ਦੁਨੀਆਂ ਦੀ ਮਹਾਂਸ਼ਕਤੀ ਅਮਰੀਕਾ ਵਿੱਚ ਡੋਨਾਲਡ ਟਰੰਪ ਦਾ ਯੁੱਗ ਸ਼ੁਰੂ ਹੋ ਗਿਆ ਹੈ। ਅਮਰੀਕੀ ਰਾਸ਼ਟਰਪਤੀ ਬਣਨ ਤੋਂ ਤੁਰੰਤ ਬਾਅਦ ਟਰੰਪ ਵੱਲੋਂ ਲਏ ਗਏ ਫ਼ੈਸਲਿਆਂ ਅਤੇ ਕਈ ਮੁੱਦਿਆਂ ’ਤੇ ਉਨ੍ਹਾਂ ਦੇ ਐਲਾਨਾਂ ਦਾ ਵਿਸ਼ਵ ਅਰਥਵਿਵਸਥਾ ਅਤੇ ਕੂਟਨੀਤਕ ਸੰਬੰਧਾਂ ’ਤੇ ਡੂੰਘਾ ਪ੍ਰਭਾਵ ਪੈ ਰਿਹਾ ਹੈ। ਟਰੰਪ ਦੀ ‘ਅਮਰੀਕਾ ਫ਼ਸਟ ਨੀਤੀ’ ਨੇ ਰਾਤੋ-ਰਾਤ ਕਈ ਦੇਸ਼ਾਂ ਨਾਲ ਅਮਰੀਕਾ ਦੇ ਸਬੰਧ ਬਦਲ ਦਿੱਤੇ ਹਨ। ਅਮਰੀਕਾ ’ਚ ਟਰੰਪ ਰਾਜ ਸ਼ੁਰੂ ਹੋਣ ਦਾ ਭਾਰਤ ’ਤੇ ਵੀ ਮਿਲਿਆ-ਜੁਲਿਆ ਪ੍ਰਭਾਵ ਦੇਖਿਆ ਜਾ ਸਕਦਾ ਹੈ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਵਜੋਂ ਦੂਜੇ ਕਾਰਜਕਾਲ ਦੌਰਾਨ ਭਾਰਤ-ਅਮਰੀਕਾ ਦੁਵੱਲੇ ਸਬੰਧ ਕਿਹੋ ਜਿਹੇ ਹੋਣਗੇ? ਇਸ ਸਬੰਧੀ ਕਿਆਸ ਅਰਾਈਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਇੱਕ ਪਾਸੇ ਭਾਰਤ ਅਮਰੀਕਾ ਨਾਲ ਆਪਣੇ ਸੰਬੰਧਾਂ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ, ਦੂਜੇ ਪਾਸੇ ਭਾਰਤ ਲਈ ਇਹ ਵੀ ਮਹੱਤਵਪੂਰਨ ਹੈ ਕਿ ਟਰੰਪ ਆਪਣੇ ਦੂਜੇ ਕਾਰਜਕਾਲ ਦੌਰਾਨ ਭਾਰਤ ਨਾਲ ਕਿਹੋ ਜਿਹੇ ਸਬੰਧ ਰੱਖਣਾ ਚਾਹੁੰਦੇ ਹਨ ਅਤੇ ਟਰੰਪ ਦਾ ਭਾਰਤ ਪ੍ਰਤੀ ਰੁਖ਼ ਕੀ ਹੈ? ਅਸਲ ਵਿੱਚ ਕਿਸੇ ਵੀ ਅਮਰੀਕੀ ਸਰਕਾਰ ਦੀਆਂ ਵਿਸ਼ਵ-ਵਿਆਪੀ ਤਰਜੀਹਾਂ, ਨੀਤੀਆਂ ਅਤੇ ਦ੍ਰਿਸ਼ਟੀਕੋਣਾਂ ਦਾ ਭਾਰਤ ’ਤੇ ਵੀ ਪ੍ਰਭਾਵ ਪੈਂਦਾ ਹੈ। ਇਸ ਸਮੇਂ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਆਪਣੇ ਦੂਜੇ ਕਾਰਜਕਾਲ ਦੌਰਾਨ ਭਾਰਤ ਨੂੰ ਕਿਸ ਨਜ਼ਰੀਏ ਤੋਂ ਦੇਖਦੇ ਹਨ? ਅਤੇ ਭਾਰਤ ਨਾਲ ਅਮਰੀਕਾ ਦੇ ਸੰਬੰਧਾਂ ਨੂੰ ਕਿਸ ਪੱਧਰ ’ਤੇ ਲੈ ਕੇ ਜਾਂਦੇ ਹਨ?
