ਇੱਕ ਪਾਸੇ ਜਿੱਥੇ ਅਮਰੀਕਾ ਇਰਾਨ ਨਾਲ ਜੰਗ ਦੀ ਤਿਆਰੀ ਵਿੱਚ ਹੈ ,ਉਥੇ ਹੀ ਦੂਜੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੂਜੇ ਗ੍ਰਹਿਆਂ ਤੋਂ ਆਉਣ ਵਾਲੇ ਜੀਵਾਂ ਅਤੇ ਉੱਡਣ ਤਸ਼ਤਰੀਆਂ ਨਾਲ ਸਬੰਧਤ ਗੁਪਤ ਫ਼ਾਈਲਾਂ ਨੂੰ ਜਨਤਕ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਟਰੰਪ ਨੇ ਕਿਹਾ ਹੈ ਕਿ ਲੋਕਾਂ ਵਿੱਚ ਇਸ ਵਿਸ਼ੇ ਨੂੰ ਲੈ ਕੇ ਭਾਰੀ ਉਤਸੁਕਤਾ ਹੈ ਅਤੇ ਉਹ ਸੱਚਾਈ ਜਾਣਨਾ ਚਾਹੁੰਦੇ ਹਨ।
ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਵਿੱਚ ਵੀ ਯੂਐਫ਼ਓ ਅਤੇ ਏਲੀਅਨਜ਼ ਨੂੰ ਲੈ ਕੇ ਚਰਚਾ ਕੀਤੀ ਸੀ। 2020 ਵਿੱਚ ਉਨ੍ਹਾਂ ਨੇ ਇੱਕ ਬਿੱਲ ’ਤੇ ਦਸਤਖਤ ਕੀਤੇ ਸਨ ਜਿਸ ਵਿੱਚ ਯੂ.ਐਫ਼.ਓ. ਨਾਲ ਜੁੜੇ ਰਿਪੋਰਟਾਂ ਨੂੰ ਡੀਕਲਾਸੀਫ਼ਾਈ ਕਰਨ ਦੀ ਵਿਵਸਥਾ ਸੀ। ਹੁਣ 2026 ਵਿੱਚ ਉਹ ਇਸ ਨੂੰ ਅੱਗੇ ਵਧਾ ਰਹੇ ਹਨ। ਟਰੰਪ ਨੇ ਕਿਹਾ ਕਿ ‘ਜਨਤਾ ਵਿੱਚ ਇਸ ਵਿਸ਼ੇ ਨੂੰ ਲੈ ਕੇ ਭਾਰੀ ਦਿਲਚਸਪੀ ਹੈ, ਇਸ ਲਈ ਮੈਂ ਇਨ੍ਹਾਂ ਫ਼ਾਈਲਾਂ ਨੂੰ ਖੋਲ੍ਹਣ ਦਾ ਹੁਕਮ ਦੇ ਰਿਹਾ ਹਾਂ।’ ਇਸ ਨਾਲ ਅਮਰੀਕੀ ਰੱਖਿਆ ਵਿਭਾਗ ਅਤੇ ਖੁਫ਼ੀਆ ਏਜੰਸੀਆਂ ਨੂੰ ਆਪਣੀਆਂ ਗੁਪਤ ਫ਼ਾਈਲਾਂ ਨੂੰ ਜਨਤਕ ਕਰਨਾ ਪਵੇਗਾ।
ਪਰ ਟਰੰਪ ਨੇ ਇਹ ਵੀ ਕਿਹਾ ਕਿ ਉਹ ਖੁਦ ਏਲੀਅਨਜ਼ ਦੀ ਹੋਂਦ ’ਤੇ ਯਕੀਨ ਨਹੀਂ ਰੱਖਦੇ। ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਹ ਅਸਲ ਹਨ ਜਾਂ ਨਹੀਂ, ਪਰ ਓਬਾਮਾ ਨੇ ਕਲਾਸੀਫ਼ਾਈਡ ਜਾਣਕਾਰੀ ਲੀਕ ਕਰ ਕੇ ਵੱਡੀ ਗਲਤੀ ਕੀਤੀ ਹੈ। ਇਸ ਨਾਲ ਰਾਜਨੀਤੀ ਵਿੱਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ।
