ਬਲਰਾਜ ਪੰਨੂੰ :
ਦੁਨੀਆ ਨੇ ਥੋੜ੍ਹੇ ਹੀ ਸਮੇਂ ਦੇ ਵਿੱਚ ਤਿੰਨ ਯੁੱਧ ਜਾਂ ਜੰਗ ਲੱਗਣ ਵਰਗਾ ਮਾਹੌਲ ਵੇਖਿਆ ਹੈ। ਯੂਕ੍ਰੇਨ ਅਤੇ ਰੂਸ ਦੇ ਵਿੱਚ ਜੰਗ, ਭਾਰਤ ਤੇ ਪਾਕਿਸਤਾਨ ਦੇ ਵਿੱਚ ਤੇ ਹੁਣ ਮਿਡਲ ਈਸਟ ਵਿੱਚ। ਆਪਣੀ ਪਰਮਾਣੂ ਤਾਕਤ, ਵੱਡੀ ਫ਼ੌਜ ਤੇ ਆਪਣੀ ਕੁਸ਼ਲਤਾ ਨਾਲ ਮਗਰੂਰ ਰੂਸ ਨੇ ਯੂਕੇ੍ਰਨ ’ਤੇ ਹਮਲਾ ਕਰ ਦਿੱਤਾ। ਕੁਝ ਹੀ ਹਫ਼ਤਿਆਂ ਦੇ ਵਿੱਚ ਪੂਤਿਨ ਨੇ ਕੀਵ ’ਤੇ ਕਬਜ਼ਾ ਕੀਤਾ ਤੇ ਕਿਹਾ ਕਿ ਯੂਕ੍ਰੇਨ ਸਰਕਾਰ ਨੂੰ ਮੈਂ ਪੈਰਾਂ ’ਤੇ ਬੈਠਾ ਦਿੱਤਾ ਹੈ ਪਰ ਉਸ ਦਾ ਸਾਹਮਣਾ ਕੀਤਾ ਇੱਕ ਕਾਮੇਡੀਅਨ ਨੇ, ਜੋ ਕਿ ਟੀ.ਵੀ. ਸ਼ੋਅ ਦੇ ਵਿੱਚ ਕਾਮੇਡੀ ਕਰ ਕੇ ਮਸ਼ਹੂਰ ਹੋਇਆ ਸੀ ਤੇ ਫਿਰ ਚੋਣਾਂ ਜਿੱਤ ਕੇ ਰਾਸ਼ਟਰਪਤੀ ਬਣ ਬੈਠਾ। ਜੈਲੇਂਸ਼ਕੀ ਨੇ ਪੂਤਿਨ ਦੀ ਤਰ੍ਹਾਂ ਕੋਈ ਦਾਅਵਾ ਨਹੀਂ ਕੀਤਾ ਬਸ ਅੜਿਆ ਰਿਹਾ। ਉਹ ਭੱਜਿਆ ਨਹੀਂ, ਦੱਬਿਆ ਨਹੀਂ, ਤੇ ਅੱਜ ਵੀ ਸੀਨਾ ਤਾਨ ਕੇ ਆਪਣੇ ਦੇਸ਼ ਨਾਲ ਖੜਾ ਹੈ। ਦੂਜਾ ਯੁੱਧ ਹੋਇਆ ‘ਅਪਰੇਸ਼ਨ ਸੰਧੂਰ’। ਇਸ ਯੁੱਧ ਦੇ ਵਿੱਚ ਸੱਤਰ ਸਾਲ ਦੇ ਵਿੱਚ ਪਾਕਿਸਤਾਨ ਨੂੰ ਵਾਰ- ਵਾਰ ਮਾਤ ਦੇਣ ਦਾ ਗਰੂਰ ਸ਼ਾਮਲ ਸੀ। ਇੱਥੇ ਵੀ ਹਾਕਮ ਨੇ ਇਹ ਭਰਮ ਪਾਲਿਆ ਕਿ ਉਸ ਨੂੰ ਤਬਾਹ ਕਰਨਾ ਇੱਕ ਚੁੱਟਕੀ ਦੀ ਖੇਡ ਹੈ। ਪਿਛਲੇ ਸੱਤਰ ਸਾਲਾਂ ਦੇ ਵਿੱਚ ਸਾਰੇ ਅਪਰੇਸ਼ਨ ਕੋਡ ਨਾਮ ਅੰਗਰੇਜ਼ੀ ਵਿੱਚ ਰੱਖੇ ਜਾਂਦੇ ਸੀ ਪਰ ਇਸ ਵਾਰ ਚੋਣਾਂ ਤੇ ਔਰਤ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਨੀਅਤ ਨਾਲ ਇਸ ਤਮਾਸ਼ੇ ਦਾ ਨਾਮ ਸੰਧੂਰ ਰੱਖ ਦਿੱਤਾ। ਮੁੱਕਦੀ ਗੱਲ, ਆਪਣੇ ਜਹਾਜ਼ ਉਧਰ ਡਿਗਵਾ ਕੇ ਕਰਾਚੀ, ਲਾਹੌਰ, ਇਸਲਾਮਾਬਾਦ ਦੀਆਂ ਫ਼ੇਕ ਨਿਊਜ਼ ’ਤੇ ਕਬਜ਼ਾ ਕਰਵਾਇਆ ਭਾਵ ਅਸੀਂ ਤਮਾਸ਼ਾ ਬਣ ਕੇ ਰਹਿ ਗਏ। ਅਠਾਈ ਬੰਦਿਆਂ ਦਾ ਬਦਲਾ ਲੈਣ ਦੇ ਨਾਮ ’ਤੇ ਅਸੀਂ ਆਪਣੇ ਪੰਜਾਹ ਤੋਂ ਉੱਪਰ ਭਾਰਤੀ ਨਾਗਰਿਕ ਮਰਵਾ ਕੇ ਫ਼ਿਰ ਸੁਪਰ ਪਾਵਰ ਅਮਰੀਕਾ ਦੀ ਇੱਕ ਘੁਰਕੀ ਦੇ ਨਾਲ ਯੁੱਧ ’ਤੇ ਰੋਕ ਲਗਾ ਦਿੱਤੀ।
ਹੁਣ ਗੱਲ ਕਰਦੇ ਹਾਂ 13 ਜੂਨ 2025 ਨੂੰ ਮਿਡਲ ਈਸਟ ਦੇ ਯੁੱਧ ਬਾਰੇ। ਨੇਤਨਯਾਹੂ ਨੂੰ ਗ਼ਾਜ਼ਾ ਦੇ ਨਿਹੱਥੇ ਲੋਕਾਂ ਨੂੰ ਮਾਰ ਕੇ ਏਨਾ ਘੁਮੰਡ ਆਇਆ ਕਿ ਉਸ ਨੇ ਇਰਾਨ ’ਤੇ ਬਿਨਾਂ ਕਿਸੇ ਅੰਤਰਰਾਸ਼ਟਰੀ ਸਹਿਮਤੀ ਦੇ ਸੈਨਿਕ ਕਾਰਵਾਈ ਕਰਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ। ਤੇ ਇਸ ਹਮਲੇ ਦਾ ਨਾਮ ਰੱਖਿਆ ‘ਅਪਰੇਸ਼ਨ ਰਾਈਜ਼ਿੰਗ ਲਾਇਨ’। ਸਾਰੀ ਦੁਨੀਆ ਹੈਰਾਨ ਹੋ ਜਾਂਦੀ ਹੈ ਭਲੇ ਹੀ ਇਹ ਸੰਕਟ ਟਲ ਗਿਆ ਹੈ ਪਰ ਨਹੀਂ ਤਾਂ ਇਸ ਦੇ ਨਤੀਜ਼ੇ ਖ਼ਤਰਨਾਕ ਨਿਕਲਣੇ ਸੀ। ਇਜ਼ਰਾਇਲ ਨੇ ਇਰਾਨ ਦੇ ਖ਼ਿਲਾਫ਼ ਜੋ ਵੀ ਕੀਤਾ ਹੈ, ਉਹ ਚਿੰਤਾ ਦੇ ਨਾਲ ਨਾਲ ਕਾਨੂੰਨ ਦੀ ਉਲੰਘਣਾ ਵੀ ਸੀ ਪਰ ਇਰਾਨ ਦੀ ਬਜ਼ੁਰਗੀ ਹਿੰਮਤ ਵੇਖੋ ਕਿ ਕੋਈ ਧਮਕੀ ਨਹੀਂ, ਕੋਈ ਰੌਲਾ ਨਹੀਂ, ਮਾਰਨ-ਕੱਟਣ, ਮਿਟਾ ਦੇਣ ਦਾ ਕੋਈ ਦਾਅਵਾ ਨਹੀਂ, ਬਿਲਕੁਲ ਸਾਦੀ ਭਾਸ਼ਾ ਤੇ ਸੀਨੇ ’ਤੇ ਬੰਬ ਖਾਣ ਦਾ ਦਮ। ਪਰ ਜਦੋਂ ਪਲਟ ਕੇ ਮਾਰਿਆ ਤੇ ਰੁਕਿਆ ਵੀ ਨਹੀਂ। ਤਾਬੜਤੋੜ ਜਵਾਬੀ ਕਾਰਵਾਈ ਕੀਤੀ। ਇਸ ਯੁੱਧ ਦੇ ਵਿੱਚ ਇਜ਼ਰਾਇਲ ਆਮ ਲੋਕਾਂ ਦੀ ਨਜ਼ਰ ਦੇ ਵਿੱਚ ਇੱਕ ਹਤਿਆਰਾ ਦੇਸ਼ ਬਣ ਗਿਆ ਤੇ ਇਰਾਨ ਦੀਆਂ ਬਲੈਸਟਿਕ ਮਿਜ਼ਾਇਲਾਂ ਵੀ ਨਿਆਂ ਦੀਆਂ ਪ੍ਰਤੀਕ ਹੋ ਨਿਬੜੀਆਂ। ਇਰਾਨ ਨੇ 9 ਦਿਨ ਬਲੈਸਟਿਕ ਮਿਜ਼ਾਇਲਾਂ ਦੇ ਨਾਲ ਇਜ਼ਰਾਇਲ ਦੇ ਨੱਕ ਵਿੱਚ ਦਮ ਕਰ ਦਿੱਤਾ। ਫ਼ਿਰ ਅਮਰੀਕਾ ਨੇ ਦਾਅਵਾ ਕੀਤਾ ਕਿ ਅਸੀਂ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਤਬਾਹ ਕਰ ਦਿੱਤਾ ਹੈ। ਪਰ ਫਿਰ ਇੱਕ ਦਿਨ ਬਾਅਦ ਪਤਾ ਨਹੀਂ ਕੀ ਹੋਇਆ ਕਿ ਸੀਜ਼ ਫਾਇਰ ਦੀ ਚਰਚਾ ਹੋਣ ਲੱਗੀ। ਤੇ ਉਹ ਵੀ ਅਮਰੀਕਾ ਦੇ ਖੜਪੈਂਚ ਕਹਾਉਣ ਵਾਲੇ ਲੀਡਰ ਵੱਲੋਂ। ਅਜੇ ਇਹ ਗੱਲ ਚੱਲ ਹੀ ਰਹੀ ਸੀ ਕਿ ਕਤਰ ਵਿੱਚ ਅਮਰੀਕਾ ਦੇ ਇੱਕ ਵੱਡਾ ਮਿਲਟਰੀ ਬੇਸ ਤੇ ਏਅਰ ਬੇਸ ’ਤੇ 6 ਬਲੈਸਟਿਕ ਮਿਜ਼ਾਇਲਾਂ ਦਾਗ ਦਿੱਤੀਆਂ। ਪਰ ਪਤਾ ਨਹੀਂ ਵਿਚਲੀ ਕਹਾਣੀ ਕੀ ਹੈ? ਹੈਰਾਨੀ ਇਹ ਹੋਈ ਕਿ ਕਿਸੇ ਦੇਸ਼ ਦੇ ਮਿਲਟਰੀ ਬੇਸ ’ਤੇ ਅਟੈਕ ਕੀਤਾ ਹੋਵੇ ਤੇ ਉਥੋਂ ਦਾ ਪ੍ਰੈਜ਼ੀਡੈਂਟ ਕਹਿ ਰਿਹਾ ਹੋਵੇ ਕਿ ‘‘ ਜੋ ਹੋਣਾ ਸੀ, ਉਹ ਹੋ ਗਿਆ। ਹੋਰ ਕੋਈ ਨੁਕਸਾਨ ਨਹੀਂ। ਆਓ ਸ਼ਾਂਤੀ ਨਾਲ ਬੈਠ ਕੇ ਗੱਲਬਾਤ ਕਰੀਏ। ’’ ਵੈਸੇ ਇਰਾਨ ਪਹਿਲਾਂ ਦੇਸ਼ ਹੈ ਜਿਸ ਨੇ ਅਮਰੀਕਾ ਦੇ ਮਿਲਟਰੀ ਬੇਸ ਤੇ ਏਅਰ ਬੇਸ ’ਤੇ ਮਿਜ਼ਾਇਲਾਂ ਸੁੱਟੀਆਂ ਹਨ। ਅੱਜ ਤੱਕ ਅਜਿਹੀ ਹਿੰਮਤ ਕਿਸੇ ਨੇ ਵੀ ਨਹੀਂ ਕੀਤੀ ਸੀ। ਸਿੱਧੀ ਗੱਲ ਕੀਤੀ ਜਾਵੇ ਤਾਂ ਇਰਾਨ ਨੇ ਦੋ ਧਿਰਾਂ ਦਾ ਗਰੂਰ ਤੋੜਿਆ ਹੈ। ਜਿੱਥੋਂ ਤੱਕ ਇਜ਼ਰਾਇਲ ਦੀ ਗੱਲ ਹੈ ਤਾਂ 1948 ਵਿੱਚ ਇਜ਼ਰਾਇਲ ਵਸਿਆ। ਸੱਤ ਯੁੱਧ ਉਸ ਨੇ ਅਰਬ ਦੇਸ਼ਾਂ ਦੇ ਨਾਲ ਲੜੇ ਤੇ ਜਿੱਤਿਆ। ਚਾਹੇ ਉਹ ਫਲਸਤੀਨ ਹੋਵੇ ਜਾਂ ਜਾਰਡਨ। ਇਜ਼ਰਾਇਲ ਦੇ ਮੂੰਹ ਨੂੰ ਜਿੱਤ ਵਾਲਾ ਲਹੂ ਲੱਗਿਆ ਹੋਇਆ ਸੀ ਜਿਸ ਕਰਕੇ ਉਸ ਨੇ ਇਰਾਨ ’ਤੇ ਹਮਲਾ ਕੀਤਾ ਪਰ ਇਰਾਨ ਨੇ 12 ਦਿਨਾਂ ਦੇ ਵਿੱਚ ਇਜ਼ਰਾਇਲ ਤੇ ਅਮਰੀਕਾ ਨੂੰ ਲੇਲੜੀਆਂ ਕੱਢਣ ਲਗਾ ਦਿੱਤਾ। ਇੱਥੋਂ ਤੱਕ ਕਿ ਜਿਸ ਜਗ੍ਹਾ ਤੋਂ ਤੇਲ ਦੇ ਟੈਂਕ ਲੰਘਦੇ ਹਨ, ਉਸ ’ਤੇ ਰੋਕ ਲਗਾਉਣ ਲਈ ਵੀ ਪਾਰਲੀਮੈਂਟ ਵਿਚੋਂ ਕਾਨੂੰਨ ਪਾਸ ਕਰਵਾ ਲਿਆ। ਇਹੋ ਜਿਹੇ ਚੁੱਕੇ ਕਦਮਾਂ ਨਾਲ ਹੀ ਸੀਜ਼ ਫਾਇਰ ਦੀ ਗੱਲ ਕਰਨ ਦੇ ਲਈ ਅਮਰੀਕਾ ਮਜ਼ਬੂਰ ਹੋ ਗਿਆ। ਤੇ ਟਰੰਪ ਆਪਣੇ ਆਪ ਨੂੰ ਸ਼ਾਂਤੀ ਦਾ ਦੇਵਤਾ ਤੇ ਡੀਲ ਮੇਕਰ ਕਹਾਉਣ ਦੇ ਲਈ ਕਾਹਲਾ ਪੈ ਗਿਆ। ਪਰ ਸਵਾਲ ਇਹ ਹੈ ਕਿ ਜਿੱਤ ਕਿਸ ਦੀ ਹੋਈ ਹੈ? ਇਰਾਨ ਜਾਂ ਇਜ਼ਰਾਇਲ ਦੀ। ਪਰ ਇਸ ਲੜਾਈ ਵਿੱਚ ਟਰੰਪ ਆਪਣੇ ਆਪ ਨੂੰ ਜੇਤੂ ਕਰਾਰ ਦੇ ਰਿਹਾ ਹੈ। ਟਰੰਪ ਨੇ ਕਿਹਾ ਕਿ ਇਹ ਗਲਫ਼ ਦੇਸ਼ਾਂ ਦੀ ਜਿੱਤ ਹੈ ਪਰ ਇਜ਼ਰਾਇਲ ਕਹਿੰਦਾ ਹੈ ਕਿ ਮੈਂ ਇਹ ਗੱਲ ਸੁਣਨੀ ਪਸੰਦ ਨਹੀਂ ਕਰਦਾ। ਤੁਹਾਨੂੰ ਮੇਰੀ ਬਹਾਦਰੀ ਦੀ ਗੱਲ ਕਰਨੀ ਚਾਹੀਦੀ ਹੈ। ਇਜ਼ਰਾਇਲ ਦੇ ਸਾਹਮਣੇ ਅੱਜ ਤੱਕ ਕੋਈ ਦੇਸ਼ ਨਹੀਂ ਟਿੱਕਿਆ। ਕਈ ਸੰਗਠਨ ਮੁਸਲਮਾਨ ਵੀ ਆਏ ਪਰ ਇਜ਼ਰਾਇਲ ਨੇ ਸਭ ਨੂੰ ਰੋਲ ਦਿੱਤਾ ਪਰ ਇਹ ਪਹਿਲੀ ਵਾਰ ਹੈ ਕਿ ਜਦੋਂ ਇੱਕ ਮੁਸਲਮਾਨ ਦੇਸ਼ ਨੇ ਮੂੰਹ ਤੋੜ ਜਵਾਬ ਦਿੱਤਾ।
ਵੱਡੇ- ਵੱਡੇ ਤਾਕਤਵਰ ਮੁਲਕਾਂ ਦੀ ਗੱਲ ਹੋਵੇ ਤੇ ਉਸ ਵਿੱਚ ਚੀਨ ਦਾ ਜ਼ਿਕਰ ਨਾ ਹੋਵੇ ਤਾਂ ਗੱਲ ਅਧੂਰੀ ਜਾਪਦੀ ਹੈ। ਇਰਾਨ ਦੇ ਪਿੱਛੇ ਚੀਨ ਬਹੁਤ ਵੱਡਾ ਰੋਲ ਪਲੇਅ ਕਰ ਰਿਹਾ ਹੈ। ਚੀਨ ਹੈੱਡਲਾਈਨ ਜਾਂ ਟਵੀਟ ਦੇ ਵਿੱਚ ਵਿਸ਼ਵਾਸ਼ ਨਹੀਂ ਰੱਖਦਾ। ਹਾਲ ਹੀ ਵਿੱਚ ਨਿਊ ਇਰਾਨ-ਚਾਈਨਾ ਰੇਲਵੇ ਲਾਈਨ ਇੱਕ ਕੋਰੀਡੋਰ ਦਾ ਉਦਘਾਟਨ ਕੀਤਾ ਗਿਆ। ਚੀਨ ਨੇ ਯਿਆਨ ਤੋਂ ਤਹਿਰਾਨ ਤੱਕ ਰੇਲਵੇ ਲਾਈਨ ਮਈ 2025 ਨੂੂੰ ਲਾਂਚ ਕੀਤੀ। 10 ਹਜ਼ਾਰ 400 ਕਿਲੋਮੀਟਰ ਤੱਕ ਲੰਬਾ ਟਰੈਕ ਇਰਾਨ ਤੋਂ ਚੀਨ ਤੱਕ ਆਇਆ। ਚੀਨ ਇਰਾਨ ਤੋਂ ਕਰੀਬਨ 90 ਫ਼ੀਸਦੀ ਤੇਲ ਲੈਂਦਾ ਹੈ। ਇਰਾਨ ਤੇ ਚੀਨ ਦੇ ਵਿੱਚ 400 ਬਿਲੀਅਨ ਡਾਲਰ ਦੀ ਕਾਰਪੋਰੇਸ਼ਨ ਡੀਲ 25 ਸਾਲ ਦੇ ਲਈ ਸਾਈਨ ਹੈ। ਇੱਥੋਂ ਤਕ ਕਿ ਇਰਾਨ ਜੀ. ਪੀ. ਐਸ. ਸਿਸਟਮ ਨਹੀਂ ਵਰਤਦਾ, ਸਗੋਂ ਚੀਨ ਦਾ ਬੀ.