ਜੰਗ ਦੌਰਾਨ ਪੰਜਾਬ ਦੀ ਆਰਥਿਕਤਾ ਨੂੰ ਮਿਲਿਆ ਡਾਲਰਾਂ ਦਾ ਬੂਸਟਰ

In ਪੰਜਾਬ
April 06, 2026

ਦੁਨੀਆ ਭਰ ਵਿੱਚ ਚੱਲ ਰਹੀਆਂ ਯੁੱਧ ਵਾਲੀਆਂ ਖਬਰਾਂ, ਆਰਥਿਕ ਤਣਾਅ ਅਤੇ ਭੂ-ਰਾਜਨੀਤਿਕ ਅਸਥਿਰਤਾ ਵਿਚਾਲੇ ਪੰਜਾਬ ਲਈ ਇੱਕ ਅਚਾਨਕ ਆਰਥਿਕ ਵਰਦਾਨ ਬਣ ਗਿਆ ਹੈ। ਡਾਲਰ ਦੀ ਮਜ਼ਬੂਤੀ ਅਤੇ ਰੁਪਏ ਦੇ ਡਿੱਗਣ ਨੇ ਇਥੇ ਵਿਦੇਸ਼ੀ ਮੁਦਰਾ ਦਾ ਬੰਪਰ ਸੀਜ਼ਨ ਲਿਆ ਦਿੱਤਾ ਹੈ। ਖਾਸ ਤੌਰ ’ਤੇ ਦੋਆਬਾ ਖੇਤਰ (ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਲੁਧਿਆਣਾ ਵਾਲੇ ਇਲਾਕੇ) ਵਿੱਚ ਐੱਨ.ਆਰ.ਆਈ. ਪੈਸਿਆਂ ਨੇ ਰਿਕਾਰਡ ਤੋੜ ਦਿੱਤਾ ਹੈ। ਇਸ ਮਹੀਨੇ ਰੁਪਇਆ ਡਾਲਰ ਦੇ ਮੁਕਾਬਲੇ 94 ਰੁਪਏ ਤੱਕ ਡਿਗ ਗਿਆ ਹੈ। ਡਾਲਰ ਮਜ਼ਬੂਤ ਹੋਣ ਕਾਰਨ, ਬਾਹਰੋਂ ਭੇਜੇ ਗਏ ਥੋੜ੍ਹੇ ਡਾਲਰਾਂ ਦੇ ਬਦਲੇ ਇੱਥੇ ਜ਼ਿਆਦਾ ਰੁਪਏ ਮਿਲ ਰਹੇ ਹਨ। ਪੰਜਾਬ ਦੀ ਆਰਥਿਕਤਾ ਲਈ ਇਹ ਇੱਕ ਅਜਿਹਾ ਮੌਕਾ ਹੈ ਜਿਸ ਨਾਲ ਲੋਕਲ ਬੈਂਕਿੰਗ, ਰੀਅਲ ਐਸਟੇਟ ਅਤੇ ਛੋਟੀਆਂ ਉਦਯੋਗਾਂ ਨੂੰ ਨਵੀਂ ਊਰਜਾ ਮਿਲ ਰਹੀ ਹੈ।
ਅੰਕੜਿਆਂ ਅਨੁਸਾਰ ਮਾਰਚ ਮਹੀਨੇ ਵਿੱਚ 20 ਤਾਰੀਖ ਤੱਕ ਪੰਜਾਬ ਵਿੱਚ 650 ਮਿਲੀਅਨ ਡਾਲਰ ਯਾਨੀ 6,110 ਕਰੋੜ ਰੁਪਏ ਆ ਚੁੱਕੇ ਹਨ। ਇਹ ਰਕਮ ਫਰਵਰੀ ਮਹੀਨੇ ਦੀ 5,296 ਕਰੋੜ ਰੁਪਏ ਤੋਂ 15.4 ਫੀਸਦੀ ਵਧ ਗਈ ਹੈ। ਖਾਸ ਤੌਰ ਤੇ ਜਲੰਧਰ ਅਤੇ ਹੁਸ਼ਿਆਰਪੁਰ ਦੇ ਬੈਂਕਾਂ ਵਿੱਚ ਇਸ ਵਾਧੇ ਨੂੰ 15 ਫੀਸਦੀ ਤੱਕ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਪ੍ਰੈਲ ਤੋਂ ਸਤੰਬਰ 2025 ਤੱਕ ਪੰਜਾਬ ਵਿਚ 3.1 ਬਿਲੀਅਨ ਡਾਲਰ ਯਾਨੀ 29,140 ਕਰੋੜ ਰੁਪਏ ਆਏ ਸਨ। ਉਥੇ ਹੀ ਅਕਤੂਬਰ 2025 ਤੋਂ ਮਾਰਚ 2026 ਤੱਕ ਇਹ ਰਕਮ 4 ਬਿਲੀਅਨ ਡਾਲਰ ਯਾਨੀ ਲਗਭਗ 37,600 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਮਾਰਚ ਦੇ ਆਖਰੀ ਦਿਨਾਂ ਦੇ ਅੰਕੜੇ ਅਜੇ ਜੋੜਨੇ ਬਾਕੀ ਹਨ ਪਰ ਇਸ ਤੋਂ ਪਹਿਲਾਂ ਹੀ ਪਿਛਲੀ ਛਿਮਾਹੀ ਦੇ ਮੁਕਾਬਲੇ ਕੁੱਲ 29 ਫੀਸਦੀ ਤੱਕ ਦੀ ਗ੍ਰੋਥ ਹੋ ਚੁੱਕੀ ਹੈ। ਇਹ ਅੰਕੜੇ ਐੱਸ.ਐੱਲ.ਬੀ.ਸੀ. (ਸਟੇਟ ਲੈਵਲ ਬੈਂਕਰਜ਼ ਕਮੇਟੀ ਪੰਜਾਬ), ਪੀ.ਐੱਨ.ਬੀ. ਐੱਨ.ਆਰ.ਆਈ. ਬੁਲੇਟਿਨ ਅਤੇ ਆਰ.ਬੀ.ਆਈ. ਰੈਮਿਟੈਂਸ ਸਰਵੇਖਣ ਤੋਂ ਲਏ ਗਏ ਹਨ।
ਧਿਆਨ ਖਿੱਚਣ ਵਾਲੀ ਗੱਲ ਇਹ ਹੈ ਕਿ ਅਕਤੂਬਰ ਤੋਂ ਦਸੰਬਰ 2025 ਤੱਕ ਬਾਹਰ ਤੋਂ ਪੈਸਾ ਆਉਣ ਵਿਚ ਹਰ ਮਹੀਨੇ ਸਿਰਫ਼ 2 ਤੋਂ 3 ਫੀਸਦੀ ਗ੍ਰੋਥ ਸੀ। ਪਰ ਜਿਵੇਂ ਹੀ ਡਾਲਰ 90 ਰੁਪਏ ਤੋਂ ਉੱਪਰ ਗਿਆ, ਵਿਦੇਸ਼ ਤੋਂ ਪੈਸਾ ਆਉਣ ਦੀ ਰਫ਼ਤਾਰ ਤੇਜ਼ ਹੋ ਗਈ। ਬੈਂਕਿੰਗ ਐਕਸਪਰਟਾਂ ਦਾ ਮੰਨਣਾ ਹੈ ਕਿ ਇਹ ਟ੍ਰੈਂਡ ਅਜੇ ਜਾਰੀ ਰਹਿ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਰੁਪਏ ਦੀ ਕਮਜ਼ੋਰੀ ਨੇ ਐੱਨ.ਆਰ.ਆਈ.ਆਂ ਲਈ ਭਾਰਤ ਵਿੱਚ ਨਿਵੇਸ਼ ਨੂੰ ਹੋਰ ਲਾਭਦਾਇਕ ਬਣਾ ਦਿੱਤਾ ਹੈ। ਇਸ ਤੋਂ ਬੈਂਕਾਂ ਵਿੱਚ ਲਿਕਵਿਡਿਟੀ ਵਧੇਗੀ ਅਤੇ ਲੋਕਲ ਆਰਥਿਕਤਾ ਨੂੰ ਬੂਸਟ ਮਿਲੇਗਾ।”
ਐੱਨ.ਆਰ.ਈ. ਐੱਫ.ਡੀ. ਵਿੱਚ ਸਭ ਤੋਂ ਵੱਡਾ ਉਛਾਲ
ਪੰਜਾਬ ਵਿਚ ਦੋ ਪ੍ਰਮੁੱਖ ਬੈਂਕਿੰਗ ਰੁਝਾਨ ਵਿਖਾਈ ਦੇ ਰਹੇ ਹਨ। ਪਹਿਲਾ ਐੱਨ.ਆਰ.ਈ. ਐੱਫ.ਡੀ. (ਨਾਨ ਰੈਜ਼ੀਡੈਂਟ ਐਕਸਟਰਨਲ ਫਿਕਸਡ ਡਿਪਾਜ਼ਿਟ) ਵਿੱਚ ਤੇਜ਼ੀ ਨਾਲ ਵਾਧਾ ਹੈ। ਮਾਰਚ ਵਿੱਚ ਇਨ੍ਹਾਂ ਖਾਤਿਆਂ ਵਿੱਚ ਸਭ ਤੋਂ ਵੱਧ ਪੈਸਾ ਆਇਆ ਹੈ। ਇਹ ਖਾਤੇ ਟੈਕਸ-ਮੁਕਤ ਹਨ, ਜਿਸ ਕਾਰਨ ਐੱਨ.ਆਰ.ਆਈ. ਵਧੇਰੇ ਨਿਵੇਸ਼ ਕਰ ਰਹੇ ਹਨ। ਦੂਜਾ ਰੁਝਾਨ ਥੋਕ ਜਮ੍ਹਾਂ ਰਾਸ਼ੀ ਦਾ ਹੈ। ਜਲੰਧਰ ਅਤੇ ਲੁਧਿਆਣਾ ਵਿੱਚ 2 ਕਰੋੜ ਰੁਪਏ ਤੋਂ ਵੱਧ ਦੀਆਂ ਜਮ੍ਹਾਂ ਰਕਮਾਂ ਵਿੱਚ 8 ਫੀਸਦੀ ਦਾ ਵਾਧਾ ਹੋਇਆ ਹੈ। ਇਹ ਦਰਸਾਉਂਦਾ ਹੈ ਕਿ ਵੱਡੇ ਐੱਨ.ਆਰ.ਆਈ. ਨਿਵੇਸ਼ਕ ਸਰਗਰਮ ਹੋ ਗਏ ਹਨ ਅਤੇ ਕਮਜ਼ੋਰ ਰੁਪਏ ਦਾ ਫਾਇਦਾ ਉਠਾ ਰਹੇ ਹਨ।
ਪੰਜਾਬ ਵਿੱਚ ਕੁੱਲ ਐੱਨ.ਆਰ.ਆਈ. ਡਿਪਾਜ਼ਿਟ ਦਾ 65 ਫੀਸਦੀ ਪੀ.ਐੱਨ.ਬੀ. ਅਤੇ ਐੱਸ.ਬੀ.ਆਈ. ਰੱਖਦੇ ਹਨ। ਪੀ.ਐੱਨ.ਬੀ. ਦੇ ਪੰਜਾਬ ਸਰਕਲ ਵਿੱਚ ਜਮ੍ਹਾਂ ਰਾਸ਼ੀ ਵਾਧਾ 9 ਫੀਸਦੀ ਦੇ ਟੀਚੇ ਨੂੰ ਪਾਰ ਕਰ ਗਿਆ ਹੈ। ਦਿਹਾਤੀ ਅਤੇ ਸਹਿਕਾਰੀ ਬੈਂਕ ਵੀ ਪਿੱਛੇ ਨਹੀਂ ਹਨ। ਪੰਜਾਬ ਗ੍ਰਾਮੀਣ ਬੈਂਕ ਵਿੱਚ ਛੋਟੇ ਰੈਮਿਟੈਂਸ ਵਧੇ ਹਨ। 