ਟਰੰਪ ਅਤੇ ਸ਼ੀ ਨੇ ਟੈਰਿਫ਼ ਨੂੰ ਘਟਾਉਣ ਸਬੰਧੀ ਕੀਤੀ ਗੱਲਬਾਤ

In ਮੁੱਖ ਖ਼ਬਰਾਂ
June 07, 2025
ਵਾਸ਼ਿੰਗਟਨ/ਏ.ਟੀ.ਨਿਊਜ਼: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਨੇ ਦੋਵਾਂ ਦੇਸ਼ਾਂ ਵਿਚਕਾਰ ਰੁਕੀ ਹੋਈ ਵਾਰਤਾ ਦੌਰਾਨ ਆਪਸੀ ਗੱਲਬਾਤ ਕੀਤੀ। ਗ਼ੌਰਤਲਬ ਹੈ ਕਿ ਦੋਵਾਂ ਆਲਮੀ ਤਾਕਤਾਂ ਦਰਮਿਆਨ ਗੱਲਬਾਤ ਰੁਕਣ ਕਾਰਨ ਪੈਦਾ ਹੋਏ ਜਮੂਦ ਨੇ ਆਲਮੀ ਵਪਾਰ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦੌਰਾਨ ਟਰੰਪ ਵੱਲੋਂ ਇਹ ਆਖੇ ਜਾਣ ਕਿ ਸ਼ੀ ਨਾਲ ਕਿਸੇ ਸਮਝੌਤੇ ਉਤੇ ਅੱਪੜਨਾ ਮੁਸ਼ਕਿਲ ਹੋਵੇਗਾ, ਪਿਛਲੇ ਦਿਨੀਂ ਦੋਵਾਂ ਆਗੂਆਂ ਦਰਮਿਆਨ ਇਹ ਚਰਚਾ ਹੋਈ। ਟਰੰਪ ਨੇ ਆਪਣੀ ਸੋਸ਼ਲ ਮੀਡੀਆ ਸਾਈਟ ਟਰੁੱਥ ’ਤੇ ਕੀਤੀ ਪੋਸਟ ਵਿਚ ਕਿਹਾ ਸੀ, ‘‘ਮੈਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਪਸੰਦ ਹਨ, ਹਮੇਸ਼ਾ ਰਹੇ ਹਨ ਅਤੇ ਹਮੇਸ਼ਾ ਰਹਿਣਗੇ, ਪਰ ਉਹ ਬਹੁਤ ਅੜੀਅਲ ਹਨ, ਅਤੇ ਉਨ੍ਹਾਂ ਨਾਲ ਸਮਝੌਤਾ ਕਰਨਾ ਬਹੁਤ ਔਖਾ ਹੈ!!!” ਗ਼ੌਰਤਲਬ ਹੈ ਕਿ 12 ਮਈ ਨੂੰ ਦੋਵਾਂ ਮੁਲਕਾਂ ਵਿਚਕਾਰ ਆਪਣੀਆਂ ਟੈਰਿਫ਼ ਦਰਾਂ ਨੂੰ ਘਟਾਉਣ ਦੇ ਸਮਝੌਤੇ ਤੋਂ ਥੋੜ੍ਹੀ ਦੇਰ ਬਾਅਦ ਹੀ ਅਮਰੀਕਾ ਅਤੇ ਚੀਨ ਵਿਚਕਾਰ ਵਪਾਰਕ ਗੱਲਬਾਤ ਰੁਕ ਗਈ। ਇਸ ਤੋਂ ਪਹਿਲਾਂ ਦੋਵਾਂ ਨੇ ਗੱਲਬਾਤ ਯਕੀਨੀ ਬਣਾਉਣ ਲਈ ਹੀ ਟੈਰਿਫ਼ ਦਰਾਂ ਘਟਾਈਆਂ ਸਨ। ਇਸ ਜਮੂਦ ਦਾ ਕਾਰਨ ਦੋਵਾਂ ਮੁਲਕਾਂ ਦਰਮਿਆਨ ਆਪੋ-ਆਪਣਾ ਮਾਲੀ ਦਬਦਬਾ ਕਾਇਮ ਕਰਨ ਲਈ ਜਾਰੀ ਜ਼ੋਰਦਾਰ ਮੁਕਾਬਲਾ ਹੀ ਹੈ।

Loading