ਜੰਗ ਤੇ ਹਿੰਸਾ ਵਿੱਚ ਫਸੇ ਮੱਧ ਪੂਰਬ ਏਸ਼ੀਆ ਦੇ ਲੋਕਾਂ ਨੂੰ ਕਦੋਂ ਨਸੀਬ ਹੋਵੇਗੀ ਸ਼ਾਂਤੀ

In ਮੁੱਖ ਲੇਖ
September 06, 2025

ਡਾ. ਰਣਜੀਤ ਸਿੰਘ
ਮੱਧ ਪੂਰਬ ਏਸ਼ੀਆ ਸੰਸਾਰ ਦੇ ਉਨ੍ਹਾਂ ਕੁੱਝ ਕੁ ਖਿੱਤਿਆਂ ’ਚੋਂ ਇੱਕ ਹੈ, ਜਿੱਥੇ ਸੱਭਿਅਤਾ ਦਾ ਵਿਕਾਸ ਹੋਇਆ। ਮਨੁੱਖ ਨੇ ਜੰਗਲਾਂ ’ਚੋਂ ਨਿਕਲ ਕੇ ਘਰ ਵਸਾ ਕੇ ਰਹਿਣਾ ਸ਼ੁਰੂ ਕੀਤਾ ਅਤੇ ਖੇਤੀ ਦਾ ਧੰਦਾ ਅਪਣਾਇਆ। ਕਣਕ ਦੀ ਖੇਤੀ ਵੀ ਇਸੇ ਖਿੱਤੇ ਵਿੱਚ ਸ਼ੁਰੂ ਹੋਈ ਮੰਨੀ ਜਾਂਦੀ ਹੈ। ਭਾਰਤ ਵਿੱਚ ਕਣਕ ਦੀ ਆਮਦ ਵੀ ਇਸੇ ਖਿੱਤੇ ’ਚੋਂ ਆਈ ਮੰਨੀ ਜਾਂਦੀ ਹੈ, ਕਿਉਂਕਿ ਪਹਿਲਾਂ ਭਾਰਤੀ ਜੌਆਂ ਦੀ ਖੇਤੀ ਕਰਦੇ ਸਨ। ਸੰਸਾਰ ਦੇ ਸਭ ਤੋਂ ਵੱਧ ਮੰਨੇ ਜਾਂਦੇ ਦੋ ਧਰਮ ਵੀ ਇੱਥੇ ਹੀ ਪ੍ਰਫੁੱਲਿਤ ਹੋਏ ਤੇ ਇਨ੍ਹਾਂ ਦੋਹਾਂ ਧਰਮਾਂ ਦੇ ਲੋਕਾਂ ਨੇ ਲਗਭਗ ਸਾਰੇ ਸੰਸਾਰ ਵਿਚ ਹੀ ਰਾਜ ਕੀਤਾ ਹੈ। ਇਹ ਵੀ ਮੰਨਿਆ ਜਾਂਦਾ ਹੈ ਕਿ ਆਰੀਆ ਲੋਕ ਵੀ ਇਸੇ ਖਿੱਤੇ ਤੋਂ ਭਾਰਤ ਆਏ ਸਨ। ਗਿਆਰਵੀਂ ਸਦੀ ’ਚ ਇਸੇ ਪਾਸਿਉਂ ਮੁੜ ਭਾਰਤ ’ਤੇ ਹਮਲੇ ਤੇ ਲੁੱਟ ਖਸੁੱਟ ਕਰਨ ਵਾਲੇ ਲੋਕ ਵੀ ਆਉਣ ਲੱਗੇ ਸਨ। ਇੱਥੋਂ ਹੀ ਆ ਕੇ ਹਮਲਾਵਰਾਂ ਨੇ ਭਾਰਤ ’ਤੇ ਕਈ ਸਦੀਆਂ ਰਾਜ ਕੀਤਾ।
ਦੂਜੇ ਵਿਸ਼ਵ ਯੁੱਧ ਪਿੱਛੋਂ ਇਜ਼ਰਾਇਲ ਦੇ ਨਾਂਅ ਹੇਠ ਯਹੂਦੀਆਂ ਲਈ ਇੱਕ ਨਵਾਂ ਦੇਸ਼ ਹੋਂਦ ਵਿੱਚ ਆਇਆ। ਇਨ੍ਹਾਂ ਲੋਕਾਂ ਦੀ ਵਿਸ਼ਵ ਦੇ ਹਰ ਖੇਤਰ ’ਚ ਤੂਤੀ ਬੋਲਦੀ ਹੈ। ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਇਸ ਦੇਸ਼ ਦੀ ਗੁਆਂਢੀ ਦੇਸ਼ਾਂ, ਜਿਨ੍ਹਾਂ ’ਚ ਸੀਰੀਆ, ਫ਼ਿਲਸਤੀਨ ਤੇ ਲਿਬਨਾਨ ਮੁੱਖ ਹਨ, ਨਾਲ ਟੱਕਰ ਚਲਦੀ ਰਹਿੰਦੀ ਹੈ। ਹਜ਼ਾਰਾਂ ਬੇਦੋਸ਼ੇ ਲੋਕ ਇਸ ਟੱਕਰ ਵਿੱਚ ਹੁਣ ਵੀ ਆਪਣੀਆਂ ਜਾਨਾਂ ਗਵਾ ਰਹੇ ਹਨ। ਗਾਜ਼ਾ ਪੱਟੀ ਵਿੱਚ ਤਾਂ ਲੋਕਾਂ ਨੂੰ ਭੋਜਨ ਦੀ ਥਾਂ ਗੋਲੀਆਂ ਤੇ ਬੰਬ ਹੀ ਨਸੀਬ ਹੋ ਰਹੇ ਹਨ।
ਜਦੋਂ ਤੋਂ ਇੱਥੇ ਤੇਲ ਭੰਡਾਰ ਮਿਲੇ ਸਨ, ਸੰਸਾਰ ਦੀਆਂ ਮੁੱਖ ਤਾਕਤਾਂ ਨੇ ਇਸ ਖਿੱਤੇ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਇਜ਼ਰਾਇਲ ਭਾਵੇਂ ਸਭ ਤੋਂ ਛੋਟਾ ਦੇਸ਼ ਹੈ ਪਰ ਫ਼ੌਜੀ ਤੇ ਆਰਥਿਕ ਪੱਖੋਂ ਇਹ ਇੱਕ ਮਜ਼ਬੂਤ ਦੇਸ਼ ਬਣ ਗਿਆ ਹੈ। ਇਸ ਨੂੰ ਅਮਰੀਕਾ ਤੇ ਹੋਰ ਯੂਰਪੀ ਦੇਸ਼ਾਂ ਦੀ ਪੂਰੀ ਹਮਾਇਤ ਪ੍ਰਾਪਤ ਹੈ। ਇਸ ਦੀ ਗੁਆਂਢੀਆਂ ਨਾਲ ਲੜਾਈ ਚਲਦੀ ਹੀ ਰਹਿੰਦੀ ਹੈ, ਕਿਉਂਕਿ ਫ਼ਿਲਸਤੀਨੀ ਬਾਗੀਆਂ ਦੇ ਅੱਡੇ ਇਨ੍ਹਾਂ ਦੇਸ਼ਾਂ ’ਚ ਹਨ। ਇਸ ਵਾਰ ਤਾਂ ਇਸ ਦੀ ਮਾਰ ਇਰਾਨ ਤੱਕ ਪਹੁੰਚ ਗਈ ਸੀ। ਕੱਟੜਪੰਥੀ ਇਸਲਾਮਿਕ ਤਨਜ਼ੀਮਾਂ, ਇਜ਼ਰਾਇਲ ਤੇ ਕਈ ਅਰਬ ਦੇਸ਼ਾਂ ਵਿਚਕਾਰ ਵੱਖ-ਵੱਖ ਕਾਰਨਾਂ ਕਰਕੇ ਚਲ ਰਹੇ ਟਕਰਾਅ ਅਤੇ ਮਹਾਂ ਸ਼ਕਤੀਆਂ ਦੀ ਇਸ ਖਿੱਤੇ ’ਚ ਆਪਣਾ ਪ੍ਰਭਾਵ ਵਧਾਉਣ ਲਈ ਲੱਗੀ ਹੋੜ ਕਾਰਨ, ਇਹ ਖਿੱਤਾ ਲੰਮੇ ਸਮੇਂ ਤੋਂ ਹਿੰਸਾ ਤੇ ਬਦਅਮਨੀ ਦਾ ਸਾਹਮਣਾ ਕਰਦਾ ਆ ਰਿਹਾ ਹੈ।
ਮੱਧ ਪੂਰਬ ਏਸ਼ੀਆ ਤੁਰਕੀ ਤੋਂ ਸ਼ੁਰੂ ਹੁੰਦਾ ਹੈ, ਜਿਸ ਦੇ ਕੁਝ ਇਲਾਕੇ ਨੂੰ ਯੂਰਪ ਦਾ ਹਿੱਸਾ ਵੀ ਮੰਨਿਆ ਜਾਂਦਾ ਹੈ। ਇੱਥੇ ਹੁਣ ਲੋਕ ਰਾਜ ਕਾਇਮ ਹੋ ਚੁੱਕਾ ਹੈ, ਭਾਵੇਂ ਕਿ ਇਸ ’ਤੇ ਪੂਰਾ ਫ਼ੌਜੀ ਪ੍ਰਭਾਵ ਹੈ। ਇਸ ਸਮੇਂ ਮੱਧ ਪੂਰਬ ਏਸ਼ੀਆ ਦਾ ਇੱਕ ਸ਼ਕਤੀਸ਼ਾਲੀ ਦੇਸ਼ ਆਖਿਆ ਜਾ ਸਕਦਾ ਹੈ। ਹੁਣੇ ਭਾਰਤ-ਪਾਕਿਸਤਾਨ ਜੰਗ ’ਚ ਇਸ ਦੇਸ਼ ਨੇ ਪਾਕਿਸਤਾਨ ਦੀ ਸਿੱਧੀ ਹਮਾਇਤ ਕੀਤੀ ਸੀ। ਏਸ਼ੀਆ ਪਾਸਿਉਂ ਇਸ ਨੂੰ ਯੂਰਪ ਦਾ ਦੁਆਰ ਵੀ ਆਖਿਆ ਜਾਂਦਾ ਹੈ। ਇਸ ਦੇ ਨਾਲ ਲਗਦਾ ਦੂਜਾ ਦੇਸ਼ ਲਿਬਨਾਨ ਹੈ, ਜਿਸ ਨੂੰ ਏਸ਼ੀਆ ਦਾ ਸਵਿਟਜ਼ਰਲੈਂਡ ਵੀ ਆਖਿਆ ਜਾਂਦਾ ਹੈ। ਇੱਕ ਪਾਸੇ ਸਮੁੰਦਰ, ਦੂਜੇ ਪਾਸੇ ਉੱਚੀਆਂ ਪਹਾੜੀਆਂ ਹਨ ਤੇ ਇਹ ਬਹੁਤ ਹੀ ਪ੍ਰਸਿੱਧ ਸੈਰਗਾਹ ਹੈ। ਪਰ ਜਦੋਂ ਤੋਂ ਇਜ਼ਰਾਇਲ ਹੋਂਦ ’ਚ ਆਇਆ ਹੈ, ਉਦੋਂ ਤੋਂ ਇਸ ’ਤੇ ਬਾਗੀਆਂ ਨੂੰ ਕਾਬੂ ਕਰਨ ਦੇ ਨਾਂਅ ’ਤੇ ਇਜ਼ਰਾਇਲ ਵੱਲੋਂ ਵਾਰ ਵਾਰ ਹਮਲੇ ਕੀਤੇ ਜਾ ਰਹੇ ਹਨ।
