ਟਰੰਪ ਦੇ ਟੈਕਸ ਨੇ ਭਾਰਤ ਨੂੰ ਝੰਜੋੜਿਆ: ਕੀ ਭਾਰਤੀ ਅਰਥ-ਵਿਵਸਥਾ ਸੰਕਟ ਵਿਚ ਘਿਰੇਗੀ?

In ਖਾਸ ਰਿਪੋਰਟ
August 06, 2025

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਸਮੇਤ 70 ਤੋਂ ਵੱਧ ਦੇਸ਼ਾਂ ’ਤੇ ਨਵੇਂ ਟੈਕਸਾਂ ਦੀ ਸੂਚੀ ਜਾਰੀ ਕਰਕੇ ਵਿਸ਼ਵ ਵਪਾਰ ਵਿਚ ਹਲਚਲ ਮਚਾ ਦਿੱਤੀ ਹੈ। ਟਰੰਪ ਦੇ ਨਵੇਂ ਟੈਕਸ ਸ਼ਡਿਊਲ ਵਿਚ ਵੱਖ-ਵੱਖ ਦੇਸ਼ਾਂ ’ਤੇ 10% ਤੋਂ 41% ਤੱਕ ਟੈਕਸ ਲਾਇਆ ਗਿਆ ਹੈ। ਪਾਕਿਸਤਾਨ ’ਤੇ 19%, ਸ੍ਰੀਲੰਕਾ ’ਤੇ 20%, ਜਪਾਨ ’ਤੇ 15%, ਕੈਨੇਡਾ ’ਤੇ 35%, ਅਤੇ ਲਾਓਸ-ਮਿਆਂਮਾਰ ’ਤੇ 40% ਟੈਕਸ ਲੱਗਿਆ ਹੈ। ਯੂਕੇ ’ਤੇ ਸਿਰਫ 10% ਟੈਕਸ ਹੈ, ਜਦਕਿ ਭਾਰਤ ’ਤੇ  25% ਟੈਕਸ ਲਾਉਣ ਦਾ ਐਲਾਨ ਕੀਤਾ ਗਿਆ ਹੈ, ਜੋ 7 ਅਗਸਤ 2025 ਤੋਂ ਲਾਗੂ ਹੋਵੇਗਾ। ਇਸ ਨਾਲ ਭਾਰਤੀ ਨਿਰਯਾਤ, ਖਾਸ ਕਰਕੇ ਫਾਰਮਾ, ਟੈਕਸਟਾਈਲ, ਗਹਿਣੇ ਅਤੇ ਆਟੋਮੋਬਾਈਲ ਵਰਗੇ ਖੇਤਰਾਂ ’ਤੇ ਬੁਰਾ ਅਸਰ ਪੈ ਸਕਦਾ ਹੈ। ਟਰੰਪ ਨੇ ਭਾਰਤ ਦੀ ਅਰਥਵਿਵਸਥਾ ਨੂੰ “ਮਰੀ ਹੋਈ” ਕਹਿ ਕੇ ਵੀ ਜਲੀਲ ਕੀਤਾ, ਜਿਸ ਨੇ  ਵਿਸ਼ਵ ਵਿਚ ਸਿਆਸੀ ਅਤੇ ਆਰਥਿਕ ਬਹਿਸ ਛੇੜ ਦਿੱਤੀ ਹੈ।

 ਭਾਰਤੀ ਅਰਥਵਿਵਸਥਾ ’ਤੇ ਕੀ ਹੋਵੇਗਾ ਅਸਰ?

ਇਹ ਟੈਕਸ ਭਾਰਤ ਦੀਆਂ ਮੁੱਖ ਨਿਰਯਾਤ ਵਸਤਾਂ ’ਤੇ ਅਸਰ ਪਾਵੇਗਾ। ਅਮਰੀਕਾ ਵਿਚ ਭਾਰਤੀ ਦਵਾਈਆਂ, ਗਹਿਣੇ ਅਤੇ ਟੈਕਸਟਾਈਲ ਮਹਿੰਗੇ ਹੋਣਗੇ, ਜਿਸ ਨਾਲ ਮੰਗ ਘਟ ਸਕਦੀ ਹੈ। ਫਾਰਮੈਕਸਿਲ ਦੇ ਅਨੁਸਾਰ, ਅਮਰੀਕਾ ਆਪਣੀਆਂ 47% ਜੈਨਰਿਕ ਦਵਾਈਆਂ ਭਾਰਤ ਤੋਂ ਮੰਗਵਾਉਂਦਾ ਹੈ। ਇਸ ਟੈਕਸ ਨਾਲ ਅਮਰੀਕੀ ਖਪਤਕਾਰਾਂ ਨੂੰ ਵੀ ਮਹਿੰਗੀਆਂ ਦਵਾਈਆਂ ਮਿਲਣਗੀਆਂ, ਜੋ ਅਮਰੀਕੀ ਸਿਹਤ ਸੈਕਟਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।

 ਟਰੰਪ ਦੀ ਨਾਰਾਜ਼ਗੀ ਦਾ ਕਾਰਨ ਕੀ ਹੈ ?

ਟਰੰਪ ਨੇ ਭਾਰਤ ’ਤੇ “ਉੱਚ ਟੈਰਿਫ” ਅਤੇ ਵਪਾਰਕ ਰੁਕਾਵਟਾਂ” ਦਾ ਦੋਸ਼ ਲਾਇਆ। ਉਹ ਭਾਰਤ ਦੇ ਰੂਸ ਨਾਲ ਸਬੰਧਾਂ, ਖਾਸ ਕਰਕੇ ਰੂਸੀ ਤੇਲ ਅਤੇ ਹਥਿਆਰਾਂ ਦੀ ਖਰੀਦ ਤੋਂ ਵੀ ਨਾਰਾਜ਼ ਹੈ। ਟਰੰਪ ਦਾ ਕਹਿਣਾ ਹੈ ਕਿ ਰੂਸੀ ਤੇਲ ਦੀ ਖਰੀਦ ਨਾਲ ਭਾਰਤ ਯੂਕਰੇਨ ਜੰਗ ਨੂੰ “ਫੰਡ” ਕਰ ਰਿਹਾ ਹੈ, ਜੋ ਅਮਰੀਕੀ ਨੀਤੀਆਂ ਦੇ ਖਿਲਾਫ ਹੈ।

ਇਸ ਤੋਂ ਬਾਅਦ ਹੁਣੇ ਜਿਹੇ ਟਰੰਪ ਨੇ ਦਾਅਵਾ ਕੀਤਾ ਸੀ ਕਿ ਭਾਰਤ ਨੇ ਰੂਸੀ ਤੇਲ ਖਰੀਦਣਾ ਬੰਦ ਕਰ ਦਿੱਤਾ ਹੈ, ਪਰ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਮੰਤਰਾਲੇ ਨੇ ਕਿਹਾ ਕਿ ਭਾਰਤ ਦੀ ਊਰਜਾ ਖਰੀਦ ਬਾਜ਼ਾਰ ਦੀਆਂ ਸਥਿਤੀਆਂ ਅਤੇ ਰਾਸ਼ਟਰੀ ਹਿੱਤਾਂ ’ਤੇ ਨਿਰਭਰ ਹੈ। ਰੂਸ ਭਾਰਤ ਦਾ 35-40% ਕੱਚੇ ਤੇਲ ਦਾ ਸਪਲਾਇਰ ਹੈ। ਟਰੰਪ ਦੀ ਟੀਮ, ਖਾਸ ਕਰਕੇ ਸਲਾਹਕਾਰ ਸਟੀਫਨ ਮਿਲਰ, ਨੇ ਭਾਰਤ ’ਤੇ ਯੂਕਰੇਨ ਜੰਗ ਨੂੰ ਸਮਰਥਨ ਦੇਣ ਦਾ ਇਲਜ਼ਾਮ ਲਾਇਆ, ਜੋ ਭਾਰਤ ਦੀ ਸੰਪ੍ਰਭੂਤਾ ’ਤੇ ਸਵਾਲ ਉਠਾਉਂਦਾ ਹੈ।

