ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਬੀਤੇ ਦਿਨੀਂ ਸੰਯੁਕਤ ਰਾਸ਼ਟਰ ਮਹਾਸਭਾ (ਯੂਐੱਨਜੀਏ) ਦੇ 80ਵੇਂ ਸੱਤਰ ਵਿੱਚ ਇੱਕ ਘੰਟੇ ਤੋਂ ਵੱਧ ਲੰਮਾ ਭਾਸ਼ਣ ਦਿੱਤਾ। ਇਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਸਿਰਫ਼ ਸੱਤ ਮਹੀਨਿਆਂ ਵਿੱਚ ਸੱਤ ਅਜਿਹੇ ਯੁੱਧ ਖਤਮ ਕਰ ਦਿੱਤੇ ਜਿਨ੍ਹਾਂ ਨੂੰ ਹੋਰ ਲੋਕ ਅਸੰਭਵ ਸਮਝਦੇ ਸਨ। ਟਰੰਪ ਨੇ ਕਿਹਾ, ਕਿ ਸਿਰਫ਼ ਸੱਤ ਮਹੀਨਿਆਂ ਵਿੱਚ ਮੈਂ ਸੱਤ ਅੰਤਹੀਨ ਯੁੱਧ ਖਤਮ ਕਰ ਦਿੱਤੇ। ਕੁਝ ਯੁੱਧ 31 ਸਾਲਾਂ ਤੋਂ ਚੱਲ ਰਹੇ ਸਨ, ਇੱਕ 36 ਸਾਲ ਤੋਂ। ਸਭ ਖਤਮ ਹੋ ਗਏ ਹਨ।” ਉਹਨਾਂ ਨੇ ਵਿਸ਼ਵ ਨੇਤਾਵਾਂ ਨੂੰ ਕਿਹਾ ਕਿ ਇਹ ਯੁੱਧ ਭਿਆਨਕ ਸਨ, ਜਿੱਥੇ ਹਜ਼ਾਰਾਂ ਲੋਕ ਮਰ ਰਹੇ ਸਨ।
ਟਰੰਪ ਦੇ ਅਨੁਸਾਰ, ਇਹਨਾਂ ਯੁੱਧਾਂ ਵਿੱਚ ਕੰਬੋਡੀਆ ਅਤੇ ਥਾਈਲੈਂਡ ਵਿਚਕਾਰ ਲੜਾਈ, ਸਰਬੀਆ ਅਤੇ ਕੋਸੋਵੋ ਵਿਚਕਾਰ ਵਿਵਾਦ, ਕਾਂਗੋ ਅਤੇ ਰਵਾਂਡਾ ਵਿਚਕਾਰ ਲੰਮੇ ਸਮੇਂ ਤੋਂ ਟਕਰਾਅ, ਪਾਕਿਸਤਾਨ ਅਤੇ ਭਾਰਤ ਵਿਚਕਾਰ ਮਈ 2025 ਵਿੱਚ ਹੋਈ ਲੜਾਈ, ਇਜ਼ਰਾਈਲ ਅਤੇ ਈਰਾਨ ਵਿਚਕਾਰ ਤਣਾਅ, ਮਿਸਰ ਅਤੇ ਇਥੋਪੀਆ ਵਿਚਕਾਰ ਨੀਲ ਨਦੀ ‘ਤੇ ਵਿਵਾਦ ਅਤੇ ਅਰਮੀਨੀਆ ਅਤੇ ਅਜ਼ਰਬੈਜ਼ਾਨ ਵਿਚਕਾਰ ਨਾਗੋਰਨੋ-ਕਾਰਾਬਾਖ ਖੇਤਰ ਨਾਲ ਜੁੜੀ ਲੜਾਈ ਸ਼ਾਮਲ ਹੈ। ਟਰੰਪ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਹਰ ਯੁੱਧ ਵਿੱਚ ਦੋਵਾਂ ਦੇਸ਼ਾਂ ਦੇ ਨੇਤਾਵਾਂ ਨਾਲ ਗੱਲਾਂ ਕੀਤੀਆਂ ਅਤੇ ਵਪਾਰਕ ਸਹੂਲਤਾਂ ਦੇ ਬਦਲੇ ਯੁਧਬੰਦੀ ਕਰਵਾਇਆ। ਉਹਨਾਂ ਨੇ ਭਾਰਤ-ਪਾਕਿਸਤਾਨ ਯੁੱਧ ਨੂੰ ਇੱਕੋ-ਇੱਕ ਵਾਰ ਨਹੀਂ ਬਲਕਿ ਦੋ ਵਾਰ ਜ਼ਿਕਰ ਕੀਤਾ, ਕਿਹਾ ਕਿ ਉਹਨਾਂ ਨੇ ਇਸ ਨੂੰ ਵਪਾਰ ਨਾਲ ਜੋੜ ਕੇ ਰੁਕਵਾਇਆ।