ਲਿਬਨਾਨ ਦੀ ਰਾਜਧਾਨੀ ਬਰੂਤ ਬਹੁਤ ਖ਼ੂਬਸੂਰਤ ਸੈਰਗਾਹ ਹੈ। ਸੰਸਾਰ ਦੀਆਂ ਵੱਡੀਆਂ ਕੰਪਨੀਆਂ ਦੇ ਦਫ਼ਤਰ ਇੱਥੇ ਹਨ, ਪਰ ਲਗਾਤਾਰ ਹਿੰਸਾ ਤੇ ਹਮਲਿਆਂ ਦਾ ਸ਼ਿਕਾਰ ਕਾਰਨ ਇਸ ਦਾ ਲੋੜੀਂਦਾ ਵਿਕਾਸ ਨਹੀਂ ਹੋ ਸਕਿਆ। ਇਨ੍ਹਾਂ ਦੋਵਾਂ ਦੇਸ਼ਾਂ ਨਾਲ ਸਾਂਝੀਆਂ ਸਰਹੱਦਾਂ ਵਾਲਾ ਦੇਸ਼ ਸੀਰੀਆ ਹੈ। ਤੁਰਕੀ ਤੋਂ ਬਰੂਤ ਨੂੰ ਜਾਂਦਿਆਂ ਸਮੁੰਦਰ ਕੰਢੇ ਵਾਲੀ ਸੜਕ ਸੀਰੀਆ ਦੇ ਕੁਝ ਹਿੱਸੇ ’ਚੋਂ ਲੰਘਦੀ ਹੈ। ਸੀਰੀਆ ਵਿਸ਼ੇਸ਼ ਕਰਕੇ ਦਾਲਾਂ ਦੀ ਖੇਤੀ ਲਈ ਪ੍ਰਸਿੱਧ ਹੈ। ਸੀਰੀਆ ਤੋਂ ਅਗਲਾ ਦੇਸ਼ ਇਰਾਕ ਹੈ, ਜਿਸ ਦੀਆਂ ਸਰਹੱਦਾਂ ਸੀਰੀਆ, ਤੁਰਕੀ, ਇਰਾਨ ਤੇ ਕੁਵੈਤ ਨਾਲ ਲਗਦੀਆਂ ਹਨ। ਇਸ ਦੇ ਤਿੰਨ ਵੱਡੇ ਸ਼ਹਿਰ ਮੌਸਲ, ਬਗ਼ਦਾਦ ਤੇ ਬਸਰਾ ਹਨ। ਕੁਰਦੀ ਲੋਕਾਂ ਦੀ ਵਸੋਂ ਵਾਲਾ ਸ਼ਹਿਰ ਕਿਰਕੂਕ ਹੈ, ਜਿੱਥੇ ਵਧੀਆ ਤੇਲ ਦੇ ਭੰਡਾਰ ਹਨ। ਇਸਲਾਮ ਦੇ ਸ਼ੀਆ ਭਾਈਚਾਰੇ ਦਾ ਪਵਿੱਤਰ ਸ਼ਹਿਰ ਕਰਬਲਾ ਤੇ ਬੈਬੀਲੋਨ ਦੇ ਲਟਕਦੇ ਬਗੀਚੇ ਵੀ ਇੱਥੇ ਹੀ ਹਨ। ਇਸ ਦੇ ਦੋ ਦਰਿਆ ਦਜਲਾ ਤੇ ਫ਼ਰਾਤ ਸੀਰੀਆ ਦੇ ਪਾਸੇ ਤੋਂ ਹੀ ਆਉਂਦੇ ਹਨ। ਬਸਰੇ ਲਾਗੇ ਜਾ ਕੇ ਦੋਵੇਂ ਦਰਿਆ ਇੱਕ ਹੋ ਕੇ ਅਰਬ ਸਾਗਰ ’ਚ ਚਲੇ ਜਾਂਦੇ ਹਨ। ਦੋਵਾਂ ਦਰਿਆਵਾਂ ਵਿਚਲੇ ਦੇ ਇਲਾਕੇ ਨੂੰ ਮੈਸੋਪੋਟਾਮੀਆ ਆਖਿਆ ਜਾਂਦਾ ਹੈ, ਜਿਸ ਦਾ ਅਰਥ ਦੁਆਬਾ ਹੈ। ਸਮੁੰਦਰ ਕੰਢੇ ਇਰਾਕ ਨਾਲ ਲਗਦਾ ਇਕੋ ਸ਼ਹਿਰ ਵਾਲਾ ਨਿੱਕਾ ਜਿਹਾ ਦੇਸ਼ ਕੁਵੈਤ ਹੈ, ਜੋ ਤੇਲ ਦੇ ਭੰਡਾਰ ਕਰਕੇ ਅਮੀਰ ਰਿਆਸਤ ਹੈ। ਸੱਦਾਮ ਹੁਸੈਨ ਨੇ ਕਦੇ ਇਸ ਨੂੰ ਆਪਣੇ ਕਬਜ਼ੇ ’ਚ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਅਮਰੀਕੀ ਫ਼ੌਜਾਂ ਨੇ ਕੁਵੈਤ ਆਜ਼ਾਦ ਕਰਵਾ ਕੇ ਸੱਦਾਮ ਹੁਸੈਨ ਨੂੰ ਵੀ ਸੂਲੀ ’ਤੇ ਟੰਗ ਦਿੱਤਾ ਤੇ ਇੱਥੇ ਆਪਣੀ ਕਠਪੁਤਲੀ ਸਰਕਾਰ ਬਣਾ ਦਿੱਤੀ। ਇਸ ਖਿੱਤੇ ’ਚ ਦੂਜਾ ਸ਼ਕਤੀਸ਼ਾਲੀ ਦੇਸ਼ ਇਰਾਨ ਹੈ। ਇਸ ਦੀਆਂ ਸਰਹੱਦਾਂ ਇਰਾਕ, ਤੁਰਕੀ, ਅਫ਼ਗਾਨਿਸਤਾਨ ਨਾਲ ਲਗਦੀਆਂ ਹਨ। ਇਸ ਕੋਲ ਤੇਲ ਦੇ ਭੰਡਾਰ ਤੇ ਸਮੁੰਦਰੀ ਤੱਟ ਵੀ ਹੈ। ਇਹ ਖਿੱਤੇ ਦਾ ਬਾਦਸ਼ਾਹਤ ਖ਼ਤਮ ਕਰਕੇ ਇਸਲਾਮਿਕ ਸਟੇਟ ਬਣਨ ਵਾਲਾ ਸਭ ਤੋਂ ਮਗਰਲਾ ਦੇਸ਼ ਹੈ। ਸਾਰੇ ਖਿੱਤੇ ’ਚ ਸੁੰਨੀ ਮੁਸਲਮਾਨਾਂ ਦੀ ਵੱਧ ਅਬਾਦੀ ਹੈ, ਜਦਕਿ ਇਰਾਨ ’ਚ ਸ਼ੀਆ ਮੁਸਲਮਾਨ ਰਾਜ ਕਰਦੇ ਹਨ। ਤੁਰਕੀ, ਸੀਰੀਆ, ਇਰਾਕ ਅਤੇ ਇਰਾਨ ਦੀਆਂ ਜਿੱਥੇ ਸਰਹੱਦਾਂ ਮਿਲਦੀਆਂ ਹਨ, ਉੱਥੇ ਇੱਕ ਵੱਖਰੀ ਕੁਰਦ ਕੌਮ ਰਹਿੰਦੀ ਹੈ, ਜਿਨ੍ਹਾਂ ਦਾ ਆਰੀਅਨ ਪਿਛੋਕੜ ਮੰਨਿਆ ਜਾਂਦਾ ਹੈ ਤੇ ਇਨ੍ਹਾਂ ਦੀ ਬੋਲੀ ਵੀ ਵੱਖਰੀ ਹੈ, ਜਿਹੜੀ ਪੰਜਾਬੀ ਬੋਲੀ ਦੇ ਵਧੇਰੇ ਨੇੜੇ ਹੈ। ਇਕ ਤੋਂ ਦਸ ਤੱਕ ਗਿਣਤੀ ਵੀ ਪੰਜਾਬੀ ਵਾਲੀ ਹੈ। ਇਨ੍ਹਾਂ ਲੋਕਾਂ ਨੇ ਅਮਰੀਕੀ, ਤੁਰਕੀ ਤੇ ਇਰਾਨੀ ਸ਼ਹਿ ’ਤੇ ਇਰਾਕ ਵਿੱਚ ਕੋਈ ਅੱਧੀ ਸਦੀ ਪਹਿਲਾਂ ਬਗ਼ਾਵਤ ਕੀਤੀ ਅਤੇ ਆਰਜ਼ੀ ਤੌਰ ’ਤੇ ਕੁਰਦਸਤਾਨ ਦੇਸ਼ ਦਾ ਐਲਾਨ ਕਰ ਦਿੱਤਾ ਸੀ। ਕਿਰਕੂਕ ਇਸ ਦਾ ਮੁੱਖ ਸ਼ਹਿਰ ਹੈ। 1974 ’ਚ ਸੱਦਾਮ ਹੁਸੈਨ ਨੇ ਇਰਾਨ ਨਾਲ ਸਮਝੌਤਾ ਕਰ ਲਿਆ, ਜਿਸ ਕਰਕੇ ਕੁਰਦੀਆਂ ਦੀ ਬਗਾਵਤ ’ਤੇ ਕਾਬੂ ਪਾ ਲਿਆ ਗਿਆ ਅਤੇ ਇਰਾਕ ਨੇ ਬੜੀ ਤੇਜ਼ੀ ਨਾਲ ਵਿਕਾਸ ਕਾਰਜ ਆਰੰਭ ਕੀਤੇ ਸਨ।
ਅਗਲਾ ਦੇਸ਼ ਅਫ਼ਗਾਨਿਸਤਾਨ ਹੈ। ਇਹ ਬਗੀਚਿਆਂ ਅਤੇ ਬਹਾਦਰ ਲੋਕਾਂ ਦਾ ਖ਼ੂਬਸੂਰਤ ਦੇਸ਼ ਹੈ। ਪਰ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਖ਼ਾਨਾਜੰਗੀ ਨੇ ਇਸ ਨੂੰ ਤਬਾਹ ਕਰ ਦਿੱਤਾ ਹੈ। ਕਦੇ ਅਮਰੀਕੀ ਅਤੇ ਕਦੇ ਰੂਸੀ ਹਮਾਇਤ ਨੇ ਖ਼ਾਨਾਜੰਗੀ ਨੂੰ ਜਾਰੀ ਰੱਖਣ ’ਚ ਸਹਾਇਤਾ ਕੀਤੀ।
ਹੁਣ ਥੱਕ ਕੇ ਇਨ੍ਹਾਂ ਦੋਵਾਂ ਸ਼ਕਤੀਆਂ ਨੇ ਖ਼ੁਦ ਨੂੰ ਬਾਹਰ ਕੱਢ ਲਿਆ ਹੈ ਤੇ ਇੱਥੇ ਕੁਝ ਹੱਦ ਤੱਕ ਸ਼ਾਂਤੀ ਬਹਾਲ ਹੋ ਸਕੀ ਹੈ। ਇੱਥੋਂ ਦੇ ਤਾਕਤਵਰ ਲੋਕਾਂ ਨੇ ਭਾਰਤ ਨੂੰ ਗਿਆਰਵੀਂ ਸਦੀ ਤੋਂ ਅਠਾਰਵੀਂ ਸਦੀ ਤੱਕ ਬੁਰੀ ਤਰ੍ਹਾਂ ਲੁੱਟਿਆ ਸੀ। ਫਿਰ ਜਦੋਂ ਪੰਜਾਬ ’ਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਇਮ ਹੋਇਆ ਤਾਂ ਉਨ੍ਹਾਂ ਨੇ ਇਨ੍ਹਾਂ ਦੇ ਘਰ ਜਾ ਕੇ ਇਨ੍ਹਾਂ ਨੂੰ ਸਬਕ ਸਿਖਾਇਆ ਸੀ।