ਅਮਰੀਕਾ ਇੱਕ ਅਜਿਹਾ ਦੇਸ਼ ਹੈ, ਜਿਥੇ ਕਿ ਲੱਖਾਂ ਭਾਰਤੀ ਰਹਿੰਦੇ ਹਨ। ਇਹਨਾਂ ਪਰਵਾਸੀ ਭਾਰਤੀਆਂ ਵਿੱਚ ਗ਼ੈਰਕਾਨੂੰਨੀ ਜਾਂ ਸ਼ਰਨਾਰਥੀ ਭਾਰਤੀ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਭਾਰਤ ਤੋਂ ਹਜ਼ਾਰਾਂ ਵਿਦਿਆਰਥੀ ਅਮਰੀਕਾ ਵਿੱਚ ਉਚੇਰੀ ਪੜ੍ਹਾਈ ਕਰਨ ਲਈ ਗਏ ਹੋਏ ਹਨ। ਜਿਸ ਕਰਕੇ ਭਾਰਤ ਲਈ ਅਮਰੀਕਾ ਦੀ ਕਾਫ਼ੀ ਮਹੱਤਤਾ ਹੈ। ਅਜਿਹੇ ਸਮੇਂ ਦੌਰਾਨ ਅਮਰੀਕਾ ’ਚ ਟਰੰਪ ਯੁੱਗ ਸ਼ੁਰੂ ਹੋਣ ਤੋਂ ਬਾਅਦ ਭਾਰਤ ਦੇ ਅਮਰੀਕਾ ਨਾਲ ਦੁਵੱਲੇ ਸਬੰਧ ਕਿਹੋ ਜਿਹੇ ਹੋਣਗੇ? ਇਹ ਇੱਕ ਮਹੱਤਵਪੂਰਨ ਸਵਾਲ ਬਣ ਜਾਂਦਾ ਹੈ।
ਰਾਸ਼ਟਰਪਤੀ ਟਰੰਪ ਦੀ ਅਗਵਾਈ ਵਿੱਚ ਅਮਰੀਕਾ ਦੀ ਸਰਕਾਰ ਦੂਜੇ ਦੇਸ਼ਾਂ ਤੋਂ ਕੀ ਚਾਹੁੰਦੀ ਹੈ? ਇਸ ਦਾ ਪਤਾ ਅਮਰੀਕੀ ਕਾਂਗਰਸ ਦੇ ਬਿਆਨਾਂ ਤੋਂ ਲੱਗ ਜਾਂਦਾ ਹੈ। ਬੀਤੇ ਦਿਨੀਂ ਅਮਰੀਕੀ ਕਾਂਗਰਸ ਦੀ ਵਿਦੇਸ਼ ਨੀਤੀ ਕਮੇਟੀ ਦੇ ਰਿਪਬਲਿਕਨ ਚੇਅਰਮੈਨ ਨੇ ਕਿਹਾ ਹੈ ਕਿ ਉਹ ਅਮਰੀਕੀ ਦ੍ਰਿਸ਼ਟੀਕੋਣ ਤੋਂ ਕਿਸੇ ਵੀ ਦੇਸ਼ ਬਾਰੇ ਤਿੰਨ ਸਵਾਲ ਪੁੱਛਦੇ ਹਨ। ਪਹਿਲਾਂ, ਅਸੀਂ ਉਸ ਦੇਸ਼ ਤੋਂ ਕੀ ਚਾਹੁੰਦੇ ਹਾਂ? ਉਹ ਦੇਸ਼ ਸਾਡੇ ਤੋਂ ਕੀ ਚਾਹੁੰਦਾ ਹੈ? ਅਤੇ ਜੇਕਰ ਅਸੀਂ ਉਸ ਦੇਸ਼ ਨੂੰ ਕੁਝ ਦੇ ਰਹੇ ਹਾਂ, ਤਾਂ ਕੀ ਸਾਨੂੰ ਉਸ ਤੋਂ ਉਹ ਮਿਲ ਰਿਹਾ ਹੈ ਜੋ ਅਸੀਂ ਚਾਹੁੰਦੇ ਹਾਂ? ਇਸ ਤੋਂ ਪਤਾ ਚੱਲ ਜਾਂਦਾ ਹੈ ਕਿ ਟਰੰਪ ਦੀ ਅਗਵਾਈ ਵਿੱਚ ਅਮਰੀਕਾ ਦੀ ਸਰਕਾਰ ਦੁਨੀਆਂ ਦੇ ਹੋਰਨਾਂ ਦੇਸ਼ਾਂ ਨਾਲ ਬਹੁਤ ਸੋਚ ਸਮਝ ਕੇ ਸਬੰਧ ਬਣਾਏਗੀ ਜਾਂ ਮਜ਼ਬੂਤ ਕਰੇਗੀ। ਟਰੰਪ ਸਰਕਾਰ ਦੀ ਉਦਯੋਗਿਕ ਨੀਤੀ ਭਾਰਤ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ। ਟਰੰਪ ਨੇ ਤੇਲ ਅਤੇ ਗੈਸ ਉਤਪਾਦਨ ਵਧਾਉਣ ਦੀ ਗੱਲ ਕੀਤੀ ਹੈ, ਪਰ ਇਹ ਦੇਖਣਾ ਬਾਕੀ ਹੈ ਕਿ ਨਵਿਆਉਣਯੋਗ ਊਰਜਾ ਬਾਰੇ ਉਨ੍ਹਾਂ ਦਾ ਕੀ ਵਿਚਾਰ ਹੈ? ਭਾਰਤ ਲਈ, ਟਰੰਪ ਸਰਕਾਰ ਦੇ ਬਰਾਮਦ ਕੰਟਰੋਲ, ਏ.ਆਈ. ਨਿਯਮ, ਨਿਵੇਸ਼ ਨਿਯਮ, ਸਪਲਾਈ ਲੜੀ ਵਿੱਚ ਤਾਲਮੇਲ ਵਰਗੇ ਮੁੱਦੇ ਵੀ ਮਹੱਤਵਪੂਰਨ ਹਨ। ਜਿਥੋਂ ਤੱਕ ਭਾਰਤ ਦਾ ਸਵਾਲ ਹੈ ਤਾਂ ਭਾਰਤ ਸਰਕਾਰ ਟਰੰਪ ਸਰਕਾਰ ਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਪੇਸ਼ਕਸ਼ ਕਰ ਸਕਦੀ ਹੈ। ਇਹਨਾਂ ਵਿੱਚ ਰਣਨੀਤਕ ਸਹਿਯੋਗ, ਬਾਜ਼ਾਰ ਪਹੁੰਚ ਅਤੇ ਟੈਰਿਫ਼ ਵਿੱਚ ਕਟੌਤੀ, ਗ਼ੈਰ ਕਾਨੂੰਨੀ ਸ਼ਰਨਾਰਥੀਆਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲੇ ਦੀਆਂ ਉਡਾਣਾਂ ਦੀ ਆਗਿਆ ਦੇਣਾ, ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚ ਦਾਖਲ ਹੋਣ ਤੋਂ ਰੋਕਣਾ ਅਤੇ ਫ਼ੈਂਟਾਨਿਲ ਬਣਾਉਣ ਵਾਲੇ ਰਸਾਇਣਾਂ ਨੂੰ ਸੀਮਤ ਕਰਨਾ ਸ਼ਾਮਲ ਹੋ ਸਕਦਾ ਹੈ।
ਭਾਰਤ ਨੂੰ ਚੀਨ, ਇਰਾਨ, ਰੂਸ ਜਾਂ ਮੱਧ ਪੂਰਬ ਵਾਂਗ ਅਮਰੀਕਾ ਵਿੱਚ ਸੱਤਾ ਤਬਦੀਲੀ ਦੀ ਚਿੰਤਾ ਨਹੀਂ ਹੈ। ਮਾਹਿਰਾਂ ਅਨੁਸਾਰ ਟਰੰਪ ਦੇ ਮੋਦੀ ਨਾਲ ਦੋਸਤਾਨਾ ਸਬੰਧ ਇੱਕ ਅਜਿਹੀ ਵਿਦੇਸ਼ ਨੀਤੀ ਨੂੰ ਉਤਸ਼ਾਹਿਤ ਕਰਨਗੇ ਜੋ ਵਪਾਰ, ਬਾਜ਼ਾਰ ਪਹੁੰਚ ਅਤੇ ਇਮੀਗ੍ਰੇਸ਼ਨ ਵਰਗੇ ਮੁੱਦਿਆਂ ’ਤੇ ਸੰਤੁਲਨ ਦੇਖੇਗੀ। ਭਾਰਤ ਦੀ ਰਣਨੀਤਕ ਸਥਿਤੀ, ਆਰਥਿਕ ਸੰਭਾਵਨਾ ਅਤੇ ਫ਼ੌਜੀ ਸਮਰੱਥਾਵਾਂ ਇਸ ਨੂੰ ਇੱਕ ਖਾਸ ਖੇਤਰ ‘ਯੂਰੇਸ਼ੀਆ ਅਤੇ ਹਿੰਦ-ਪ੍ਰਸ਼ਾਂਤ’ ਵਿੱਚ ਸੰਯੁਕਤ ਰਾਜ ਅਮਰੀਕਾ ਲਈ ਇੱਕ ਆਦਰਸ਼ ਅਤੇ ਸਭ ਤੋਂ ਮਜ਼ਬੂਤ ਭਾਈਵਾਲ ਬਣਾਉਂਦੀਆਂ ਹਨ।
