ਜੰਗ ਭਾਰਤ ਦੀ ਕਦੇ ਵੀ ਪਹਿਲੀ ਪਸੰਦ ਨਹੀਂ ਸੀ। ਪਾਕਿਸਤਾਨ ਦੀ ਸ਼ਹਿ ਪ੍ਰਾਪਤ ਦਹਿਸ਼ਤਗਰਦਾਂ ਵੱਲੋਂ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਦੌਰਾਨ ਕੀਤੇ ਗਏ ਕਾਇਰਾਨਾ ਕਤਲੇਆਮ ਦੇ ਪੰਦਰਾਂ ਦਿਨਾਂ ਬਾਅਦ ਛੇ-ਸੱਤ ਮਈ ਦੀ ਦਰਮਿਆਨੀ ਰਾਤ ਨੂੰ ਭਾਰਤੀ ਫ਼ੌਜ ਨੇ ਪੰਚੀ ਮਿੰਟਾਂ ਵਿੱਚ ਚੌਵੀ ਮਿਜ਼ਾਈਲਾਂ, ਬੰਬਾਂ, ਡ੍ਰੋਨਾਂ ਅਤੇ ਹੋਰ ਆਧੁਨਿਕ ਹਥਿਆਰਾਂ ਨਾਲ ਹਮਲਾ ਕਰ ਕੇ ਪਾਕਿਸਤਾਨ ਵਿਚਲੇ ਨੌਂ ਵੱਡੇ ਦਹਿਸ਼ਤੀ ਟਿਕਾਣਿਆਂ ਤੇ ਸਿਖਲਾਈ ਕੇਂਦਰਾਂ ਨੂੰ ਢਹਿ-ਢੇਰੀ ਕਰ ਦਿੱਤਾ। ਜੈਸ਼-ਏ-ਮੁਹੰਮਦ ਦੇ ਗੜ੍ਹ ਬਹਾਵਲਪੁਰ ਵਿੱਚ ਜਥੇਬੰਦੀ ਦੇ ਹੈੱਡਕੁਆਰਟਰ ਵਿੱਚ ਉਸ ਦੇ ਮੁਖੀ ਮਸੂਦ ਅਜ਼ਹਰ ਦੇ ਪਰਿਵਾਰ ਦੇ ਦਸ ਮੈਂਬਰ ਵੀ ਮਾਰੇ ਗਏ। ਮੁਰੀਦਕੇ ਵਿਚਲਾ ਲਸ਼ਕਰ-ਏ-ਤੌਇਬਾ ਦਾ ਮੁੱਖ ਟਿਕਾਣਾ ਵੀ ਮਲੀਆਮੇਟ ਕਰ ਦਿੱਤਾ ਗਿਆ।
ਸੌ ਦੇ ਲਗਪਗ ਮਾਰੇ ਗਏ ਦਹਿਸ਼ਤਗਰਦਾਂ ’ਚ ਲਸ਼ਕਰ ਤੇ ਜੈਸ਼ ਦੇ ਸਿਖਰਲੇ ਕਮਾਂਡਰ ਵੀ ਮਾਰੇ ਗਏ। ਦੂਸਰੇ ਦਿਨ ਭਾਰਤੀ ਫ਼ੌਜ ਦੇ ਹਮਲੇ ਵਿੱਚ ਪਾਕਿਸਤਾਨ ਦੇ ਤਿੰਨ ਫਾਈਟਰ ਜੈੱਟ ਸੁੱਟੇ ਗਏ। ਲਾਹੌਰ ਸਣੇ ਕਈ ਥਾਵਾਂ ’ਤੇ ਰੱਖਿਆ ਪ੍ਰਣਾਲੀ ਨੂੰ ਨਸ਼ਟ ਕੀਤਾ ਗਿਆ।
ਤੀਸਰੇ ਦਿਨ ਜੰਮੂ ਖੇਤਰ ਵਿੱਚ ਪਾਕਿ ਗੋਲ਼ਾਬਾਰੀ ’ਚ ਜੇਸੀਓ, ਅਧਿਕਾਰੀ ਤੇ ਬੱਚੀ ਸਮੇਤ 7 ਮੌਤਾਂ ਹੋਈਆਂ। ਪਾਕਿ ਨੇ ਭਾਰਤ ਦੇ ਕਈ ਸ਼ਹਿਰਾਂ ਵਿੱਚ ਡ੍ਰੋਨ ਦਾਗ਼ੇ ਜਿਹੜੇ ਹਵਾ ਵਿੱਚ ਹੀ ਫੁੰਡ ਦਿੱਤੇ ਗਏ। ਤੀਸਰੇ ਦਿਨ ਵੀ ਭਾਰਤ ਨੇ ਸੈਂਕੜੇ ਡ੍ਰੋਨ ਡੇਗੇ ਤੇ ਰਡਾਰ ਤਬਾਹ ਕੀਤਾ। ਜੰਗਾਂ ਕਿਸੇ ਮਸਲੇ ਦਾ ਹੱਲ ਨਹੀਂ ਹੋ ਸਕਦੀਆਂ।
