ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਕ ਸਿੱਖ ਕਾਨੂੰਨਦਾਨ ਹਰਮੀਤ ਕੌਰ ਢਿੱਲੋਂ ਨੂੰ ਅਮਰੀਕਾ ਦੇ ਨਿਆਂ ਵਿਭਾਗ ਵਿਚ ਸਹਾਇਕ ਅਟਾਰਨੀ ਜਨਰਲ (ਨਾਗਰਿਕ ਅਧਿਕਾਰ) ਲਾਉਣ ਦਾ ਐਲਾਨ ਕਰਨ ਤੋਂ ਬਾਅਦ ਭਗਵੇਂਵਾਦੀ ਬੁਰੀ ਤਰ੍ਹਾਂ ਪਰੇਸ਼ਾਨ ਹਨ ਤੇ ਉਹ ਹਰਮੀਤ ਖਿਲਾਫ ਜ਼ਹਿਰ ਦੇ ਬਿਛੂ ਸ਼ੋਸ਼ਲ ਮੀਡੀਆ ਉਪਰ ਹੀ ਨਹੀਂ ਉਗਲ ਰਹੇ,ਸਗੋਂ ਭਾਰਤੀ ਮੇਨ ਸਟਰੀਮ ਦੇ ਮੀਡੀਆ ਵਿਚ ਉਨ੍ਹਾਂ ਖਿਲਾਫ਼ ਇਕ ਤਰ੍ਹਾਂ ਨਾਲ ਨਫ਼ਰਤ ਦੀ ਲਹਿਰ ਜਿਹੀ ਚਲਾ ਦਿੱਤੀ ਗਈ ਅਤੇ ਉਸ ਨੂੰ ਭਾਰਤ ਦਾ ਦੁਸ਼ਮਣ ਅਤੇ ਖ਼ਾਲਿਸਤਾਨ ਪੱਖੀ ਕਰਾਰ ਦਿੱਤਾ ਜਾ ਰਿਹਾ ਹੈ। ਹੈਰਾਨੀ ਦੀ ਗਲ ਇਹ ਹੈ ਕਿ ਇਨ੍ਹਾਂ ਨਫਰਤੀ ਪਾਤਰਾਂ ਨੇ ਦੇਸ਼ ਵਿਚ ਫਿਰਕੂਵਾਦ ਤੇ ਦੰਗੇ ਫੈਲਾਉਣ ਤੋਂ ਇਲਾਵਾ ਕੁਝ ਨਹੀਂ ਕੀਤਾ ਜਦ ਕਿ ਜਿੰਨੀਆਂ ਕੁਰਬਾਨੀਆਂ ਇਸ ਦੇਸ਼ ਦੀ ਆਜ਼ਾਦੀ ਲਈ ਸਿੱਖਾਂ ਨੇ ਕੀਤੀਆਂ ਹਨ, ਉਨੀਆਂ ਕਿਸੇ ਨੇ ਨਹੀਂ ਕੀਤੀਆਂ।ਇਹ ਫਿਰਕੂ ਲੋਕ ਨਹੀਂ ਚਾਹੁੰਦੇ ਕੋਈ ਸਖਸ਼ੀਅਤ ਭਾਰਤ ਵਿਚ ਹੋ ਰਹੇ ਸਿਖਾਂ ਖਿਲਾਫ ਹੋ ਰਹੇ ਅਨਿਆਂ ਬਾਰੇ ਬੋਲੇ।ਇਹ ਭਗਵੇਂਵਾਦੀ ਸਿਖਾਂ ਦੇ ਹੱਕ ਵਿਚ ਅਵਾਜ਼ ਉਠਾਉਣ ਵਾਲੇ ਨੂੰ ਦੇਸ ਵਿਰੋਧੀ ਸਮਝ ਰਹੇ ਹਨ।ਭਾਰਤੀ ਮੀਡੀਆ ਵੀ ਇਸੇ ਫਿਰਕੂਵਾਦੀ ,ਧੌਂਸਵਾਦੀ ਅਸ਼ਵਮੇਘ ਯੱਗ ਵਿਚ ਸ਼ਾਮਲ ਹੈ।
