33 views 0 secs 0 comments

ਜੰਗ: ਇਨਸਾਨੀ ਤਬਾਹੀ ਦੀ ਸਭ ਤੋਂ ਵੱਡੀ ਤਸਵੀਰ

In Epaper
May 08, 2025
ਜੰਗਾਂ ਕਿਸੇ ਪਬਜੀ ਗੇਮ ਦਾ ਨਾਮ ਨਹੀਂ ਹਨ। ਜੰਗਾਂ ਆਮ ਗੱਲਾਂ ਨਹੀਂ ਹੁੰਦੀਆਂ। ਜਦੋਂ ਸੀਨਿਆਂ ਵਿੱਚ ਛੇਕ ਹੋਣੇ ਹੋਣ ਨਾ ਉਸ ਵੇਲੇ ਜੰਗਾਂ ਵਿੱਚ ਜਾਣ ਵਾਲੇ ਵੀ ਆਮ ਵਿਅਕਤੀ ਨਹੀਂ ਹੁੰਦੇ। ਭਾਵੇਂ ਜੰਗ ਨੂੰ ਸ਼ਾਂਤੀ ਦਾ ਦੂਜਾ ਨਾਮ ਦਿੱਤਾ ਜਾਂਦਾ ਹੈ ਪਰ ਜੋ ਇਸ ਦਾ ਦਰਦ ਹੰਢਾਉਂਦੇ ਹਨ ,ਉਹੀ ਜਾਣਦੇ ਹਨ। ਜੰਗ ਤੋਂ ਪਹਿਲਾਂ ਪੂੰਛਾਂ ਚੱਕੀ ਫਿਰਦੇ ਮੌਕੇ ’ਤੇ ਨਜ਼ਰ ਨੀ ਆਉਂਦੇ। ਨਾ ਕਦੇ ਨੇਤਾਵਾਂ ਦੇ ਪੁੱਤ ਮਰਦੇ ਨੇ, ਉਹਨਾਂ ਨੇ ਹਮੇਸ਼ਾ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ ਹੁੰਦੀਆਂ ਹਨ। ਨਾ ਦੂਰ ਦਰਾਜ਼ ਵਾਲੇ ਮਰਦੇ ਨੇ, ਮਰਦੇ ਨੇ ਮੈਦਾਨ ਏ ਜੰਗ ਦੇ ਇਲਾਕਿਆਂ ਵਿੱਚ ਵਸਣ ਵਾਲੇ ਬਾਸ਼ਿੰਦੇ ਜਾਂ ਫਿਰ ਮਾਵਾਂ ਦੇ ਪੁੱਤ ਜੋ ਲੜਨ ਲਈ ਜਾਂਦੇ ਨੇ। ਕਈਆਂ ਲਈ ਜੰਗ ਪੈਸੇ ਕਮਾਉਣ ਦਾ ਤਰੀਕਾ ਤੇ ਕਈਆਂ ਲਈ ਵੋਟ ਬੈਂਕ। ਬਾਰਡਰ ਤੋਂ ਦੂਰ ਬੈਠਿਆਂ ਲਈ ਜੰਗ ਸੈਲੀਬ੍ਰੇਸ਼ਨ ਹੁੰਦੀ ਹੈ। ਉਹਨਾਂ ਦੇ ਭਾਅ ਦੀਆਂ ਫੁੱਲਝੜੀਆਂ ਹੁੰਦੀਆਂ ਹਨ। ਜ਼ਿਆਦਾ ਤਰ ਜੰਗਾਂ ਪੰਜਾਬ ਦੇ ਹਿੱਸੇ ਆਈਆਂ ਨੇ। ਹਰ ਪਿੰਡ ਦੇ ਮੂਹਰੇ ਲੱਗਿਆ ਸ਼ਹੀਦੀ ਗੇਟ ਭਾਵੇਂ ਸਾਨੂੰ ਸਾਡੀਆਂ ਬਹਾਦਰੀ ਦਾ ਮਾਣ ਮਹਿਸੂਸ ਕਰਵਾਉਂਦਾ ਹੈ ,ਪਰ ਇਹ ਗੇਟਾਂ ਨੇ ਪੂਰੀਆਂ ਪੀੜ੍ਹੀਆਂ ਖਤਮ ਕਰ ਦਿੱਤੀਆਂ। ਜਦੋਂ ਅਸੀਂ ਅਖਬਾਰਾਂ ਵਿੱਚ ਜੰਗ ਦੀਆਂ ਖ਼ਬਰਾਂ ਪੜ੍ਹਦੇ ਹਾਂ ਜਾਂ ਟੈਲੀਵਿਜ਼ਨ ’ਤੇ ਟੈਂਕਾਂ ਦੇ ਕਾਫਲਿਆਂ ਨੂੰ ਵੱਧਦੇ ਹੋਏ ਦੇਖਦੇ ਹਾਂ, ਤਾਂ ਉਹ ਸਿਰਫ਼ ਦ੍ਰਿਸ਼ ਨਹੀਂ ਹੁੰਦੇ, ਉਹ ਇਨਸਾਨੀ ਤਬਾਹੀ ਦਾ ਚਿੱਤਰ ਹੁੰਦੇ ਹਨ। ਜੰਗ ਕੋਈ ਫਿਲਮੀ ਕਹਾਣੀ ਜਾਂ ਸਿਰਫ਼ ਰਣਨੀਤਿਕ ਚਲਾਕੀ ਨਹੀਂ ਹੁੰਦੀ — ਇਹ ਇੱਕ ਅਜਿਹਾ ਹੱਦ ਬੰਦ ਘਟਨਾ ਹੁੰਦੀ ਹੈ ਜੋ ਲੋਕਾਂ ਦੀ ਜ਼ਿੰਦਗੀ, ਇਤਿਹਾਸ, ਭਵਿੱਖ ਅਤੇ ਮਨੁੱਖਤਾ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਇਸ ਕਰਕੇ ਇਹ ਕਹਿਣਾ ਕਿ “ਜੰਗਾਂ ਆਮ ਗੱਲਾਂ ਨਹੀਂ ਹੁੰਦੀਆਂ” ਕੇਵਲ ਇੱਕ ਨਾਅਰਾ ਨਹੀਂ, ਸਗੋਂ ਇਹ ਇੱਕ ਤੱਥ ਹੈ ਜੋ ਇਤਿਹਾਸ ਅਤੇ ਵਰਤਮਾਨ ਦੋਹਾਂ ਰਾਹੀਂ ਸਾਬਤ ਹੁੰਦਾ ਹੈ। ਜੰਗ ਦੇ ਦੌਰਾਨ ਸਿਰਫ਼ ਸਿਪਾਹੀਆਂ ਹੀ ਨਹੀਂ ਮਰਦੇ, ਸਗੋਂ ਗੈਰ-ਸੈਨਿਕ, ਨਿਰਦੋਸ਼ ਲੋਕ, ਬੱਚੇ, ਮਹਿਲਾ, ਬਜ਼ੁਰਗ ਵੀ ਬਲੀ ਦੇ ਬੱਕਰੇ ਬਣ ਜਾਂਦੇ ਹਨ। ਦੂਜੀ ਵਿਸ਼ਵ ਯੁੱਧ ਦੇ ਦੌਰਾਨ ਲੱਗਭਗ 7 ਕਰੋੜ ਲੋਕ ਮਾਰੇ ਗਏ ਸਨ। ਇਰਾਕ , ਕੋਰੀਆ, ਅਫ਼ਗ਼ਾਨਿਸਤਾਨ ਤੇ ਹੋਰ ਦੇਸਾਂ ਦੀਆਂ ਜੰਗਾਂ ਨੇ ਇਨਸਾਨੀਅਤ ਮਾਰ ਕੇ ਰੱਖ ਦਿੱਤੀ ਹੈ। ਭਾਰਤ ਦੀਆਂ ਚੀਨ, ਪਾਕਿਸਤਾਨ ਨਾਲ 1962, 1965, 1971, ਕਾਰਗਿਲ ਯੁੱਧ ਵਿੱਚ ਅਣਗਿਣਤ ਮਾਵਾਂ ਦੇ ਪੁੱਤ ਤੇ ਆਮ ਸ਼ਹਿਰੀ ਮੌਤ ਦੀ ਭੇਂਟ ਚੜ੍ਹ ਗਏ। ਅਵਾਮ ਤਾਂ ਸ਼ਾਂਤੀ ਨਾਲ ਵਸਣਾ ਚਾਹੁੰਦੀ ਹੁੰਦੀ ਹੈ,ਪਰ ਰਾਜਨੀਤਕ ਲੋਕ ਇਹ ਹੋਣ ਨਹੀਂ ਦਿੰਦੇ। ਘਰ ਤਾਂ ਦੋਵੇਂ ਪਾਸੇ ਉਜੜਦੇ ਨੇ। ਅੰਕੜੇ ਸਾਨੂੰ ਦੱਸਦੇ ਹਨ ਕਿ ਜੰਗ ਕਿਸ ਤਰ੍ਹਾਂ ਇਨਸਾਨੀ ਸਮਾਜ ਨੂੰ ਤਬਾਹ ਕਰ ਦਿੰਦੀ ਹੈ। ਆਰਥਿਕ ਅਤੇ ਸਮਾਜਿਕ ਤਬਾਹੀ ਦੀ ਗੱਲ ਕਰੀਏ ਤਾਂ ਜਦੋਂ ਕਿਸੇ ਦੇਸ਼ ਵਿੱਚ ਜੰਗ ਛਿੜ ਜਾਂਦੀ ਹੈ, ਤਾਂ ਕੇਵਲ ਮਰਨ ਮਾਰ ਹੀ ਨਹੀਂ ਹੁੰਦੀ, ਸਗੋਂ ਉਸ ਦੇਸ਼ ਦੀ ਆਰਥਿਕਤਾ, ਉਦਯੋਗ, ਕਮਾਈ ਦੇ ਸਾਧਨ, ਖੇਤੀਬਾੜੀ, ਸਿਹਤ ਸੇਵਾਵਾਂ ਅਤੇ ਸਿੱਖਿਆ ਸਿਸਟਮ ਤਬਾਹ ਹੋ ਜਾਂਦੇ ਹਨ। ਸੀਰੀਆ, ਅਫ਼ਗਾਨਿਸਤਾਨ, ਯਮਨ ਅਤੇ ਇਰਾਕ ਅਜਿਹੇ ਕਈ ਦੇਸ਼ ਹਨ, ਜਿਨ੍ਹਾਂ ਦੀ ਆਰਥਿਕਤਾ ਨੇ ਕਦੇ ਮੁੜ ਉਭਾਰ ਨਹੀਂ ਲਿਆ। ਲੋਕ ਪਾਲਣ ਪੋਸ਼ਣ ਵਾਲੀਆਂ ਨੌਕਰੀਆਂ ਤੋਂ ਵੀ ਹੱਥ ਧੋ ਬੈਠਦੇ ਹਨ, ਘਰ ਢਹਿ ਜਾਂਦੇ ਹਨ ਅਤੇ ਪੁਰਾਣੀਆਂ ਯਾਦਾਂ ਸਿਰਫ਼ ਝੋਪੜੀਆਂ ਅਤੇ ਖੰਡਰਾਂ ਵਿੱਚ ਹੀ ਵਸਦੀਆਂ ਹਨ। ਜੰਗਾਂ ਦੇ ਮਨੋਵਿਗਿਆਨਕ ਅਸਰ ਵੀ ਵੱਡੀ ਪੱਧਰ ’ਤੇ ਪੈਂਦੇ ਨੇ, ਜੰਗ ਸਿਰਫ਼ ਸ਼ਰੀਰ ਨੂੰ ਹੀ ਨਹੀਂ, ਮਨ ਨੂੰ ਵੀ ਛੱਲਣੀ ਕਰ ਦਿੰਦੀ ਹੈ। ਜੰਗ ਵਿਚੋਂ ਬਚ ਕੇ ਨਿਕਲਣ ਵਾਲੇ ਬੱਚਿਆਂ, ਮਹਿਲਾਵਾਂ ਜਾਂ ਸਿਪਾਹੀਆਂ ਦੀ ਮਨੋਵਿਗਿਆਨਕ ਹਾਲਤ ਅਕਸਰ ਪੀ.