ਜੰਗਾਂ ਦੀ ਭਿਆਨਕਤਾ ਉਹ ਦੇਸ਼ ਹੀ ਮਹਿਸੂਸ ਕਰ ਸਕਦੇ ਹਨ ਜਿਨ੍ਹਾਂ ਆਪਣੇ ਪਿੰਡੇ ’ਤੇ ਜੰਗਾਂ ਦਾ ਸੇਕ ਹੰਢਾਇਆ ਹੁੰਦਾ ਹੈ। ਰੂਸ-ਯੂਕ੍ਰੇਨ ਵਿਚਾਲੇ ਛਿੜੀ ਜੰਗ ਨੂੰ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਇਹ ਜੰਗ 24 ਫਰਵਰੀ 2022 ਨੂੰ ਸ਼ੁਰੂ ਹੋਈ ਸੀ। ਯੂਕ੍ਰੇਨ ਦੁਆਰਾ ਸੰਯੁਕਤ ਰਾਸ਼ਟਰ ਅਤੇ ਬੀ.ਬੀ.ਸੀ. ਵੱਲੋਂ ਪ੍ਰਕਾਸ਼ਤ ਅੰਕੜਿਆਂ (ਓਪਨ ਸੋਰਸ ਡਾਟਾ) ਅਨੁਸਾਰ ਮਾਰਚ 2025 ਤੱਕ ਰੂਸ ਤੇ ਯੂਕ੍ਰੇਨੀ ਸੈਨਿਕਾਂ ਦੇ ਨਾਲ-ਨਾਲ ਯੂਕ੍ਰੇਨੀ ਨਾਗਰਿਕਾਂ ਦੀਆਂ ਮੌਤਾਂ ਦੀ ਕੁੱਲ ਗਿਣਤੀ 1,58,341 ਹੈ। ਇਸੇ ਤਰ੍ਹਾਂ ਇਜ਼ਰਾਇਲ ਤੇ ਖਾੜਕੂ ਜਥੇਬੰਦੀ ਹਮਾਸ (ਫਲਸਤੀਨ) ਜੰਗ 7 ਅਕਤੂਬਰ 2023 ਨੂੰ ਸ਼ੁਰੂ ਹੋਈ ਸੀ ਜਦੋਂ ਹਮਾਸ ਨੇ ਇਜ਼ਰਾਇਲ ’ਤੇ ਹਮਲਾ ਕੀਤਾ ਸੀ ਜਿਸ ਵਿੱਚ ਲਗਪਗ 1500 ਇਜ਼ਰਾਇਲੀ ਮਾਰੇ ਗਏ ਸਨ ਤੇ 250 ਨੂੰ ਹਮਾਸ ਨੇ ਬੰਦੀ ਬਣਾ ਲਿਆ ਸੀ। ਇਜ਼ਰਾਇਲ ਦੀ ਇਸ ਬਦਲਾ ਲਊ ਜੰਗ ਵਿੱਚ ਹੁਣ ਤੱਕ ਇੱਕ ਲੱਖ ਤੋਂ ਵੱਧ ਫਲਸਤੀਨੀ ਮਾਰੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਤੇ ਬੱਚੇ ਸ਼ਾਮਲ ਹਨ ਤੇ 130 ਫਲਸਤੀਨੀ ਪੱਤਰਕਾਰ ਵੀ ਮਾਰੇ ਗਏ।
ਸਕੂਲ, ਧਾਰਮਿਕ ਅਸਥਾਨ, ਹਸਪਤਾਲ, ਰਿਹਾਇਸ਼ੀ ਇਮਾਰਤਾਂ ਤੇ ਸ਼ਰਨਗਾਹਾਂ ਇਜ਼ਰਾਇਲੀ ਫ਼ੌਜ ਦੀ ਬੰਬਾਰੀ ਵਿੱਚ ਤਬਾਹ ਹੋ ਚੁੱਕੇ ਹਨ। ਗਾਜ਼ਾ ਪੱਟੀ ਦੀ 90 ਫ਼ੀਸਦ ਇਮਾਰਤਾਂ ਮਲਬੇ ਦੇ ਢੇਰਾਂ ਵਿੱਚ ਬਦਲ ਚੁੱਕੀਆਂ ਹਨ। ਮੈਡੀਕਲ ਤੇ ਰਾਹਤ ਟੀਮਾਂ ’ਤੇ ਹਮਲੇ ਹੋ ਰਹੇ ਹਨ।
ਗਾਜ਼ਾ ਦੇ ਲੋਕ ਅਨਾਜ ਦੇ ਦਾਣੇ-ਦਾਣੇ ਨੂੰ ਤਰਸ ਰਹੇ ਹਨ। ਯਹੂਦੀਆਂ (ਇਜ਼ਰਾਇਲੀਆਂ) ਜਿਨ੍ਹਾਂ ਉੱਪਰ ਕਦੇ ਹਿਟਲਰ ਨੇ ਅੰਨ੍ਹਾ ਤਸ਼ੱਦਦ ਕੀਤਾ ਸੀ, ਹੁਣ ਉਹ ਜਦੋਂ ਖ਼ੁਦ ਸੱਤਾ ਵਿੱਚ ਆਏ ਤਾਂ ਤਸ਼ੱਦਦ ਦਾ ਉਹੀ ਢੰਗ-ਤਰੀਕਾ ਫਲਸਤੀਨੀਆਂ ਉੱਪਰ ਅਪਣਾਉਣਾ ਸ਼ੁਰੂ ਕਰ ਦਿੱਤਾ ਜੋ ਹੁਣ ਤੱਕ ਜਾਰੀ ਹੈ। ‘ਫਲਸਤੀਨੀ ਕੁੜੀ ਤੇ ਚੱਪਲ’ ਨਾਂ ਦੀ ਛੋਟੀ ਜਿਹੀ ਕਵਿਤਾ ਪੜ੍ਹਦਿਆਂ ਉਹ ਨਿੱਕੀ ਕੁੜੀ ਸਾਹਮਣੇ ਆ ਜਾਂਦੀ ਹੈ ਜੋ ਘਰ ਨਹੀਂ ਪਰਤੀ ਸੀ। ਇਹ ਸਮੇਂ ਦੇ ਹਾਣ ਦੀ ਤੇ ਸੰਜੀਦਾ ਕਵਿਤਾ ਪੜ੍ਹਦਿਆਂ ਹਰ ਸੰਵੇਦਨਸ਼ੀਲ ਵਿਅਕਤੀ ਦਾ ਗੱਚ ਭਰ ਆਉਂਦਾ ਹੈ। ਪਰ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਖ਼ਿਲਾਫ਼ ਕਸ਼ਮੀਰੀ ਮੁਸਲਮਾਨ ਇਕਜੁੱਟ ਵਿਖਾਈ ਦਿਸੇ।
ਪਹਿਲਗਾਮ ’ਚ ਹਮਲੇ ਦੌਰਾਨ ਸਥਾਨਕ ਮੁਸਲਮਾਨਾਂ, ਨਜ਼ਾਕਤ ਅਲੀ ਅਤੇ ਘੋੜੇਵਾਲੇ ਆਦਿਲ ਹੁਸੈਨ ਸ਼ਾਹ ਨੇ ਪੀੜਤਾਂ ਤੇ ਜ਼ਖ਼ਮੀਆਂ ਦੀ ਮਦਦ ਕਰ ਕੇ ਕਸ਼ਮੀਰੀਅਤ ਤੇ ਇਨਸਾਨੀਅਤ ਦੀ ਲਾਜ ਰੱਖ ਲਈ।
ਆਦਿਲ ਤਾਂ ਆਪਣੇ ਮਹਿਮਾਨਾਂ ਨੂੰ ਬਚਾਉਂਦਾ ਖ਼ੁਦ ਸ਼ਹੀਦ ਹੋ ਗਿਆ। ਦੇਸ਼ ਤੇ ਕਸ਼ਮੀਰ ਵਿੱਚ ਗੁੱਸੇ ਤੇ ਗਮ ਦਾ ਮਾਹੌਲ ਬਣ ਗਿਆ ਸੀ। ਕਸ਼ਮੀਰੀ ਨੌਜਵਾਨਾਂ ਨੇ ਪਹਿਲਗਾਮ ਨਰਸੰਹਾਰ ਖ਼ਿਲਾਫ਼ ਲਾਲ ਚੌਕ ਸ੍ਰੀਨਗਰ ਵਿੱਚ ਮੋਮਬੱਤੀ ਮਾਰਚ ਕੀਤਾ ਸੀ। ਮੁਸਲਮਾਨਾਂ ਨੇ ਮਸਜਿਦਾਂ ਤੇ ਸਿੱਖਾਂ ਨੇ ਗੁਰਦੁਆਰਿਆਂ ਤੇ ਘਰਾਂ ਦੇ ਦਰਵਾਜ਼ੇ ਪੀੜਤਾਂ ਲਈ ਖੋਲ੍ਹ ਦਿੱਤੇ। ਕਸ਼ਮੀਰੀਆਂ ਅਤੇ ਦੇਸ਼ ਭਰ ਦੇ ਮੁਸਲਮਾਨਾਂ ਨੇ ਇਕਜੁੱਟ ਹੋ ਕੇ ਅੱਤਵਾਦ ਦੀ ਵਿਆਪਕ ਨਿਖੇਧੀ ਕੀਤੀ ਪਰ ਇਸ ਦੇ ਇਵਜ਼ ’ਚ ਫ਼ਿਰਕੂ ਜਨੂੰਨੀਆਂ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਤੰਗ-ਪਰੇਸ਼ਾਨ ਕੀਤਾ।
ਆਖ਼ਰ ਪਹਿਲਗਾਮ ਦੇ ਸ਼ਹੀਦ ਵਿਨੇ ਨਰਵਾਲ ਦੀ ਪਤਨੀ ਨੇ ਭਾਵੁਕ ਅਪੀਲ ਕੀਤੀ ਕਿ ਕਸ਼ਮੀਰੀ ਮੁਸਲਮਾਨਾਂ, ਕਸ਼ਮੀਰੀ ਵਿਦਿਆਰਥੀਆਂ ਨਾਲ ਨਫ਼ਰਤ ਨਾ ਕੀਤੀ ਜਾਵੇ। ਕਸ਼ਮੀਰੀਆਂ ਦੇ ਸ਼ੱਕ ਦੇ ਆਧਾਰ ’ਤੇ ਘਰ ਢਾਹੁਣੇ ਵੀ ਠੀਕ ਨਹੀਂ ਅਤੇ ਨਾ ਸਖ਼ਤ ਕਾਰਵਾਈ ਅਧੀਨ ਆਮ ਕਸ਼ਮੀਰੀਆਂ ਨੂੰ ਪਰੇਸ਼ਾਨ ਕੀਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਫ਼ੌਜ, ਹਥਿਾਰਬੰਦ ਬਲਾਂ ਨੂੰ ਪਹਿਲਗਾਮ ਹਮਲੇ ਖ਼ਿਲਾਫ਼ ਭਾਰਤ ਦੀ ਜਵਾਬੀ ਕਾਰਵਾਈ ਦਾ ਢੰਗ, ਟੀਚਾ ਅਤੇ ਸਮਾਂ ਨਿਰਧਾਰਤ ਕਰਨ ਦੀ ‘ਪੂਰੀ ਖੁੱਲ੍ਹ’ ਹੈ।
ਜਲ ਸੈਨਾ ਪ੍ਰਮੁੱਖ ਨੇ ਕਿਹਾ ਕਿ ਅਸੀਂ ਸਮੁੰਦਰੀ ਹਿੱਤਾਂ ਦੀ ਰਾਖੀ ਲਈ ਤਿਆਰ ਹਾਂ। ਹਵਾਈ ਫ਼ੌਜ ਦੇ ਮੁਖੀ ਏ.ਪੀ. ਸਿੰਘ ਵੀ ਪ੍ਰਧਾਨ ਮੰਤਰੀ ਨੂੰ ਮਿਲੇ ਸਨ। ਸਰਕਾਰ ਵੱਲੋਂ ਸੁਰੱਖਿਆ ਫੋਰਸਾਂ ਦੀਆਂ ਸਰਗਰਮੀਆਂ ਲਾਈਵ ਪ੍ਰਸਾਰਨ ਤੋਂ ਰੋਕਣ ਲਈ ਮੀਡੀਆ ਚੈਨਲਾਂ ਨੂੰ ਸਲਾਹ ਦਿੱਤੀ ਗਈ ਸੀ। ਭਾਰਤ ਨੇ ਪਾਕਿਸਤਾਨ ਨਾਲ ਵਪਾਰ ਮੁਕੰਮਲ ਤੌਰ ’ਤੇ ਰੱਦ ਕੀਤਾ। ਸਭ ਤਰ੍ਹਾਂ ਦੀਆਂ ਡਾਕ ਤੇ ਪਾਰਸਲ ਸੇਵਾਵਾਂ ’ਤੇ ਵੀ ਰੋਕ ਲਗਾ ਦਿੱਤੀ ਗਈ। ਪਾਕਿ ਝੰਡੇ ਵਾਲੇ ਜਹਾਜ਼ ਵੀ ਭਾਰਤੀ ਬੰਦਰਗਾਹਾਂ ’ਚ ਦਾਖ਼ਲ ਨਹੀਂ ਹੋ ਸਕਣਗੇ। ਭਾਰਤ ਨੇ ਚਨਾਬ ਨਦੀ ’ਤੇ ਬਣੇ ਡੈਮ ਬਗਲੀਹਾਰ ਦੇ ਪਾਣੀ ਨੂੰ ਪਾਕਿਸਤਾਨ ਜਾਣ ਤੋਂ ਰੋਕ ਦਿੱਤਾ।
ਜੰਗਬੰਦੀ ਦੇ ਬਾਵਜੂਦ ਪਾਬੰਦੀਆਂ ਜਾਰੀ ਰਹਿਣਗੀਆਂ। ਸਰਹੱਦੀ ਪਿੰਡਾਂ ਦੇ ਲੋਕ ਖ਼ੌਫ਼ਜ਼ਦਾ ਹਨ। ਉਨ੍ਹਾਂ ਨੂੰ ਪੈਂਹਠ, ਇਕੱਤਰ ਤੇ ਕਾਰਗਿਲ ਜੰਗਾਂ ਦਾ ਉਜਾੜਾ ਨਹੀਂ ਭੁੱਲਿਆ। ਮੈਂ ਸਰਹੱਦ ਦੇ ਬਿਲਕੁਲ ਨਾਲ ਪਿੰਡ ਵਿੱਚ ਰਹਿਣ ਕਰਕੇ ਪੈਂਹਠ, ਇਕੱਤਰ ਤੇ ਨੜਿੰਨਵੇਂ ਦੀਆਂ ਕਾਰਗਿਲ ਜੰਗਾਂ ਵੇਲੇ ਫ਼ੌਜ ਵੱਲੋਂ ਇਲਾਕਾ ਖ਼ਾਲੀ ਕਰਵਾਏ ਜਾਣ ਤੇ ਉਜਾੜੇ ਦਾ ਦਰਦ ਹੰਢਾ ਚੁੱਕਾ ਹਾਂ।
ਸਰਹੱਦੀ ਪਿੰਡਾਂ ਦੇ ਲੋਕ ਆਪਣੇ ਗੱਡਿਆਂ, ਰੇਹੜਿਆਂ ਅਤੇ ਟਰੈਕਟਰ-ਟਰਾਲੀਆਂ ’ਤੇ ਘਰੇਲੂ ਸਾਮਾਨ ਪਿੱਛੇ ਰਿਸ਼ਤੇਦਾਰੀਆਂ ਵਿੱਚ ਲੈ ਗਏ ਸਨ। ਅੱਧਾ ਰਸਤੇ ਵਿੱਚ ਟੁੱਟ-ਭੱਜ ਗਿਆ, ਬਾਕੀ ਵਾਪਸ ਲਿਆਉਣ ਵੇਲੇ ਖ਼ਰਾਬ ਹੋ ਗਿਆ। ਜੰਗਾਂ ਕਿਸਾਨਾਂ ਦੀਆਂ ਫ਼ਸਲਾਂ ਤੇ ਕਾਰੋਬਾਰੀਆਂ ਦੇ ਕਾਰੋਬਾਰ ਦੀਆਂ ਵੀ ਦੁਸ਼ਮਣ ਹੁੰਦੀਆਂ ਹਨ। ਜੰਗਾਂ ਤਾਂ ਸਿਰਫ਼ ਭਿਆਨਕਤਾ, ਤਬਾਹੀ ਅਤੇ ਬਰਬਾਦੀ ਦਾ ਸਬੱਬ ਹੁੰਦੀਆਂ ਹਨ। ਜੰਗਬੰਦੀ ਸਮਝੌਤੇ ਕਰਕੇ ਜੰਮੂ-ਕਸ਼ਮੀਰ, ਪੰਜਾਬ ਅਤੇ ਉਸ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਸਨੀਕਾਂ ਨੇ ਸੁੱਖ ਦਾ ਸਾਹ ਲਿਆ ਹੈ।
-ਮੁਖ਼ਤਾਰ ਗਿੱਲ
![]()