  ਵਿਰੋਧੀ ਧਿਰ ਦਾ ਮੋਦੀ ਉਪਰ ਸਿਆਸੀ ਹਮਲਾ

ਟਰੰਪ ਦੇ “ਡੈਡ ਇਕਾਨਮੀ” ਵਾਲੇ ਬਿਆਨ ਨੇ ਭਾਰਤ ਵਿਚ ਸਿਆਸੀ ਤੂਫਾਨ ਖੜ੍ਹਾ ਕਰ ਦਿੱਤਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਸ ਨੂੰ ਸਹੀ ਠਹਿਰਾਇਆ ਅਤੇ ਮੋਦੀ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਨੋਟਬੰਦੀ, ਜੀਐਸਟੀ, ਅਤੇ “ਅਡਾਨੀ-ਮੋਦੀ ਸਾਂਝੇਦਾਰੀ” ਨੂੰ ਅਰਥਵਿਵਸਥਾ ਦੀ “ਮੌਤ” ਦਾ ਕਾਰਨ ਦੱਸਿਆ। ਸੁਪ੍ਰਿਆ ਸ਼੍ਰੀਨੇਤ ਨੇ ਕਿਹਾ ਕਿ ਟੈਕਸ ਨਾਲ ਦਵਾਈਆਂ ਮਹਿੰਗੀਆਂ ਹੋਣਗੀਆਂ, ਜਿਸ ਨਾਲ ਨੌਕਰੀਆਂ ਅਤੇ ਉਤਪਾਦਨ ’ਤੇ ਅਸਰ ਪਵੇਗਾ। ਅਖਿਲੇਸ਼ ਯਾਦਵ ਨੇ ਇਸ ਨੂੰ “ਬੁਰੇ ਦਿਨਾਂ ਦੀ ਸ਼ੁਰੂਆਤ” ਕਿਹਾ, ਜਦਕਿ ਸ਼ਸ਼ੀ ਥਰੂਰ ਨੇ ਵਪਾਰਕ ਬਾਜ਼ਾਰਾਂ ’ਚ ਵਿਭਿੰਨਤਾ ਦੀ ਸਲਾਹ ਦਿੱਤੀ।

ਦੂਜੇ ਪਾਸੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਆਪਣੇ ਹਿੱਤਾਂ ਦੀ ਰਾਖੀ ਲਈ ਹਰ ਜ਼ਰੂਰੀ ਕਦਮ ਚੁੱਕੇਗਾ। ਉਨ੍ਹਾਂ ਨੇ ਰੂਸ ਨਾਲ ਸਬੰਧਾਂ ਨੂੰ “ਸਮੇਂ ਦੀ ਕਸੌਟੀ ’ਤੇ ਖਰਾ” ਦੱਸਿਆ ਅਤੇ ਕਿਹਾ ਕਿ ਇਹ ਸਬੰਧ ਕਿਸੇ ਤੀਜੇ ਦੇਸ਼ ਦੀ ਨਜ਼ਰ ਨਾਲ ਨਹੀਂ ਦੇਖੇ ਜਾਣੇ ਚਾਹੀਦੇ। ਵਣਜ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਕਿ ਭਾਰਤ ਨੇ ਪਿਛਲੇ ਦਹਾਕੇ ਵਿਚ “ਫਰੇਜਾਈਲ ਫਾਈਵ” ਤੋਂ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਦਾ ਸਫਰ ਤੈਅ ਕੀਤਾ ਹੈ।

 ਭਾਰਤ ਦੇ ਅਗਲੇ ਬਦਲ ਕੀ ਹਨ

ਭਾਰਤ ਕੋਲ ਜਵਾਬੀ ਟੈਕਸ ਲਾਉਣ ਦਾ ਬਦਲ ਹੈ, ਪਰ ਸਰਕਾਰ ਗੱਲਬਾਤ ਅਤੇ ਕੂਟਨੀਤੀ ਨੂੰ ਤਰਜੀਹ ਦੇ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਚੀਨ, ਵੀਅਤਨਾਮ ਅਤੇ ਹੋਰ ਬਾਜ਼ਾਰਾਂ ਵੱਲ ਵਧਣਾ ਚਾਹੀਦਾ। ਸ਼ਸ਼ੀ ਥਰੂਰ ਨੇ ਸੁਝਾਅ ਦਿੱਤਾ ਕਿ ਨਿਰਯਾਤ ਬਾਜ਼ਾਰਾਂਵਿ’ਚ ਵਿਭਿੰਨਤਾ ਲਿਆਉਣ ਨਾਲ ਅਜਿਹੇ ਝਟਕਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ।