1 ਤੋਂ 5 ਲੱਖ ਰੁਪਏ ਦੇ ਲੈਣ-ਦੇਣ ਵਿੱਚ 20 ਫੀਸਦੀ ਦਾ ਵਾਧਾ ਹੋਇਆ ਹੈ। ਇਹ ਵਿਦੇਸ਼ਾਂ ਵਿੱਚ ਕੰਮ ਕਰਨ ਵਾਲੇ ਕਿਰਤੀਆਂ ਤੋਂ ਪ੍ਰਾਪਤ ਪੈਸਾ ਹੈ।
ਰੈਮਿਟੈਂਸ ਵਧਣ ਦੇ ਤਿੰਨ ਵੱਡੇ ਕਾਰਨ
ਬੈਂਕਿੰਗ ਐਕਸਪਰਟ ਇਸ ਵਾਧੇ ਦੇ ਤਿੰਨ ਮੁੱਖ ਕਾਰਨ ਦੱਸਦੇ ਹਨ। ਪਹਿਲਾ – ਡਾਲਰ ਮਜ਼ਬੂਤ ਹੋਇਆ ਅਤੇ ਰੁਪਇਆ ਕਮਜ਼ੋਰ। ਇਸ ਅੰਤਰ ਕਾਰਨ ਘੱਟ ਡਾਲਰ ਵਿੱਚ ਭਾਰਤ ਵਿੱਚ ਜ਼ਿਆਦਾ ਵੈਲਿਊ ਮਿਲ ਰਹੀ ਹੈ। ਪੰਜਾਬ ਦੇ ਐੱਨ.ਆਰ.ਆਈ. ਇਸ ਫਾਇਦੇ ਨੂੰ ਉਠਾ ਰਹੇ ਹਨ। ਦੂਜਾ – ਵਿਆਜ ਦਰਾਂ ਵਧੀਆਂ ਹਨ। ਭਾਰਤ ਵਿੱਚ ਐੱਨ.ਆਰ.ਆਈ. ਡਿਪਾਜ਼ਿਟ ਉੱਤੇ 6.40 ਫੀਸਦੀ ਤੋਂ 7.20 ਫੀਸਦੀ ਤੱਕ ਵਿਆਜ ਮਿਲ ਰਿਹਾ ਹੈ। ਇਹ ਕੈਨੇਡਾ ਅਤੇ ਯੂ.ਕੇ. ਤੋਂ ਵਧ ਹੈ। ਇਸ ਲਈ ਪੈਸਾ ਭਾਰਤ ਆ ਰਿਹਾ ਹੈ। ਤੀਜਾ ਕਾਰਨ ਰੀਅਲ ਐਸਟੇਟ ਹੈ। ਜਲੰਧਰ ਅਤੇ ਲੁਧਿਆਣਾ ਵਿੱਚ ਐੱਨ.ਆਰ.ਆਈ. ਨਿਵੇਸ਼ 8 ਫੀਸਦੀ ਵਧਿਆ ਹੈ। ਉਨ੍ਹਾਂ ਨੂੰ ਇਥੇ ਜ਼ਮੀਨ ਅਤੇ ਮਕਾਨ ਸਸਤੇ ਲੱਗ ਰਹੇ ਹਨ। ਪਰ ਇਸ ਦਾ ਨੁਕਸਾਨ ਵੀ ਹੈ। ਪੰਜਾਬ ਦੇ ਕਈ ਪਰਿਵਾਰਾਂ ਉੱਤੇ ਬੋਝ ਵਧਿਆ ਹੈ। ਉਨ੍ਹਾਂ ਦੇ ਬੱਚੇ ਕੈਨੇਡਾ ਅਤੇ ਆਸਟ੍ਰੇਲੀਆ ਵਿੱਚ ਪੜ੍ਹ ਰਹੇ ਹਨ ਅਤੇ ਉਨ੍ਹਾਂ ਦੀ ਫੀਸ ਇੱਕ ਮਹੀਨੇ ਵਿੱਚ ਹੀ 10-12 ਫੀਸਦੀ ਤੱਕ ਵੱਧ ਗਈ ਹੈ। ਇਸ ਨਾਲ ਪਰਿਵਾਰਾਂ ਨੂੰ ਵਾਧੂ ਖਰਚਾ ਉਠਾਉਣਾ ਪੈ ਰਿਹਾ ਹੈ।

