
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ-ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੇ ਵਾਰ ਵਾਰ ਦਾਅਵੇ ਨੇ ਭਾਰਤ ਦੀ ਚੁੱਪ ਅੱਗੇ ਸਵਾਲ ਖੜੇ ਕੀਤੇ ਹਨ। ਟਰੰਪ ਦਾ ਕਹਿਣਾ ਸੀ ਕਿ ਉਸ ਨੇ ਵਪਾਰ ਅਤੇ ਟੈਰਿਫ਼ ਦਾ ਡਰ ਦਿਖਾ ਕੇ ਭਾਰਤ ਤੇ ਪਾਕਿਸਤਾਨ ਨੂੰ ਜੰਗ ਰੋਕਣ ਲਈ ਮਜਬੂਰ ਕੀਤਾ ਸੀ। ਪਰ ਭਾਰਤ ਦੀ ਚੁੱਪੀ ਅਤੇ ਅਸਪੱਸ਼ਟ ਜਵਾਬ ਨੇ ਕੂਟਨੀਤਕ ਹਲਕਿਆਂ ਵਿੱਚ ਹੈਰਾਨੀ ਪੈਦਾ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੰਪ ਨਾਲ 35 ਮਿੰਟ ਫ਼ੋਨ ਉਪਰ ਗੱਲਬਾਤ ਕੀਤੀ ਸੀ, ਪਰ ਇਸ ਦਾ ਵੇਰਵਾ ਨਹੀਂ ਦਿੱਤਾ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਨਾਲ ਗੱਲਬਾਤ ਤੋਂ ਬਾਅਦ ਜੰਗਬੰਦੀ ਕੀਤੀ ਸੀ , ਪਰ ਟਰੰਪ ਨੇ ਆਪਣਾ ਦਾਅਵਾ ਵਾਰ ਵਾਰ ਦੁਹਰਾਇਆ ਕਿ ਭਾਰਤ ਪਾਕਿ ਵਿਚਾਲੇ ਸ਼ਾਂਤੀ ਉਸ ਕਾਰਣ ਬਣੀ ਤੇ ਜੰਗ ਰੁਕੀ। ਸੁਆਲ ਇਹ ਹੈ ਕਿ ਜੇ ਟਰੰਪ ਝੂਠ ਬੋਲ ਰਿਹਾ ਹੈ, ਤਾਂ ਭਾਰਤ ਉਸ ਦਾ ਵਿਰੋਧ ਕਿਉਂ ਨਹੀਂ ਕਰ ਰਿਹਾ?
ਕੀ ਅਮਰੀਕਾ ਨਾਲ ਆਰਥਿਕ ਅਤੇ ਰਣਨੀਤਕ ਨਿਰਭਰਤਾ ਭਾਰਤ ਨੂੰ ਚੁੱਪ ਰਹਿਣ ਲਈ ਮਜਬੂਰ ਕਰ ਰਹੀ ਹੈ? ਇਹ ਸਵਾਲ ਭਾਰਤ ਦੀ ਕੂਟਨੀਤਕ ਸਾਖ ਉਪਰ ਪ੍ਰਸ਼ਨ ਚਿੰਨ੍ਹ ਹਨ।