ਸੈਕਰਾਮੈਂਟੋ/ ਕੈਲੀਫੋਰਨੀਆ: ਟਰੰਪ ਪ੍ਰਸ਼ਾਸਨ ਨੇ ਇਸ ਸਾਲ ਜਨਵਰੀ ਤੋਂ ਲੈ ਕੇ ਅੱਜ ਤੱਕ 85000 ਵੀਜੇ ਰੱਦ ਕੀਤੇ ਹਨ, ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ ਦੁੱਗਣੇ ਹਨ। ਵਿਦੇਸ਼ ਵਿਭਾਗ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਰੱਦ ਕੀਤੇ ਵੀਜਿਆਂ ਵਿੱਚ ਸਾਰੀਆਂ ਸ਼੍ਰੇਣੀਆਂ ਦੇ ਵੀਜ਼ੇ ਸ਼ਾਮਿਲ ਹਨ। ਇਨ੍ਹਾਂ ਵਿੱਚ 8000 ਤੋਂ ਵੱਧ ਵੀਜ਼ੇ ਵਿਦਿਆਰਥੀਆਂ ਦੇ ਹਨ, ਜਿਨ੍ਹਾਂ ਨੂੰ ਰੱਦ ਕੀਤਾ ਗਿਆ
ਹੈ। ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਦੇ ਵੀਜ਼ੇ ਰੱਦ ਕੀਤੇ ਗਏ ਹਨ , ਉਨ੍ਹਾਂ ਵਿਚੋਂ ਅੱਧੇ ਤੋਂ ਵੱਧ ਸ਼ਰਾਬ ਪੀ ਕੇ ਗੱਡੀ ਚਲਾਉਣ, ਹਮਲਾ ਕਰਨ ਤੇ ਚੋਰੀ ਕਰਨ ਵਰਗੇ ਅਪਰਾਧਾਂ ਵਿੱਚ ਸ਼ਾਮਿਲ ਸਨ। ਵਿਭਾਗ ਨੇ ਬਾਕੀ ਅੱਧੇ ਲੋਕਾਂ ਦੇ ਵੀਜ਼ੇ ਰੱਦ ਕਰਨ ਦਾ ਕਾਰਨ ਨਹੀਂ ਦੱਸਿਆ ਹੈ ਪਰੰਤੂ ਸਮਝਿਆ ਜਾਂਦਾ ਹੈ ਕਿ ਜਿਨਾਂ ਲੋਕਾਂ ਨੇ ਗਾਜ਼ਾ ਵਿੱਚ ਨਸਲਘਾਤ ਵਿਰੁੱਧ ਆਵਾਜ
ਉਠਾਈ ਸੀ, ਉਨਾਂ ਦੇ ਵੀਜੇ ਵੀ ਰੱਦ ਕੀਤੇ ਗਏ ਹਨ। ਇਨਾਂ ਵਿੱਚ ਜਿਆਦਾਤਰ ਯੁਨੀਵਰਸਿਟੀਆਂ ਤੇ ਕਾਲਜਾਂ ਦੇ ਵਿਦਿਆਰਥੀ
ਸ਼ਾਮਿਲ ਹਨ। ਇਸ ਤੋਂ ਇਲਾਵਾ ਵਿਦੇਸ਼ ਵਿਭਾਗ ਨੇ ਅਕਤੂਬਰ ਵਿੱਚ ਕਿਹਾ ਸੀ ਕਿ ਉਸ ਨੇ ਉਨਾਂ ਲੋਕਾਂ ਦੇ ਵੀਜੇ ਵੀ ਰੱਦ ਕੀਤੇ ਹਨ
ਜਿਨਾਂ ਨੇ ਰਾਸ਼ਟਰਪਤੀ ਟਰੰਪ ਦੇ ਚਹੇਤੇ ਚਾਰਲੀ ਕ੍ਰਿਕ ਦੀ ਹੱਤਿਆ ‘ਤੇ ਖੁਸ਼ੀ ਮਨਾਈ ਸੀ। ਜਿਕਰਯੋਗ ਹੈ ਕਿ ਅਗਸਤ ਵਿੱਚ
ਵਿਦੇਸ਼ ਵਿਭਾਗ ਨੇ ਕਿਹਾ ਸੀ ਕਿ ਏਜੰਸੀ ਸਾਢੇ 5 ਕਰੋੜ ਵਿਦੇਸ਼ੀਆਂ ਨੂੰ ਜਾਰੀ ਕੀਤੇ ਵੀਜਿਆਂ ਦੀ ਨਵੇਂ ਸਿਰੇ ਤੋਂ ਜਾਂਚ ਪੜਤਲਾ
ਕਰੇਗੀ। ਏਜੰਸੀ ਨੇ ਕਿਹਾ ਹੈ ਕਿ ਇਹ ਜਾਂਚ ਪੜਤਾਲ ਅਜੇ ਵੀ ਜਾਰੀ ਹੈ।
![]()