ਪਿਛਲੇ ਕੁਝ ਦਹਾਕਿਆਂ ਤੋਂ ਭਾਰਤ ਅਤੇ ਅਮਰੀਕਾ ਵਿਚਕਾਰ ਇੱਕ ਬਹੁਪੱਖੀ ਸਬੰਧ ਵਿਕਸਤ ਹੋਇਆ ਹੈ। ਇਹ ਦੇਖਿਆ ਗਿਆ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ ਕੋਈ ਵੀ ਬਣੇ, ਭਾਰਤ ਨਾਲ ਸੰਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਨਿਰੰਤਰਤਾ ਰਹੀ ਹੈ। ਅਮਰੀਕਾ ’ਚ ਟਰੰਪ ਦੇ ਆਉਣ ਦਾ ਭਾਰਤ ’ਤੇ ਮਿਲਿਆ-ਜੁਲਿਆ ਪ੍ਰਭਾਵ ਪੈ ਸਕਦਾ ਹੈ। ਡੋਨਾਲਡ ਟਰੰਪ ਦੇ ਸ਼ਾਸਨਕਾਲ ਦੌਰਾਨ, ਭਾਰਤ ਨੂੰ ਰੱਖਿਆ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਸਕਾਰਾਤਮਕ ਸਹਿਯੋਗ ਦੇਖਣ ਨੂੰ ਮਿਲ ਰਿਹਾ ਹੈ। ਕਵਾਡ ਦੇਸ਼ਾਂ ਨੂੰ ਤਰਜੀਹ ਦੇ ਕੇ, ਟਰੰਪ ਨੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਆਪਣਾ ਏਜੰਡਾ ਜ਼ਾਹਿਰ ਕਰ ਦਿੱਤਾ ਹੈ। ਪਿਛਲੇ ਦਹਾਕਿਆਂ ਦੌਰਾਨ ਭਾਰਤ ਦੀ ਰੂਸ ਨਾਲ ਦੋਸਤੀ ਦੇ ਬਾਵਜੂਦ ਅਮਰੀਕਾ ਭਾਰਤ ਨੂੰ ਵੀ ਆਪਣਾ ਦੋਸਤ ਹੀ ਮੰਨਦਾ ਆਇਆ ਹੈ। ਇਸ ਸਮੇਂ ਵੀ ਭਾਰਤ ਦੇ ਅਮਰੀਕਾ ਨਾਲ ਚੰਗੇ ਸਬੰਧ ਹਨ ਅਤੇ ਦੋਵਾਂ ਦੇਸ਼ਾਂ ਵਿਚਾਲੇ ਵਪਾਰਕ ਸਹਿਯੋਗ ਵੀ ਜਾਰੀ ਹੈ। ਜਿਥੇ ਅਨੇਕਾਂ ਅਮਰੀਕੀ ਕੰਪਨੀਆਂ ਭਾਰਤ ’ਚ ਕੰਮ ਕਰ ਰਹੀਆਂ ਹਨ, ਉਥੇ ਅਨੇਕਾਂ ਭਾਰਤੀ ਕੰਪਨੀਆਂ ਵੀ ਅਮਰੀਕਾ ’ਚ ਕੰਮ ਕਰ ਰਹੀਆਂ ਹਨ। ਇਸ ਸਮੇਂ ਦੋਵੇਂ ਦੇਸ਼ ਇੱਕ ਦੂਜੇ ਦੀ ਲੋੜ ਬਣੇ ਹੋਏ ਹਨ, ਜਿਸ ਕਰਕੇ ਦੋਵਾਂ ਦੇਸ਼ਾਂ ਵਿਚਾਲੇ ਦੁਵੱਲੇ ਸਬੰਧ ਮਜ਼ਬੂਤ ਹੋਣ ਵਿੱਚ ਹੀ ਦੋਵਾਂ ਦੇਸ਼ਾਂ ਦੀ ਭਲਾਈ ਹੈ।
![]()