ਅਫ਼ਗਾਨਿਸਤਾਨ ਤੇ ਇਰਾਨ ’ਚ ਸਿੱਖਾਂ ਦੀ ਚੋਖੀ ਗਿਣਤੀ ਸੀ। ਉੱਥੇ ਉਨ੍ਹਾਂ ਦੇ ਗੁਰੂ ਘਰ ਤੇ ਸਕੂਲ ਸਨ, ਪਰ ਦੋਵਾਂ ਦੇਸ਼ਾਂ ਵਿੱਚ ਹੋਈਆਂ ਬਗ਼ਾਵਤਾਂ ਕਾਰਨ ਬਹੁਤਿਆਂ ਨੂੰ ਇਹ ਦੇਸ਼ ਛੱਡਣੇ ਪਏ। ਇੱਥੋਂ ਦੇ ਲੋਕ ਮਨੁੱਖੀ ਕਦਰਾਂ ਕੀਮਤਾਂ ਦੇ ਧਾਰਨੀ, ਮਿਹਨਤੀ ਅਤੇ ਬਹਾਦਰ ਹਨ ਪਰ ਪੂਰੀ ਵੀਹਵੀਂ ਸਦੀ ਦੌਰਾਨ ਇੱਥੇ ਗੜਬੜ ਹੀ ਹੁੰਦੀ ਰਹੀ, ਜਿਸ ਕਰਕੇ ਇੱਥੋਂ ਦੀ ਖ਼ੁਸ਼ਹਾਲੀ ਤੇ ਵਿਕਾਸ ਬਹੁਤ ਪਛੜ ਗਿਆ। ਜੇਕਰ ਸਮੁੱਚੇ ਮੱਧ ਪੂਰਬ ਏਸ਼ੀਆ ਦੀ ਗੱਲ ਕਰੀਏ ਤਾਂ ਸੰਸਾਰ ਦਾ ਸਭ ਤੋਂ ਵੱਧ ਅਗਾਂਹ ਵਧੂ ਖਿੱਤਾ ਹੁਣ ਕੱਟੜਵਾਦ ਦਾ ਸ਼ਿਕਾਰ ਹੋ ਚੁੱਕਾ ਹੈ। ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ। ਇਜ਼ਰਾਇਲ ਰਾਹੀਂ ਅਮਰੀਕਾ ਇਸ ਖਿੱਤੇ ’ਚ ਆਪਣਾ ਦਬਦਬਾ ਕਾਇਮ ਰੱਖਣਾ ਚਾਹੁੰਦਾ ਹੈ, ਜਿਸ ਦਾ ਸ਼ਿਕਾਰ ਆਮ ਲੋਕ ਹੋ ਰਹੇ ਹਨ। ਸਭ ਤੋਂ ਵੱਧ ਨੁਕਸਾਨ ਫ਼ਿਲਸਤੀਨੀ ਲੋਕਾਂ ਦਾ ਹੋਇਆ ਹੈ। ਉਹ ਖ਼ਾਨਾਬਦੋਸ਼ ਬਣ ਕੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਦੇ ਨਸੀਬ ਵਿੱਚ ਸ਼ਾਂਤੀ ਕਦੋਂ ਆਵੇਗੀ, ਇਹ ਰੱਬ ਹੀ ਜਾਣਦਾ ਹੈ।

Loading