ਗੌਰਤਲਬ ਹੈ ਹਰਮੀਤ ਕੌਰ ਢਿੱਲੋਂ ਉਹੀ ਸ਼ਖ਼ਸੀਅਤ ਹਨ ਜੋ ਪਹਿਲਾਂ ਵੀ ਅਮਰੀਕਾ ਵਿਚ ਮਨੁੱਖੀ ਅਧਿਕਾਰਾਂ ਲਈ ਆਵਾਜ਼ ਉਠਾਉਂਦੀ ਰਹੀ ਹੈ।ਉਸ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਿਆਂ ਉੱਤਰੀ ਅਮਰੀਕਾ ਵਿਚ ਹੋਏ ਸਿੱਖ ਖਾੜਕੂਆਂ ਦੇ ਕਤਲਾਂ ਖਾਸ ਕਰਕੇ ਭਾਈ ਹਰਦੀਪ ਸਿੰਘ ਦੇ ਕਤਲ ਬਾਰੇ ਤਲਖ਼ ਟਿੱਪਣੀਆਂ ਵੀ ਕੀਤੀਆਂ ਸਨ। ਪਰ ਇਹ ਟਿਪਣੀਆਂ ਜਾਇਜ ਸਨ ਕਿ ਕਨੂੰਨ ਤੋਂ ਬਾਹਰ ਜਾਕੇ ਕਿਵੇਂ ਕਤਲ ਕੀਤੇ ਜਾ ਸਕਦੇ ਹਨ? ਕਿਵੇਂ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਸਕਦੇ ਹਨ ਤੇ ਪੰਜਾਬ ਸੰਤਾਪ ਦੌਰਾਨ ਸਾਧਾਰਨ ਸਿੱਖਾਂ ਨੂੰ ਲਵਾਰਸ ਲਾਸ਼ਾਂ ਕਿਵੇਂ ਬਣਾਇਆ ਜਾ ਸਕਦਾ ਹੈ?
ਸੋਸ਼ਲ ਮੀਡੀਆ ਐਕਸ ’ਤੇ ਢਿੱਲੋਂ ਨੇ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕੀਤਾ ਸੀ।ਆਪਣੇ ਪਰਿਵਾਰ ਦਾ ਖੇਤੀ ਨਾਲ ਜੁੜੇ ਹੋਣ ਬਾਰੇ ਜ਼ਿਕਰ ਕਰਦੇ ਹੋਏ ਢਿੱਲੋਂ ਨੇ ਇੱਕ ਹੋਰ ਪੋਸਟ ਵਿਚ ਕਿਹਾ ਸੀ ਕਿ ਮੈਂ ਕਿਸਾਨੀ ਸੰਘਰਸ਼ ਦੇ ਨਾਲ ਖੜ੍ਹੀ ਹਾਂ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਦਰਸ਼ਨਕਾਰੀਆਂ ਨਾਲ ਮਿਲਣ ਅਤੇ ਸਮਝੌਤਾ ਕਰਨ ਦੀ ਅਪੀਲ ਵੀ ਕੀਤੀ ਸੀ।ਉਨ੍ਹਾਂ ਕਿਹਾ ਸੀ ਕਿ ਪੰਜਾਬ ਵਿੱਚ ਪੈਦਾ ਹੋਣ ਦੇ ਨਾਤੇ, ਮੇਰਾ ਦਿਲ ਇਹ ਦੇਖ ਕੇ ਟੁੱਟਦਾ ਹੈ ਕਿ ਪੰਜਾਬੀ ਕਿਸਾਨਾਂ ’ਤੇ ਭਾਰਤੀ ਸਰਕਾਰ ਦੇ ਵੱਡੇ-ਕਾਰਪੋਰੇਸ਼ਨ ਪੱਖੀ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਲਈ ਹਮਲਾ ਕੀਤਾ ਗਿਆ ਹੈ। ਇਹ ਉਨ੍ਹਾਂ ਦੇ ਖੇਤਾਂ, ਜੀਵਨ ਢੰਗ ਅਤੇ ਸੱਭਿਆਚਾਰ ਨੂੰ ਤਬਾਹ ਕਰ ਦੇਵੇਗਾ। ਪ੍ਰਧਾਨ ਮੰਤਰੀ ਜੀ ਉਨ੍ਹਾਂ ਨੂੰ ਸੁਣੋ, ਉਨ੍ਹਾਂ ਨੂੰ ਮਿਲੋ, ਸਮਝੌਤਾ ਕਰੋ।
ਰਾਸ਼ਟਰਪਤੀ ਟਰੰਪ ਨੇ ਖੁਦ ਕਿਹਾ ਕਿ ਹਰਮੀਤ ਕੌਰ ਦੇਸ਼ (ਅਮਰੀਕਾ) ਦੇ ਚੋਟੀ ਦੇ ਵਕੀਲ ਹਨ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟ ਫਾਰਮ 'ਟਰੁੱਥ ਸੋਸ਼ਲ' 'ਤੇ ਕਿਹਾ ਸੀ ਕਿ ਨਿਆਂ ਵਿਭਾਗ ਵਿੱਚ ਆਪਣੀ ਨਵੀਂ ਭੂਮਿਕਾ ਵਿੱਚ ਸਾਡੇ ਸੰਵਿਧਾਨਕ ਅਧਿਕਾਰਾਂ ਦੀ ਅਣਥੱਕ ਰੱਖਿਅਕ ਹੋਵੇਗੀ ਅਤੇ ਸਾਡੇ ਨਾਗਰਿਕ ਅਧਿਕਾਰਾਂ ਅਤੇ ਚੋਣ ਕਾਨੂੰਨਾਂ ਨੂੰ ਨਿਰਪੱਖਤਾ ਅਤੇ ਦ੍ਰਿੜਤਾ ਨਾਲ ਲਾਗੂ ਕਰੇਗੀ।ਉਹ ਧਾਰਮਿਕ ਆਜ਼ਾਦੀ ਦੀ ਵਕਾਲਤ ਕਰਨ ਅਤੇ ਕਾਰਪੋਰੇਟ ਵਿਤਕਰੇ ਦਾ ਵਿਰੋਧ ਕਰਨ ਸਮੇਤ ਨਾਗਰਿਕ ਆਜ਼ਾਦੀਆਂ ਦੀ ਰੱਖਿਆ ਲਈ ਢਿੱਲੋਂ (ਹਰਮੀਤ) ਵਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦੇ ਹਨ।
ਟਰੰਪ ਨੇ ਇਹ ਵੀ ਕਿਹਾ ਕਿ ਢਿੱਲੋਂ ਨੇ ਬੋਲਣ ਦੀ ਆਜ਼ਾਦੀ 'ਤੇ ਰੋਕ ਲਗਾਉਣ ਲਈ ਤਕਨੀਕੀ ਕੰਪਨੀਆਂ ਨੂੰ ਘੇਰਿਆ ਸੀ, ਜੋ ਈਸਾਈਆਂ ਦੀ ਨੁਮਾਇੰਦਗੀ ਕਰਦੇ ਹਨ ਜਿਨ੍ਹਾਂ ਨੂੰ ਕੋਵਿਡ -19 ਮਹਾਂਮਾਰੀ ਦੌਰਾਨ ਇਕੱਠੇ ਪ੍ਰਾਰਥਨਾ ਕਰਨ ਤੋਂ ਰੋਕਿਆ ਗਿਆ ਸੀ।