ਦੋਆਬਾ ਖੇਤਰ ਵਿੱਚ ਰਿਕਾਰਡ ਵਾਧਾ
ਸੂਬੇ ਵਿੱਚ ਸਭ ਤੋਂ ਵੱਧ ਗ੍ਰੋਥ ਦੋਆਬਾ ਖੇਤਰ ਵਿੱਚ ਦਰਜ ਕੀਤੀ ਗਈ ਹੈ। ਇਥੇ ਮਾਸਿਕ ਗ੍ਰੋਥ ਅਤੇ ਮਾਰਚ 2026 ਵਿੱਚ ਉਛਾਲ ਇਸ ਤਰ੍ਹਾਂ ਹੈ:
ਜਲੰਧਰ – ਔਸਤ ਮਾਸਿਕ ਗ੍ਰੋਥ 3.20 ਫੀਸਦੀ, ਮਾਰਚ ਵਿਚ 16.50 ਫੀਸਦੀ ਉਛਾਲ
ਹੁਸ਼ਿਆਰਪੁਰ – ਔਸਤ ਮਾਸਿਕ ਗ੍ਰੋਥ 2.80 ਫੀਸਦੀ, ਮਾਰਚ ਵਿੱਚ 14.20 ਫੀਸਦੀ ਉਛਾਲ
ਲੁਧਿਆਣਾ – ਔਸਤ ਮਾਸਿਕ ਗ੍ਰੋਥ 2.50 ਫੀਸਦੀ, ਮਾਰਚ ਵਿੱਚ 10.50 ਫੀਸਦੀ ਉਛਾਲ
ਕਪੂਰਥਲਾ – ਔਸਤ ਮਾਸਿਕ ਗ੍ਰੋਥ 3.00 ਫੀਸਦੀ, ਮਾਰਚ ਵਿੱਚ 13.80 ਫੀਸਦੀ ਉਛਾਲ
ਜਲੰਧਰ ਵਿੱਚ ਤਾਂ ਔਸਤਨ 3.2 ਫੀਸਦੀ ਮਾਸਿਕ ਗ੍ਰੋਥ ਤੋਂ ਉੱਪਰ ਚੜ੍ਹ ਕੇ ਮਾਰਚ ਵਿੱਚ 16.5 ਫੀਸਦੀ ਤੱਕ ਪਹੁੰਚ ਗਈ ਹੈ। ਇਸ ਤਰ੍ਹਾਂ ਦੋਆਬਾ ਵਾਲੇ ਖਾਸ ਤੌਰ ’ਤੇ ਲਾਭ ਉਠਾ ਰਹੇ ਹਨ। ਪੰਜਾਬ ਦੀ ਐੱਨ.ਆਰ.ਆਈ. ਆਬਾਦੀ ਵਿੱਚ ਦੋਆਬਾ ਖੇਤਰ ਦਾ ਯੋਗਦਾਨ ਬਹੁਤ ਵੱਡਾ ਹੈ। ਇਥੋਂ ਹਜ਼ਾਰਾਂ ਲੋਕ ਕੈਨੇਡਾ, ਯੂ.ਕੇ., ਅਮਰੀਕਾ ਅਤੇ ਆਸਟ੍ਰੇਲੀਆ ਵਿਚ ਰੁਜ਼ਗਾਰ ਤਲਾਸ਼ ਰਹੇ ਹਨ। ਉਨ੍ਹਾਂ ਦੀਆਂ ਭੇਜੀਆਂ ਰਕਮਾਂ ਨੇ ਇਥੇ ਪਰਿਵਾਰਾਂ ਦੀ ਆਰਥਿਕ ਹਾਲਤ ਨੂੰ ਮਜ਼ਬੂਤ ਕੀਤਾ ਹੈ। ਹੁਣ ਇਸ ਵਾਧੇ ਨਾਲ ਬੈਂਕਾਂ ਵਿਚ ਲਿਕਵਿਡਿਟੀ ਵਧੀ ਹੈ ਜਿਸ ਨਾਲ ਲੋਕਲ ਉਦਯੋਗਾਂ, ਖੇਤੀ ਅਤੇ ਨਿਰਮਾਣ ਖੇਤਰ ਨੂੰ ਫਾਇਦਾ ਹੋ ਰਿਹਾ ਹੈ।
