ਟਰੰਪ ਤੇ ਟਰੂਡੋ ਦਾ ਵਿਵਾਦ ਕਿਉਂ ?

In ਮੁੱਖ ਖ਼ਬਰਾਂ
January 08, 2025
ਟਰੂਡੋ ਨੇ ਕੋਵਿਡ-19 ਦੀ ਮਹਾਮਾਰੀ ਨਾਲ ਨਿਪਟਣ ਵਿੱਚ ਦੇਸ਼ ਵਿਦੇਸ਼ ਵਿੱਚ ਵਾਹਵਾ ਭੱਲ ਖੱਟੀ ਸੀ ਪਰ ਕੈਨੇਡਾ ਦੇ ਅਰਥਚਾਰੇ ਲਈ ਸੰਕਟ ਉਦੋਂ ਤੇਜ਼ ਹੋ ਗਿਆ ਜਦੋਂ ਯੂਕਰੇਨ ਤੇ ਰੂਸ ਦੀ ਜੰਗ ਲੰਮੀ ਖਿੱਚਣੀ ਸ਼ੁਰੂ ਹੋ ਗਈ ਸੀ। ਸ਼ਾਇਦ ਉਹ ਇਸ ਦਾ ਅੰਦਾਜ਼ਾ ਲਾਉਣ ਵਿੱਚ ਨਾਕਾਮ ਰਹੇ। ਪਿਛਲੇ ਦਿਨੀ ਜਦੋਂ ਉਹ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲਣ ਗਏ ਸਨ ਤਾਂ ਟਰੰਪ ਨੇ ਉਨ੍ਹਾਂ ਨੂੰ ਅਮਰੀਕਾ ਦੇ 51ਵੇਂ ਸੂਬੇ ਦਾ ਗਵਰਨਰ ਕਹਿ ਕੇ ਠਿੱਠ ਕੀਤਾ ਸੀ ਅਤੇ ਹੁਣ ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਮੁੜ ਆਖਿਆ ਹੈ ਕਿ ਉਹ ਕੈਨੇਡਾ ਨੂੰ ਅਮਰੀਕਾ ਨਾਲ ਰਲੇਵਾਂ ਕਰਨ ਦੀ ਪੇਸ਼ਕਸ਼ ਦੁਹਰਾ ਰਹੇ ਹਨ ਜਿਸ ਤੋਂ ਦੱਸ ਪੈਂਦੀ ਹੈ ਕਿ ਕੈਨੇਡਾ ਦੀ ਕੌਮੀ ਸਿਆਸਤ ਆਪਣਾ ਮਾਣ-ਤਾਣ ਅਤੇ ਅਸਰ-ਰਸੂਖ ਕਿਸ ਕਦਰ ਗੁਆ ਬੈਠੀ ਹੈ। ਭਾਵੇਂ ਟਰੂਡੋ ਦੀ ਥਾਂ ਲਿਬਰਲ ਪਾਰਟੀ ਦਾ ਨਵਾਂ ਨੇਤਾ ਚੁਣਨ ਲਈ ਮਾਰਚ ਤੱਕ ਦਾ ਸਮਾਂ ਮਿਲ ਗਿਆ ਹੈ ਪਰ ਇਹ ਅਮਲ ਜਿੰਨਾ ਜਲਦੀ ਅਤੇ ਸੁਚਾਰੂ ਢੰਗ ਨਾਲ ਨੇਪਰੇ ਚੜ੍ਹ ਜਾਵੇ, ਪਾਰਟੀ ਲਈ ਓਨਾ ਹੀ ਚੰਗਾ ਹੈ ਕਿਉਂਕਿ ਇਸ ਦੇ ਸਾਹਮਣੇ ਚੁਣੌਤੀਆਂ ਮੂੰਹ ਅੱਡੀ ਖੜ੍ਹੀਆਂ ਹਨ। ਦੂਜੇ ਪਾਸੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਸਤੀਫੇ ਦੇ ਐਲਾਨ ਤੋਂ ਬਾਅਦ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਾਰਡ ਟਰੰਪ ਵਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੇ ਬਿਆਨ ਤੇ ਤੰਨਜ਼ ਕਸਿਆ ਹੈ। ਟਰੂਡੋ ਨੇ ਕਿਹਾ ਕਿ ਕਿਸੇ ਪ੍ਰਭੂਸਤਾ ਸੰਪੂਰਨ ਦੇਸ਼ ਦਾ ਦੂਜੇ ਦੇਸ਼ ਵਿੱਚ ਮਿਲਾਣ ਕੋਈ ਬੱਚਿਆਂ ਵਾਲੀ ਖੇਡ ਨਹੀਂ। ਟਰੂਡੋ ਨੇ ਆਪਣੇ ‘ਐਕਸ’ ਖਾਤੇ ਤੇ ਪਾਈ ਪੋਸਟ ਵਿੱਚ ਲਿਖਿਆ ਕਿ ਦੋਵਾਂ ਦੇਸ਼ਾਂ ਭਾਵ ਅਮਰੀਕਾ ਤੇ ਕੈਨੇਡਾ ਵਿੱਚ ਕਾਮਿਆਂ ਅਤੇ ਭਾਈਚਾਰਿਆਂ ਨੂੰ ਇੱਕ ਦੂਜੇ ਦੇ ਸਭ ਤੋਂ ਵੱਡੇ ਵਪਾਰਕ ਅਤੇ ਸੁਰੱਖਿਆ ਦੇ ਤਕੜੇ ਭਾਈਵਾਲ ਹੋਣ ਦਾ ਦੁਵੱਲਾ ਫਾਇਦਾ ਮਿਲਦਾ ਹੈ। ਉੱਧਰ ਜਦ ਟਰੰਪ ਤੋਂ ਪੁੱਛਿਆ ਗਿਆ ਕੀ ਉਹ ਕੈਨੇਡਾ ਨੂੰ ਆਪਣਾ ਸੂਬਾ ਬਣਾਉਣ ਲਈ ਫੌਜੀ ਤਾਕਤ ਦੀ ਵਰਤੋਂ ਕਰਨਗੇ, ਤਾਂ ਟਰੰਪ ਨੇ ਸਰਹੱਦ ਨੂੰ ਆਰਜੀ ਤੌਰ ਤੇ ਖਿੱਚੀ ਲਕੀਰ ਗਰਦਾਨਦੇ ਹੋਏ ਕਿਹਾ ਕਿ ਇਸਨੂੰ ਹਟਾਉਣਾ ਕੌਮੀ ਸੁਰੱਖਿਆ ਵਜੋਂ ਵੀ ਚੰਗਾ ਸਾਬਤ ਹੋਏਗਾ। ਟਰੰਪ ਨੇ ਆਪਣੀ ਗੱਲ ਸਪਸ਼ਟ ਕਰਦੇ ਹੋਏ ਕਿਹਾ ਸੀ ਕਿ ਬੇਸ਼ੱਕ ਅਮਰੀਕਾ ਕੋਲ ਕੈਨੇਡਾ ਨੂੰ ਮਿਲਾਉਣ ਦੇ ਦਾਅਵੇ ਦਾ ਕੋਈ ਹੱਕ ਨਹੀਂ, ਪਰ ਅਮਰੀਕਾ ਹਰ ਸਾਲ ਗਵਾਂਢੀ ਦੇਸ਼ ਵਜੋਂ ਕੈਨੇਡਾ ਦੀ ਸੁਰੱਖਿਆ ਅਤੇ ਸੰਭਾਲ ਵਾਸਤੇ ਸੈਂਕੜੇ ਅਰਬ ਡਾਲਰ ਦਾ ਖਰਚਾ (ਸਬਸਿਡੀ) ਸਹਿਣ ਕਰਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡਿਆਈ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਜੇ ਉਨ੍ਹਾਂ ਨੂੰ ਗੁਆਂਢੀ ਦੇਸ਼ ਤੋਂ ਇੰਨਾ ਜ਼ਿਆਦਾ ਸਮਰਥਨ ਮਿਲਦਾ ਹੈ ਤਾਂ ਕਿਉਂ ਨਾ ਉਹ ਇਸਦਾ ਹਿੱਸਾ ਬਣ ਜਾਣ।ਟਰੰਪ ਦੇ ਇਕ ਹੋਰ ਬਿਆਨ ’ਤੇ ਟਿੱਪਣੀ ਕਰਦੇ ਹੋਏ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਾਨੀ ਜੌਲੀ ਨੇ ਕਿਹਾ ਹੈ ਕਿ ਕੈਨੇਡਾ ਦੀ ਆਰਥਿਕਤਾ ਮਜਬੂਤ ਹੈ, ਦੇਸ਼ ਵਾਸੀ ਤਾਕਤਵਰ ਹਨ ਜੋ ਕਿਸੇ ਵੀ ਤਰ੍ਹਾਂ ਦੀਆਂ ਧਮਕੀਆਂ ਤੋਂ ਡਰ ਕੇ ਪਿੱਛੇ ਮੁੜਨ ਵਾਲੇ ਨਹੀਂ।

Loading