
ਤਲ ਅਵੀਵ/ਏ.ਟੀ.ਨਿਊਜ਼:
ਇਜ਼ਰਾਇਲ ਅਤੇ ਇਰਾਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਤਜਵੀਜ਼ਤ ਜੰਗਬੰਦੀ ਯੋਜਨਾ ਨੂੰ ਸਵੀਕਾਰ ਕਰ ਲਿਆ ਹੈ। ਤਹਿਰਾਨ ਵੱਲੋਂ ਬੀਤੇ ਦਿਨ ਸਵੇਰੇ ਇਜ਼ਰਾਇਲ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਵਾਈ ਹਮਲਿਆਂ, ਜਿਸ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ, ਮਗਰੋਂ ਦੋਵਾਂ ਧਿਰਾਂ ਨੇ ਸਮਝੌਤੇ ਨੂੰ ਸਵੀਕਾਰ ਕੀਤਾ ਹੈ। ਉਧਰ ਇਜ਼ਰਾਇਲ ਨੇ ਵੀ ਜਵਾਬੀ ਕਾਰਵਾਈ ’ਚ ਇਰਾਨ ਦੇ ਵੱਖ-ਵੱਖ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਨੇਤਨਯਾਹੂ ਨੇ ਚਿਤਾਵਨੀ ਦਿੱਤੀ ਕਿ ਇਜ਼ਰਾਈਲ ਜੰਗਬੰਦੀ ਦੀ ਕਿਸੇ ਵੀ ਉਲੰਘਣਾ ਦਾ ਸਖ਼ਤ ਜਵਾਬ ਦੇਵੇਗਾ।
ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਇਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਤਾਲਮੇਲ ਨਾਲ ਇਰਾਨ ਨਾਲ ਦੁਵੱਲੀ ਜੰਗਬੰਦੀ ਲਈ ਸਹਿਮਤ ਹੋ ਗਿਆ ਹੈ। ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਦਿਨੀਂ ਇਜ਼ਰਾਇਲ ਦੇ ਸੁਰੱਖਿਆ ਬਾਰੇ ਕੇਂਦਰੀ ਕਮੇਟੀ ਨੂੰ ਰਿਪੋਰਟ ਦਿੱਤੀ ਸੀ ਕਿ ਇਜ਼ਰਾਇਲ ਨੇ ਇਰਾਨ ਵਿਰੁੱਧ 12 ਦਿਨਾਂ ਦੀ ਕਾਰਵਾਈ ਦੌਰਾਨ ਆਪਣੇ ਸਾਰੇ ਜੰਗੀ ਟੀਚੇ ਹਾਸਲ ਕਰ ਲਏ ਹਨ, ਜਿਸ ਵਿੱਚ ਇਰਾਨ ਦੇ ਪਰਮਾਣੂ ਅਤੇ ਬੈਲਸਟਿਕ ਮਿਜ਼ਾਇਲ ਪ੍ਰੋਗਰਾਮਾਂ ਨੂੰ ਨਿਸ਼ਾਨਾ ਬਣਾਉਣਾ ਵੀ ਸ਼ਾਮਲ ਸੀ। ਨੇਤਨਯਾਹੂ ਨੇ ਕਿਹਾ ਕਿ ਇਜ਼ਰਾਇਲ ਨੇ ਇਰਾਨ ਦੀ ਫੌਜੀ ਲੀਡਰਸ਼ਿਪ ਅਤੇ ਕਈ ਸਰਕਾਰੀ ਥਾਵਾਂ ਨੂੰ ਵੀ ਨੁਕਸਾਨ ਪਹੁੰਚਾਇਆ ਅਤੇ ਤਹਿਰਾਨ ਦੇ ਅਸਮਾਨ ’ਤੇ ਕੰਟਰੋਲ ਹਾਸਲ ਕਰ ਲਿਆ।