
ਵਿਸ਼ਵ ਦੀ ਮਹਾਂਸ਼ਕਤੀ ਅਮਰੀਕਾ ਦੇ ਦੋ ਸ਼ਕਤੀਸ਼ਾਲੀ ਵਿਅਕਤੀਆਂ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਰਬਪਤੀ ਐਲੋਨ ਮਸਕ ਵਿਚਾਲੇ ਦੋਸਤੀ ਦੀਆਂ ਤੰਦਾਂ ਟੁੱਟ ਗਈਆਂ ਹੈ। ਦੋਵਾਂ ਆਗੂਆਂ ਵਿਚਾਲੇ ਜਦੋਂ ਦੋਸਤੀ ਹੋਈ ਸੀ ਤਾਂ ਉਦੋਂ ਏਨੀ ਚਰਚਾ ਨਹੀਂ ਸੀ ਹੋਈ, ਜਿੰਨੀ ਕਿ ਹੁਣ ਦੋਵਾਂ ਸ਼ਕਤੀਸ਼ਾਲੀ ਆਗੂਆਂ ਦੀ ਦੋਸਤੀ ਟੁੱਟਣ ’ਤੇ ਹੋ ਰਹੀ ਹੈ। ਕੱਲ੍ਹ ਦੇ ਦੋਸਤ ਹੁਣ ਇੱਕ ਦੂਜੇ ਦੇ ਸਾਹਮਣੇ ਦੁਸ਼ਮਣਾਂ ਵਾਂਗ ਖੜੇ ਹੋ ਗਏ ਹਨ। ਐਲੋਨ ਮਸਕ ਅਮਰੀਕਾ ਦੇ ‘ਸਰਕਾਰੀ ਕੁਸ਼ਲਤਾ ਵਿਭਾਗ’ ਦੀ ਅਗਵਾਈ ਕਰ ਰਹੇ ਸਨ। ਉਨ੍ਹਾਂ ਨੂੰ ਟਰੰਪ ਵੱਲੋਂ ਇਸ ਅਹੁਦੇ ’ਤੇ ਨਿਯੁਕਤ ਕੀਤਾ ਗਿਆ ਸੀ। ਇਸ ਦਾ ਉਦੇਸ਼ ਸਰਕਾਰੀ ਖ਼ਰਚਿਆਂ ਨੂੰ ਘਟਾ ਕੇ ਅਮਰੀਕਾ ਵਿੱਚ ਪ੍ਰਣਾਲੀ ਨੂੰ ਬਿਹਤਰ ਬਣਾਉਣਾ ਸੀ। ਹੁਣ ਮਸਕ ਵੱਲੋਂ ਇਹ ਅਹੁਦਾ ਛੱਡ ਦਿੱਤਾ ਗਿਆ ਹੈ। ਮਸਕ ਵੱਲੋਂ ਆਪਣਾ ਅਹੁਦਾ ਛੱਡਣ ਤੋਂ ਬਾਅਦ ਭਾਵੇਂ ਰਾਸ਼ਟਰਪਤੀ ਟਰੰਪ ਨੇ ਕੁਝ ਸਮਾਂ ਚੁੱਪੀ ਵੀ ਧਾਰੀ ਰੱਖੀ ਪਰ ਬਾਅਦ ਵਿੱਚ ਉਹਨਾਂ ਮਸਕ ਨੂੰ ਪਾਗਲ ਤੱਕ ਕਹਿ ਦਿੱਤਾ। ਦੂਜੇ ਪਾਸੇ ਮਸਕ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਦੀ ਸਹਾਇਤਾ ਤੋਂ ਬਿਨਾਂ ਟਰੰਪ ਦਾ ਰਾਸ਼ਟਰਪਤੀ ਚੋਣ ਜਿੱਤਣਾ ਮੁਸ਼ਕਿਲ ਸੀ। ਮਸਕ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਕਿ ਰਾਸ਼ਟਰਪਤੀ ਚੋਣਾਂ ਵੇਲੇ ਉਸ ਵੱਲੋਂ ਟਰੰਪ ਦੇ ਚੋਣ ਪ੍ਰਚਾਰ ਵਿੱਚ 2 ਹਜ਼ਾਰ 138 ਕਰੋੜ ਰੁਪਏ ਖਰਚ ਕੀਤੇ ਗਏ ਸਨ। ਦੋਵਾਂ ਆਗੂਆਂ ਵਿਚਾਲੇ ਤੋੜ ਵਿਛੋੜਾ ਹੋਣ ਦੇ ਭਾਵੇਂ ਕਈ ਕਾਰਨ ਦੱਸੇ ਜਾ ਰਹੇ ਹਨ ਪਰ ਅਜੇ ਵੀ ਆਮ ਲੋਕਾਂ ਵਿੱਚ ਇਸ ਦੋਸਤੀ ਦੇ ਟੁੱਟਣ ਦੇ ਅਸਲੀ ਕਾਰਨਾਂ ਨੂੰ ਜਾਨਣ ਦੀ ਜਗਿਆਸਾ ਪਾਈ ਜਾ ਰਹੀ ਹੈ।
