ਟਰੰਪ ਵੱਲੋਂ ਦੱਖਣੀ ਕੋਰੀਆ ’ਤੇ 25 ਫ਼ੀਸਦੀ ਟੈਰਿਫ ਲਗਾਉਣ ਦਾ ਐਲਾਨ

In ਖਾਸ ਰਿਪੋਰਟ
January 28, 2026

ਨਿਊਯਾਰਕ/ਏ.ਟੀ.ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੱਖਣੀ ਕੋਰੀਆ ’ਤੇ 25 ਫ਼ੀਸਦੀ ਟੈਰਿਫ਼ ਲਗਾਉਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਟਰੰਪ ਨੇ ਦੱਖਣੀ ਕੋਰੀਆ ’ਤੇ ਦੋਸ਼ ਲਗਾਇਆ ਕਿ ਉਹ ਅਮਰੀਕਾ ਨਾਲ ਹੋਏ ਪਿਛਲੇ ਵਪਾਰਕ ਸਮਝੌਤੇ ਦੀ ਪਾਲਣਾ ਨਹੀਂ ਕਰ ਰਿਹਾ ਹੈ।
ਟਰੰਪ ਨੇ ਆਪਣੇ ‘ਟਰੂਥ ਸੋਸ਼ਲ’ ਪਲੇਟਫ਼ਾਰਮ ’ਤੇ ਲਿਖਿਆ, ‘ਕਿਉਂਕਿ ਕੋਰੀਆਈ ਵਿਧਾਨ ਸਭਾ ਨੇ ਸਾਡੇ ਇਤਿਹਾਸਕ ਵਪਾਰਕ ਸਮਝੌਤੇ ਨੂੰ ਲਾਗੂ ਨਹੀਂ ਕੀਤਾ ਹੈ, ਜੋ ਕਿ ਉਨ੍ਹਾਂ ਨੂੰ ਕਰਨਾ ਚਾਹੀਦਾ ਸੀ, ਇਸ ਲਈ ਹੁਣ ਮੈਂ ਆਟੋ, ਲੱਕੜ, ਫ਼ਾਰਮਾ ਅਤੇ ਹੋਰ ਸਾਰੇ ਆਪਸੀ ਟੈਰਿਫ਼ਾਂ ਨੂੰ 15 ਫ਼ੀਸਦੀ ਤੋਂ ਵਧਾ ਕੇ 25 ਫ਼ੀਸਦੀ ਕਰ ਰਿਹਾ ਹਾਂ।’
ਟਰੰਪ ਨੇ ਦੱਖਣੀ ਕੋਰੀਆ ’ਤੇ ਲਗਾਇਆ ਟੈਰਿਫ਼
ਅਮਰੀਕੀ ਰਾਸ਼ਟਰਪਤੀ ਦਾ ਇਹ ਐਲਾਨ ਵਾਸ਼ਿੰਗਟਨ ਅਤੇ ਸਿਉਲ ਵਿਚਕਾਰ ਇੱਕ ਵਪਾਰਕ ਅਤੇ ਸੁਰੱਖਿਆ ਸਮਝੌਤੇ ਤੋਂ ਕੁਝ ਮਹੀਨਿਆਂ ਬਾਅਦ ਆਇਆ ਹੈ, ਜੋ ਮਹੀਨਿਆਂ ਦੀ ਤਣਾਅਪੂਰਨ ਗੱਲਬਾਤ ਤੋਂ ਬਾਅਦ ਸਿਰੇ ਚੜਿ੍ਹਆ ਸੀ।
ਅਮਰੀਕਾ ਅਤੇ ਦੱਖਣੀ ਕੋਰੀਆ ਵਿਚਾਲੇ ਇਹ ਸਮਝੌਤਾ ਅਕਤੂਬਰ ਵਿੱਚ ਟਰੰਪ ਅਤੇ ਲੀ ਜੇ ਮਯੁੰਗ ਦੀ ਮੁਲਾਕਾਤ ਤੋਂ ਬਾਅਦ ਫ਼ਾਈਨਲ ਹੋਇਆ ਸੀ। ਇਸ ਵਿੱਚ ਦੱਖਣੀ ਕੋਰੀਆ ਵੱਲੋਂ ਨਿਵੇਸ਼ ਦੇ ਵਾਅਦੇ ਦੇ ਨਾਲ-ਨਾਲ ਸੰਯੁਕਤ ਰਾਜ ਅਮਰੀਕਾ ਵੱਲੋਂ ਟੈਰਿਫ਼ ਵਿੱਚ ਕਟੌਤੀ ਵੀ ਸ਼ਾਮਲ ਸੀ।
ਇਸ ਸਮਝੌਤੇ ਦੇ ਤਹਿਤ ਵਾਸ਼ਿੰਗਟਨ, ਦੱਖਣੀ ਕੋਰੀਆਈ ਸਾਮਾਨ ਜਿਵੇਂ ਕਿ ਵਾਹਨ, ਕਾਰਾਂ ਦੇ ਪੁਰਜ਼ੇ ਅਤੇ ਦਵਾਈਆਂ ’ਤੇ 15 ਫ਼ੀਸਦੀ ਤੱਕ ਟੈਕਸ ਲਗਾਉਣ ਵਾਲਾ ਸੀ।
ਇਸ ਸਮਝੌਤੇ ਦਾ ਦੱਖਣੀ ਕੋਰੀਆ ਨੂੰ ਸਭ ਤੋਂ ਵੱਡਾ ਫ਼ਾਇਦਾ ਇਹ ਹੋਇਆ ਸੀ ਕਿ ਡੀਲ ਦੀਆਂ ਸ਼ਰਤਾਂ ਕਾਰਨ ਦੱਖਣੀ ਕੋਰੀਆਈ ਕਾਰਾਂ ’ਤੇ ਅਮਰੀਕੀ ਟੈਰਿਫ਼ 25 ਫ਼ੀਸਦੀ ਤੋਂ ਘਟ ਕੇ 15 ਫ਼ੀਸਦੀ ਰਹਿ ਗਿਆ ਸੀ। ਪਰ ਹੁਣ ਰਾਸ਼ਟਰਪਤੀ ਟਰੰਪ ਨੇ ਮੁੜ ਤੋਂ 25 ਫ਼ੀਸਦੀ ਟੈਰਿਫ਼ ਲਗਾਉਣ ਦਾ ਐਲਾਨ ਕਰ ਦਿੱਤਾ ਹੈ।

Loading