ਇਸ ਵਾਧੇ ਨਾਲ ਰੀਅਲ ਐਸਟੇਟ ਮਾਰਕੀਟ ਵੀ ਗਰਮ ਹੋ ਰਹੀ ਹੈ। ਜਲੰਧਰ ਅਤੇ ਲੁਧਿਆਣਾ ਵਿਚ ਐੱਨ.ਆਰ.ਆਈ. ਆਪਣੇ ਘਰ ਵਾਪਸੀ ਲਈ ਜਾਂ ਨਿਵੇਸ਼ ਲਈ ਜ਼ਿਆਦਾ ਖਰੀਦਦਾਰੀ ਕਰ ਰਹੇ ਹਨ। ਇਸ ਨਾਲ ਉਥੇ ਨਵੀਆਂ ਇਮਾਰਤਾਂ, ਸ਼ਾਪਿੰਗ ਮਾਲ ਅਤੇ ਰਿਹਾਇਸ਼ੀ ਪ੍ਰਾਜੈਕਟ ਸ਼ੁਰੂ ਹੋ ਰਹੇ ਹਨ। ਪਰ ਉੱਥੇ ਹੀ ਉਨ੍ਹਾਂ ਪਰਿਵਾਰਾਂ ਲਈ ਚੁਣੌਤੀ ਵੀ ਹੈ ਜਿਨ੍ਹਾਂ ਦੀ ਆਮਦਨ ਵਿਦੇਸ਼ੀ ਰੁਪਏ ਤੇ ਨਿਰਭਰ ਹੈ ਅਤੇ ਖਰਚ ਵੀ ਵਧ ਗਏ ਹਨ। ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਇਸ ਟ੍ਰੈਂਡ ਨੂੰ ਬਣਾਈ ਰੱਖਣ ਲਈ ਬਿਹਤਰ ਡਿਜੀਟਲ ਸੇਵਾਵਾਂ ਅਤੇ ਰੈਮਿਟੈਂਸ ਫੈਸਿਲਿਟੀਜ਼ ਤੇ ਧਿਆਨ ਦੇਣਾ ਚਾਹੀਦਾ ਹੈ।
ਪੰਜਾਬ ਲਈ ਇਹ ਡਾਲਰਾਂ ਦਾ ਮੀਂਹ ਇੱਕ ਵਰਦਾਨ ਵਾਂਗ ਹੈ ਜੋ ਖਾਸ ਤੌਰ ਤੇ ਦੋਆਬਾ ਵਾਸੀਆਂ ਦੇ ਬੈਂਕ ਬੈਲੈਂਸ ਨੂੰ ਬੂਸਟ ਕਰ ਰਿਹਾ ਹੈ। ਇਸ ਨਾਲ ਆਉਣ ਵਾਲੇ ਸਮੇਂ ਵਿੱਚ ਆਰਥਿਕ ਗਤੀਵਿਧੀਆਂ ਵਧਣ ਦੀ ਉਮੀਦ ਹੈ। ਬੈਂਕਾਂ ਵਿਚ ਵਧੀਆ ਲਿਕਵਿਡਿਟੀ ਨਾਲ ਲੋਨਾਂ ਦੀ ਉਪਲਬਧਤਾ ਵਧੇਗੀ ਅਤੇ ਛੋਟੇ ਉਦਯੋਗਾਂ ਨੂੰ ਨਵੀਂ ਊਰਜਾ ਮਿਲੇਗੀ। ਉਥੇ ਹੀ ਰੀਅਲ ਐਸਟੇਟ ਖੇਤਰ ਵਿੱਚ ਵੀ ਰੁਝਾਨ ਵਧਿਆ ਹੈ ਜਿਸ ਨਾਲ ਨਿਰਮਾਣ ਖੇਤਰ ਵਿੱਚ ਰੁਜ਼ਗਾਰ ਵਧੇਗਾ। ਪਰ ਇਸ ਨਾਲ ਲੋਕਲ ਮਹਿੰਗਾਈ ਅਤੇ ਆਯਾਤ ’ਤੇ ਵੀ ਅਸਰ ਪੈ ਸਕਦਾ ਹੈ।

Loading