124 views 0 secs 0 comments

ਜੰਮੂ ਕਸ਼ਮੀਰ: ਬੱਦਲ ਫਟਣ ਕਾਰਨ ਸ੍ਰੀਨਗਰ-ਲੇਹ ਕੌਮੀ ਮਾਰਗ ਬੰਦ

In ਭਾਰਤ
August 05, 2024
ਸ੍ਰੀਨਗਰ/ਸ਼ਿਮਲਾ, 4 ਅਗਸਤ ਜੰਮੂ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ’ਚ ਬੱਦਲ ਫਟਣ ਕਾਰਨ ਇੱਕ ਸੜਕ ਨੁਕਸਾਨੀ ਗਈ ਹੈ ਜਿਸ ਮਗਰੋਂ ਸ੍ਰੀਨਗਰ-ਲੇਹ ਕੌਮੀ ਮਾਰਗ ਆਵਾਜਾਈ ਲਈ ਬੰਦ ਹੋ ਗਿਆ ਹੈ। ਬੱਦਲ ਫਟਣ ਮਗਰੋਂ ਆਏ ਹੜ੍ਹ ਕਾਰਨ ਕਈ ਇਮਾਰਤਾਂ ਨੂੰ ਨੁਕਸਾਨ ਵੀ ਪੁੱਜਾ ਹੈ। ਦੂਜੇ ਪਾਸੇ ਹਿਮਾਚਲ ਪ੍ਰਦੇਸ਼ ’ਚ ਬੱਦਲ ਫਟਣ ਦੀਆਂ ਘਟਨਾਵਾਂ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 11 ਹੋ ਗਈ ਹੈ। ਟਰੈਫਿਕ ਕੰਟਰੋਲ ਰੂਮ ਦੇ ਇੱਕ ਅਧਿਕਾਰੀ ਨੇ ਦੱਸਿਆ, ‘ਗੰਦਰਬਲ ਜ਼ਿਲ੍ਹੇ ਦੇ ਕਚੇਰਵਨ ’ਚ ਸੜਕ ਨੁਕਸਾਨੇ ਜਾਣ ਕਾਰਨ ਸ੍ਰੀਨਗਰ-ਲੇਹ ਮਾਰਗ ’ਤੇ ਆਵਾਜਾਈ ਅਗਲੇ ਹੁਕਮਾਂ ਤੱਕ ਰੋਕ ਦਿੱਤੀ ਗਈ ਹੈ।’ ਉਨ੍ਹਾਂ ਦੱਸਿਆ ਕਿ ਅੱਧੀ ਰਾਤ ਨੂੰ ਬੱਦਲ ਫਟਣ ਮਗਰੋਂ ਅਚਾਨਕ ਆਏ ਹੜ੍ਹ ਕਾਰਨ ਸੜਕ ਨੁਕਸਾਨੀ ਗਈ ਹੈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਹੜ੍ਹ ਕਾਰਨ ਕੁਝ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਾ ਹੈ। ਅਧਿਕਾਰੀ ਮੁਤਾਬਕ ਲੋੜਵੰਦ ਲੋਕਾਂ ਨੂੰ ਸਹਾਇਤਾ ਪਹੁੰਚਾਉਣ ਲਈ ਅਥਾਰਿਟੀਆਂ ਮੌਕੇ ’ਤੇ ਹਾਜ਼ਰ ਹਨ। ਰਾਜਮਾਰਗ ਬੰਦ ਹੋਣ ਕਾਰਨ ਕਸ਼ਮੀਰ ਘਾਟੀ ਦਾ ਸੰਪਰਕ ਵੀ ਲੱਦਾਖ਼ ਨਾਲੋਂ ਟੁੱਟ ਗਿਆ ਹੈ ਅਤੇ ਅਮਰਨਾਥ ਯਾਤਰਾ ਲਈ ਬਾਲਟਾਲ ਬੇਸ ਕੈਂਪ ਤੱਕ ਸੰਪਰਕ ਵੀ ਪ੍ਰਭਾਵਿਤ ਹੋਇਆ ਹੈ। ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ’ਚ ਦੋ ਹੋਰ ਲਾਸ਼ਾਂ ਮਿਲਣ ਨਾਲ ਸੂਬੇ ਦੇ ਤਿੰਨ ਜ਼ਿਲ੍ਹਿਆਂ ’ਚ ਬੱਦਲ ਫਟਣ ਦੀਆਂ ਘਟਨਾਵਾਂ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 11 ਹੋ ਗਈ ਹੈ। 31 ਜੁਲਾਈ ਦੀ ਰਾਤ ਨੂੰ ਕੁੱਲੂ, ਮੰਡੀ ਤੇ ਸ਼ਿਮਲਾ ਜ਼ਿਲ੍ਹਿਆਂ ’ਚ ਬੱਦਲ ਫਟਣ ਦੀਆਂ ਘਟਨਾਵਾਂ ਵਾਪਰੀਆਂ ਸਨ। ਇਨ੍ਹਾਂ ਘਟਨਾਵਾਂ ਤੋਂ ਬਾਅਦ ਅਜੇ ਤੱਕ 40 ਤੋਂ ਵੱਧ ਲੋਕ ਲਾਪਤਾ ਹਨ ਜਿਨ੍ਹਾਂ ਦੀ ਭਾਲ ਲਈ ਖੋਜੀ ਕੁੱਤਿਆਂ, ਡਰੋਨ ਤੇ ਹੋਰ ਉਪਕਰਨਾਂ ਦੀ ਮਦਦ ਲਈ ਜਾ ਰਹੀ ਹੈ। ਸੁਰੱਖਿਆ ਬਲਾਂ ਦੇ 410 ਜਵਾਨ ਇਸ ਮੁਹਿੰਮ ’ਚ ਲੱਗੇ ਹੋਏ ਹਨ।

Loading