ਹਨ ਜਿਹੜੇ ਸੜਕਾਂ ਅਤੇ ਨਹਿਰਾਂ ਦੇ ਕੰਢਿਆਂ ’ਤੇ ਨਜ਼ਰ ਆ ਰਹੇ ਹਨ। ਕੋਈ ਸਮਾਂ ਸੀ, ਇਨ੍ਹਾਂ ਥਾਂਵਾਂ ’ਤੇ ਸਾਡੇ ਆਪਣੇ ਪਰੰਪਰਾਗਤ ਦਰਖ਼ਤ ਜਿਵੇਂ ਟਾਹਲੀਆਂ, ਤੂਤ, ਪਿੱਪਲ, ਬੋਹੜ ਅਤੇ ਖਾਸ ਜਗ੍ਹਾ ’ਤੇ ਫ਼ਲਾਂ ਵਾਲੇ ਦਰਖ਼ਤ ਜਿਵੇਂ ਅੰਬ, ਜਾਮਣਾਂ ਆਦਿ ਸੰਘਣੇ ਰੂਪ ਵਿੱਚ ਨਜ਼ਰ ਆਉਂਦੇ ਸਨ। ਹੁਣ ਸੜਕਾਂ ਜਾਂ ਨਹਿਰਾਂ ਕਿਨਾਰੇ ਮੁੱਖ ਰੂਪ ਵਿੱਚ ਸਫ਼ੈਦੇ ਜਾਂ ਵਿਦੇਸ਼ੀ ਨਸਲ ਦੇ ਦਰਖ਼ਤ ਮਿਲਦੇ ਹਨ। ਸਾਡੀ ਸੰਸਕ੍ਰਿਤੀ ਨਾਲ ਜੁੜੇ ਦਰਖ਼ਤ ਸਾਡੇ ਮੌਸਮਾਂ ਅਤੇ ਜਲਵਾਯੂ ਨਾਲ ਢੁਕਵੇਂ ਹੀ ਨਹੀਂ ਸਨ ਸਗੋਂ ਆਮ ਲੋਕਾਂ ਲਈ ਫ਼ਲ ਵੀ ਦਿੰਦੇ ਸਨ। ਖ਼ੁਸ਼ਕ ਇਲਾਕੇ ਵਿੱਚ ਬੇਰੀਆਂ, ਕਿੱਕਰਾਂ, ਕਰੀਰ, ਜੰਡ ਅਤੇ ਡੇਲਿਆਂ ਦੇ ਦਰਖ਼ਤ ਸਾਡੇ ਲਈ ਖਾਣ-ਪੀਣ ਦੀਆਂ ਵਸਤਾਂ ਦਾ ਸਾਧਨ ਸਨ। ਨਵੀਂ ਕਿਸਮ ਦੇ ਦਰਖ਼ਤ ਸਾਡੇ ਅਤੇ ਜਾਨਵਰਾਂ ਲਈ ਦੋਸਤੀ ਵਾਲਾ ਸਹਿਚਾਰ ਨਹੀਂ ਰੱਖਦੇ। ਸਿੱਟੇ ਵਜੋਂ ਅਨੇਕਾਂ ਜਾਨਵਰ, ਜਿਹੜੇ ਇਨ੍ਹਾਂ ਦਰਖ਼ਤਾਂ ’ਤੇ ਆਪਣੇ ਆਲ੍ਹਣੇ ਬਣਾ ਕੇ ਰਹਿੰਦੇ ਸਨ, ਅਲੋਪ ਹੋ ਗਏ ਜਾਪਦੇ ਹਨ।
ਸਾਡੀ ਸੰਸਕ੍ਰਿਤੀ ਮੁੱਖ ਰੂਪ ਵਿੱਚ ਜੰਗਲਾਂ ਅਤੇ ਬਨਸਪਤੀ ਨਾਲ ਜੁੜੀ ਹੋਈ ਹੈ। ਭਾਰਤੀ ਸਮਾਜ ਵਿੱਚ ਉਨ੍ਹਾਂ ਦਰਖ਼ਤਾਂ ਦੀ ਪੂਜਾ ਹੁੰਦੀ ਹੈ ਜਿਹੜੇ ਮਨੁੱਖ ਲਈ ਲਾਭਦਾਇਕ ਹਨ। ਵਿਸ਼ੇਸ਼ ਤੌਰ ’ਤੇ ਪਿੱਪਲ, ਨਿੰਮ ਅਤੇ ਬੋਹੜ ਦੀ ਤ੍ਰਿਵੇਣੀ ਨੂੰ ਅਸੀਂ ਹੁਣ ਵੀ ਪਵਿੱਤਰ ਮੰਨਦੇ ਹਾਂ। ਇਹ ਸਾਡੇ ਲੋਕ ਗੀਤਾਂ ਦਾ ਹਿੱਸਾ ਹੀ ਨਹੀਂ ਸਗੋਂ ਰੂਹ ਹਨ। ਇਨ੍ਹਾਂ ਪਰੰਪਰਾਗਤ ਦਰਖ਼ਤਾਂ ਨੇ ਸਾਡੇ ਸੱਭਿਆਚਾਰ ਦੀ ਸਿਰਜਣਾ ਕੀਤੀ। ਸਾਫ਼ ਵਾਤਾਵਰਣ ਪੈਦਾ ਕਰਨ ਵਿੱਚ ਇਨ੍ਹਾਂ ਦੀ ਮੁੱਖ ਭੂਮਿਕਾ ਹੈ। ਪੱਛਮੀ ਦੇਸ਼ਾਂ ਦੇ ਵਾਤਾਵਰਣ ਵਿਗਿਆਨੀ ਕਹਿੰਦੇ ਹਨ ਕਿ ਜਿਸ ਦੇਸ਼ ਵਿੱਚ ਨਿੰਮ ਵਰਗਾ ਔਸ਼ਧੀ ਦਰਖ਼ਤ ਹੈ, ਉਥੇ ਲੋਕ ਬਿਮਾਰ ਕਿਉਂ ਹੁੰਦੇ ਹਨ। ਨਿੰਮ ਦੇ ਪੱਤਿਆਂ ਤੋਂ ਲੈ ਕੇ ਨਮੋਲੀਆਂ ਤੱਕ ਇਹ ਸਾਡੇ ਲਈ ਲਾਭਕਾਰੀ ਹੈ।
ਪਿਛਲੇ ਪੰਜਾਹ ਸਾਲਾਂ ਵਿੱਚ ਰੁੱਖਾਂ ਨਾਲ ਘੋਰ ਬੇਇਨਸਾਫ਼ੀ ਹੋਈ ਹੈ। ਬਹੁਤ ਰਕਬੇ ਨੂੰ ਖੇਤੀ ਹੇਠ ਲਿਆਉਣ ਦੀ ਮਨਸ਼ਾ ਨਾਲ ਅਸੀਂ ਬੇਕਿਰਕ ਹੋ ਕੇ ਦਰਖ਼ਤਾਂ ਨੂੰ ਵੱਢਿਆ ਹੈ। ਅਸੀਂ ਇਹ ਭੁੱਲ ਗਏ ਕਿ ਇਹ ਉਹੀ ਰੁੱਖ ਹਨ ਜਿਨ੍ਹਾਂ ਦਾ ਜ਼ਿਕਰ ਸੰਤਾਂ, ਪੀਰਾਂ ਵੱਲੋਂ ਆਪਣੀ ਬਾਣੀ ਵਿੱਚ ਨਿਮਰਤਾ ਅਤੇ ਸਬਰ ਦੇ ਚਿੰਨ੍ਹ ਵਜੋਂ ਕੀਤਾ ਗਿਆ ਹੈ ਅਤੇ ਸਾਨੂੰ ਨਸੀਹਤ ਵੀ ਦਿੱਤੀ ਗਈ ਕਿ ਜੇ ਰੋੜੇ-ਵੱਟੇ ਮਾਰਨ ’ਤੇ ਵੀ ਰੁੱਖ ਸਾਨੂੰ ਫ਼ਲ ਦਿੰਦੇ ਹਨ ਤਾਂ ਮਨੁੱਖ ਨੂੰ ਆਪਣੇ ਸਬਰ ਤੇ ਸ਼ਾਂਤੀ ਲਈ ਇਨ੍ਹਾਂ ਤੋਂ ਸਬਕ ਸਿੱਖਣਾ ਚਾਹੀਦਾ ਹੈ।
ਆਰਥਿਕ ਤਰੱਕੀ ਦੇ ਨਾਂ ’ਤੇ ਵੱਡੇ ਪੱਧਰ ’ਤੇ ਜੰਗਲਾਂ ਦੀ ਕਟਾਈ ਕਾਰਨ ਪੰਜਾਬ ਦੇ ਪਿੰਡ ਅਤੇ ਖੇਤ ਤਾਂ ਉਜਾੜ ਹੀ ਨਜ਼ਰ ਆਉਂਦੇ ਹਨ। ਪਹਿਲਾਂ ਵੱਡੀ ਗਿਣਤੀ ’ਚ ਰੁੱਖ ਮੁਰੱਬੇਬੰਦੀ ਦੀ ਭੇਟ ਚੜ੍ਹ ਗਏ ਅਤੇ ਬਾਅਦ ਵਿੱਚ ਹਰੀ ਕ੍ਰਾਂਤੀ ਦੌਰਾਨ ਹੋਰ ਅਨਾਜ ਪੈਦਾ ਕਰਨ ਦੀ ਹੋੜ ਨੇ ਸਾਡੇ ਟਿੱਬੇ- ਟਿੱਲੇ ਐਨੇ ਪੱਧਰੇ ਕਰ ਦਿੱਤੇ ਕਿ ਬੇਰੀਆਂ, ਕਿੱਕਰਾਂ ਅਤੇ ਜੰਡ-ਕਰੀਰ ਹਮੇਸ਼ਾ ਲਈ ਇਤਿਹਾਸ ਦਾ ਹਿੱਸਾ ਬਣ ਗਏ। ਅਸੀਂ ਇਨ੍ਹਾਂ ਦਰਖ਼ਤਾਂ ਤੋਂ ਮਿਲਣ ਵਾਲੇ ਫ਼ਲਾਂ ਤੋਂ ਵੀ ਵਾਂਝੇ ਹੋ ਗਏ ਅਤੇ ਨਾਲ ਹੀ ਇਨ੍ਹਾਂ ਵਿੱਚ ਵਾਸ ਕਰਨ ਵਾਲੇ ਜਾਨਵਰਾਂ ਨੂੰ ਦੇਖਣ ਲਈ ਤਰਸ ਗਏ। ਹੁਣ ਅਸੀਂ ਬਿਜੜੇ ਦੇ ਖ਼ੂਬਸੂਰਤ ਲਮਕਦੇ ਘਰ ਕਿੱਥੇ ਵੇਖਾਂਗੇ? ਛੋਟੀਆਂ ਭੂਰੀਆਂ ਚਿੜੀਆਂ, ਘੁੱਗੀਆਂ ਜਿਹੜੀਆਂ ਸਥਾਈ ਰੂਪ ਵਿੱਚ ਬੇਰੀਆਂ ’ਤੇ ਆਲ੍ਹਣੇ ਬਣਾ ਕੇ ਰਹਿੰਦੀਆਂ ਸਨ, ਨੂੰ ਕਦੋਂ ਵੇਖ ਸਕਾਂਗੇ? ਵੱਧ ਉਪਜ ਦੀ ਇਸੇ ਦੌੜ ਵਿੱਚ ਅਸੀਂ ਖ਼ੂਬਸੂਰਤ ਟਿੱਬੇ ਪੱਧਰੇ ਕਰ ਕੇ ਨਿੱਕੇ ਜੀਵ-ਜੰਤੂਆਂ ਦੀਆਂ ਅਨੇਕਾਂ ਨਸਲਾਂ ਮਿਟਾ ਦਿੱਤੀਆਂ ਹਨ। ਵੀਰ-ਵਹੁਟੀਆਂ, ਘੋਗੇ, ਜਿਹੜੇ ਮੁੱਖ ਰੂਪ ’ਚ ਖ਼ੁਸ਼ਕ ਥਾਂਵਾਂ ’ਤੇ ਆਪਣੇ ਘੁਰਨੇ ਬਣਾ ਕੇ ਰਹਿੰਦੇ ਸਨ ਅਤੇ ਸਾਉਣ ਮਹੀਨੇ ਬਾਰਿਸ਼ਾਂ ਬਾਅਦ ਰੇਤੇ ’ਤੇ ਆਪਣੀ ਤੋਰ ਤੁਰਦੇ ਸਨ, ਸਭ ਖ਼ਤਮ ਹੋ ਗਏ। ਮਾਲਵੇ ਦੇ ਪਿੰਡਾਂ ਵਿੱਚ ਰੇਤਾ ਖੰਡ ਦੇ ਭਾਅ ਵਿਕ ਰਿਹੈ। ਧੁਰ ਬਠਿੰਡੇ ਦੀਆਂ ਜੜ੍ਹਾਂ ਤੱਕ ਝੋਨਾ ਲਾ ਕੇ ਅਸੀਂ ਜ਼ਮੀਨ ਨੂੰ ਹੁੰਮਸ ਅਤੇ ਗਰਮੀ ਦਾ ਸਰੋਤ ਬਣਾ ਦਿੱਤਾ। ਸਾਡੇ ਪੰਜਾਬ ਦੇ ਬਹੁਤੇ ਦਰਖ਼ਤ ਖ਼ੁਸ਼ਕ ਜਲਵਾਯੂ ਨਾਲ ਜੁੜੇ ਹੋਏ ਸਨ। ਸਾਰੇ ਖੇਤਾਂ ਅਤੇ ਵੱਟਾਂ ਦੁਆਲੇ ਖੜ੍ਹੇ ਪਾਣੀ ਨੇ ਰੁੱਖਾਂ ਦਾ ਲੱਗਣਾ ਹੀ ਮੁਹਾਲ ਕਰ ਦਿੱਤਾ ਹੈ।
ਸਿਆਣੇ ਕਹਿੰਦੇ ਨੇ ਕਿ ਰੁੱਖ ਸਾਡੇ ਜਨਮ ਤੋਂ ਲੈ ਕੇ ਮਰਨ ਤੱਕ ਦਾ ਪਰਦਾ ਢੱਕਦੇ ਹਨ। ਜ਼ਿੰਦਗੀ ਦੇ ਹਰ ਪੱਧਰ ’ਤੇ ਇਨ੍ਹਾਂ ਦੀਆਂ ਬਹੁਮੁੱਲੀਆਂ ਨਿਆਮਤਾਂ ਸਾਡੇ ਲਈ ਖ਼ੁਸ਼ੀਆਂ ਦਾ ਮਾਹੌਲ ਸਿਰਜਦੀਆਂ ਹਨ। ਕੁਝ ਸਮਾਂ ਪਹਿਲਾਂ ਪਿੰਡਾਂ ’ਚ ਆਮ ਘਰਾਂ ਦੇ ਖੇਤੀਬਾੜੀ ਵਾਲੇ ਹਿੱਸੇ ਵਿੱਚ ਲੱਕੜਾਂ ਦੇ ਢੇਰ ਪਏ ਮਿਲਦੇ ਸਨ। ਜਨਮ-ਮਰਨ ਦੇ ਕਾਰਜਾਂ ਲਈ ਤੁਰੰਤ ਉਪਲਬਧ ਸਾਧਨ ਵਜੋਂ ਇਨ੍ਹਾਂ ਦੀ ਵਰਤੋਂ ਹੁੰਦੀ ਸੀ। ਹੁਣ ਇਨ੍ਹਾਂ ਘਰਾਂ ’ਚ ਲੋੜ ਪੈਣ ’ਤੇ ਲੱਕੜ ਲੱਭਿਆਂ ਨਹੀਂ ਲੱਭਦੀ। ਖੇਤੀ ਪ੍ਰਧਾਨ ਸੂਬੇ ’ਚ ਬਨਸਪਤੀ ਅਤੇ ਦਰਖ਼ਤਾਂ ਦਾ ਇਹ ਹਾਲ ਹੈ ਤਾਂ ਸ਼ਹਿਰਾਂ ਦੀ ਹਾਲਤ ਦਾ ਅੰਦਾਜ਼ਾ ਸੌਖਿਆਂ ਹੀ ਲਾਇਆ ਜਾ ਸਕਦੈ। ਅਚੰਭਾ ਹੋਇਆ ਜਦ ਪਿੰਡ ਵਾਲਿਆਂ ਇਹ ਦੱਸਿਆ ਕਿ ਮਨੁੱਖਾਂ ਦੀ ਅੰਤਿਮ ਰਸਮ ਲਈ ਸਸਕਾਰ ਵੇਲੇ ਗੈਸੀ ਭੱਠੀਆਂ ਲਾਈਆਂ ਜਾ ਰਹੀਆਂ ਹਨ। ਖੇਤੀ ਦੀ ਵਧੇਰੇ ਉਪਜ ਲਈ ਜੰਗਲਾਂ ਦਾ ਜਿਹੜਾ ਹਾਲ ਹੋਇਆ, ਸਾਡੇ ਸਾਹਮਣੇ ਹੈ ਪਰ ਝੋਨੇ ਦੀ ਬੇਸਮਝ ਬਿਜਾਈ ਨੇ ਅੰਮਿ੍ਰਤ ਵਰਗਾ ਪਾਣੀ ਵੀ ਡੂੰਘਾ ਧਰਾਤਲ ਵਿੱਚ ਪਹੁੰਚਾ ਦਿੱਤਾ ਹੈ। ਮੱਛੀ-ਮੋਟਰਾਂ ਵੀ ਪਾਣੀ ਕੱਢਣ ਤੋਂ ਹੁਣ ਅਸਮਰੱਥ ਜਾਪਦੀਆਂ ਹਨ। ਅਜਿਹੀ ਮੁਸ਼ੱਕਤ ਨਾਲ ਪੈਦਾ ਕੀਤੇ ਝੋਨੇ ਨੇ ਭਾਵੇਂ ਦੇਸ਼ ਦੇ ਅੰਨ ਭੰਡਾਰ ਵਿੱਚ ਯੋਗਦਾਨ ਪਾਇਆ ਪਰ ਇਸ ਦੀ ਕੀਮਤ ਬਹੁਤ ਵੱਡੀ ਤਾਰਨੀ ਪਈ ਹੈ। ਅਸੀਂ ਪਾਣੀ ਅਤੇ ਹਵਾ ਨੂੰ ਗੰਧਲਾ ਕਰ ਦਿੱਤਾ ਹੈ। ਪੁਰਾਤਨ ਫ਼ਸਲਾਂ ਖ਼ਤਮ ਕਰ ਕੇ ਅਸੀਂ ਉਹ ਜਿਨਸ ਪੈਦਾ ਕਰਨ ’ਤੇ ਜ਼ੋਰ ਲਾ ਦਿੱਤਾ, ਜਿਹੜੀ ਨਾ ਸਾਡੀ ਖ਼ੁਰਾਕ ਦਾ ਹਿੱਸਾ ਹੈ ਅਤੇ ਨਾ ਹੀ ਸਾਡੇ ਪਸ਼ੂਆਂ ਦਾ ਖਾਜਾ। ਇਸ ਫ਼ਸਲ ਦਾ ਝਾੜ- ਫ਼ੂਸ ਵੀ ਕਿਸੇ ਕੰਮ ਨਹੀਂ ਆਉਂਦਾ। ਝੋਨਾ ਸਾਡੇ ਲੋਕ ਗੀਤਾਂ ਦਾ ਹਿੱਸਾ ਨਹੀਂ ਹੈ ਕਿਉਂਕਿ ਇਹ ਸਾਡੇ ਸੱਭਿਆਚਾਰ ਦਾ ਅੰਗ ਨਹੀਂ ਹੈ। ਕਣਕ, ਮੱਕੀ, ਸਰ੍ਹੋਂ, ਜੁਆਰ, ਬਾਜਰਾ, ਛੋਲੇ ਸਾਡੇ ਲੋਕ ਗੀਤਾਂ ਦਾ ਇਸੇ ਕਰਕੇ ਹਿੱਸਾ ਹਨ ਕਿ ਸਾਡੇ ਜਿਊਣ ਲਈ ਢੁਕਵੇਂ ਹਨ।
