ਜੰਗਾਂ ਰੋਕਣ ਲਈ ਪ੍ਰਭਾਵਸ਼ਾਲੀ ਸੰਗਠਨ ਬਣੇ

In ਮੁੱਖ ਲੇਖ
March 27, 2026

ਪੂਰਨ ਚੰਦ ਸਰੀਨ
ਆਈਸਲੈਂਡ, ਸਵਿਟਜ਼ਰਲੈਂਡ ਤੇ ਕੋਸਟਾਰਿਕਾ ਵਰਗੇ ਦੇਸ਼ਾਂ ਨੇ ਸ਼ਾਇਦ ਹੀ ਕਦੇ ਜੰਗ ਦੇਖੀ ਹੋਵੇਗੀ, ਕੁਝ ਦੇਸ਼ਾਂ ਨੇ ਆਪਣੀਆਂ ਫ਼ੌਜਾਂ ਹੀ ਖ਼ਤਮ ਕਰ ਦਿੱਤੀਆਂ ਤੇ ਬਹੁਤੇ ਇਹ ਵੀ ਨਹੀਂ ਜਾਣਦੇ ਕਿ ਕਿਸੇ ਦੇਸ਼ ਨਾਲ ਲੜਨਾ ਕੀ ਹੁੰਦਾ ਹੈ? ਇਸ ਦੇ ਉਲਟ ਅਮਰੀਕਾ, ਰੂਸ, ਚੀਨ, ਇਰਾਨ, ਇਜ਼ਰਾਇਲ, ਅਫ਼ਗਾਨਿਸਤਾਨ ਤੇ ਪਾਕਿਸਤਾਨ ਜਿਹੇ ਦੇਸ਼ਾਂ ਨੂੰ ਲੜਨ ਬਗੈਰ ਖਾਣਾ ਹੀ ਹਜ਼ਮ ਨਹੀਂ ਹੁੰਦਾ। ਆਕਾਰ ਪੱਖੋਂ ਛੋਟੇ ਤੇ ਵਿਸ਼ਵਵਿਆਪੀ ਸੰਦਰਭ ਵਿੱਚ ਮੁੱਠੀ ਭਰ ਲੋਕਾਂ ਦੇ ਦੇਸ਼ ਬ੍ਰਿਟੇਨ ਵੱਲੋਂ ਜੰਗਾਂ ਲੜ ਕੇ ਬਣਾਏ ਵਿਸ਼ਾਲ ਸਾਮਰਾਜ ’ਚ ਕਦੇ ਸੂਰਜ ਨਹੀਂ ਸੀ ਡੁੱਬਦਾ। ਫ਼ਰਾਂਸ ਤੇ ਜਰਮਨੀ ਵਰਗੇ ਦੇਸ਼ਾਂ ਦੇ ਇਤਿਹਾਸ ਵੀ ਇਸ ਭਿਆਨਕ ਤਬਾਹੀ ਦੇ ਗਵਾਹ ਰਹੇ ਹਨ।
ਧਰਮ ਯੁੱਧ ਤੋਂ ਮਿਜ਼ਾਈਲਾਂ ਤੇ ਡਰੋਨ ਤੱਕ- ਇਹ ਇੱਕ ਇਤਿਹਾਸਕ ਤੱਥ ਹੈ ਕਿ ਜੰਗਾਂ ਮਜਬੂਰੀ ਨਾਲ ਨਹੀਂ ਲੜੀਆਂ ਜਾਂਦੀਆਂ, ਸਗੋਂ ਦੂਜੇ ਦੇ ਇਲਾਕੇ ’ਤੇ ਕਬਜ਼ਾ ਕਰ ਕੇ ਸਰਹੱਦਾਂ ਦਾ ਵਿਸਤਾਰ ਕਰਨ, ਕਿਸੇ ਨੂੰ ਤਬਾਹ ਕਰਨ ਜਾਂ ਕਾਬੂ ਕਰਨ ਲਈ ਲੜੀਆਂ ਜਾਂਦੀਆਂ ਹਨ। ਕਈ ਦੇਸ਼ ਕਿਸੇ ਨਾਲ ਵੀ ਜੰਗ ਕਰਨ ਨੂੰ ਇੱਕ ਸ਼ੌਕ ਸਮਝਦੇ ਹਨ; ਇੱਕ ਵਾਰ ਜੰਗ ਸ਼ੁਰੂ ਕਰ ਕੇ ਕਈ ਦੇਸ਼ ਉਸ ਨੂੰ ਖ਼ਤਮ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਲਈ ਜੰਗ ਕਿਸੇ ਵੀ ਹੋਰ ਕਾਰੋਬਾਰ, ਉਦਯੋਗ ਵਾਂਗ ਹੈ, ਜਿੱਥੇ ਉਤਪਾਦਨ ਜਾਰੀ ਰਹਿਣਾ ਚਾਹੀਦਾ ਹੈ ਤੇ ਇਸ ਨੂੰ ਰੋਕਣ ਦਾ ਮਤਲਬ ਨੁਕਸਾਨ ਵਾਲਾ ਸੌਦਾ ਹੈ। ਕੁਝ ਲੋਕ ਤਾਂ ਲੜਦੇ ਹਨ ਅਤੇ ਕੁਝ ਨਿਰਦੋਸ਼ ਜੋ ਲੜਾਈ ਵਿੱਚ ਸ਼ਾਮਿਲ ਵੀ ਨਹੀਂ ਹੁੰਦੇ, ਉਨ੍ਹਾਂ ਨੂੰ ਬੇਵਜ੍ਹਾ ਬੁਰੇ ਪ੍ਰਣਾਮ ਭੁਗਤਣੇ ਪੈਂਦੇ ਹਨ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਥਾਪਿਤ ਸੰਯੁਕਤ ਰਾਸ਼ਟਰ ਵਰਗੀਆਂ ਸੰਸਥਾਵਾਂ ਆਪਣੀ ਮਹੱਤਤਾ ਗੁਆ ਕੇ ਦਿਖਾਵਾ ਬਣ ਕੇ ਰਹਿ ਗਈਆਂ ਹਨ। ਉਨ੍ਹਾਂ ਦੀ ਜੋ ਤਾਕਤ ਸੀ ਉਹ ਹੁਣ ਕਮਜ਼ੋਰੀ ਬਣ ਚੁੱਕੀ ਹੈ। ਵੀਟੋ ਪਾਵਰ ਦੀ ਵਰਤੋਂ ਤਾਕਤਵਰਾਂ ਵੱਲੋਂ ਆਪਣੇ ਹਿੱਤਾਂ ਅਨੁਸਾਰ ਕੀਤੀ ਜਾਂਦੀ ਹੈ। ਇੱਕ ਅਜਿਹਾ ਮਾਹੌਲ ਬਣਾਇਆ ਜਾਂਦਾ ਹੈ ਕਿ ਜਿੱਥੇ ਜੰਗ ਹੀ ਇਕੋ ਇਕ ਬਦਲ ਰਹਿ ਜਾਂਦਾ ਹੈ। ਇਸ ਵਿਚਾਰ ਦਾ ਕੀ ਤੁਕ ਹੈ ਕਿ ਜੇਕਰ ਇਰਾਨ ਪ੍ਰਮਾਣੂ ਬੰਬ ਬਣਾ ਲੈਂਦਾ ਹੈ ਤਾਂ ਲਾਜ਼ਮੀ ਤੌਰ ’ਤੇ ਉਹ ਬੰਬ ਧਮਾਕਾ ਹੀ ਕਰੇਗਾ, ਇਸ ਲਈ ਇਸ ਨੂੰ ਤਬਾਹ ਕਰ ਦਿਓ? ਦੂਜੇ ਪਾਸੇ ਇਜ਼ਰਾਇਲ ਹਮੇਸ਼ਾ ਆਪਣੀ ਹੋਂਦ ਲਈ ਲੜਦਾ ਰਿਹਾ ਹੈ। ਇਰਾਨ ਵੀ ਆਪਣੀ ਪਛਾਣ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦਾ ਹੋਇਆ ਅਨੇਕਾਂ ਸੰਘਰਸ਼ਾਂ ’ਚੋਂ ਲੰਘਿਆ ਹੈ। ਅੱਜ ਇਹ ਦੋਵੇਂ ਦੇਸ਼ ਲੜ ਰਹੇ ਹਨ, ਕਿਉਂਕਿ ਟਰੰਪ ਉਨ੍ਹਾਂ ਨੂੰ ਉਕਸਾ ਤੇ ਲੜਾ ਰਿਹਾ ਹੈ। ਦਰਅਸਲ ਇਹ ਯੁੱਧ ਇੱਕ ਆਦਮੀ ਦੀ ਲਾਲਸਾ ਤੇ ਉਸ ਦੇ ਜਨੂੰਨ ਦਾ ਨਤੀਜਾ ਹੈ। ਸ਼ਕਤੀਸ਼ਾਲੀ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਕਿਸੇ ਨੂੰ ਤਬਾਹ ਕਰਨ ਲਈ ਨਿਕਲ ਪਉ ਅਤੇ ਆਪਣੇ ਆਪ ਨੂੰ ਦੁਨੀਆ ਦਾ ਮਹਾਨ ਸ਼ਾਸਕ ਸਮਝਣ ਲੱਗ ਜਾਓ।
ਨਵੀਂ ਸੋਚ ਦੀ ਸ਼ੁਰੂਆਤ ਹੋਵੇ- ਯੁੱਧ ਕਦੇ ਵੀ ਅਪੀਲਾਂ ਜਾਂ ਨਿੰਦਾ ਨਾਲ ਨਹੀਂ ਰੁਕਦੇ। ਇਸ ਲਈ ਇੱਕ ਅਜਿਹਾ ਸੰਗਠਨ ਹੋਣਾ ਜ਼ਰੂਰੀ ਹੈ, ਜੋ ਸਿਰਫ਼ ਸਲਾਹਾਂ ਦੇਣ ਦੀ ਬਜਾਏ ਅੰਤਿਮ ਆਦੇਸ਼ ਦੇ ਕੇ ਯੁੱਧ ਹਰ ਹਾਲਤ ’ਚ ਰੁਕਵਾ ਸਕੇ। ਸੰਯੁਕਤ ਰਾਸ਼ਟਰ ’ਚ ਸਿਰਫ਼ 5 ਨਹੀਂ, ਸਗੋਂ ਵੱਡੇ ਤੇ ਦਰਮਿਆਨੇ ਆਕਾਰ ਦੇ ਸਭ ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਿਲ ਹੋਣੇ ਚਾਹੀਦੇ ਹਨ। ਵੀਟੋ ਜਿਹਾ ਇਕਪਾਸੜ ਅਧਿਕਾਰ ਹੋਣ ਦੀ ਬਜਾਏ ਇਹ ਸੰਤੁਲਿਤ, ਪਾਰਦਰਸ਼ੀ, ਤੱਥ-ਆਧਾਰਿਤ ਫ਼ੈਸਲਾ ਹੋਣਾ ਚਾਹੀਦਾ ਹੈ, ਜੋ ਅੰਤਰਰਾਸ਼ਟਰੀ ਕਾਨੂੰਨ ਦੇ ਅਧੀਨ ਮੰਨਣਯੋਗ ਹੋਵੇ। ਇਸ ਫ਼ੈਸਲੇ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਵਾਲੇ ਦਾ ਸਭ ਦੇਸ਼ਾਂ ਦੁਆਰਾ ਸਮੂਹਿਕ ਬਾਈਕਾਟ ਹੋਣਾ ਚਾਹੀਦਾ ਹੈ, ਭਾਵੇਂ ਉਹ ਕਿੰਨਾ ਵੀ ਸ਼ਕਤੀਸ਼ਾਲੀ ਹੀ ਕਿਉਂ ਨਾ ਹੋਵੇ ਅਜਿਹਾ ਕੋਈ ਸੰਵਿਧਾਨਕ ਤੇ ਕਾਨੂੰਨੀ ਢਾਂਚਾ ਹੋਣਾ ਚਾਹੀਦਾ ਹੈ ਜੋ ਤੈਅ ਕਰੇ ਕਿ ਜੇਕਰ ਕਿਸੇ ਵਿਵਾਦ ਦਾ ਹੱਲ ਸਿਰਫ਼ ਜੰਗ ਰਾਹੀਂ ਹੀ ਕੀਤਾ ਜਾ ਸਕਦਾ ਹੈ ਤਾਂ ਇਸ ਸੰਗਠਨ ਤੋਂ ਇਜਾਜ਼ਤ ਲੈਣਾ ਜ਼ਰੂਰੀ ਹੋਵੇ। ਇਸ ਸੰਗਠਨ ਦਾ ਫ਼ੈਸਲਾ ਦੋਵੇਂ ਧਿਰਾਂ ’ਤੇ ਲਾਗੂ ਹੋਣਾ ਚਾਹੀਦਾ ਹੈ ਅਤੇ ਉਲੰਘਣਾ ਕਰਨ ਵਾਲੇ ਨੂੰ ਦੋਸ਼ੀ ਮੰਨਿਆ ਜਾਣਾ ਚਾਹੀਦਾ ਹੈ। ਸਵਾਲ ਇਹ ਹੈ ਕਿ ਕੀ ਵੱਡੇ ਤੇ ਆਧੁਨਿਕ ਹਥਿਆਰਾਂ ਨਾਲ ਲੈਸ ਦੇਸ਼ ਇਸ ਪ੍ਰਬੰਧ ਨਾਲ ਸਹਿਮਤ ਹੋਣਗੇ। ਅਮਰੀਕਾ ਤੇ ਹੋਰ ਦੇਸ਼ ਅਕਸਰ ਦੂਜਿਆਂ ’ਤੇ ਪਾਬੰਦੀਆਂ ਜਾਂ ਟੈਰਿਫ ਵਰਗੀਆਂ ਆਰਥਿਕ ਪਾਬੰਦੀਆਂ ਲਗਾਉਂਦੇ ਰਹਿੰਦੇ ਹਨ। ਇਹ ਸੰਗਠਨ ਇੰਨਾ ਸ਼ਕਤੀਸ਼ਾਲੀ ਹੋਣਾ ਚਾਹੀਦਾ ਹੈ ਕਿ ਹਰ ਕਿਸੇ ਨੂੰ ਇਸ ਦੇ ਫ਼ੈਸਲੇ ਨੂੰ ਸਵੀਕਾਰ ਕਰਨਾ ਪਵੇ।
ਯੁੱਧ ਨਾ ਕਰਨ ਦੀ ਸੋਚ ਬਣੇਗੀ-ਜੇਕਰ ਅਜਿਹਾ ਸੰਗਠਨ ਬਣਨਾ ਸੰਭਵ ਹੋ ਜਾਵੇ ਤਾਂ ਇਹ ਵਿਸ਼ਵਵਿਆਪੀ ਸੋਚ ਵਿੱਚ ਇੱਕ ਮਿਸਾਲੀ ਤਬਦੀਲੀ ਹੋਵੇਗੀ। ਅੱਜ ਯੁੱਧ ਭਾਵੇਂ ਸਿਰਫ਼ ਦੋ ਦੇਸ਼ਾਂ ਵਿਚਕਾਰ ਹੋਵੇ , ਪਰ ਇਹ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰਦਾ ਹੈ। ਇਜ਼ਰਾਇਲ ਤੇ ਇਰਾਨ ਵਿਚਕਾਰ ਯੁੱਧ ਦੇ ਨਤੀਜੇ ਵਜੋਂ ਬਹੁਤ ਸਾਰੇ ਦੇਸ਼ਾਂ ਵਿੱਚ ਈਂਧਨ ਸਪਲਾਈ ਦਾ ਸੰਕਟ ਪੈਦਾ ਹੋ ਗਿਆ ਹੈ। ਯੁੱਧ ਭਾਵੇਂ ਕਿਤੇ ਵੀ ਹੋ ਰਿਹਾ ਹੋਵੇ, ਪਰ ਪੂਰੀ ਮਨੁੱਖਤਾ ਨੂੰ ਪ੍ਰਭਾਵਿਤ ਕਰਦਾ ਹੈ। ਅੱਜ ਦੇ ਸਮੇਂ ’ਚ ਜੰਗਾਂ ਸੈਨਿਕਾਂ ਦੁਆਰਾ ਸਰਹੱਦਾਂ ’ਤੇ ਹੀ ਨਹੀਂ, ਸਗੋਂ ਡੇਟਾ ਸਾਈਬਰ ਹਮਲਿਆਂ ਤੇ ਮਸਨੂਈ ਬੁੱਧੀ (ਏ.ਆਈ.) ਦੁਆਰਾ ਵੀ ਲੜੀਆਂ ਜਾਂਦੀਆਂ ਹਨ। ਅਸੀਂ ਹੁਣ 21ਵੀਂ ਸਦੀ ਵਿੱਚ 20ਵੀਂ ਸਦੀ ਦੀ ਸੋਚ ਜਾਂ ਸੰਗਠਨਾਤਮਕ ਪ੍ਰਕਿਰਿਆਵਾਂ ਦੇ ਅਨੁਸਾਰ ਵਿਵਹਾਰ ਨਹੀਂ ਕਰ ਸਕਦੇ। ਜੇਕਰ ਅਜਿਹਾ ਸੰਗਠਨ ਸਥਾਪਿਤ ਹੁੰਦਾ ਹੈ ਤਾਂ ਇਹ ਵਿਗਿਆਨਕ ਸੋਚ ਤੇ ਤਕਨਾਲੋਜੀ ’ਤੇ ਆਧਾਰਿਤ ਹੋਵੇਗਾ। ਉਸ ਦੀ ਸਮਰੱਥਾ ਏ.ਆਈ. ਦੁਆਰਾ ਸੰਚਾਲਿਤ ਅਤੇ ਡਿਜੀਟਲ ਤੇ ਡੇਟਾ ਦੁਆਰਾ ਨਿਯੰਤਰਿਤ ਹੋਣ ਕਰਕੇ ਕਿਸੇ ਵੀ ਸ਼ਕਤੀਸ਼ਾਲੀ ਦੇਸ਼ ਨੂੰ ਹਮਲਾ ਕਰਨ ਤੋਂ ਰੋਕੇਗੀ, ਜਿਵੇਂ ਅੱਜ ਕੱਲ੍ਹ ਮਿਜ਼ਾਈਲਾਂ ਨੂੰ ਰੋਕਿਆ ਜਾਂ ਬੇਅਸਰ ਕੀਤਾ ਜਾਂਦਾ ਹੈ। ਇਹ ਪ੍ਰਣਾਲੀ ਹੋਰ ਸਾਰੇ ਆਧੁਨਿਕ ਹਥਿਆਰਾਂ ’ਤੇ ਵੀ ਲਾਗੂ ਕੀਤੀ ਜਾ ਸਕਦੀ ਹੈ, ਜੋ ਹਮਲਾ ਕਰਨ ਦੀ ਉਨ੍ਹਾਂ ਦੀ ਯੋਗਤਾ ਨੂੰ ਖ਼ਤਮ ਕਰ ਦਿੰਦੀ ਹੈ। ਇਸ ਤਰ੍ਹਾਂ ਵਿਨਾਸ਼ਕਾਰੀ ਤਬਾਹੀ ਨੂੰ ਰੋਕਿਆ ਜਾ ਸਕਦਾ ਹੈ ਅਤੇ ਇਹ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋ ਸਕਦੀ ਹੈ। ਭਾਰਤ ਵਰਗੇ ਨਿਰਪੱਖ ਦੇਸ਼ਾਂ ਨੂੰ ਅੱਗੇ ਹੋ ਕੇ ਅਜਿਹੀ ਪਹਿਲ ਕਰਨੀ ਪਵੇਗੀ।

Loading