ਟਰੰਪ ਨੂੰ ਏਡਲਟ ਸਟਾਰ ਭੁਗਤਾਨ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ

In ਅਮਰੀਕਾ
January 11, 2025
ਡੋਨਾਲਡ ਟਰੰਪ ਪਹਿਲੇ ਰਾਸ਼ਟਰਪਤੀ ਹੋਣਗੇ ਜੋ ਵ੍ਹਾਈਟ ਹਾਊਸ ਵਿੱਚ ਅਪਰਾਧੀ ਹੋਣਗੇ।ਅਮਰੀਕਾ ਦੀ ਅਦਾਲਤ ਨੇ ਦੇਸ਼ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਪੈਸੇ ਦੇ ਕੇ ਪੋਰਨ ਸਟਾਰ ਦਾ ਮੂੰਹ ਬੰਦ ਕਰਵਾਉਣ ਦੇ (ਹਸ਼ ਮਨੀ) ਮਾਮਲੇ ਵਿਚ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ ਗਈ ਪਰ ਅਦਾਲਤ ਨੇ ਉਨ੍ਹਾਂ ਨਾ ਜੇਲ੍ਹ ਭੇਜਿਆ, ਨਾ ਜੁਰਮਾਨਾ ਕੀਤਾ ਤੇ ਨਾ ਕਿਸੇ ਤਰ੍ਹਾਂ ਦੀ ਪਾਬੰਦੀ ਲਗਾਈ। ਇਸ ਨਾਲ ਟਰੰਪ ਨੂੰ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ ਤੇ ਉਨ੍ਹਾਂ ਲਈ ਵ੍ਹਾਈਟ ਹਾਊਸ ਪੁੱਜਣ ਦਾ ਰਾਹ ਸਾਫ਼ ਹੋ ਗਿਆ ਹੈ। ਮੈਨਹੱਟਨ ਦੀ ਅਦਾਲਤ ਦੇ ਜੱਜ ਜੁਆਨ ਐੱਮ. ਮਰਚੇਨ 78 ਸਾਲਾ ਟਰੰਪ ਨੂੰ ਚਾਰ ਸਾਲ ਤੱਕ ਦੀ ਜੇਲ੍ਹ ਦੀ ਸਜ਼ਾ ਸੁਣਾ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਰਾਹ ਚੁਣਿਆ ਜਿਸ ਨਾਲ ਸੰਵਿਧਾਨਕ ਸੰਕਟ ਖੜਾ ਨਾ ਹੋਵੇ। ਟਰੰਪ ਦੇਸ਼ ਦੇ ਅਜਿਹੇ ਪਹਿਲੇ ਰਾਸ਼ਟਰਪਤੀ ਹੋਣਗੇ ਜਿਨ੍ਹਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਰਸਮੀ ਤੌਰ ’ਤੇ ਸਜ਼ਾ ਸੁਣਾਈ ਗਈ। ਟਰੰਪ 20 ਜਨਵਰੀ ਨੂੰ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਦੀ ਸਹੁੰ ਚੁੱਕਣਗੇ। ਇਹ ਮਾਮਲਾ ਟਰੰਪ ਵਲੋਂ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਇਕ ਸਹਿਯੋਗੀ ਰਾਹੀਂ ਸਟਾਰ ਸਟੋਰਮੀ ਡੈਨੀਅਲਜ਼ ਨੂੰ 1,30,000 ਡਾਲਰ ਦੀ ਅਦਾਇਗੀ ਦੇ ਆਲੇ-ਦੁਆਲੇ ਘੁੰਮਦਾ ਹੈ ਤਾਂ ਜੋ ਉਹ ਉਸ ਨਾਲ ਸੈਕਸ ਕਰਨ ਬਾਰੇ ਜਨਤਕ ਤੌਰ ’ਤੇ ਬਿਆਨ ਨਾ ਦੇਵੇ। ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਕੋਲ ਗਏ ਸਨ ਅਤੇ ਅਪੀਲ ਕੀਤੀ ਸੀ ਕਿ ਸਟਾਰ ਨੂੰ ਅਪਣਾ ਮੂੰਹ ਬੰਦ ਰੱਖਣ ਲਈ ਭੁਗਤਾਨ ਕਰਨ ਨਾਲ ਜੁੜੇ ਮਾਮਲੇ ਵਿਚ ਸਜ਼ਾ ’ਤੇ ਰੋਕ ਲਗਾਈ ਜਾਵੇ। ਹਾਲਾਂਕਿ, ਸੁਪਰੀਮ ਕੋਰਟ ਨੇ ਟਰੰਪ ਦੀ ਪਟੀਸ਼ਨ ਖਾਰਜ ਕਰ ਦਿਤੀ ਸੀ, ਜਿਸ ਨਾਲ ਜਸਟਿਸ ਮਰਚਨ ਲਈ ਬੀਤੇ ਦਿਨੀਂ ਆਪਣੀ ਸਜ਼ਾ ਦਾ ਐਲਾਨ ਕਰਨ ਦਾ ਰਸਤਾ ਸਾਫ ਹੋ ਗਿਆ। ਹਾਲਾਂਕਿ, ਜਸਟਿਸ ਮਾਰਚਨ ਨੇ ਸੰਕੇਤ ਦਿਤਾ ਕਿ ਉਹ ਟਰੰਪ ਨੂੰ ਜੇਲ੍ਹ ਦੀ ਸਜ਼ਾ ਨਹੀਂ ਦੇਣਗੇ ਅਤੇ ਨਾ ਹੀ ਉਨ੍ਹਾਂ ’ਤੇ ਕੋਈ ਜੁਰਮਾਨਾ ਜਾਂ ਪਾਬੰਦੀਆਂ ਲਗਾਉਣਗੇ।

Loading