ਤਿੰਨ ਦਹਾਕੇ ਪਹਿਲਾਂ ਸਮਾਜ ਸੇਵਕ ਸੁੰਦਰ ਲਾਲ ਬਹੁਗੁਣਾ ਵੱਲੋਂ ਟੀਹਰੀ ਗੜਵਾਲ ਦੇ ਇਲਾਕੇ ਵਿੱਚ ਦਰਖ਼ਤਾਂ ਨੂੰ ਨਾ ਕੱਟਣ ਦੇਣ ਲਈ ਚਿਪਕੋ ਅੰਦੋਲਨ ਚਲਾਇਆ ਗਿਆ ਸੀ। ਵੱਡੀ ਗਿਣਤੀ ਵਿੱਚ ਲੋਕ ਰੁੱਖਾਂ ਦੇ ਰਖਵਾਲੇ ਵਜੋਂ ਇਸ ਵਿੱਚ ਸ਼ਾਮਲ ਹੋਏ। ਲੋਕ ਅੰਦੋਲਨ ਦਾ ਅਜਿਹਾ ਅਸਰ ਹੋਇਆ ਕਿ ਇੱਕ ਵੱਡੇ ਡੈਮ ਦੀ ਉਸਾਰੀ ਦੀ ਜਗ੍ਹਾ ਤਬਦੀਲ ਕਰਨੀ ਪਈ। ਸ੍ਰੀ ਬਹੁਗੁਣਾ ਵੱਲੋਂ ਝੋਨੇ ਖ਼ਿਲਾਫ਼ ਵੀ ਆਵਾਜ਼ ਬੁਲੰਦ ਕੀਤੀ ਗਈ। ਉਨ੍ਹਾਂ ਖ਼ੁਦ ਆਪਣੀ ਖ਼ੁਰਾਕ ਵਿਚੋਂ ਚਾਵਲ ਮਨਫ਼ੀ ਕਰ ਦਿੱਤੇ ਸਨ। ਇਸ ਦਾ ਕਾਰਨ ਇਹ ਹੈ ਕਿ ਬੇਹਿਸਾਬਾ ਪਾਣੀ ਖ਼ਪਤ ਕਰਨ ਉਪਰੰਤ ਇਹ ਫ਼ਸਲ ਪੈਦਾ ਕੀਤੀ ਜਾਂਦੀ ਹੈ। ਪੰਜਾਬ ਵਿੱਚ ਅਸੀਂ ਰੁੱਖਾਂ ਦੇ ਬਚਾਓ ਅਤੇ ਜੰਗਲਾਂ ਦੇ ਫ਼ੈਲਾਅ ਨਾਲ ਵਾਤਾਵਰਣ ਦੀ ਸੰਭਾਲ ਲਈ ਕੋਈ ਮਾਅਰਕੇ ਵਾਲੀ ਮੁਹਿੰਮ ਨਹੀਂ ਸ਼ੁਰੂ ਕਰ ਸਕੇ। ਲੱਖਾਂ ਕਰੋੜਾਂ ਦਰਖ਼ਤ ਸਾਡੀ ਬੇਸਮਝ ਸ਼ਹਿਰੀਕਰਨ ਦੀ ਨੀਤੀ ਅਧੀਨ ਖੇਤਾਂ ਵਿਚੋਂ ਖ਼ਤਮ ਹੋ ਰਹੇ ਹਨ।
ਜੇਕਰ ਸਾਡੇ ਧਾਰਮਿਕ ਸਥਾਨਾਂ ’ਤੇ ਹਵਾ ਦੇ ਗੰਧਲੇਪਣ ਨੂੰ ਰੋਕਣ, ਪਾਣੀ ਦੀ ਸਵੱਛਤਾ ਨੂੰ ਬਰਕਰਾਰ ਰੱਖਣ ਅਤੇ ਧਰਤੀ ਮਾਂ ਦੀ ਹਿੱਕ ਨੂੰ ਹਰੀ ਭਰੀ ਰੱਖਣ ਲਈ ਕੁਝ ਉਪਦੇਸ਼ ਦਿੱਤੇ ਜਾਂਦੇ ਰਹਿਣ ਤਾਂ ਅਸੀਂ ਥੋੜ੍ਹੇ ਸਮੇਂ ਵਿੱਚ ਉਹ ਤਬਦੀਲੀ ਲਿਆ ਸਕਦੇ ਹਾਂ ਜਿਹੜੀ ਕਿਸੇ ਕਾਨੂੰਨ ਜਾਂ ਸਰਕਾਰੀ ਆਦੇਸ਼ ਨਾਲ ਹਾਸਲ ਨਹੀਂ ਹੋ ਸਕਦੀ।
ਜੀ.ਕੇ. ਸਿੰਘ

Loading