
ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਕੈਲੀਫ਼ੋਰਨੀਆ ਦੇ ਡੈਮੋਕਰੈਟਿਕ ਸਾਂਸਦ ਐਮੀ ਬੇਰਾ ਨੇ ਹੋਰ ਡੈਮੋਕਰੈਟਿਕ ਡਾਕਟਰ ਮਿੱਤਰਾਂ ਨਾਲ ਮਿਲ ਕੇ ਟਰੰਪ ਦੇ ਸਿਹਤ ਖੇਤਰ ਨਾਲ ਜੁੜੇ ਬਿੱਲ ਦੀ ਨਿੰਦਾ ਕਰਦਿਆਂ ਇਸ ਵਿਰੁੱਧ ਜੱਦੋ-ਜਹਿਦ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਟਰੰਪ ਦੁਆਰਾ ਦਸਤਖ਼ਤ ਕੀਤੇ ਬਿੱਲ ਨੂੰ ਬੇਹੱਦ ਖਤਰਨਾਕ ਬਿੱਲ ਕਰਾਰ ਦਿੰਦਿਆਂ ਕਿਹਾ ਹੈ ਕਿ ਇਸ ਨਾਲ 10 ਲੱਖ ਤੋਂ ਵਧ ਅਮਰੀਕੀ ਸਿਹਤ ਸੇਵਾਵਾਂ ਤੋਂ ਵਾਂਝੇ ਹੋ ਜਾਣਗੇ। ਬਿੱਲ ਜਿਸ ਵਿਚਲੀ ਵਿਵਸਥਾ ਤਹਿਤ ਯੋਜਨਾਬੱਧ ਸਿਹਤ ਸੇਵਾਵਾਂ ਨੂੰ ਖਤਮ ਕੀਤਾ ਜਾ ਰਿਹਾ ਹੈ, ਉਪਰ ਫ਼ਿਲਹਾਲ ਅਦਾਲਤਾਂ ਵੱਲੋਂ ਆਰਜ਼ੀ ਰੋਕ ਲਾ ਦਿੱਤੀ ਗਈ ਹੈ।
ਬਿੱਲ ਦਾ ਵਿਰੋਧ ਕਰ ਰਹੇ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਇਹ ਕਾਨੂੰਨ ਲਾਗੂ ਹੋ ਜਾਂਦਾ ਹੈ ਤਾਂ 200 ਤੋਂ ਵਧ ਸਿਹਤ ਸੰਭਾਲ ਸੈਂਟਰ ਬੰਦ ਹੋ ਜਾਣਗੇ ਜਿਸ ਕਾਰਨ 11 ਲੱਖ ਮਰੀਜ਼ ਪ੍ਰਭਾਵਿਤ ਹੋਣਗੇ ਤੇ ਉਨ੍ਹਾਂ ਦੀ ਸਿਹਤ ਸੰਭਾਲ ਵਿਵਸਥਾ ਖ਼ਤਰੇ ਵਿੱਚ ਪੈ ਜਾਵੇਗੀ। ਬੇਰਾ ਨੇ ਕਿਹਾ ਹੈ ਕਿ ਯੋਜਨਾਬੱਧ ਸੇਵਾਵਾਂ ਇਸ ਦੇਸ਼ ਵਿੱਚ ਰਹਿੰਦੇ ਬਹੁਤ ਸਾਰੇ ਲੋਕਾਂ ਲਈ ਇਕੋ ਇੱਕ ਸਹਾਰਾ ਹਨ।
ਯੋਜਨਾਬੱਧ ਪੇਰੈਂਟਹੁੱਡ ਸਿਹਤ ਸੈਂਟਰ ਖਾਸ ਕਰਕੇ ਦਿਹਾਤੀ ਤੇ ਥੁੜਾਂ ਮਾਰੇ ਖੇਤਰਾਂ ਵਿੱਚ ਔਰਤਾਂ ਤੇ ਮਰਦਾਂ ਲਈ ਮੁੱਢਲੀਆਂ ਸਿਹਤ ਸੰਭਾਲ ਸੇਵਾਵਾਂ ਹਨ। ਇਹ ਸੈਂਟਰ ਕੈਂਸਰ ਸਕਰੀਨਿੰਗ, ਐਸ ਟੀ ਆਈ ਟੈਸਟਿੰਗ ਤੇ ਪੁਰਾਣੀਆਂ ਬਿਮਾਰੀਆਂ ਸਬੰਧੀ ਅਹਿਮ ਹਨ ਤੇ ਲੋਕਾਂ ਲਈ ਜਰੂਰੀ ਸੇਵਾਵਾਂ ਹਨ। ਬੇਰਾ ਨੇ ਵਚਨਬੱਧਤਾ ਦੁਹਰਾਈ ਹੈ ਕਿ ਉਹ ਇਸ ਵਿਰੁੱਧ ਜੱਦੋ-ਜਹਿਦ ਜਾਰੀ ਰੱਖਣਗੇ ਤੇ ਰਿਪਬਲੀਕਨਾਂ ਨੂੰ ਜਿੰਮੇਵਾਰੀ ਤੋਂ ਭੱਜਣ ਨਹੀਂ ਦੇਣਗੇ।