ਇਹ ਦਾਅਵਾ ਟਰੰਪ ਨੇ ਪਹਿਲਾਂ ਵੀ ਕੀਤਾ ਸੀ, ਪਰ ਯੂਐੱਨ ਵਰਗੇ ਵਿਸ਼ਵ ਮੰਚ ਤੇ ਇਹ ਪਹਿਲੀ ਵਾਰ ਦਾਅਵਾ ਕੀਤਾ ਹੈ। ਉਹਨਾਂ ਨੇ ਇਸ ਨਾਲ ਇਹ ਵੀ ਕਿਹਾ ਕਿ ਉਹ ਨੋਬਲ ਸ਼ਾਂਤੀ ਪੁਰਸਕਾਰ ਲੈਣ ਦੇ ਅਧਿਕਾਰੀ ਹਨ। ਟਰੰਪ ਨੇ ਕਿਹਾ, “ਸਭ ਕਹਿੰਦੇ ਹਨ ਕਿ ਮੈਨੂੰ ਹਰ ਯੁੱਧ ਲਈ ਨੋਬਲ ਪ੍ਰਾਈਜ਼ ਮਿਲਣਾ ਚਾਹੀਦਾ।” ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਜੇ ਉਹ ਰੂਸ-ਯੂਕਰੇਨ ਯੁਧ ਵੀ ਰੋਕ ਦਿੰਦੇ ਹਨ ਤਾਂ ਹੋਰ ਵੀ ਇੱਕ ਪੁਰਸਕਾਰ ਮਿਲੇਗਾ। ਟਰੰਪ ਦਾ ਭਾਸ਼ਣ ਨਾ ਸਿਰਫ਼ ਆਪਣੀ ਪਿੱਠ ਥਪਥਪਾਉਣ ਵਾਲਾ ਸੀ ਬਲਕਿ ਯੂਐੱਨ ‘ਤੇ ਵੀ ਨਿਸ਼ਾਨਾ ਸਾਧਣ ਵਾਲਾ। ਉਹਨਾਂ ਨੇ ਕਿਹਾ, “ਯੂਐੱਨ ਨੇ ਕੋਈ ਮਦਦ ਨਹੀਂ ਕੀਤੀ। ਉਹ ਸਿਰਫ਼ ਖ਼ਤ ਲਿਖਦੇ ਹਨ ਅਤੇ ਕੁਝ ਨਹੀਂ ਕਰਦੇ।”
ਇਸ ਭਾਸ਼ਣ ਨਾਲ ਵਿਸ਼ਵ ਨੇਤਾਵਾਂ ਵਿੱਚ ਹਲਚਲ ਮਚ ਗਈ। ਫ਼ਰਾਂਸੀਸੀ ਰਾਸ਼ਟਰਪਤੀ ਐਮੈਨੂਅਲ ਮੈਕਰਾਂ ਨੇ ਕਿਹਾ ਕਿ ਜੇ ਟਰੰਪ ਨੂੰ ਨੋਬਲ ਚਾਹੀਦਾ ਹੈ ਤਾਂ ਉਹਨਾਂ ਨੂੰ ਗਾਜ਼ਾ ਵਿੱਚ ਯੁਧ ਰੋਕਣਾ ਚਾਹੀਦਾ।
ਟਰੰਪ ਨੇ ਇਹ ਦਾਅਵਾ ਕੀਤਾ ਸੀ ਕਿ ਉਹਨਾਂ ਨੇ ਵਪਾਰਕ ਰਾਹਤ ਦੇ ਬਦਲੇ ਭਾਰਤ ਤੇ ਪਾਕਿ ਯੁਧ ਰੁਕਵਾਇਆ। ਪਰ ਭਾਰਤ ਨੇ ਇਸ ਨੂੰ ਸਾਫ਼ ਤੌਰ ਤੇ ਨਕਾਰ ਦਿੱਤਾ। ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਯੁਧਬੰਦੀ ਦੋਹਾਂ ਫੌਜਾਂ ਵਿਚਕਾਰ ਹੋਈ ਅਤੇ ਅਮਰੀਕਾ ਦੀ ਕੋਈ ਭੂਮਿਕਾ ਨਹੀਂ ਸੀ। ਪੀਐੱਮ ਮੋਦੀ ਨੇ ਟਰੰਪ ਨੂੰ ਫ਼ੋਨ ਕਰਕੇ ਕਿਹਾ ਕਿ ਭਾਰਤ ਕਿਸੇ ਤੀਜੀ ਪਾਰਟੀ ਨੂੰ ਕਸ਼ਮੀਰ ‘ਤੇ ਵਿਚੋਲਗੀ ਨੂੰ ਨਹੀਂ ਮੰਨਦਾ। ਪਾਕਿਸਤਾਨ ਨੇ ਟਰੰਪ ਦੇ ਰੋਲ ਨੂੰ ਮੰਨਿਆ, ਪਰ ਭਾਰਤ ਨੇ ਇਸ ਨੂੰ ‘ਨਕਾਰ ਦਿੱਤਾ।
ਯੂਐੱਨ ‘ਤੇ ਨਿਸ਼ਾਨਾ ਸਾਧਦੇ ਹੋਏ ਟਰੰਪ ਨੇ ਕਿਹਾ ਕਿ ਮੈਂ ਸੱਤ ਯੁਧ ਖਤਮ ਕੀਤੇ, ਹਰ ਦੇਸ਼ ਦੇ ਨੇਤਾ ਨਾਲ ਗੱਲ ਕੀਤੀ, ਪਰ ਯੂਐੱਨ ਤੋਂ ਇੱਕ ਫ਼ੋਨ ਵੀ ਨਹੀਂ ਆਇਆ।”
ਟਰੰਪ ਨੇ ਯੂਰਪੀਅਨ ਦੇਸ਼ਾਂ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਉਹ ਰੂਸੀ ਤੇਲ ਖਰੀਦ ਕੇ ਪੁਤਿਨ ਦੀ ਯੁਧ ਮਸ਼ੀਨ ਨੂੰ ਈਂਧਨ ਦੇ ਰਹੇ ਹਨ। ਉਹਨਾਂ ਨੇ ਭਾਰੀ ਟੈਰਿਫ਼ਾਂ ਦੀ ਧਮਕੀ ਵੀ ਦਿੱਤੀ ਅਤੇ ਕਿਹਾ ਕਿ ਇਹ ਖੂਨਖਰਾਬਾ ਜਲਦੀ ਰੋਕ ਦੇਣਗੀਆਂ। ਇਹ ਬਿਆਨ ਅਗਸਤ 2025 ਵਿੱਚ ਭਾਰਤੀ ਆਯਾਤ ‘ਤੇ 25% ਵਾਧੂ ਟੈਰਿਫ਼ ਲਗਾਉਣ ਤੋਂ ਬਾਅਦ ਆਇਆ, ਜਿਸ ਨਾਲ ਕੁੱਲ ਟੈਰਿਫ਼ 50% ਹੋ ਗਈ। ਭਾਰਤ ਨੇ ਕਿਹਾ ਕਿ ਉਹ ਸਸਤੇ ਤੇਲ ਲਈ ਖਰੀਦ ਜਾਰੀ ਰੱਖੇਗਾ ।
ਟਰੰਪ ਦਾ ਭਾਰਤ ਅਤੇ ਚੀਨ ਨੂੰ ਯੂਕਰੇਨ ਯੁਧ ਦੇ ਜ਼ਿੰਮੇਵਾਰ ਕਹਿਣ ਵਾਲਾ ਬਿਆਨ ਨਵੀਂ ਦਿੱਲੀ ਲਈ ਚੁਭਣ ਵਾਲਾ ਸੀ। ਉਹਨਾਂ ਨੇ ਕਿਹਾ, “ਚੀਨ ਅਤੇ ਭਾਰਤ ਰੂਸੀ ਤੇਲ ਖਰੀਦ ਕੇ ਯੁਧ ਨੂੰ ਭੜਕਾ ਰਹੇ ਹਨ। ਇਹ ਪੁਤਿਨ ਦੀ ਯੁਧ ਮਸ਼ੀਨ ਨੂੰ ਈਂਧਨ ਦੇਣ ਵਾਲਾ ਇੰਜਣ ਹੈ।” ਟਰੰਪ ਨੇ ਨਾਟੋ ਦੇਸ਼ਾਂ ਨੂੰ ਵੀ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਉਹ ਵੀ ਰੂਸੀ ਊਰਜਾ ਖਰੀਦ ਰਹੇ ਹਨ। ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਭਾਰਤ ਅਮਰੀਕਾ ਨਾਲ ਵਪਾਰਕ ਗੱਲਾਂ ਕਰ ਰਿਹਾ ਹੈ। ਅਗਸਤ ਵਿੱਚ ਅਮਰੀਕਾ ਨੇ ਭਾਰਤ ਨੂੰ ਰੂਸੀ ਤੇਲ ਖਰੀਦਣ ਲਈ ਸਜ਼ਾ ਵਜੋਂ ਟੈਰਿਫ਼ ਵਧਾਏ ਸਨ। ਭਾਰਤ ਨੇ ਜਵਾਬ ਵਿੱਚ ਕਿਹਾ ਕਿ ਉਹ ਆਪਣੀ ਆਰਥਿਕ ਸੁਰੱਖਿਆ ਲਈ ਇਹ ਕਰ ਰਿਹਾ ਹੈ ਅਤੇ ਪੱਛਮੀ ਦੇਸ਼ ਵੀ ਰੂਸੀ ਵਸਤਾਂ ਖਰੀਦ ਰਹੇ ਹਨ। ਯੂਕਰੇਨੀ ਰਾਸ਼ਟਰਪਤੀ ਵੋਲੋਡੀਮੀਰ ਜ਼ੈਲੇਂਸਕੀ ਨੇ ਕਿਹਾ ਕਿ ਭਾਰਤ ਜ਼ਿਆਦਾਤਰ ਉਹਨਾਂ ਨਾਲ ਹੈ ਅਤੇ ਊਰਜਾ ਚੁਣੌਤੀਆਂ ਨੂੰ ਹੱਲ ਕੀਤਾ ਜਾਣਾ ਚਾਹੀਦਾ।
ਨਿਊਯਾਰਕ ਟਾਈਮਜ਼ ਨੇ ਲਿਖਿਆ ਕਿ ਟਰੰਪ ਦੇ ਯੁਧ ਖਤਮ ਕਰਨ ਦੇ ਦਾਅਵੇ ਗਲਤ ਹਨ ,ਕਿਉਂਕਿ ਕਈਆਂ ਵਿੱਚ ਅਮਰੀਕੀ ਰੋਲ ਸੀ ਪਰ ਯੁਧ ਪੂਰੀ ਤਰ੍ਹਾਂ ਖਤਮ ਨਹੀਂ ਹੋਏ। ਉਦਾਹਰਨ ਵਜੋਂ, ਕਾਂਗੋ-ਰਵਾਂਡਾ ਵਿੱਚ ਅਗਸਤ 2025 ਵਿੱਚ ਯੂਐੱਨ ਦੀ ਰਿਪੋਰਟ ਅਨੁਸਾਰ ਲੜਾਈ ਜਾਰੀ ਹੈ ਅਤੇ ਹਜ਼ਾਰਾਂ ਲੋਕ ਉਜੜੇ ਹਨ। ਸੀਐੱਨਐੱਨ ਨੇ ਕਿਹਾ ਕਿ ਟਰੰਪ ਨੇ ਚਾਰ ਯੁਧਾਂ ਵਿੱਚ ਮਦਦ ਕੀਤੀ ਪਰ ਬਾਕੀ ਯੁਧ ਨਹੀਂ ਬਲਕਿ ਤਣਾਅ ਸਨ।
ਗਾਰਡੀਅਨ ਯੂਕੇ ਨੇ ਲਿਖਿਆ ਕਿ ਟਰੰਪ ਦਾ ਯੂਐੱਨ ਨੂੰ ਅਣਉਪਯੋਗੀ ਕਹਿਣਾ ਗਲਤ ਹੈ ਕਿਉਂਕਿ ਯੂਐੱਨ ਨੇ ਬਹੁਤੇ ਯੁੱਧ ਰੋਕੇ ਹਨ ਜਿਵੇਂ ਈਰਾਨ-ਇਰਾਕ।
ਫੈਕਟਚੈੱਕ.ਆਰਗ ਨੇ ਕਿਹਾ ਕਿ ਟਰੰਪ ਨੇ ਕੁਝ ਵਿੱਚ ਮਹੱਤਵਪੂਰਨ ਰੋਲ ਨਿਭਾਇਆ ਪਰ ਬਹੁਤੇ ਵਿੱਚ ਯੁਧ ਪੂਰੀ ਤਰ੍ਹਾਂ ਖਤਮ ਨਹੀਂ ਹੋਏ ਅਤੇ ਕੁਝ ਨਵੇਂ ਤਣਾਅ ਵਧੇ ਹਨ।
ਇਸ ਤਰ੍ਹਾਂ, ਟਰੰਪ ਦੇ ਦਾਅਵੇ ਸਿਆਸੀ ਰਣਨੀਤੀ ਦਾ ਹਿੱਸਾ ਲੱਗਦੇ ਹਨ।
![]()