ਟਰੰਪ ਦੇ ਟੈਕਸ ਅਤੇ ਟਿੱਪਣੀਆਂ ਨੇ ਭਾਰਤ ਦੀ ਅਰਥਵਿਵਸਥਾ ਅਤੇ ਵਿਦੇਸ਼ ਨੀਤੀ ’ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਜੇ ਭਾਰਤ ਅਮਰੀਕੀ ਦਬਾਅ ਅੱਗੇ ਝੁਕਦਾ ਹੈ, ਤਾਂ ਰੂਸ ਵਰਗੇ ਸਾਥੀਆਂ ਨਾਲ ਸਬੰਧ ਖਰਾਬ ਹੋ ਸਕਦੇ ਹਨ। ਜੇ ਟਕਰਾਅ ਦੀ ਨੀਤੀ ਅਪਣਾਈ, ਤਾਂ ਅਮਰੀਕਾ ਨਾਲ ਵਪਾਰਕ ਸਬੰਧਾਂ ਨੂੰ ਨੁਕਸਾਨ ਪਹੁੰਚੇਗਾ। ਭਾਰਤ ਨੂੰ ਹੁਣ ਸੰਜਮ, ਕੂਟਨੀਤੀ ਅਤੇ ਨਵੇਂ ਬਾਜ਼ਾਰਾਂ ਦੀ ਖੋਜ ਨਾਲ ਅੱਗੇ ਵਧਣਾ ਹੋਵੇਗਾ, ਨਹੀਂ ਤਾਂ ਅਰਥਵਿਵਸਥਾ ਅਤੇ ਸਿਆਸੀ ਮਾਹੌਲ ’ਤੇ ਇਸ ਦਾ ਲੰਬੇ ਸਮੇਂ ਦਾ ਅਸਰ ਪੈ ਸਕਦਾ ਹੈ।ਭਾਰਤੀ ਮਾਹਿਰਾਂ ਦਾ ਮੰਨਣਾ ਹੈ ਕਿ ਚੀਨ ਹੀ ਨਹੀਂ, ਬ੍ਰਾਜ਼ੀਲ ਤੇ ਦੱਖਣੀ ਅਫਰੀਕਾ ਨੇ ਵੀ ਟਰੰਪ ਦੀਆਂ ਧਮਕੀਆਂ ਦੀ ਪਰਵਾਹ ਨਹੀਂ ਕੀਤੀ | ਸਭ ਤੋਂ ਵੱਧ ਟੈਰਿਫ ਲਾਏ ਜਾਣ ਦੇ ਬਾਵਜੂਦ ਉਹ ਉਸ ਦੀਆਂ ਸ਼ਰਤਾਂ ਅੱਗੇ ਝੁਕਣ ਲਈ ਤਿਆਰ ਨਹੀਂ ਹੋਏ | ਇਸ ਵਿਸ਼ਵ ਵਿਵਸਥਾ ਵਿੱਚ ਜਿਹੜੇ ਦੇਸ਼ ਆਪਣੀ ਸੋਚ ‘ਤੇ ਦਿ੍ੜ੍ਹ ਰਹਿਣਗੇ, ਉਹ ਸਫਲ ਹੋਣਗੇ ।ਭਾਰਤ ਨੂੰ ਅਮਰੀਕਾ ਨੂੰ ਸਪੱਸ਼ਟ ਕਰਨਾ ਪਵੇਗਾ ਕਿ ਉਹ ਆਪਣੇ ਕਿਸਾਨਾਂ ਤੇ ਛੋਟੇ ਕਾਰਖਾਨੇਦਾਰਾਂ ਦੀ ਕੀਮਤ ‘ਤੇ ਉਸ ਨਾਲ ਵਪਾਰ ਸਮਝੌਤਾ ਕਤਈ ਨਹੀਂ ਕਰੇਗਾ | ਮੋਦੀ ਦਾ ਕਾਰਪੋਰੇਟ ਪ੍ਰੇਮ ਭਾਰਤ ਦੇ ਸਟੈਂਡ ਨੂੰ ਕਮਜ਼ੋਰ ਕਰ ਸਕਦਾ ਹੈ, ਪਰ ਸਮੇਂ ਦਾ ਤਕਾਜ਼ਾ ਇਹੀ ਹੈ ਕਿ ਜੇ ਕੌਮੀ ਹਿੱਤਾਂ ਦੀ ਰਾਖੀ ਕਰਨੀ ਹੈ ਤਾਂ ਟਰੰਪ ਖਿਲਾਫ ਚੀਨ ਵਰਗਾ ਸਟੈਂਡ ਲੈਣਾ ਹੀ ਪੈਣਾ ਹੈ ।

Loading