ਟਰੰਪ ਅਤੇ ਮਸਕ ਦੀ ਦੋਸਤੀ ਦੀ ਤੰਦ 2024 ਵਿੱਚ ਜੁੜੀ ਸੀ, ਜਦੋਂ ਪੈਨਸਿਲਵੇਨੀਆ ਵਿੱਚ ਟਰੰਪ ’ਤੇ ਹਮਲੇ ਦੀ ਘਟਨਾ ਵਾਪਰੀ ਸੀ। ਉਸ ਸਮੇਂ ਮਸਕ ਨੇ ਤੁਰੰਤ ਐਕਸ ’ਤੇ ਟਰੰਪ ਦਾ ਸਮਰਥਨ ਕੀਤਾ ਸੀ। ਉਸਨੇ ਲਿਖਿਆ, ‘‘ਮੈਂ ਰਾਸ਼ਟਰਪਤੀ ਟਰੰਪ ਦਾ ਪੂਰਾ ਸਮਰਥਨ ਕਰਦਾ ਹਾਂ’’। ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਦੌਰਾਨ ਅਰਬਪਤੀ ਮਸਕ ਨੇ ਟਰੰਪ ਲਈ ਪ੍ਰਚਾਰ ਕੀਤਾ ਅਤੇ ‘ਮੇਕ ਅਮਰੀਕਾ ਗ੍ਰੇਟ ਅਗੇਨ’ ਦਾ ਨਾਅਰਾ ਲਗਾਇਆ। ਜਿੱਤ ਤੋਂ ਬਾਅਦ, ਟਰੰਪ ਨੇ ਮਸਕ ਨੂੰ ‘ਵਿਸ਼ੇਸ਼ ਸਰਕਾਰੀ ਕਰਮਚਾਰੀ’ ਵੀ ਬਣਾਇਆ ਅਤੇ ਉਸ ਨੂੰ ਸਰਕਾਰੀ ਕੁਸ਼ਲਤਾ ਵਿਭਾਗ (ਡੀ.ਓ.ਜੀ.ਈ.) ਦੀ ਜ਼ਿੰਮੇਵਾਰੀ ਸੌਂਪੀ।
ਕਿਹਾ ਜਾ ਰਿਹਾ ਹੈ ਕਿ ਟਰੰਪ ਅਤੇ ਮਸਕ ਵਿਚਾਲੇ ਦੋਸਤੀ ਟੁੱਟਣ ਦਾ ਮੁੱਖ ਕਾਰਨ ‘ਟੈਕਸ ਨੀਤੀ ਬਿੱਲ’ ਹੈ। ਇਹ ਬਿੱਲ ਇਲੈਕਟ੍ਰਿਕ ਵਾਹਨਾਂ (ਈ.ਵੀ.) ’ਤੇ ਟੈਕਸ ਛੋਟ ਨੂੰ ਖਤਮ ਕਰਨ ਦਾ ਪ੍ਰਸਤਾਵ ਰੱਖਦਾ ਹੈ। ਟਰੰਪ ਇਸ ਬਿੱਲ ਨੂੰ ‘ਵਨ ਬਿਗ ਬਿਊਟੀਫੁੱਲ ਬਿੱਲ’ ਕਹਿ ਕੇ ਇਸ ਦਾ ਪ੍ਰਚਾਰ ਕਰ ਰਹੇ ਹਨ। ਦੋਵਾਂ ਆਗੂਆਂ ਵਿਚਾਲੇ ਵਿਵਾਦ ਉਦੋਂ ਪੈਦਾ ਹੋ ਗਿਆ ਜਦੋਂ ਮਸਕ ਨੇ ਟਰੰਪ ਦੇ ‘ਵਨ ਬਿਗ ਬਿਊਟੀਫੁੱਲ ਬਿੱਲ’ ਦੀ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ। ਮਸਕ ਨੇ ਇਸ ਬਿੱਲ ਨੂੰ ‘ਐਕਸ’ ’ਤੇ ‘ਅਪਮਾਨਜਨਕ’ ਕਿਹਾ। ਉਸਨੇ ਕਿਹਾ ਕਿ ਇਹ ਬਿੱਲ ਸਰਕਾਰੀ ਖਰਚੇ ਵਧਾਏਗਾ ਅਤੇ ਡੀ.ਓ.ਜੀ.ਈ. ਦੇ ਟੀਚਿਆਂ ਨੂੰ ਨੁਕਸਾਨ ਪਹੁੰਚਾਏਗਾ।
ਹੁਣ ਟਰੰਪ ਨੇ ਖੁਦ ਦੱਸਿਆ ਹੈ ਕਿ ਮਸਕ ਉਨ੍ਹਾਂ ਤੋਂ ਕਿਉਂ ਨਾਰਾਜ਼ ਹੈ। ਇੱਕ ਸਮਾਗਮ ਦੌਰਾਨ ਪੱਤਰਕਾਰਾਂ ਵੱਲੋਂ ਸਵਾਲ ਪੁੱਛਣ ’ਤੇ ਟਰੰਪ ਨੇ ਕਿਹਾ, ‘‘...ਐਲਨ ਨੇ ਮੇਰੇ ਲਈ ਬਹੁਤ ਜ਼ੋਰਦਾਰ ਢੰਗ ਨਾਲ ਪ੍ਰਚਾਰ ਕੀਤਾ। ਦਰਅਸਲ, ਉਸਨੇ ਮੇਰੇ ਲਈ ਪ੍ਰਚਾਰ ਕੀਤਾ..., ਪਰ ਮੈਂ ਬਹੁਤ ਨਿਰਾਸ਼ ਹਾਂ ਕਿਉਂਕਿ ਐਲਨ ਇਸ ਬਿੱਲ ਦੇ ਅੰਦਰਲੇ ਹਿੱਸੇ ਨੂੰ ਉੱਥੇ ਮੌਜੂਦ ਕਿਸੇ ਵੀ ਵਿਅਕਤੀ ਨਾਲੋਂ ਬਿਹਤਰ ਜਾਣਦਾ ਸੀ। ਉਹ ਇਸ ਬਾਰੇ ਸਭ ਕੁਝ ਜਾਣਦਾ ਸੀ। ਉਸ ਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਸੀ।’’
ਇਸ ਤੋਂ ਅੱਗੇ ਟਰੰਪ ਨੇ ਕਿਹਾ, ‘‘ਮਸਕ ਨੂੰ ਅਚਾਨਕ ਸਮੱਸਿਆਵਾਂ ਹੋਣ ਲੱਗੀਆਂ ਜਦੋਂ ਉਸ ਨੂੰ ਪਤਾ ਲੱਗਾ ਕਿ ਅਸੀਂ ਈ.ਵੀ. ਮੇਨਡੇਟ ਨੂੰ ਘਟਾ ਰਹੇ ਹਾਂ, ਕਿਉਂਕਿ ਇਸ ਵਿੱਚ ਅਰਬਾਂ ਡਾਲਰ ਸ਼ਾਮਲ ਹਨ ਅਤੇ ਇਹ ਬਿਲਕੁਲ ਬੇਇਨਸਾਫ਼ੀ ਹੈ। ਅਸੀਂ ਹਰ ਤਰ੍ਹਾਂ ਦੀਆਂ ਕਾਰਾਂ ਚਾਹੁੰਦੇ ਹਾਂ। ਅਸੀਂ ਗੈਸੋਲੀਨ, ਕੰਬਸ਼ਨ, ਹਾਈਬ੍ਰਿਡ ਕਾਰਾਂ ਚਾਹੁੰਦੇ ਹਾਂ। ਅਸੀਂ ਸਭ ਕੁਝ ਵੇਚਣ ਦੇ ਯੋਗ ਹੋਣਾ ਚਾਹੁੰਦੇ ਹਾਂ... ਜੇਕਰ ਤੁਸੀਂ ਮੇਰੇ ਬਾਰੇ ਉਸ ਦੇ ਦੁਆਰਾ ਦਿੱਤੇ ਗਏ ਬਿਆਨ ਦੇਖੇ ਹਨ। ਉਸਨੇ ਮੇਰੇ ਬਾਰੇ ਕੁਝ ਬਹੁਤ ਵਧੀਆ ਗੱਲਾਂ ਕਹੀਆਂ ਹਨ ਅਤੇ ਕੁਝ ਵੀ ਨਿੱਜੀ ਜਾਂ ਗਲਤ ਨਹੀਂ ਕਿਹਾ ਹੈ।’’
ਜਵਾਬ ਵਿੱਚ ਮਸਕ ਨੇ ਐਕਸ ’ਤੇ ਲਿਖਿਆ, ‘ਇਹ ਬਿੱਲ ਮੈਨੂੰ ਕਦੇ ਨਹੀਂ ਦਿਖਾਇਆ ਗਿਆ। ਇਹ ਰਾਤੋ-ਰਾਤ ਇੰਨੀ ਜਲਦੀ ਪਾਸ ਹੋ ਗਿਆ ਕਿ ਕੋਈ ਇਸ ਨੂੰ ਪੜ੍ਹ ਵੀ ਨਹੀਂ ਸਕਿਆ।’
ਜ਼ਿਕਰਯੋਗ ਹੈ ਕਿ ਬਾਈਡੇਨ ਸਰਕਾਰ ਦੇ ਕਾਰਜਕਾਲ ਦੌਰਾਨ ਅਮਰੀਕਾ ਵਿੱਚ ਇੱਕ ਨਵਾਂ ਇਲੈਕਟ੍ਰਿਕ ਵਾਹਨ ਖਰੀਦਣ ’ਤੇ 7,500 ਡਾਲਰ ਦੀ ਟੈਕਸ ਛੋਟ ਦਿੱਤੀ ਜਾਂਦੀ ਸੀ। ਹੁਣ ਟਰੰਪ ਪ੍ਰਸ਼ਾਸਨ ਇਸ ਛੋਟ ਨੂੰ ਪੂਰੀ ਤਰ੍ਹਾਂ ਬੰਦ ਕਰਨ ਜਾ ਰਿਹਾ ਹੈ। ਬਿੱਲ ਵਿੱਚ ਇਹ ਵੀ ਕਿਹਾ ਗਿਆ ਹੈ ਕਿ 2009 ਅਤੇ 2025 ਦੇ ਵਿਚਕਾਰ ਦੋ ਲੱਖ ਇਲੈਕਟ੍ਰਿਕ ਵਾਹਨ ਵੇਚਣ ਵਾਲੀਆਂ ਕੰਪਨੀਆਂ ਨੂੰ ਇਹ ਛੋਟ ਨਹੀਂ ਮਿਲੇਗੀ। ਇਸ ਤਰ੍ਹਾਂ ਇਸ ਨਿਯਮ ਨਾਲ ਸਿੱਧੇ ਤੌਰ ’ਤੇ ਮਸਕ ਦੀ ਕੰਪਨੀ ਟੇਸਲਾ ਦੇ ਪ੍ਰਭਾਵਿਤ ਹੋਣ ਦਾ ਖ਼ਤਰਾ ਬਣ ਗਿਆ ਹੈ। ਇਸ ਕਾਰਨ ਟੇਸਲਾ ਦੀ ਵਿਕਰੀ ਅਤੇ ਮੁਨਾਫ਼ੇ ’ਤੇ ਬੁਰਾ ਪ੍ਰਭਾਵ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਟਰੰਪ ਅਤੇ ਮਸਕ ਦੀ ਦੋਸਤੀ ਵਿੱਚ ਦਰਾਰ ਆਉਣ ਦਾ ਇੱਕ ਹੋਰ ਕਾਰਨ ਵੀ ਹੈ। ਮਸਕ ਚਾਹੁੰਦਾ ਸੀ ਕਿ ਉਸ ਦੇ ਨਜ਼ਦੀਕੀ ਜੇਰੇਡ ਇਸਹਾਕਮੈਨ ਨੂੰ ਨਾਸਾ ਦਾ ਪ੍ਰਸ਼ਾਸਕ ਬਣਾਇਆ ਜਾਵੇ। ਮਸਕ ਦੀ ਸੋਚ ਇਹ ਸੀ ਕਿ ਇਸਹਾਕਮੈਨ ਦੀ ਨਿਯੁਕਤੀ ਨਾਲ ਉਸ ਦੀ ਕੰਪਨੀ ਸਪੇਸਐਕਸ ਨੂੰ ਫਾਇਦਾ ਹੋਵੇਗਾ। ਸਪੇਸਐਕਸ ਪੁਲਾੜ ਯਾਤਰੀਆਂ ਨੂੰ ਨਾਸਾ ਲਈ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਲੈ ਜਾਂਦਾ ਹੈ। ਪਰ ਟਰੰਪ ਨੇ ਮਸਕ ਦੀ ਸਿਫਾਰਸ਼ ਨੂੰ ਨਹੀਂ ਮੰਨਿਆ। ਇਸ ਨਾਲ ਮਸਕ ਟਰੰਪ ਨਾਲ ਹੋਰ ਨਾਰਾਜ਼ ਹੋ ਗਿਆ। ਇਹਨਾਂ ਦੋਵਾਂ ਕਾਰਨਾਂ ਕਰਕੇ ਦੋਵਾਂ ਆਗੂਆਂ ਵਿਚਾਲੇ ਵਿਵਾਦ ਪੈਦਾ ਹੋਣ ਲੱਗਿਆ, ਜੋ ਕਿ ਦੋਵਾਂ ਦੀ ਦੋਸਤੀ ਟੁੱਟਣ ਤੱਕ ਪਹੁੰਚ ਗਿਆ।