ਟੀ.ਐਸ.ਡੀ.(ਪੋਸਟ ਟਰਾਮੈਟਿਕ ਸਟ੍ਰੈਸ ਡਿਸਆਰਡਰ) ਨਾਲ ਗੁੰਝਲਦਾਰ ਹੁੰਦੀ ਹੈ। ਉਹ ਰਾਤਾਂ ਨੂੰ ਨੀਂਦ ਨਹੀਂ ਲੈ ਸਕਦੇ, ਅਚਾਨਕ ਆਵਾਜ਼ਾਂ ’ਤੇ ਡਰ ਜਾਂਦੇ ਹਨ ਅਤੇ ਆਮ ਜ਼ਿੰਦਗੀ ਵੱਲ ਵਾਪਸੀ ਕਰਨਾ ਉਨ੍ਹਾਂ ਲਈ ਨਰਕ ਬਣ ਜਾਂਦਾ ਹੈ। ਇਹ ਸਭ ਸਾਨੂੰ ਯਾਦ ਦਿਲਾਉਂਦਾ ਹੈ ਕਿ ਜੰਗ ਇੱਕ ਲੰਬੀ ਚਲਣ ਵਾਲੀ ਆਤਮਾ ਦੀ ਗਾਥਾ ਹੈ — ਜਿੱਥੇ ਹਰ ਵਾਰੀ ਹਾਰਦਾ ਇਨਸਾਨ ਹੀ ਹੈ। ਜੰਗਾਂ ਦੇ ਵਿੱਚ ਨੈਤਿਕਤਾ ਦਾ ਘਾਣ ਹੋ ਜਾਂਦਾ ਹੈ। ਕਈ ਵਾਰੀ ਜੰਗਾਂ ਨਿਆਂ ਦੇ ਨਾਂ ’ਤੇ ਲੜੀਆਂ ਜਾਂਦੀਆਂ ਹਨ, ਪਰ ਇਹ ਨਿਆਂ ਇੱਕ ਪਾਸੇ ਦੀ ਪਰਿਭਾਸ਼ਾ ਹੁੰਦੀ ਹੈ। ਜੰਗਾਂ ਵਿੱਚ ਅਕਸਰ ਨੈਤਿਕ ਮਿਆਰਾਂ ਦੀ ਧੱਜੀਆਂ ਉਡਾਈ ਜਾਂਦੀਆਂ ਹਨ, ਕਤਲ, ਬਲਾਤਕਾਰ, ਤਸ਼ੱਦਦ, ਬੱਚਿਆਂ ਦੀ ਭਰਤੀ, ਰਾਸ਼ਨ ਤੇ ਪਾਣੀ ’ਤੇ ਰੋਕ, ਇਹ ਸਾਰੇ ਅਪਰਾਧ ਸਧਾਰਨ ਬਣ ਜਾਂਦੇ ਹਨ। ਸਾਬਕਾ ਯੁਗੋਸਲਾਵੀਆ ਦੀ ਜੰਗ ਹੋਵੇ ਜਾਂ ਰਵਾਂਡਾ ਦਾ ਨਸਲੀ ਕਤਲੇਆਮ, ਇਹ ਸਾਰੇ ਘਟਨਾਕ੍ਰਮ ਦੱਸਦੇ ਹਨ ਕਿ ਜੰਗ ਵਿੱਚ ਨੈਤਿਕਤਾ ਮੌਤ ਤੋਂ ਪਹਿਲਾਂ ਮਰ ਜਾਂਦੀ ਹੈ। ਜੰਗਾਂ ਦੇ ਥੋੜ੍ਹੇ ਚਿਰੇ ਪ੍ਰਭਾਵ ਨਹੀਂ ਹੁੰਦੇ ਇਹ ਲੰਮੇ ਸਮੇਂ ਤੱਕ ਹੋਣ ਵਾਲੇ ਨੁਕਸਾਨ ਹੁੰਦੇ ਹਨ। ਜਦੋਂ ਜੰਗ ਖਤਮ ਵੀ ਹੋ ਜਾਂਦੀ ਹੈ, ਤਾਂ ਵੀ ਉਸ ਦੇ ਪ੍ਰਭਾਵ ਦਹਾਕਿਆਂ ਤੱਕ ਰਹਿੰਦੇ ਹਨ। ਖੇਤਾਂ ਵਿੱਚ ਬੰਬ ਪਏ ਰਹਿੰਦੇ ਹਨ, ਪਾਣੀ ਅਤੇ ਹਵਾ ਜ਼ਹਿਰੀਲੀ ਹੋ ਜਾਂਦੀ ਹੈ ਅਤੇ ਹਜ਼ਾਰਾਂ ਲੋਕਾਂ ਨੂੰ ਵਿਦੇਸ਼ਾਂ ਵਿੱਚ ਸ਼ਰਨ ਲੈਣੀ ਪੈਂਦੀ ਹੈ। ਉਨ੍ਹਾਂ ਦੀ ਪਛਾਣ, ਭਾਸ਼ਾ, ਸੰਸਕਾਰ ਤੇ ਜ਼ਿੰਦਗੀ ਦੇ ਸਾਰੇ ਰਿਸ਼ਤੇ ਖਤਮ ਹੋ ਜਾਂਦੇ ਹਨ। ਉਪਜਾਊ ਜ਼ਮੀਨਾਂ ਖੰਡਰਾਂ ’ਚ ਬਦਲ ਜਾਂਦੀਆਂ ਹਨ ਅਤੇ ਉਨ੍ਹਾਂ ਉੱਤੇ ਫਿਰ ਕਦੇ ਵੀ ਆਮ ਜ਼ਿੰਦਗੀ ਮੁੜ ਨਹੀਂ ਆਉਂਦੀ। ਜੰਗਾਂ ਦੀ ਰਾਜਨੀਤਿਕ ਪਛਾਣ ਦੀ ਗੱਲ ਕਰੀਏ ਤਾਂ ਜੰਗਾਂ ਅਕਸਰ ਰਾਜਨੀਤਿਕ ਫਾਇਦੇ ਲਈ ਛੇੜੀਆਂ ਜਾਂਦੀਆਂ ਹਨ। ਜਦੋਂ ਅੰਦਰੂਨੀ ਸਿਆਸੀ ਦਬਾਅ ਵਧ ਜਾਂਦਾ ਹੈ ਜਾਂ ਹਕੂਮਤਾਂ ਨੂੰ ਆਪਣੀ ਲੋਕਪ੍ਰਿਯਤਾ ਦੀ ਲੋੜ ਹੁੰਦੀ ਹੈ, ਤਾਂ ਉਹ ‘ਬਾਹਰੀ ਖ਼ਤਰੇ’ ਦਾ ਹਵਾਲਾ ਦੇ ਕੇ ਜੰਗੀ ਮਾਹੌਲ ਬਣਾਉਂਦੀਆਂ ਹਨ। ਇਹ ਅਸਲ ਵਿੱਚ ਜਨਤਕ ਧਿਆਨ ਨੂੰ ਅਸਲੀ ਮਸਲਿਆਂ ਗਰੀਬੀ, ਰੋਜ਼ਗਾਰ, ਸਿੱਖਿਆ, ਸਿਹਤ ਤੋਂ ਹਟਾਉਣ ਦਾ ਇੱਕ ਹਥਕੰਡਾ ਹੁੰਦਾ ਹੈ। ਜਦੋਂ ਵੀ ਸਰਕਾਰ ਰੁਜ਼ਗਾਰ ਸਿੱਖਿਆ ਦੇ ਮੁੱਦਿਆਂ ’ਤੇ ਫੇਲ੍ਹ ਹੋ ਜਾਂਦੀ ਹੈ ਤਾਂ ਉਹ ਇਹ ਮਾਹੌਲ ਬਣਾਉਂਦੀ ਹੈ। ਸਰਕਾਰਾਂ ਦਾ ਇਹ ਪੁਰਾਣਾ ਤੇ ਕਾਰਗਰ ਹਥਿਆਰ ਹੈ। ਇੱਕ ਜੰਗ ਛੇੜ ਦਿੱਤੀ ਜਾਂਦੀ ਹੈ ਜਾਂ ਫਿਰ ਧਾਰਮਿਕ ਦੰਗੇ ਕਰਵਾਏ ਜਾਂਦੇ ਹਨ। ਇਸ ਦਾ ਫਾਇਦਾ ਇਹ ਹੁੰਦਾ ਹੈ ਰੁਜ਼ਗਾਰ ਸਿੱਖਿਆ ਦੀ ਗੱਲ ਕਰਦੇ ਲੋਕ ਜੰਗ ਵੱਲ ਧਿਆਨ ਲਾ ਦਿੰਦੇ ਹਨ। ਉਹਨਾਂ ਅੰਦਰ ਭਗਤੀ ਜਨਮ ਲੈ ਲੈਂਦੀ ਹੈ ਤੇ ਸਰਕਾਰ ਵੋਟਾਂ ਲੈ ਲੈਂਦੀ ਹੈ। ਜੰਗ ਦਾ ਮੀਡੀਆ ਤੇ ਸੱਭਿਆਚਾਰ ਉੱਤੇ ਅਸਰ ਵੀ ਦੇਖਣ ਨੂੰ ਮਿਲਦਾ ਹੈ। ਮੀਡੀਆ ਥੋੜ੍ਹੇ ਚਿਰ ਵਿੱਚ ਇਸ ਨੇ ਕਾਫੀ ਪੈਰ ਪਸਾਰੇ ਹਨ। ਮੀਡੀਆ ਵੀ ਅਕਸਰ ਜੰਗਾਂ ਨੂੰ ‘ਹੀਰੋ’ ਤੇ ‘ਵਿੱਲਨ’ ਦੀ ਕਹਾਣੀ ਵਾਂਗ ਪੇਸ਼ ਕਰਦਾ ਹੈ। ਫਿਲਮਾਂ, ਗੀਤਾਂ, ਕਹਾਣੀਆਂ ਵਿੱਚ ਜੰਗ ਨੂੰ ਰੋਮਾਂਚਕ ਅਤੇ ਮਹਾਨ ਬਣਾਇਆ ਜਾਂਦਾ ਹੈ ਜਿਵੇਂ ਕਿ ਅੱਜਕਲ੍ਹ ਅਖੌਤੀ ਮੀਡੀਏ ਦਾ ਹਾਲ ਹੈ। ਸਟੂਡੀਓ ਵਿੱਚ ਬਹਿ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਰਹਿੰਦੇ ਹਨ। ਪਰ ਇਹ ਸੱਚਾਈ ਤੋਂ ਬਿਲਕੁਲ ਉਲਟ ਹੁੰਦਾ ਹੈ। ਸੱਚੀ ਜੰਗ ਵਿੱਚ ਨਾ ਗੀਤ ਹੁੰਦੇ ਹਨ, ਨਾ ਹੀਰੋ — ਸਿਰਫ਼ ਮਰਨ ਵਾਲੇ ਤੇ ਉਜੜਨ ਵਾਲੇ ਲੋਕ ਹੁੰਦੇ ਹਨ। ਇਹ ਅੱਧੀ ਲੜਾਈ ਸਟੂਡੀਓ ਵਿੱਚ ਹੀ ਕਰਵਾ ਦਿੰਦੇ ਹਨ। ਅਮਨ ਅਤੇ ਸੰਵਾਦ ਇੱਕ ਵਿਕਲਪ ਦੇ ਤੌਰ ਤੇ ਦੇਖੀਏ ਤਾਂ ਜਦ ਤੱਕ ਅਸੀਂ ਜੰਗ ਨੂੰ ਹੀ ਹੱਲ ਸਮਝਦੇ ਰਹਾਂਗੇ, ਤਦ ਤੱਕ ਇਨਸਾਨੀ ਤਬਾਹੀ ਰੁਕਣੀ ਨਹੀਂ। ਅਸਲ ਹੱਲ ਸੰਵਾਦ, ਰਚਨਾਤਮਕ ਰਾਜਨੀਤੀ ਅਤੇ ਇਨਸਾਨੀ ਅਹਿਸਾਸ ਵਿੱਚ ਵੱਸਦਾ ਹੈ। ਜਿਵੇਂ ਨੈਲਸਨ ਮੰਡੇਲਾ, ਮਹਾਤਮਾ ਗਾਂਧੀ ਜਾਂ ਮਾਰਟਿਨ ਲੂਥਰ ਕਿੰਗ ਨੇ ਸਿਖਾਇਆ ਤਾਕਤ ਹਿੰਸਾ ਵਿੱਚ ਨਹੀਂ, ਸਗੋਂ ਮਾਫੀ ਅਤੇ ਸਮਝਦਾਰੀ ਵਿੱਚ ਹੈ। ਜੇਕਰ ਅਸੀਂ ਨਤੀਜੇ ਫਰੋਲੀਏ ਤਾਂ ਇਤਿਹਾਸ, ਵਰਤਮਾਨ ਅਤੇ ਭਵਿੱਖ ਸਾਨੂੰ ਇਹ ਸਿਖਾਉਂਦੇ ਹਨ ਕਿ ਜੰਗਾਂ ਕਦੇ ਵੀ ਆਮ ਗੱਲ ਨਹੀਂ ਹੁੰਦੀਆਂ। ਜੇ ਅਸੀਂ ਚਾਹੁੰਦੇ ਹਾਂ ਕਿ ਭਵਿੱਖ ਦੀਆਂ ਪੀੜ੍ਹੀਆਂ ਜ਼ਿੰਦਗੀ, ਇਨਸਾਫ਼ ਅਤੇ ਆਜ਼ਾਦੀ ਦੇ ਅਰਥ ਸਮਝ ਸਕਣ, ਤਾਂ ਅਸੀਂ ਜੰਗ ਨੂੰ ਇਨਸਾਨੀ ਇਤਿਹਾਸ ਵਿੱਚ ਇੱਕ ਅੰਤਿਮ ਵਿਕਲਪ ਮੰਨਣਾ ਪਏਗਾ ਨਾ ਕਿ ਇੱਕ ਆਮ ਹਾਲਾਤ। ਜਦੋਂ ਅਸੀਂ ਜੰਗ ਨੂੰ ਸਧਾਰਨ ਕਰ ਦਿੰਦੇ ਹਾਂ, ਤਾਂ ਅਸੀਂ ਮਨੁੱਖਤਾ ਦੇ ਉੱਚੇ ਮਿਆਰਾਂ ਨੂੰ ਹੀ ਥੱਲੇ ਕਰ ਦਿੰਦੇ ਹਾਂ। ਸਿਰਫ਼ ਹਥਿਆਰਾਂ ਨੂੰ ਨਹੀਂ, ਸੋਚਾਂ ਨੂੰ ਬਦਲਣਾ ਪਵੇਗਾ। ਸਿਰਫ਼ ਜੰਗ ਨੂੰ ਨਹੀਂ, ਮਨੁੱਖਤਾ ਨੂੰ ਜਿੱਤੋ। ਧਰਮਾਂ ਦੇ ਦਾਇਰੇ ਮੋਕਲੇ ਕਰਨੇ ਪੈਣਗੇ। ਧਰਮ ਸਾਨੂੰ ਇਨਸਾਨੀਅਤ ਨਾਲ ਜੋੜਦਾ ਹੈ ਨਾ ਕਿ ਤੋੜਦਾ। ਧਰਮ ਨੂੰ ਸਾਨੂੰ ਭਾਈਚਾਰਕ ਸਾਂਝ ਲਈ ਵਰਤਣਾ ਚਾਹੀਦਾ ਹੈ ਨਾ ਕਿ ਨਫ਼ਰਤ ਲਈ। ਕਿਸੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਫਿਰ ਹੀ ਦੁਨੀਆਂ ਸ਼ਾਂਤੀ ਨਾਲ ਰਹਿ ਸਕਦੀ ਹੈ। ਸਭ ਪਾਸੇ ਪਿਆਰ ਦਾ ਸੁਨੇਹਾ ਹੀ ਦੇਣਾ ਚਾਹੀਦਾ ਹੈ। : ਜਗਤਾਰ ਲਾਡੀ ਮਾਨਸਾ

Loading