ਯਾਦ ਰਹੇ ਕਿ ਬਰਾਕ ਓਬਾਮਾ ਨੇ ਹਾਲ ਹੀ ਵਿੱਚ ਇੱਕ ਪੌਡਕਾਸਟ ਵਿੱਚ ਏਲੀਅਨਜ਼ ਨੂੰ ਲੈ ਕੇ ਬਿਆਨ ਦਿੱਤਾ ਸੀ ਕਿ ਏਲੀਅਨਜ਼ ਅਸਲ ਹਨ, ਪਰ ਮੈਂ ਉਨ੍ਹਾਂ ਨੂੰ ਨਹੀਂ ਵੇਖਿਆ ਹੈ। ਇਸ ਬਿਆਨ ਨੇ ਸੋਸ਼ਲ ਮੀਡੀਆ ’ਤੇ ਤੂਫ਼ਾਨ ਖੜ੍ਹਾ ਕਰ ਦਿੱਤਾ ਸੀ। ਓਬਾਮਾ ਨੇ ਬਾਅਦ ਵਿੱਚ ਇੰਸਟਾਗ੍ਰਾਮ ’ਤੇ ਸਪੱਸ਼ਟੀਕਰਨ ਦਿੱਤਾ ਸੀ ਕਿ ਉਨ੍ਹਾਂ ਦਾ ਮਤਲਬ ਇਹ ਨਹੀਂ ਸੀ ਕਿ ਏਲੀਅਨਜ਼ ਧਰਤੀ ’ਤੇ ਆਏ ਹਨ ਜਾਂ ਸਰਕਾਰ ਕੋਲ ਉਨ੍ਹਾਂ ਦੇ ਸਬੂਤ ਹਨ। ਉਨ੍ਹਾਂ ਨੇ ਕਿਹਾ, ‘ਬ੍ਰਹਿਮੰਡ ਇੰਨਾ ਵਿਸ਼ਾਲ ਹੈ ਕਿ ਜੀਵਨ ਦੀ ਸੰਭਾਵਨਾ ਵੱਧ ਹੈ, ਪਰ ਮੈਂ ਆਪਣੇ ਕਾਰਜਕਾਲ ਵਿੱਚ ਕੋਈ ਸਬੂਤ ਨਹੀਂ ਵੇਖਿਆ ਕਿ ਏਲੀਅਨਜ਼ ਨੇ ਸਾਡੇ ਨਾਲ ਸੰਪਰਕ ਕੀਤਾ ਹੈ।’
ਟਰੰਪ ਨੇ ਇਸ ਬਿਆਨ ਨੂੰ ਲੈ ਕੇ ਓਬਾਮਾ ’ਤੇ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਓਬਾਮਾ ਨੇ ਕਲਾਸੀਫ਼ਾਈਡ ਜਾਣਕਾਰੀ ਲੀਕ ਕੀਤੀ ਹੈ ਅਤੇ ਇਹ ਇੱਕ ਵੱਡੀ ਗਲਤੀ ਹੈ। ਦੂਜੇ ਪਾਸੇ ਡੈਮੋਕਰੈਟ ਨੇਤਾ ਓਬਾਮਾ ਦੇ ਬਚਾਅ ਵਿੱਚ ਆ ਗਏ ਹਨ ਅਤੇ ਕਹਿ ਰਹੇ ਹਨ ਕਿ ਓਬਾਮਾ ਨੇ ਕੋਈ ਗੁਪਤ ਜਾਣਕਾਰੀ ਨਹੀਂ ਲੀਕ ਕੀਤੀ, ਬਲਕਿ ਵਿਗਿਆਨਕ ਸੰਭਾਵਨਾ ’ਤੇ ਚਰਚਾ ਕੀਤੀ ਹੈ।
ਏਲੀਅਨਜ਼ ਦੀ ਹੋਂਦ ਨੂੰ ਲੈ ਕੇ ਵਿਗਿਆਨੀਆਂ ਵਿੱਚ ਵੱਡੀ ਚਰਚਾ ਹੈ। ਵਿਗਿਆਨ ਅਨੁਸਾਰ, ਬ੍ਰਹਿਮੰਡ ਵਿੱਚ ਕਰੋੜਾਂ ਗ੍ਰਹਿ ਹਨ ਜਿੱਥੇ ਜੀਵਨ ਦੀ ਸੰਭਾਵਨਾ ਹੈ। ਡਰੇਕ ਇਕੁਏਸ਼ਨ ਅਨੁਸਾਰ, ਸਾਡੀ ਗੈਲੈਕਸੀ ਵਿੱਚ ਹੀ ਹਜ਼ਾਰਾਂ ਸਭਿਅਤਾਵਾਂ ਹੋ ਸਕਦੀਆਂ ਹਨ। ਪਰ ਅਜੇ ਤੱਕ ਕੋਈ ਪੱਕਾ ਸਬੂਤ ਨਹੀਂ ਮਿਲਿਆ ਕਿ ਏਲੀਅਨਜ਼ ਧਰਤੀ ’ਤੇ ਆਏ ਹਨ ਜਾਂ ਸਾਡੇ ਨਾਲ ਸੰਪਰਕ ਵਿੱਚ ਹਨ। ਨਾਸਾ ਦੇ ਵਿਗਿਆਨੀ ਕਹਿੰਦੇ ਹਨ ਕਿ ਜੀਵਨ ਦੀ ਹੋਂਦ ਸੰਭਵ ਹੈ, ਪਰ ਇਸ ਨੂੰ ਖੋਜਣ ਲਈ ਹੋਰ ਖੋਜ ਦੀ ਲੋੜ ਹੈ।
ਆਉਣ ਵਾਲੇ ਦਿਨਾਂ ਵਿੱਚ ਜਦੋਂ ਇਹ ਫ਼ਾਈਲਾਂ ਜਨਤਕ ਹੋਣਗੀਆਂ, ਤਾਂ ਸ਼ਾਇਦ ਸਾਡੇ ਪੁਲਾੜ ਨੂੰ ਦੇਖਣ ਦਾ ਨਜ਼ਰੀਆ ਹਮੇਸ਼ਾ ਲਈ ਬਦਲ ਜਾਵੇਗਾ।
![]()