ਡੋਨਾਲਡ ਟਰੰਪ ਨੇ ਅੱਗੇ ਕਿਹਾ ਕਿ ਹਰਮੀਤ ਸਿੱਖ ਭਾਈਚਾਰੇ ਦਾ ਸਤਿਕਾਰਤ ਮੈਂਬਰ ਹੈ। ਨਿਆਂ ਵਿਭਾਗ ਵਿਖੇ, ਹਰਮੀਤ ਸਾਡੇ ਸੰਵਿਧਾਨਕ ਅਧਿਕਾਰਾਂ ਦਾ ਅਣਥੱਕ ਰਖਵਾਲੀ ਹੋਵੇਗੀ ਅਤੇ ਸਾਡੇ ਨਾਗਰਿਕ ਅਧਿਕਾਰਾਂ ਅਤੇ ਚੋਣ ਕਾਨੂੰਨਾਂ ਨੂੰ ਨਿਰਪੱਖ ਅਤੇ ਜ਼ੋਰਦਾਰ ਢੰਗ ਨਾਲ ਲਾਗੂ ਕਰੇਗੀ।
ਇਸ ਤੋਂ ਬਾਅਦ, ਵਕੀਲ ਹਰਮੀਤ ਕੌਰ ਢਿੱਲੋਂ ਦਾ ਜਵਾਬ ਵੀ ਸਾਹਮਣੇ ਆਇਆ, ਉਨ੍ਹਾਂ ਨੇ ਜਵਾਬ ਦਿੱਤਾ ਕਿ ਮੈਂ ਨਾਮਜ਼ਦ ਹੋਣ ਅਤੇ ਟਰੰਪ ਦੇ ਅਟਾਰਨੀ ਜਨਰਲ-ਚੁਣੇ ਪੈਮ ਬੌਂਡੀ ਦੀ ਅਗਵਾਈ ਵਿੱਚ ਵਕੀਲਾਂ ਦੀ ਇੱਕ ਸ਼ਾਨਦਾਰ ਟੀਮ ਦਾ ਹਿੱਸਾ ਬਣ ਕੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ।
ਹੈਰਾਨੀ ਦੀ ਗੱਲ ਹੈ ਕਿ ਜਦੋਂ ਟਰੰਪ 3 ਹੋਰ ਭਾਰਤੀ ਮੂਲ ਦੇ ਵਿਅਕਤੀਆਂ ਕਾਸ਼ ਪਟੇਲ, ਵਿਵੇਕ ਰਾਮਾਸਵਾਮੀ ਅਤੇ ਡਾ. ਭੱਟਾਚਾਰੀਆ ਨੂੰ ਅਮਰੀਕੀ ਪ੍ਰਸ਼ਾਸਨ ਵਿਚ ਉੱਚ ਅਹੁਦਿਆਂ 'ਤੇ ਨਿਯੁਕਤ ਕਰਦੇ ਹਨ ਤਾਂ ਇਹੀ ਭਾਰਤੀ ਮੀਡੀਆ ਇਸ ਦਾ ਸਵਾਗਤ ਕਰਦਾ ਨਹੀਂ ਥੱਕਦਾ। ਇਸ ਤੋਂ ਸਪਸ਼ਟ ਹੈ ਕਿ ਸਿਖਾਂ ਵਿਰੁਧ ਨਫਰਤ ਜਾਣ ਬੁਝਕੇ ਫੈਲਾਈ ਜਾ ਰਹੀ ਹੈ।
ਇਹ ਠੀਕ ਹੈ ਕਿ ਅਮਰੀਕੀ ਰਾਜਨੀਤੀ ਵਿਚ ਖ਼ਾਸ ਕਰ ਰਿਪਬਲਿਕਨ ਪਾਰਟੀ ਵਿਚ ਸਿੱਖ ਲਾਬੀ ਨੂੰ ਕਾਫੀ ਕਮਜ਼ੋਰ ਮੰਨਿਆ ਜਾਂਦਾ ਸੀ ਤੇ ਇਹ ਕੋਈ ਸੋਚਦਾ ਵੀ ਨਹੀਂ ਸੀ ਕਿ ਟਰੰਪ ਕਿਸੇ ਸਿੱਖ ਨੂੰ ਏਨਾ ਵੱਡਾ ਅਹੁਦਾ ਦੇ ਕੇ ਨਿਵਾਜ ਦੇਣਗੇ, ਜੋ ਦੁਨੀਆ ਭਰ ਵਿਚ ਰਾਜਨੀਤੀਵਾਨਾਂ ਵਲੋਂ ਖੇਡੀ ਜਾ ਰਹੀ ਨਫ਼ਰਤ ਦੀ ਖੇਡ ਤੇ ਮਨੁੱਖੀ ਅਧਿਕਾਰਾਂ ਦੇ ਸੋਸ਼ਣ ਖਿਲਾਫ਼ ਬੋਲਣ ਦੇ ਸਮਰੱਥ ਹੋਵੇਗਾ।
ਪਰ ਇਸ ਨਿਯੁਕਤੀ ਨੇ ਭਾਰਤੀ ਮੀਡੀਆ ਜੋ ਸਾਫ਼ ਤੌਰ 'ਤੇ ਫਿਰਕੂ ਲੀਹਾਂ 'ਤੇ ਨਫ਼ਰਤ ਦੀ ਮੁਹਿੰਮ ਚਲਾ ਰਿਹਾ ਹੈ, ਲਈ ਇਹ ਫ਼ਿਕਰ ਦੀ ਗੱਲ ਹੈ ਕਿ ਕੋਈ ਭਾਰਤੀ ਮੂਲ ਦੀ ਸਿੱਖ, ਮਨੁੱਖੀ ਅਧਿਕਾਰਾਂ ਸੰਬੰਧੀ ਅਮਰੀਕਾ ਦੇ ਇਸ ਵੱਡੇ ਅਹੁਦੇ 'ਤੇ ਬੈਠ ਗਈ ਹੈ। ਪਰ ਸਿੱਖ ਜਗਤ ਨੂੰ ਹਰਮੀਤ ਕੌਰ ਢਿੱਲੋਂ ਦੀ ਇਸ ਨਿਯੁਕਤੀ ਤੇ ਮਾਣ ਹੈ। , ਗੌਰਤਲਬ ਹੈ ਕਿ ਹਰਮੀਤ ਕੌਰ ਉਹ ਪਹਿਲੀ ਸਿੱਖ ਸ਼ਖ਼ਸੀਅਤ ਹੈ, ਜਿਸ ਨੇ ਟਰੰਪ 'ਤੇ ਹੋਏ ਜਾਨ ਲੇਵਾ ਹਮਲੇ ਤੋਂ ਬਚ ਜਾਣ ਤੇ ਮਿਲਵਾਕੀ (ਅਮਰੀਕਾ) ਦੀ ਰਿਪਬਲਿਕਨ ਪਾਰਟੀ ਦੇ ਸਮਾਰੋਹ ਵਿਚ ਟਰੰਪ ਦੇ ਬਚ ਜਾਣ ਦੇ ਸ਼ੁਕਰਾਨੇ ਵਜੋਂ ਸਟੇਜ ਤੋਂ ਸਿੱਖ ਅਰਦਾਸ ਕੀਤੀ ਸੀ। ਹਾਲਾਂ ਕਿ ਇਸ ਅਰਦਾਸ ਦੇ ਮਾਮਲੇ 'ਤੇ ਵੀ ਜੋ ਵਿਰੋਧ ਦੀਆਂ ਆਵਾਜ਼ਾਂ ਉਠੀਆਂ ਸਨ, ਉਨ੍ਹਾਂ ਨੂੰ ਵੀ ਭਾਰਤੀ ਮੇਨ ਸਟਰੀਮ ਦੇ ਮੀਡੀਆ ਨੇ ਵਿਸ਼ੇਸ਼ ਸਥਾਨ ਹੀ ਦਿੱਤਾ ਸੀ।
ਇਥੇ ਜ਼ਿਕਰਯੋਗ ਹੈ ਕਿ 55 ਸਾਲਾਂ ਦੀ ਹਰਮੀਤ ਕੌਰ ਢਿੱਲੋਂ ਦਾ ਜਨਮ ਚੰਡੀਗੜ੍ਹ ਵਿਚ ਹੋਇਆ ਸੀ। ਉਹ 2 ਸਾਲ ਦੀ ਉਮਰ ਵਿਚ ਹੀ ਆਪਣੇ ਪਿਤਾ ਤੇਜਪਾਲ ਸਿੰਘ ਤੇ ਮਾਤਾ ਪਰਮਿੰਦਰ ਕੌਰ ਨਾਲ ਅਮਰੀਕਾ ਚਲੀ ਗਈ ਸੀ।ਉਨ੍ਹਾਂ ਦਾ ਪਾਲਣ-ਪੋਸ਼ਣ ਸਿੱਖ ਧਾਰਮਿਕ ਰਹੁ-ਰੀਤਾਂ ਅਨੁਸਾਰ ਹੋਇਆ ਸੀ। ਉਨ੍ਹਾਂ ਨੇ ਦੱਸਿਆ, "ਮੇਰੇ ਘਰ ਵਿੱਚ ਕਾਫੀ ਧਾਰਮਿਕ ਮਾਹੌਲ ਸੀ ਅਤੇ ਇਹ ਮੇਰੇ ਜੀਵਨ ਦੇ ਪਹਿਲੇ ਦਿਨ ਤੋਂ ਹੀ ਕਾਫੀ ਅਹਿਮ ਹਿੱਸਾ ਸੀ।" ਉਸ ਨੇ ਡਾਰਟਮਾਊਥ ਕਾਲਜ ਤੋਂ ਪਹਿਲਾਂ ਕਲਾਸੀਕਲ ਸਾਹਿਤ ਵਿਚ ਗਰੈਜੂਏਸ਼ਨ ਕੀਤੀ ਤੇ ਫਿਰ ਵਰਜੀਨੀਆ ਯੂਨੀਵਰਸਿਟੀ ਵਿਚ ਕਾਨੂੰਨ ਦੀ ਪੜ੍ਹਾਈ ਪੂਰੀ ਕੀਤੀ। ਸਭ ਤੋਂ ਪਹਿਲਾਂ ਉਹ ਅਮਰੀਕੀ ਅਪੀਲ ਅਦਾਲਤ ਵਿਚ ਜੱਜ ਪਾਲ ਵੀ. ਨੀਮੇਅਰ ਦੀ ਸਹਾਇਕ ਬਣੀ। 2006 ਵਿਚ ਤਜਰਬਾ ਮਿਲਣ ਉਪਰੰਤ ਉਸ ਨੇ ਸਾਨਫਰਾਂਸਿਸਕੋ ਵਿਚ ਆਪਣੀ ਕਾਨੂੰਨੀ ਪ੍ਰੈਕਟਿਸ ਸ਼ੁਰੂ ਕੀਤੀ ਸੀ। ਹਰਮੀਤ ਨੇ ਨਾਗਰਿਕ ਅਧਿਕਾਰ ਗ਼ੈਰ-ਲਾਭਕਾਰੀ ਸੰਸਥਾ ਸੈਂਟਰ ਫਾਰ ਅਮਰੀਕਨ ਲਿਬਰਿਟੀ ਦੀ ਸਥਾਪਨਾ ਕੀਤੀ।ਇਹ ਸੰਸਥਾ ਪੂਰੇ ਦੇਸ਼ ਵਿੱਚ ਭਾਸ਼ਣ ਅਤੇ ਹੋਰਨਾਂ ਆਜ਼ਾਦੀ ਦੇ ਹਿੱਤਾਂ ਨਾਲ ਜੁੜੇ ਨਾਗਰਿਕ ਅਧਿਕਾਰ ਮਾਮਲਿਆਂ ਦੀ ਦੇਖਰੇਖ ਕਰਦੀ ਹੈ।ਹਰਮੀਤ ਰਿਪਬਲੀਕਨ ਨੈਸ਼ਨਲ ਲਾਅਰਜ਼ ਐਸੋਸੀਏਸ਼ਨ ਦੀ ਕੌਮੀ ਸਹਿ-ਪ੍ਰਧਾਨ ਹਨ ਅਤੇ ਕੈਲੀਫੋਰਨੀਆ ਤੋਂ ਰਿਪਬਲੀਕਰਨ ਨੈਸ਼ਨਲ ਕਮੇਟੀ ਵੂਮੈਨ ਹਨ। 2016 ਵਿਚ ਉਨ੍ਹਾਂ ਨੂੰ ਪਹਿਲੀ ਅਮਰੀਕਨ ਭਾਰਤੀ ਔਰਤ ਵਜੋਂ ਰਿਪਬਲਿਕਨ ਪਾਰਟੀ ਦੀ ਜੀ.ਓ.ਪੀ. ਵਿਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਉਹ ਵੋਮੈਨ ਫਾਰ ਟਰੰਪ ਸੰਸਥਾ ਦੀ ਕੋ-ਚੇਅਰਮੈਨ ਵੀ ਬਣੀ।
ਉਹ ਤਕਨੀਕੀ ਸੈਂਸਰਸ਼ਿਪ ਮੁੱਦਿਆਂ ਸਣੇ ਹਾਈ ਪ੍ਰੋਫਾਈਲ ਕੇਸਾਂ ਅਤੇ ਨੀਤੀਗਤ ਮੁੱਦਿਆਂ ʼਤੇ ਅਕਸਰ ਕਾਨੂੰਨੀ ਅਤੇ ਮੀਡੀਆ ਟਿੱਪਣੀਕਾਰ ਵੀ ਹਨ
2022 ਵਿਚ ਉਸ ਨੇ ਰਿਪਬਲਿਕਨ ਨੈਸ਼ਨਲ ਕਮੇਟੀ ਦੀ ਚੇਅਰਪਰਸਨ ਵਜੋਂ ਆਪਣੀ ਦਾਅਵੇਦਾਰੀ ਪੇਸ਼ ਕੀਤੀ। ਇਥੇ ਵੀ ਉਸ ਨੂੰ ਸਿੱਖ ਹੋਣ ਕਾਰਨ ਇਕ ਕਾਨਾਫੂਸੀ ਵਿਰੋਧ ਮੁਹਿੰਮ ਦਾ ਸਾਹਮਣਾ ਕਰਨਾ ਪਿਆ ਸੀ। ਭਾਵੇਂ ਉਹ ਇਹ ਚੋਣ ਹਾਰ ਗਈ ਸੀ, ਪਰ ਉਸ ਦਾ ਕੱਦ ਰਿਪਬਲਿਕਨ ਪਾਰਟੀ ਵਿਚ ਕਾਫੀ ਉੱਚਾ ਹੋ ਗਿਆ ਸੀ।ਹਰਮੀਤ ਕੌਰ ਦੇ ਪਤੀ ਸਰਵਜੀਤ ਰੰਧਾਵਾ ਅਤੇ ਪਿਤਾ ਤੇਜਪਾਲ ਸਿੰਘ ਢਿੱਲੋਂ ਦਾ ਸਾਲ 2024 ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਤੀ ਨੂੰ ਪਾਰਕਿਨਸਨ ਬਿਮਾਰੀ ਅਤੇ ਕੈਂਸਰ ਸੀ।ਸਰਵਜੀਤ ਰੰਧਾਵਾ ਉਨ੍ਹਾਂ ਦੇ ਤੀਜੇ ਪਤੀ ਸੀ, ਇਸ ਤੋਂ ਪਹਿਲਾਂ ਉਨ੍ਹਾਂ ਦੇ ਦੋ ਤਲਾਕ ਹੋਏ ਸਨ।
ਇਸ ਵਿਚਾਲੇ ਇੱਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਉਨ੍ਹਾਂ ਮਾਂ ਨੂੰ ਛਾਤੀ ਦਾ ਕੈਂਸਰ ਹੋ ਗਿਆ ਸੀ ਅਤੇ ਉਨ੍ਹਾਂ ਦੇ ਆਪਣੀ ਮਾਂ ਦੀ ਦੇਖਭਾਲ ਲਈ ਸਭ ਛੱਡ ਕੇ ਉਨ੍ਹਾਂ ਦੇ ਰਹਿਣਾ ਸ਼ੁਰੂ ਕਰ ਦਿੱਤਾ ਸੀ। ਉਸ ਦੀ ਨਵੀਂ ਨਿਯੁਕਤੀ 'ਤੇ ਹਰ ਪੰਜਾਬੀ ਨੂੰ ਖਾਸ ਤੌਰ 'ਤੇ ਹਰ ਸਿੱਖ ਨੂੰ ਖਾਸ ਤੌਰ 'ਤੇ ਮਾਣ ਹੋਣਾ ਚਾਹੀਦਾ ਹੈ। ਕਿਉਂਕਿ ਰਿਪਬਲਿਕਨ ਪਾਰਟੀ ਵਿਚ ਸਿੱਖ ਲਾਬੀ ਨੂੰ ਇਸ ਨਾਲ ਵਿਸ਼ੇਸ਼ ਮਜ਼ਬੂਤੀ ਮਿਲੀ ਹੈ।
![]()