ਕਿਹਾ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਡੋਨਾਲਡ ਟਰੰਪ ਅਤੇ ਐਲੋਨ ਮਸਕ ਵਿਚਕਾਰ ਟਕਰਾਅ ਤੋਂ ਬਾਅਦ ਮਸਕ ਦੀ ਟੇਸਲਾ ਕੰਪਨੀ ਨੂੰ 14% ਦਾ ਨੁਕਸਾਨ ਹੋਇਆ ਹੈ। ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਐਲੋਨ ਮਸਕ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਖ਼ਿਲਾਫ਼ ਇੱਕ ਨਵੀਂ ਰਾਜਨੀਤਿਕ ਪਾਰਟੀ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ। ਉਸਨੇ ਐਕਸ ’ਤੇ ਪੋਸਟ ਕੀਤਾ ਜਿਸ ਵਿੱਚ ਉਸਨੇ ਲੋਕਾਂ ਤੋਂ ਪੁੱਛਿਆ ਕਿ ਕੀ ਉਸ ਨੂੰ 80% ਮੱਧ ਵਰਗ ਲਈ ਇੱਕ ਨਵੀਂ ਰਾਜਨੀਤਿਕ ਪਾਰਟੀ ਸ਼ੁਰੂ ਕਰਨੀ ਚਾਹੀਦੀ ਹੈ।
ਇਸ ਸਮੇਂ, ਟਰੰਪ ਅਤੇ ਐਲੋਨ ਮਸਕ ਦੀ ਦੋਸਤੀ ਟੁੱਟਣ ਨਾਲ ਜਿੱਥੇ ਅਮਰੀਕਾ ਅਤੇ ਮਸਕ ਦੀ ਕੰਪਨੀ ਨੂੰ ਹੀ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਇਸ ਕਾਰਨ ਵਿਸ਼ਵ-ਵਿਆਪੀ ਵਪਾਰ ਨੂੰ ਨੁਕਸਾਨ ਹੋ ਰਿਹਾ ਹੈ। ਦੋਵਾਂ ਸ਼ਕਤੀਸ਼ਾਲੀ ਆਗੂਆਂ ਵਿਚਾਲੇ ਕੋਈ ਸਮਝੌਤਾ ਹੋਣ ਦੀ ਥਾਂ ਵਿਵਾਦ ਦਿਨੋਂ ਦਿਨ ਗਹਿਰਾਉਂਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਟਰੰਪ ਅਤੇ ਮਸਕ ਵਿਚਾਲੇ ਮੌਜੂਦਾ ਵਿਵਾਦ ਮੁੱਖ ਸੁਰਖ਼ੀਆਂ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਮੀਡੀਆ ਵਿੱਚ ਵੀ ਵੱਖ- ਵੱਖ ਵਿਦਵਾਨ ਟਰੰਪ ਅਤੇ ਮਸਕ ਵਿਚਾਲੇ ਵਿਵਾਦ ਸਬੰਧੀ ਆਪਣੇ ਵਿਚਾਰ ਪੇਸ਼ ਕਰ ਰਹੇ ਹਨ। ਹੁਣ ਇਸ ਵਿਵਾਦ ਦਾ ਅੰਤ ਕਿੱਥੇ ਜਾ ਕੇ ਹੁੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।