ਡੀ.ਐਸ. ਵਰਤਦਾ ਹੈ। ਕੁਲ ਮਿਲਾ ਕੇ ਇਹਨਾਂ ਦੇ ਵਪਾਰਕ ਰਿਸ਼ਤੇ ਏਨੇ ਮਜ਼ਬੂਤ ਨੇ ਕਿ ਅਮਰੀਕਾ ਦੇ ਲਈ ਅਟੈਕ ਕਰਨਾ ਸੌਖਾ ਵੀ ਨਹੀਂ ਹੋਵੇਗਾ।
ਕੁਲ ਮਿਲਾ ਕੇ ਸਭ ਦੇਸ਼ਾਂ ਨੂੰ ਪਤਾ ਹੈ ਕਿ ਇਸ ਯੁੱਧ ਦੇ ਵਿਚੋਂ ਕੁਝ ਵੀ ਨਹੀਂ ਮਿਲੇਗਾ। ਸਾਡਾ ਖ਼ਿਆਲ ਹੈ ਕਿ ਹੁਣ ਇਹਨਾਂ ਤਾਕਤਵਰ ਬਾਸ਼ੰਦਿਆਂ ਨੂੰ ਗ਼ਾਜ਼ਾ ਦੇ ਵਿੱਚ ਲਗਾਤਾਰ ਹੋ ਰਹੀਆਂ ਮੌਤਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਉਹਨਾਂ ਕੋਲ ਕੋਈ ਸੁਪਰ ਪਾਵਰ ਨਹੀਂ ਹੈ। ਉਹਨਾਂ ਲਈ ਕੋਈ ਬੋਲਣ ਵਾਲਾ ਨਹੀਂ ਹੈ। ਗ਼ਾਜ਼ਾ ਵਾਲਿਆਂ ਕੋਲ ਕੋਈ ਮਿਜ਼ਾਇਲ ਨਹੀਂ ਹੈ। ਰਾਸ਼ਨ ਲੈਣ ਆਇਆਂ ਨੂੰ ਸ਼ਰੇਆਮ ਮਾਰ ਦਿੱਤਾ ਜਾਂਦਾ ਹੈ ਪਰ ਬੋਲਦਾ ਕੋਈ ਨਹੀਂ। ਅੰਤਰਰਾਸ਼ਟਰੀ ਭਾਈਚਾਰਾ ਹੋ ਰਹੇ ਮਨੁੱਖਤਾ ਦੇ ਘਾਣ ਨੂੰ ਅੱਖਾਂ ਦੇ ਸਾਹਮਣੇ ਸਿਰਫ਼ ਵੇਖ ਰਿਹਾ ਹੈ, ਪਰ ਕਰ ਕੁੱਝ ਨਹੀਂ ਰਿਹਾ। ਤਾਕਤ ਸਿਰਫ਼ ਯੁੱਧ ਸ਼ੁਰੂ ਕਰਨ ਜਾਂ ਖ਼ਤਮ ਕਰਨ ਨੂੰ ਨਹੀਂ ਕਹਿੰਦੇ ਤੇ ਨਾ ਹੀ ਤਾਕਤ ਵੱਡੇ- ਵੱਡੇ ਨੇਤਾਵਾਂ ਦੇ ਨਾਲ ਫੋਟੋ ਖਿੱਚਵਾਉਣ ਨੂੰ ਕਿਹਾ ਜਾਂਦਾ ਹੈ। ਤਾਕਤ ਉਹ ਹੁੰਦੀ ਹੈ ਜੋ ਮਾੜੇ ਨੂੂੰ ਆਪਣੇ ਬਰਾਬਰ ਖੜਾ ਕਰ ਦੇਵੇ।
![]()
